Tue. Jul 23rd, 2019

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਾਕਿਸਤਾਨ ਦੇ ਗੁਰਧਾਮਾਂ ਵਿਚ ਪਾਣੀ ਸਾਫ ਕਰਨ ਦੇ ਲਾਏ ਜਾਣਗੇ ਪ੍ਰਾਜੈਕਟ: ਐੱਸ. ਪੀ. ਸਿੰਘ ਉਬਰਾਏ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਾਕਿਸਤਾਨ ਦੇ ਗੁਰਧਾਮਾਂ ਵਿਚ ਪਾਣੀ ਸਾਫ ਕਰਨ ਦੇ ਲਾਏ ਜਾਣਗੇ ਪ੍ਰਾਜੈਕਟ: ਐੱਸ. ਪੀ. ਸਿੰਘ ਉਬਰਾਏ
ਲਹਿੰਦੇ ਪੰਜਾਬ ਦੇ ਗਵਰਨਰ ਨਾਲ ਹੋਈ ਵਿਸ਼ੇਸ਼ ਮੀਟਿੰਗ

ਵਾਸ਼ਿੰਗਟਨ ਡੀ.ਸੀ. 11 ਅਪ੍ਰੈਲ (ਰਾਜ ਗੋਗਨਾ )- ਇਸ ਵਕਤ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ, ਜਿਸ ਨੂੰ ਮੁੱਖ ਰੱਖਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇਸ ਦੇ ਹੱਲ ਲਈ ਇਕ ਬੀੜਾ ਚੁੱਕਿਆ ਹੈ। ਵਾਸ਼ਿੰਗਟਨ ਡੀ.ਸੀ. ਵਿਖੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਦੇ ਉੱਦਮ ਸਦਕਾ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨਾਲ ਇਕ ਮੁਲਾਕਾਤ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਉਥੋਂ ਦੇ ਪੀਣ ਵਾਲੇ ਪਾਣੀਆਂ ਬਾਰੇ ਚਿੰਤਾ ਪ੍ਰਗਟ ਕੀਤੀ ਗਈ। ਸਿੱਖਾਂ ਦੇ ਬਹੁਤ ਸਾਰੇ ਇਤਿਹਾਸਕ ਗੁਰੂਘਰ ਪਾਕਿਸਤਾਨ ਵਿਚ ਹਨ ਅਤੇ ਉਥੇ ਵੀ ਬਹੁਤੀਆਂ ਥਾਵਾਂ ‘ਤੇ ਪਾਣੀ ਪੀਣ ਯੋਗ ਨਹੀਂ ਰਿਹਾ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਓਬਰਾਏ ਨੇ ਇਨ੍ਹਾਂ ਗੁਰੂਘਰਾਂ ਵਿਚ ਸਾਫ ਪਾਣੀ ਮੁਹੱਈਆ ਕਰਨ ਲਈ ਆਰ.ਓ. ਮਸ਼ੀਨਾਂ ਲਵਾਉਣ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜਿੰਨੀਆਂ ਵੀ ਮਸ਼ੀਨਾਂ ਦੀ ਲੋੜ ਹੈ, ਉਹ ਆਪਣੇ ਤੌਰ ‘ਤੇ ਪਾਕਿਸਤਾਨ ਦੇ ਗੁਰਧਾਮਾਂ ‘ਚ ਲਾਉਣਗੇ। ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਨ੍ਹਾਂ ਆਗੂਆਂ ਦਾ ਧੰਨਵਾਦ ਕੀਤਾ। ਫੈਸਲਾ ਇਹ ਹੋਇਆ ਕਿ ਪਹਿਲਾਂ ਪੰਜ ਵੱਖ-ਵੱਖ ਗੁਰੂ ਘਰਾਂ ਵਿਚ ਇਹ ਆਰ.ਓ. ਮਸ਼ੀਨਾਂ ਤਜ਼ਰਬੇ ਦੇ ਤੌਰ ‘ਤੇ ਲਾਈਆਂ ਜਾਣਗੀਆਂ। ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਆਰ.ਓ. ਮਸ਼ੀਨਾਂ ਪਾਕਿਸਤਾਨ ਦੇ ਗੁਰਧਾਮਾਂ ਵਿਚ ਲਾ ਕੇ ਸਾਫ ਪਾਣੀ ਦਾ ਬੰਦੋਬਸਤ ਕੀਤਾ ਜਾਵੇਗਾ।ਇਸ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਨੇ ਉਥੇ ਡਾਇਲਸਿਸ ਮਸ਼ੀਨਾਂ ਦੇਣ ਦੀ ਵੀ ਪੇਸ਼ਕਸ਼ ਕੀਤੀ। ਪਹਿਲੇ ਪੜਾਅ ਵਿਚ 3 ਮਸ਼ੀਨਾਂ ਲਾਉਣ ਦੀ ਵਿਉਂਤ ਬਣ ਰਹੀ ਹੈ। ਇਸ ਦੇ ਨਾਲ-ਨਾਲ ਉਥੇ ਦੇ ਗੁਰੂਘਰਾਂ ਵਿਚ ਹੋਰ ਵੀ ਬਹੁਤ ਸਾਰੇ ਸਮਾਜਿਕ ਕੰਮ ਕੀਤੇ ਜਾਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੈਲੀਫੋਰਨੀਆ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: