Sun. Sep 15th, 2019

ਸਰਬੱਤ ਖਾਲਸਾ ਵਾਲੀ ਜਗ੍ਹਾ ਵਿੱਚ ਹੋਈ ਤਬਦੀਲੀ, ਨਵੀ ਜਗ੍ਹਾ ਦਾ ਜਥੇਦਾਰ ਸਾਹਿਬਾਨ ਨੇ ਲਿਆ ਜਾਇਜਾ

ਸਰਬੱਤ ਖਾਲਸਾ ਵਾਲੀ ਜਗ੍ਹਾ ਵਿੱਚ ਹੋਈ ਤਬਦੀਲੀ, ਨਵੀ ਜਗ੍ਹਾ ਦਾ ਜਥੇਦਾਰ ਸਾਹਿਬਾਨ ਨੇ ਲਿਆ ਜਾਇਜਾ
ਸਰਬੱਤ ਖਾਲਸਾ ਹਰ ਹਾਲ ਵਿੱਚ ਹੋ ਕੇ ਰਹੇਗਾ-ਜਥੇਦਾਰ ਮੰਡ, 150 ਮੈਂਬਰੀ ਕਮੇਟੀ ਦਾ ਐਲਾਨ ਜਲਦ-ਜਥੇਦਾਰ ਦਾਦੂਵਾਲ

sarbatt-khalsa-3ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਵਿਖੇ 10 ਨਵੰਬਰ ਨੂੰ ਬੁਲਾਏ ਗਏ ਸਰਬੱਤ ਖਾਲਸਾ ਦੀ ਜਗ੍ਹਾ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਤੇ ਨਵੀਂ ਜਗ੍ਹਾ ਦਾ ਅੱਜ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਾਹਿਬਾਨ ਨੇ ਜਾਇਜਾ ਲਿਆ।ਉਨ੍ਹਾਂ ਇਸ ਮੌਕੇ ਸਰਬੱਤ ਖਾਲਸਾ ਦੇ ਪ੍ਰਬੰਧਾਂ ਨੂੰ ਲੈ ਕੇ ਹਾਜ਼ਰ ਆਗੂਆਂ ਨਾਲ ਸਲਾਹ ਮਸ਼ਵਰਾ ਵੀ ਕੀਤਾ।
ਇੱਥੇ ਦੱਸਣਾ ਬਣਦਾ ਹੈ ਕਿ ਸਰਬੱਤ ਖਾਲਸਾ ਲਈ ਪਹਿਲਾਂ ਸਥਾਨਕ ਸ਼ਹਿਰ ਦੀ ਨੱਤ ਰੋਡ ਤੇ ਜਗ੍ਹਾ ਲਈ ਗਈ ਸੀ ਪ੍ਰੰਤੂ ਬੀਤੇ ਦਿਨ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਵੱਲੋਂ ਜਗ੍ਹਾ ਦਾ ਮੁਆਇਨਾ ਕਰਨ ਉਪਰੰਤ ਉਸ ਜਗ੍ਹਾ ਨੂੰ ਕਈ ਕਾਰਨਾਂ ਕਰ ਕੇ ਰੱਦ ਕਰ ਦਿੱਤਾ ਗਿਆ ਸੀ।ਅੱਜ ਬਠਿੰਡਾ ਰੋਡ ਤੇ ਨਵੀਂ ਜਗ੍ਹਾ ਦਾ ਨਿਰੀਖਣ ਕਰਨ ਉਪਰੰਤ ਇਸ ਜਗ੍ਹਾ ਨੂੰ ਨਿਸ਼ਚਿਤ ਕਰਦਿਆਂ ਜਥੇਦਾਰ ਸਾਹਿਬਾਨ ਨੇ ਕਿਹਾ ਕਿ 10 ਨਵੰਬਰ ਵਾਲਾ ਸਰਬੱਤ ਖਾਲਸਾ ਇਸੇ ਜਗ੍ਹਾ ਕੀਤਾ ਜਾਵੇਗਾ।ਬਾਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਮੰਡ ਨੇ ਕਿਹਾ ਕਿ ਸਰਬੱਤ ਖਾਲਸਾ ਲਈ ਬਠਿੰਡਾ ਰੋਡ ਤੇ ਅਜੇ ਤੱਕ 61 ਏਕੜ ਜਗ੍ਹਾ ਦਾ ਪ੍ਰਬੰਧ ਕਰ ਲਿਆ ਗਿਆ ਹੈ ਤੇ ਹੋਰ ਜਗ੍ਹਾ ਲੈਣ ਲਈ ਕਿਸਾਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਸਰਬੱਤ ਖਾਲਸਾ ਨੂੰ ਮੰਜੂਰੀ ਨਹੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਬੇਵਜ੍ਹਾ ਦਖਲ ਦੇ ਰਹੀ ਹੈ ਜਦੋਂਕਿ ਨਾਂ ਤਾ ਇਹ ਕੋਈ ਸਿਆਸੀ ਪ੍ਰੋਗਰਾਮ ਹੈ ਤੇ ਨਾਂ ਹੀ ਕਿਸੇ ਧੜੇ ਦਾ ਸਗੋਂ ਇਹ ਤਾਂ ਨਿਰੋਲ ਧਾਰਮਿਕ ਤੇ ਕੇਵਲ ਸੰਗਤ ਦਾ ਸਮਾਗਮ ਹੈ ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਸਿੱਖਾਂ ਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇ ਸਰਕਾਰ ਨੇ ਮੰਜੂਰੀ ਨਾ ਦਿੱਤੀ ਤਾਂ ਵੀ ਸਰਬੱਤ ਖਾਲਸਾ ਹਰ ਹਾਲਤ ਵਿੱਚ ਹੋ ਕੇ ਰਹੇਗਾ।ਇਸ ਮੌਕੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਿ ਸਰਬੱਤ ਖਾਲਸਾ ਕਿਸੇ ਸਿਆਸੀ ਮਨੋਰਥ ਲਈ ਕੀਤਾ ਜਾ ਰਿਹੈ ਬਿੱਲਕੁਲ ਗਲਤ ਹੈ ਕਿਉਂਕਿ ਨਾਂ ਤਾਂ ਮੈਂ ਨਾਂ ਹੀ ਜਥੇਦਾਰ ਹਵਾਰਾ, ਨਾਂ ਜਥੇਦਾਰ ਮੰਡ ਤੇ ਨਾਂ ਹੀ ਜਥੇਦਾਰ ਅਜਨਾਲਾ ਨੇ ਚੋਣ ਲੜਨੀ ਹੈ ਸਗੋਂ ਇਹ ਤਾਂ ਪੰਥ ਤੇ ਆਏ ਮੌਜੂਦਾ ਸੰਕਟ ਵਿੱਚੋਂ ਉਭਾਰਨ ਲਈ ਕੌਮ ਨੂੰ ਕੋਈ ਠੋਸ ਪ੍ਰੋਗਰਾਮ ਦੇਣ ਲਈ ਕੀਤਾ ਜਾ ਰਿਹਾ ਹੈ।ਮੰਜੂਰੀ ਸਬੰਧੀ ਪੁੱਛੇ ਜਾਣ ਤੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅਸੀਂ ਤਾਂ ਸਰਕਾਰ ਵਿੱਚ ਸ਼ਾਮਿਲ ਧਿਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਧਾਰਮਿਕ ਫਰਜ ਸਮਝਦਿਆਂ ਉਕਤ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਸਮਾਗਮ ਨੂੰ ਮੰਜੂਰੀ ਵੀ ਦੇਣ ਤਾਂ ਕਿ ਸਮਾਗਮ ਸ਼ਾਂਤੀਪੂਰਬਕ ਨੇਪਰੇ ਚੜ ਸਕੇ। ਜਥੇਦਾਰ ਦਾਦੂਵਾਲ ਨੇ ਦੱਸਿਆ ਕਿ ਸਰਬੱਤ ਖਾਲਸਾ ਦੇ ਪ੍ਰਬੰਧਾਂ ਨੂੰ ਲੈ ਕੇ ਬਣਾਈ ਜਾਣ ਵਾਲੀ 150 ਮੈਂਬਰੀ ਕਮੇਟੀ ਦਾ ਐਲਾਨ ਇੱਕ ਦੋ ਦਿਨ ਵਿੱਚ ਕਰ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਬਾਲਿਆਂਵਾਲੀ, ਸਰਬੱਤ ਖਾਲਸਾ ਕੰਟਰੋਲ ਰੂਮ ਦਫਤਰ ਇੰਚਾਰਜ ਭਾਈ ਜਗਮੀਤ ਸਿੰਘ, ਭਾਈ ਗੁਰਚਰਨ ਸਿੰਘ ਕੋਟਲੀ, ਭਾਈ ਰਾਮ ਸਿੰਘ ਲੇਲੇਵਾਲਾ, ਭਾਈ ਗੁਰਾਂਦਿੱਤਾ ਸਿੰਘ ਮਾਹੀਨੰਗਲ ਆਗੁੁੁੂ ਮਾਨ ਦਲ, ਭਾਈ ਤਰਨਦੀਪ ਸਿੰਘ, ਭਾਈ ਰਣਧੀਰ ਸਿੰਘ ਪੰਥਕ ਸੇਵਾ ਲਹਿਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: