ਸਰਬੱਤ ਖਾਲਸਾ ਵਾਲੀ ਜਗਾ ‘ਤੇ ਆਖੰਡ ਪਾਠ ਪ੍ਰਕਾਸ਼ ਹੋਣ ਕਾਰਨ ਪ੍ਰਸ਼ਾਸ਼ਨ ਦੀ ਹੋਈ ਨੀਂਦ ਹਰਾਮ

ss1

ਸਰਬੱਤ ਖਾਲਸਾ ਵਾਲੀ ਜਗਾ ‘ਤੇ ਆਖੰਡ ਪਾਠ ਪ੍ਰਕਾਸ਼ ਹੋਣ ਕਾਰਨ ਪ੍ਰਸ਼ਾਸ਼ਨ ਦੀ ਹੋਈ ਨੀਂਦ ਹਰਾਮ
ਭਾਈ ਗੁਰਦੀਪ ਸਿੰਘ ਬਠਿੰਡਾ ਸਮੇਤ ਚਾਰ ਸਿੰਘ ਅਤੇ ਇੱਕ ਪਾਠੀ ਸਿੰਘ ਪੁਲਿਸ ਨੇ ਚੁੱਕੇ
ਜੇਕਰ ਅਖੰਡ ਪਾਠ ਅਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਾਂਗੇ ਵਿਰੋਧ- ਭਾਈ ਜਸਕਰਨ ਸਿੰਘ

picture1ਤਲਵੰਡੀ ਸਾਬੋ, 6 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਰਬੱਤ ਖਾਲਸਾ ਧਿਰਾਂ ਵੱਲੋਂ ਸਥਾਨਕ ਨੱਤ ਰੋਡ ‘ਤੇ ਅੱਠ ਦਸੰਬਰ ਨੂੰ ਕੀਤੇ ਜਾਣ ਵਾਲੇ ਸਰਬੱਤ ਖਾਲਸਾ ਸਮਾਗਮ ਨੂੰ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਕੀਤੇ ਜਾਣ ਦੇ ਮੱਦੇਨਜ਼ਰ ਅੱਜ ਸੁਭਾ ਅੰਮ੍ਰਿਤ ਵੇਲੇ ਹੀ ਚਾਰ ਵਜੇ ਜਿਉਂ ਹੀ ਪਾਲਕੀ ਸਾਹਿਬ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਰਬੱੱਤ ਖਾਲਸਾ ਵਾਲ੍ਹੀ ਜਗ੍ਹਾ ਤੇ ਲਿਆਉਣ ਸਬੰਧੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸਭ ਤੋਂ ਪਹਿਲਾਂ ਡੀ. ਐੱਸ. ਪੀ ਤਲਵੰਡੀ ਸਾਬੋ ਮੋਹਰੀ ਲਾਲ ਤੇ ਐੱਸ. ਪੀ (ਆਪਰੇਸ਼ਨ) ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀਆਂ ਸਰਬੱਤ ਖਾਲਸਾ ਵਾਲੀ ਜਗ੍ਹਾ ਪਹੁੰਚੀਆਂ ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇੱਕ ਵਾਰ ਤਾਂ ਰੈਪਿਡ ਅੇੈਕਸ਼ਨ ਫੋਰਸ ਅਤੇ ਦੰਗਾ ਰੋਕੂ ਵਾਹਨ ਵੀ ਸਰਬੱਤ ਖਾਲਸਾ ਵਾਲੀ ਜਗ੍ਹਾ ਮੰਗਵਾ ਲਏ ਗਏ ਸਨ ਪ੍ਰੰਤੂ ਬਾਦ ਵਿੱਚ ਉਹ ਵਾਪਿਸ ਭੇਜ ਦਿੱਤੇ ਗਏ ਤੇ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜਰ ਸ਼ਹਿਰ ਭਰ ਵਿੱਚ ਨਾਕੇਬੰਦੀ ਕਰਕੇ ਪੁਲਿਸ ਤੈਨਾਤ ਕਰ ਦਿੱਤੀ ਗਈ।
ਦੁਪਹਿਰ ਤਕਰੀਬਨ ਦੋ ਵਜੇ ਦੇ ਆਸ ਪਾਸ ਜਦੋਂ ਸੋਨੀ ਸਿੰਘ ਨਾਮ ਦਾ ਇੱਕ ਸਿੱਖ ਉਕਤ ਜਗ੍ਹਾ ‘ਤੇ ਰਾਤ ਵੇਲੇ ਰੌਸ਼ਨੀ ਦੇ ਪ੍ਰਬੰਧ ਕਰਨ ਦਾ ਸਮਾਨ ਅਤੇ ਲੰਗਰ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਲੱਗੇ ਪੁਲਿਸ ਨਾਕੇ ‘ਤੇ ਪ੍ਰਸ਼ਾਸ਼ਨ ਵੱਲੋਂ ਸਾਥੀਆਂ ਸਮੇਤ ਉਸਨੂੰ ਰੋਕੇ ਜਾਣ ਦਾ ਜਦੋਂ ਸਰੱਬਤ ਖਾਲਸਾ ਵਾਲੀ ਜਗ੍ਹਾ ਹਾਜ਼ਰ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਅਵੱਗਿਆ ਦੀ ਸ਼ਿਕਾਇਤ ਐਸ ਪੀ ਡੀ ਸ. ਬਿਕਰਮਜੀਤ ਸਿੰਘ ਨੂੰ ਫੋਨ ‘ਤੇ ਕੀਤੀ ਅਤੇ ਉਕਤ ਅਫਸਰ ਨੇ ਭਾਈ ਗੁਰਦੀਪ ਸਿੰਘ ਨੂੰ ਵਿਸ਼ਵਾਸ ਦੁਆਇਆ ਕਿ ਤੁਸੀਂ ਨਾਕੇ ‘ਤੇ ਜਾ ਕੇ ਮੇਰੀ ਗੱਲ ਕਰਵਾਓ। ਅਖੰਡ ਪਾਠਾ ਵਿੱਚ ਕੋਈ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ। ਪ੍ਰੰਤੂ ਜਦੋਂ ਭਾਈ ਗੁਰਦੀਪ ਸਿੰਘ ਆਪਣੇ ਨਾਲ ਕੁੱਝ ਹੋਰ ਸਿੰਘਾਂ ਨੂੰ ਲੈ ਕੇ ਉਕਤ ਨਾਕੇ ‘ਤੇ ਪਹੁੰਚੇ ਤਾਂ ਪੁਲਿਸ ਨੇ ਗੁਰਦੀਪ ਸਿੰਘ, ਨਾਇਬ ਸਿੰਘ, ਗੋਰਾ ਸਿੰਘ ਅਤੇ ਰੇਸ਼ਮ ਸਿੰਘ ਮਲਕਾਣਾ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਮੌੜ ਵਿੱਚ ਲਿਜਾ ਕੇ ਬੰਦ ਕਰ ਦਿੱਤਾ। ਜਿਸ ਕਾਰਨ ਸਰਬੱਤ ਖਾਲਸਾ ਜਥੇਬੰਦੀਆਂ ਅਤੇ ਆਮ ਸਿੱਖਾਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਦੌੜ ਗਈ। ਭਾਈ ਗੁਰਦੀਪ ਸਿੰਘ ਅਤੇ ਬਾਕੀ ਸਿੰਘਾਂ ਦੇ ਪੁਲਿਸ ਹਿਰਾਸਤ ਵਿੱਚ ਹੋਣ ਅਤੇ ਕਿਸ ਥਾਣੇ ਵਿੱਚ ਬੰਦ ਹਨ ਬਾਰੇ ਪੁੱਛੇ ਜਾਣ ‘ਤੇ ਸ੍ਰੀ ਮੋਹਰੀ ਲਾਲ ਡੀ ਐੱਸ ਪੀ ਤਲਵੰਡੀ ਸਾਬੋ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ ਹੈ। ਉਕਤ ਗ੍ਰਿਫਤਾਰੀਆਂ ਦੇ ਸੰਬੰਧ ਵਿੱਚ ਪੁਲਿਸ ਕੁੱਝ ਵੀ ਦੱਸਣ ਲਈ ਆਪਣਾ ਮੂੰਹ ਨਹੀਂ ਖੋਲ੍ਹ ਰਹੀ। ਦੂਸਰੇ ਪਾਸੇ ਸ਼ਹਿਰ ਵਿੱਚ ਵੱਡੀ ਗਿਣਤੀ ਜਵਾਨ ਤਾਇਨਾਤ ਹੋਣ ਨਾਲ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਬੱਤ ਖਾਲਸਾ ਵਾਲੀ ਜਗ੍ਹਾ ਸੇਵਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦੋਸ਼ ਲਾਇਆ ਹੈ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਕਾਰ ਦੇ ਅਣਐਲਾਨੇ ਹੁਕਮਾਂ ਦੀ ਪਾਲਣਾ ਕਰਕੇ ਸਿੱਖੀ ਨੂੰ ਢਾਹ ਲਾਉਣ ਦੀਆਂ ਕੋਝੀਆਂ ਚਾਲਾਂ ੱਚਲੀਆਂ ਜਾ ਰਹੀਆਂ ਹਨ ਅਤੇ ਇਸੇ ਕੜੀ ਤਹਿਤ ਭਾਈ ਗੁਰਦੀਪ ਸਿੰਘ ਨੂੰ ਉਹਨਾਂ ਦੇ ਤਿੰਨ ਸਾਥੀਆਂ ਸਮੇਤ ਵਿਸ਼ਵਾਸ ਵਿੱਚ ਲੈ ਕੇ ਵਿਸ਼ਵਾਸਪਾਤ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਹੈ।
ਖਬਰ ਲਿਖਦਿਆਂ ਲਿਖਦਿਆਂ ਇਹ ਵੀ ਕਨਸੋਅ ਲੱਗੀ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ ਵੀ ਕਮਰਕਸੇ ਲਗਾ ਦਿੱਤੇ ਗਏ ਹਨ ਅਤੇ ਪੰਜ ਪਿਆਰਿਆਂ ਨੂੰ ਵੀ ਤਿਆਰ ਬਰ ਤਿਆਰ ਹੋਣ ਦੇ ਹੁਕਮ ਦੇ ਦਿੱਤੇ ਗਏ ਹਨ ਭਾਵੇਂ ਉਕਤ ਤਿਆਰੀਆਂ ਬਾਰੇ ਕਿਸੇ ਅਧਿਕਾਰਿਤ ਵਿਅਕਤੀ ਨੇ ਆਪਣਾ ਮੂੰਹ ਨਹੀਂ ਖੋਲਿਆਂ ਪ੍ਰੰਤੂ ਹਾਲਾਤਾਂ ਦੇ ਮੱਦੇਨਜ਼ਰ ਸਿਆਣੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਅੰਦਰ ਖਾਤੇ ਚੱਲ ਰਹੀਆਂ ਤਿਆਰੀਆਂ ਸਰਬੱਤ ਖਾਲਸਾ ਵਾਲੀ ਜਗ੍ਹਾ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰਨ ਦੀਆਂ ਹੀ ਹਨ। ਗ੍ਰੰਥੀ ਸਿੰਘਾਂ ਵਿੱਚੋਂ ਭਾਈ ਨਸੀਬ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਅਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਵਾਲੀ ਜਗ੍ਹਾ ਤੋਂ ਥੋੜ੍ਹੀ ਦੂਰ ਮੋਟਰ ‘ਤੇ ਇਸ਼ਨਾਨ ਕਰਨ ਗਏ ਦੋ ਪਾਠੀ ਸਿੰਘਾਂ ਨੂੰ ਹਿਰਾਸਤ ਵੱਚ ਲੈਣ ਦੀ ਪ੍ਰਸ਼ਾਸ਼ਨ ਦੀ ਕੋਸ਼ਿਸ਼ ਦੇ ਸੰਬੰਧ ਵਿੱਚ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਪ੍ਰਸ਼ਾਸ਼ਨ ਵੱਲੋਂ ਜੇਕਰ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰਨ ਦੀ ਕੋਸ਼ਸ਼ ਕੀਤੀ ਤਾਂ ਅਸੀਂ ਆਪਣੇ ਤਰੀਕੇ ਨਾਲ ਵਿਰੋਧ ਕਰਾਂਗੇ ਅਤੇ ਕੁੱਝ ਵੀ ਹੋ ਜਾਵੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਅਖੰਡ ਪਾਠ ਸਾਹਿਬ ਖੰਡਿਤ ਨਹੀਂ ਹੋਣ ਦੇਵਾਂਗੇ।

Share Button

Leave a Reply

Your email address will not be published. Required fields are marked *