Thu. Jun 20th, 2019

ਸਰਬੱਤ ਖਾਲਸਾ ਤੋ ਬਰਗਾੜੀ ਮੋਰਚਾ

ਸਰਬੱਤ ਖਾਲਸਾ ਤੋ ਬਰਗਾੜੀ ਮੋਰਚਾ

ਸਿੱਖ ਕੌਮ ਤੇ ਭੀੜ ਜਾਂ ਔਖੇ ਫੈਸਲੇ ਲੈਣ ਵੇਲੇ ਪੰਥ ਨੂੰ ਸੇਧ ਦੇਣ ਹੇਤ ਸਰਬੱਤ ਖਾਲਸਾ ਦੀ ਕਵਾਈਤ ਸਿੱਖ ਇਤਿਹਾਸ ਵਿੱਚ ਨਾਲ ਨਾਲ ਚਲਦੀ ਆ ਰਹੀ ਹੈ। ਸਿੱਖ ਖਾਨਾਬਦੋਸ਼ੀ ਦੇ ਹਾਲਾਤਾਂ ਵਿੱਚ ਇਕੱਠੇ ਹੋਕੇ ਕੌਮੀ ਅਗਵਾਈ ਲਈ ਸਰਬੱਤ ਖਾਲਸਾ ਕਰਦੇ ਰਹੇ ਹਨ। ਮੁਗਲਾਂ ਅਤੇ ਅੰਗਰੇਜ਼ਾਂ ਦੀ ਮਾਰ ਝੱਲਦਿਆ ਅਜ ਸਿੱਖ ਹਿੰਦੂ ਸਵਰਾਜ ਦੇ ਗੋਡੇ ਹੇਠ ਹੈ। ਅਜੋਕੇ ਹਾਲਾਤ ਸਿੱਖਾਂ ਦੀ ਰਾਜਨੀਤਕ, ਧਾਰਮਿਕ ਅਜਾਦੀ ਲਈ ਬਹੁਤ ਸਾਜਗਾਰ ਨਹੀ। 29 ਅਪ੍ਰੈਲ 1986 ਦੇ ਵੱਡੇ ਸਰਬੱਤ ਖਾਲਸਾ ਤੋ ਬਾਅਦ 10 ਨਵੰਬਰ 2015 ਦੇ ਚੱਬੇ ਦੀ ਧਰਤੀ ਉਪਰ ਹੋਏ ਅੱਜ ਤੱਕ ਦੇ ਸਭ ਤੋ ਵੱਡੇ ਸਰਬੱਤ ਖਾਲਸਾ ਨੇ ਕੌਮ ਨੂੰ ਇੱਕ ਮੁੱਠ ਕੀਤਾ। ਜਿਸ ਵਿੱਚ ਰਾਜਨੀਤਕ ਅਤੇ ਧਾਰਮਿਕ ਫੈਸਲੇ ਲੈ ਕੇ ਇਕ ਪ੍ਰੀਵਾਰ ਦੀ ਕਬਜਾ ਨੀਤੀ ਨੂੰ ਨਿਕਾਰਦਿਆ ਪੁੱਠੇ ਹੋਏ ਹਾਲਾਤਾਂ ਨੂੰ ਪੈਰਾਂ ਸਿਰ ਕਰਨ ਲਈ ਕੌਮ ਨੂੰ ਸੱਦਾ ਦਿੱਤਾ। ਭਾਵੇ ਕਿ ਸਰਬੱਤ ਖਾਲਸਾ ਦੇ ਜਥੇਦਾਰਾ ਨੂੰ ਉਸੇ ਵੇਲੇ ਜੇਲ੍ਹਾਂ ਵਿੱਚ ਡੱਕ ਦਿੱਤਾ। ਜਿਸ ਕਰਕੇ ਕੌਮੀ ਅਗਵਾਈ ਦੀ ਘਾਟ ਰੜਕਣੀ ਜਰੂਰੀ ਸੀ। ਜਿਸ ਦਾ ਇਕ ਪਾਸੇ ਤਾਂ ਸਰਕਾਰ ਸ਼ੰਘਰਸ਼ੀ ਧਿਰਾ ਸਮੇਤ ਜਥੇਦਾਰਾ ਦੀ ਫੜੋ ਫੜਾਈ ਸੁਰੂ ਕੀਤੀ ਦੂਜੇ ਪਾਸੇ ਮੀਡੀਆ ਅਤੇ ਸਰਕਾਰ ਪੱਖੀ ਲੋਕਾਂ ਕੋਲੋਂ ਸਰਬੱਤ ਖਾਲਸਾ ਦੀਆ ਨਾਕਾਮੀਆ ਬਣਾਕੇ ਵਿਰੋਧ ਕਰਵਾਉਣਾ ਸੁਰੂ ਕਰ ਦਿੱਤਾ। ਸਿਖਾਂ ਉਪਰ ਹੀ ਨਜਾਇਜ਼ ਕੇਸ ਬਣਏ ਜਾਣ ਲੱਗੇ ਜਿਸ ਦਾ ਸਿੱਖਾਂ ਵਲੋਂ ਸਖਤ ਵਿਰੋਧ ਨੇ ਇਸ ਰੁਝਾਨ ਨੂੰ ਰੁਕਵਾਇਆ। ਸਮਕਾਲੀ ਜਥੇਬੰਦੀਆਂ ਦੇ ਵਿਰੋਧ ਵੀ ਸਾਹਮਣੇ ਆਏ। ਸਰਬੱਤ ਖਾਲਸਾ ਨੂੰ ਨਾ ਮੰਨਣ ਵਾਲਿਆਂ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਤਾਂ ਮੰਨ ਲਿਆ ਪਰ ਕਿਸੇ ਵੀ ਮਤੇ ਨਾਲ ਸਹਿਮਤੀ ਨਹੀ ਅਪਣਾਈ। ਫਿਰ ਸਰਬੱਤ ਖਾਲਸਾ ਦੇ ” ਸਿੱਖਾਂ ਲਈ ਅੱਡਰੀ ਪਾਰਲੀਮੈਂਟ ” ਦੇ ਮਤੇ ਨੂੰ ਹੀ ਲੈ ਕੇ ਵਰਲਡ ਸਿੱਖ ਪਾਰਲੀਮੈਂਟ ਦੇ ਨਾਂ ਹੇਠ ਗਠਨ ਦੇ ਰੂਪ ਵਿਚ ਕੀਤਾ ਗਿਆ। ਜਿਸ ਦੀਆਂ ਅਨੇਕਾਂ ਮੀਟਿੰਗ ਹੋ ਰਹੀਆਂ ਹਨ ਏਕਤਾ, ਪਾਰਦਰਸ਼ਤਾ ਅਤੇ ਵਿਧੀ ਵਿਧਾਨ ਦੀ ਘਾਟ ਨੇ ਸਿੱਖਾਂ ਵਿੱਚ ਪ੍ਰਾਪਤੀ ਨਾ ਹੋ ਕੇ ਉਲਝਣਾ ਜਰੂਰ ਪੈਦਾ ਕੀਤੀਆ ਹਨ। ਸੱਚ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਤੋ ਬਾਹਰਲੀ ਜਾਣਕਾਰੀ ਨਾ ਹੋਣ ਕਰਕੇ, ਮਿਲਣ ਵਾਲੀਆ ਧਿਰਾਂ ਦੀ ਦਿੱਤੀ ਸਲਾਹ ਮਸ਼ਵਰੇ ਨੂੰ ਹੁਕਮ ਬਣਾਇਆ ਜਾਣ ਲੱਗਾ। ਜਿਸ ਦਾ ਇਸਤੇਮਾਲ ਹੋਣ ਲੱਗਾ ਹੈ।

ਬਰਗਾੜੀ ਵਿੱਚ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਅਤੇ ਦੋ ਸਿੱਖਾਂ ਦਾ ਸਰਕਾਰੀ ਅਣਪਛਾਤੀ ਪੁਲਿਸ ਵੱਲੋਂ ਕਤਲ ਨੇ ਸਿੱਖਾਂ ਵਿੱਚਲੇ ਰੋਸ ਨੂੰ ਕੌਈ ਇੰਨਸਾਫ ਨਾ ਮਿਲਣਾ ਬਰਗਾੜੀ ਮੋਰਚਾ ਦੀ ਅਰੰਭਤਾ ਨੂੰ ਜਨਮ ਦਿੰਦਾ ਹੈ। ਮੋਰਚੇ ਲਾਉਣ ਦਾ ਫੈਸਲਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸੀ ਕਿਉਂਕਿ ਜਥੇਦਾਰਾਂ ਦੀ ਨਿਯੁਕਤੀ ਤੋ ਬਾਅਦ ਸਿੱਖਾਂ ਵਿੱਚਲੀ ਨਿਰਾਸ਼ਾ ਨੇ ਵੱਡਾ ਖਲਾਅ ਪੈਦਾ ਕਰ ਦਿੱਤਾ ਸੀ। ਮੋਰਚੇ ਨੂੰ ਸਿੱਖਾਂ ਤੋ ਇਲਾਵਾ ਦੂਸਰੇ ਧਰਮਾਂ ਦੇ ਲੋਕਾਂ ਨੇ ਭਾਰੀ ਸਮੂਲੀਅਤ ਕੀਤੀ। ਮੋਰਚੇ ਨੂੰ ਕਾਮਯਾਬ ਕਰਨ ਹਿਤ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੂਸਰੇ ਦਲਾਂ ਅਤੇ ਜਥੇਬੰਦੀਆਂ ਨਾਲ ਮਿਲਕੇ ਮੋਹਰੀ ਰੋਲ ਅਦਾ ਕੀਤਾ। ਮੋਰਚੇ ਦੀ ਸੀਮਤ ਸਮੇਂ ਵਿੱਚ ਸਮਾਪਤੀ ਨੇ ਕਾਫੀ ਸ਼ੰਕਿਆਂ ਨੂੰ ਜਨਮ ਦਿਤਾ। ਭਾਵੇ ਇਸ ਨੂੰ ਪਹਿਲਾ ਪੜਾਅ ਦੇ ਤੌਰ ਤੇ ਲਿਆ ਗਿਆ ਹੈ। ਇਸ ਮੋਰਚੇ ਦੀ ਵੱਡੀ ਪਰਾਪਤੀ ਜਿਹੜੀ ਹਰ ਇੰਨਸਾਨ ਨੂੰ ਇੰਨਸਾਫ ਲਈ ਖੜ੍ਹੇ ਹੋਣ ਲਈ ਉਤਸ਼ਾਹਿਤ ਕਰਦੀ ਹੈ ਕਿ ਮੋਰਚੇ ਵਿੱਚ ਉਹ ਪਾਰਟੀਆ ਜਾਂ ਲੋਕ ਵੀ ਸ਼ਾਮਲ ਹੋਏ ਜੋ ਇਸ ਨੂੰ ਨਿਰੋਲ ਧਾਰਮਿਕ ਜਾ ਸਿੱਖਾ ਦਾ ਮੰਨਦੇ ਸਨ। ਇਥੇ ਇਸ ਗਲ ਦਾ ਉਭਰਨਾ ਕਿ ਪੰਜਾਬ ਦੀ ਧਰਤੀ ਨੂੰ ਉਹੀ ਪਰਵਾਨ ਹੋਣਗੇ ਜੋ ਪੰਜਾਬ ਪੰਜਾਬੀ ਪੰਜਾਬੀਅਤ ਲਈ ਵਿਚਰਨਗੇ, ਵੱਡੀ ਚੇਤਨਾ ਪੈਦਾ ਕਰਦੀ ਹੈ। ਮੋਰਚੇ ਦੀਆਂ ਤਿੰਨੇ ਮੰਗਾ ਦਾ ਲਗਭਗ ਮੰਨੇ ਜਾਣਾ ਜਾ ਸਰਕਾਰ ਦੇ ਵਾਅਦਿਆਂ ਨੇ ਇੰਨਸਾਫ ਲਈ ਸੰਤੁਸ਼ਟੀ ਦਿੱਤੀ ਹੈ। ਮੋਰਚੇ ਦੀਆਂ ਪ੍ਰਾਪਤੀਆ ਨੂੰ ਹਾਂ ਪੱਖੀ ਨਜ਼ਰੀਏ ਨਾਲ ਵੇਖਣਾ ਪਵੇਗਾ ਕਿਉਕਿ ਲੰਮਾ ਸਮਾਂ ਚਲੇ ਮੋਰਚੇ ਨੇ ਕੌਮੀ ਏਕਤਾ ਨੂੰ ਬਣਾਇਆ, ਬੇਆਦਬੀ ਦੇ ਦੋਸ਼ੀਆ ਨੂੰ ਫੜਵਾਈਆ, ਅਣਪਛਾਤੀ ਪੁਲਿਸ ਦੀ ਸਨਾਖਤ ਕਰਕੇ ਕੇਸ ਦਰਜ ਕੀਤੇ, ਸ਼ਹੀਦ ਪਰਿਵਾਰਾ ਨੂੰ ਕਰੋੜਾਂ ਰੁਪਏ ਮੁਆਵਜ਼ਾ, ਸੀ ਬੀ ਆਈ ਦੀ ਜਾਂਚ ਨੂੰ ਵਾਪਸ ਕਰਕੇ ਜਾਂਚ ਕਮੇਟੀ ਨੂੰ ਸੌਂਪਣਾ, ਵਿਧਾਨ ਸਭਾ ਦਾ ਵਿਸੇਸ਼ ਸ਼ੈਸਨ ਸੱਦਿਆ ਜਾਣਾ, ਬੜਗਾੜੀ ਪਿੰਡ ਦਾ ਬਰਗਾੜੀ ਸਾਹਿਬ ਹੋਣਾ, ਡੇਰੇ ਨਾਲ ਸਬੰਧਿਤ ਨਾਮ ਚਰਚਾ ਨੂੰ ਬੰਦ ਕਰਵਾਉਣ ਸਬੰਧੀ ਸਿੱਖਾ ਉਪਰ ਬਣੇ ਕੇਸਾਂ ਨੂੰ ਵਾਪਸ ਲੈਣਾ, ਸਿੱਖ ਕੈਦੀਆਂ ਦੀਆਂ ਰਿਹਾਈਆਂ ( ਭਾਈ ਦਲਬਾਗ ਸਿੰਘ ਬਾਗਾ ਦੀ ਰਿਹਾਈ ), ਕੈਦੀਆਂ ਦੀਆਂ ਪੰਜਾਬ ਵਿੱਚ ਜੇਲ੍ਹ ਤਬਦੀਲੀਆਂ, ਕੈਦੀਆਂ ਦੀ ਛੁੱਟੀ ਪੈਰੋਲ ਵਿੱਚ ਵਾਧਾ, ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ, ਅਕਸ਼ੇ ਕੁਮਾਰ ਐਕਟਰ ਆਦਿ ਨੂੰ ਜਾਂਚ ਘੇਰੇ ਹੇਠ ਲਿਆਂਦਾ ਅਤੇ ਮੋੜ ਬੰਬ ਕਾਂਡ ਕੇਸ ਨੂੰ ਖੁਲਵਾਇਆਂ ਆਦਿ ਅਮਨ ਸ਼ਾਤਮਈ ਚੱਲੇ ਮੋਰਚੇ ਦੀਆਂ ਅਜ ਤਕ ਲਗੇ ਮੋਰਚਿਆ ਵਿੱਚ ਵੱਡੀਆਂ ਪਰਾਪਤੀਆਂ ਹਨ। ਸਭ ਤੋਂ ਵੱਡੀ ਪਰਾਪਤੀ ਸ਼ੌਮਣੀ ਅਕਾਲੀ ਦਲ ਉਪਰ ਬਾਦਲ ਪਰਿਵਾਰ ਦੀ ਅਜਾਰੇਦਾਰੀ ਦਾ ਵਕਤੀ ਭੋਗ ਪੈਣਾ ਹੈ। ਪਾਰਟੀ ਦੇ ਪੁਰਾਣੇ ਵੱਡੇ ਟਕਸਾਲੀ ਦਿਗਜਾਂ ਦਾ ਪਾਰਟੀ ਤੋ ਬਗਾਵਤ ਅਤੇ ਪਕਾਸ ਸਿੰਘ ਬਾਦਲ ਦੀ ਉਮਰ ਦੇ ਆਖਰੀ ਸਮੇਂ ਮਿਲੀ ਵੱਡੀ ਢਾਹ ਨੇ ਪਾਰਟੀ ਨੂੰ ਧੋਬੀ ਪਟਕਾ ਦਿੱਤਾ ਹੈ। ਬਾਦਲ ਅਕਾਲੀ ਦਲ ਦੀ ਭਾਈਵਾਲ ਪਾਰਟੀ ਬੀਜੇਪੀ ਵਲੋਂ ਵੀ ਵੱਖੀ ਹੁਝਾਂ ਸੁਰੂ ਹਨ ਹਾਲਤ ਗਰਦਸ਼ ਵਿੱਚ ਹਨ।

ਅਜੋਕੇ ਹਲਾਤਾਂ ਵਿੱਚ ਸ਼ੌਮਣੀ ਅਕਾਲੀ ਦਲ ਦੇ ਨਵਨਿਰਮਾਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਚੋਣਾਂ ਦਾ ਸਿਰ ਉਪਰ ਆ ਜਾਣਾ ਨਿੱਤ ਨਵੇਂ ਸਮੀਕਰਨਾਂ ਨੂੰ ਜਨਮ ਦੇ ਰਿਹਾ ਹੈ। ਮਹਾਂ ਗਠਬੰਧਨਾ ਦਾ ਦੌਰ ਸੁਰੂ ਹੈ। ਜਥੇਦਾਰ ਧਿਆਨ ਸਿੰਘ ਮੰਡ ਦਾ ਦੁਸਰੇ ਪੜਾਅ ਦਾ ਮੋਰਚਾ ਵੀ ਅਰੰਭਤਾ ਦੇ ਸੰਕੇਤ ਦੇ ਰਿਹਾ ਹੈ। ਪਰ ਇੰਨਸਾਫ ਲਈ ਲੜੀ ਜਾ ਰਹੀ ਲੜਾਈ ਦੇ ਕੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਜੁਆਬ ਆਉਣ ਵਾਲੇ ਸਮੇ ਦੀ ਬੁਕਲ ਵਿੱਚ ਹੋਣਗੇ। ਕੌਮ ਕੋਲ ਵਕਤ ਸਿਰਫ਼ ਕੌਮੀ ਏਕਤਾ ਕਰਨ ਦਾ ਹੈ।

ਸ. ਦਲਵਿੰਦਰ ਸਿੰਘ ਘੁੰਮਣ
0033630073111

Leave a Reply

Your email address will not be published. Required fields are marked *

%d bloggers like this: