Thu. May 23rd, 2019

ਸਰਬੱਤ ਖਾਲਸਾ ਜਥੇਦਾਰਾਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਨਾਲ ਪੰਜਾਂ ਤਖਤਾਂ ਦੀ ਯਾਤਰਾ ਹੋਈ ਸੰਪੂਰਨ

ਸਰਬੱਤ ਖਾਲਸਾ ਜਥੇਦਾਰਾਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਨਾਲ ਪੰਜਾਂ ਤਖਤਾਂ ਦੀ ਯਾਤਰਾ ਹੋਈ ਸੰਪੂਰਨ
ਸੈਂਕੜੇ ਸੰਗਤਾਂ ਨਾਲ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਟੇਕਿਆ ਮੱਥਾ, ਗੁਰਦੁਆਰਾ ਬੁੰਗਾ ਮਸਤੂਆਣਾ ਵੱਲੋਂ ਹੋਈ ਸਿਰੋਪਾਓ ਦੀ ਹੋਈ ਬਖਸ਼ਿਸ
ਸੰਤ ਬਾਬਾ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

??????????

??????????

ਤਲਵੰਡੀ ਸਾਬੋ, 20 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਸਮੇਂ ਵਿੱਚ ਬੁਲਾਏ ਗਏ ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੇ ਬੀਤੇ ਦਿਨਾਂ ਵਿੱਚ ਜੇਲ੍ਹ ਤੋਂ ਰਿਹਾਈ ਉਪਰੰਤ ਪੰਜੇ ਤਖਤ ਸਾਹਿਬਾਨਾਂ ਦੀ ਆਰੰਭੀ ਯਾਤਰਾ ਅੱਜ ਜਥੇਦਾਰਾਂ ਵੱਲੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸੰਪੰਨ ਹੋ ਗਈ। ਸਰਬੱਤ ਖਾਲਸਾ ਜਥੇਦਾਰਾਂ ਦੀ ਅੱਜ ਤਖਤ ਸਾਹਿਬ ਆਮਦ ਨੂੰ ਦੇਖਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਨਾਲ ਹੋਰਨਾਂ ਗੁਰਦੁਆਰਾ ਸਾਹਿਬਾਨਾਂ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੀ ਤਖਤ ਸਾਹਿਬ ਤੇ ਵੱਡੀ ਗਿਣਤੀ ਵਿੱਚ ਦੇਖਣ ਨੂੰ ਮਿਲੀ।
ਜ਼ਿਕਰਯੋਗ ਹੈ ਕਿ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਬੀਤੇ ਦਿਨ ਪੰਜੇ ਤਖਤ ਸਾਹਿਬਾਨਾਂ ਦੇ ਦਰਸ਼ਨ ਕਰਨ ਲਈ ਯਾਤਰਾ ਆਰੰਭੀ ਗਈ ਸੀ। ਪੰਜਾਬ ਵਿੱਚ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਉਪਰੰਤ ਅੱਜ ਤਿੰਨੇ ਜਥੇਦਾਰ ਸਾਹਿਬਾਨਾਂ ਦੀ ਤਖਤ ਸ੍ਰੀ ਦਮਦਮਾ ਸਾਹਿਬ ‘ਤੇ ਆਮਦ ਨੂੰ ਦੇਖਦਿਆਂ ਪੁਲਿਸ ਨੇ ਤਖਤ ਸਾਹਿਬ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਜਿੱਥੇ ਇੱਕ ਪਾਸੇ ਤਖਤ ਸਾਹਿਬ ਨੂੰ ਜਾਂਦੇ ਸਾਰੇ ਰਾਸਤਿਆਂ ਤੇ ਨਾਕਾਬੰਦੀ ਕਰਕੇ ਦੰਗਾ ਰੋਕੂ ਵਾਹਨ ਤਾਇਨਾਤ ਕੀਤੇ ਹੋਏ ਸਨ ਉੱਥੇ ਤਖਤ ਸਾਹਿਬ ਦੇ ਅੰਦਰ ਸਿਵਲ ਕੱਪੜਿਆਂ ਵਿੱਚ ਪੁਲਿਸ ਮੁਲਾਜਮਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਵੀ ਟਾਸਕ ਫੋਰਸ ਤੈਨਾਤ ਕੀਤੀ ਹੋਈ ਸੀ। ਪਤਾ ਲੱਗਾ ਹੈ ਕਿ ਬੀਤੀ ਦੇਰ ਸ਼ਾਮ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀ ਸੁਰੱਖਿਆ ਵਿੱਚ ਵੀ ਵਾਧਾ ਕੀਤਾ ਗਿਆ ਸੀ ਤੇ ਅੱਜ ਉਨ੍ਹਾਂ ਦੀ ਤਖਤ ਸਾਹਿਬ ਦੇ ਇੱਕ ਪਾਸੇ ਬਣੀ ਕੋਠੀ ਨੂੰ ਪੁਲਿਸ ਨੇ ਕਿਲ੍ਹੇ ਵਿੱਚ ਤਬਦੀਲ ਕੀਤਾ ਹੋਇਆ ਸੀ। ਉੱਚ ਪੁਲਿਸ ਅਧਿਕਾਰੀ ਵੀ ਸਿਵਲ ਕੱਪੜਿਆਂ ਵਿੱਚ ਜਥੇਦਾਰਾਂ ਨਾਲ ਫਿਰਦੇ ਦਿਖਾਈ ਦਿੱਤੇ।
ਮੱਥਾ ਟੇਕਣ ਉਪਰੰਤ ਦਮਦਮੀ ਟਕਸਾਲ ਦੇ ਭਾਈ ਪਿੱਪਲ ਸਿੰਘ ਨੇ ਜਥੇਦਾਰਾਂ ਨੂੰ ਸਿਰੋਪਾ ਭੇਂਟ ਕੀਤਾ ਜਦੋਂ ਕਿ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਣ ਤੇ ਸੰਸਥਾ ਦੇ ਮੁਖੀ ਬਾਬਾ ਛੋਟਾ ਸਿੰਘ ਤੇ ਮੁੱਖ ਪ੍ਰਬੰਧਕ ਬਾਬਾ ਕਾਕਾ ਸਿੰਘ ਵੱਲੋਂ ਜਥੇਦਾਰਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਗੁਰਦੁਆਰਾ ਬੁੰਗਾ ਮਸਤੂਆਣਾ ਦੇ ਲੰਗਰ ਹਾਲ ਵਿੱਚ ਜਥੇਦਾਰਾਂ ਨੇ ਲੰਗਰ ਛਕਿਆ ਤੇ ਉਨ੍ਹਾਂ ਨੇ ਗੁਰਦੁਆਰਾ ਲਿਖਣਸਰ ਸਾਹਿਬ, ਗੁਰਦੁਆਰਾ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਵਿਖੇ ਵੀ ਮੱਥਾ ਟੇਕਿਆ।
ਬੁੰਗਾ ਮਸਤੂਆਣਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਤਿੰਨਾਂ ਜਥੇਦਾਰਾਂ ਨੇ ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਸਹਿਯੋਗ ਦੇਣ ਵਾਲੀਆਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇੱਕ ਦੋ ਦਿਨਾਂ ਵਿੱਚ ਮੀਟਿੰਗ ਕਰਕੇ ਸਿੱਖ ਸੰਗਤਾਂ ਨੂੰ ਨਵਾਂ ਪ੍ਰੋਗਰਾਮ ਦਿੱਤਾ ਜਾਵੇਗਾ। ਜਥੇਦਾਰਾਂ ਨੇ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋਣ ਦੀ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਇਸ ਘਟਨਾ ਨੂੰ ਸ਼੍ਰੋਮਣੀ ਕਮੇਟੀ ਦੀ ਨਲਾਇਕੀ ਦੱਸਿਆ। ਉਨਾਂ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਅਜੇ ਤੱਕ ਨਾ ਫੜਨ ਦੀ ਪੁਰਜ਼ੋਰ ਨਿੰਦਾ ਕੀਤੀ ਤੇ ਮੌਜ਼ੂਦਾ ਅਕਾਲੀ ਸਰਕਾਰ ‘ਤੇ ਵੀ ਸਿੱਖ ਵਿਰੋਧੀ ਕਾਂਗਰਸੀ ਸਰਕਾਰ ਦੇ ਪਾਏ ਪੂਰਨਿਆਂ ਤੇ ਚੱਲਣ ਦੇ ਦੋਸ਼ ਲਾਏ ਅਤੇ ਉਨ੍ਹਾਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਬੀਤੇ ਦਿਨ ਹੋਏ ਕਾਤਿਲਾਨਾ ਹਮਲੇ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਾਰੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਜਥੇਦਾਰਾਂ ਨੇ ਸ਼੍ਰੋਮਣੀ ਕਮੇਟੀ ਤੇ ਚੱਲੇ ਆ ਰਹੇ ਇੱਕ ਹੀ ਪਰਿਵਾਰ ਦੇ ਕਥਿਤ ਕਬਜ਼ੇ ਨੂੰ ਹਟਾਉਣ ਤੇ ਗੁਰਦੁਆਰਿਆਂ ਦੀ ਵਾਗਡੋਰ ਸੰਗਤਾਂ ਹੱਥ ਦੇਣ ਲਈ ਸਮੁੱਚੇ ਸਿੱਖ ਜਗਤ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ।
ਇਸ ਮੌਕੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਭਾਈ ਸਤਨਾਮ ਸਿੰਘ ਮਨਾਵਾਂ, ਪ੍ਰੋ.ਮਹਿੰਦਰਪਾਲ ਸਿੰਘ ਜਨਰਲ ਸਕੱਤਰ ਅਕਾਲੀ ਦਲ (ਅ), ਭਾਈ ਬਲਵੰਤ ਸਿੰਘ ਗੋਪਾਲਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਬਾਬਾ ਛੋਟਾ ਸਿੰਘ ਮਸਤੂਆਣਾ, ਬਾਬਾ ਕਾਕਾ ਸਿੰਘ, ਭਾਈ ਈਸ਼ਰ ਸਿੰਘ ਹੈਦਰਾਬਾਦ ਵਾਲੇ, ਬਾਬਾ ਜਸਵਿੰਦਰ ਸਿੰਘ ਤਿਉੁਣਾ, ਡਾ. ਗੁਰਮੀਤ ਸਿੰਘ ਬਰੀਵਾਲਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਬਲਜੀਤ ਸਿੰਘ ਬੁਰਜ ਨਕਲੀਆਂ ਸਾਰੇ ਆਗੂ ਪੰਥਕ ਸੇਵਾ ਲਹਿਰ, ਭਾਈ ਪਰਮਿੰਦਰ ਸਿੰਘ ਬਾਲਿਆਂਵਾਲੀ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਮਾਨ, ਸੁਖਦੇਵ ਸਿੰਘ ਕਿੰਗਰਾ ਬਲਾਕ ਪ੍ਰਧਾਨ, ਭਾਈ ਮਹਿੰਦਰ ਸਿੰਘ ਖਾਲਸਾ ਏਕਸ ਕੇ ਹਮ ਬਾਰਿਕ, ਮੀਰੀ ਪੀਰੀ ਇੰਟਰਨੈਸ਼ਨਲ ਸੰਤ ਸਮਾਜ ਦੇ ਬਾਬਾ ਲਾਲ ਸਿੰਘ ਭੀਖੀ, ਭਾਈ ਰਾਜਿੰਦਰ ਸਿੰਘ ਜਵਾਹਰਕੇ, ਦਮਦਮੀ ਟਕਸਾਲ ਦੇ ਭਾਈ ਪਿੱਪਲ ਸਿੰਘ, ਪਰਮਿੰਦਰ ਸਿੰਘ ਫੌਜੀ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਭਾਈ ਅਰਵਿੰਦਰ ਸਿੰਘ ਸੋਢੀ ਸਮਸ਼ੀਰ ਏ ਖਾਲਸਾ ਫੌਜ, ਗਿਆਨੀ ਭੋਲਾ ਸਿੰਘ, ਜੁਗਰਾਜ ਸਿੰਘ ਘੁੰਮਣ, ਭਾਈ ਬੇਅੰਤ ਸਿੰਘ ਮਸਤੂਆਣਾ, ਭਾਈ ਪਰਮਪਾਲ ਸਿੰਘ ਗੁੜਥੜੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਮਾਨ, ਭਾਈ ਰਾਮ ਸਿੰਘ ਲੇਲੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: