ਸਰਕਾਰ ਦੀ ਲਾਪ੍ਰਵਾਹੀ ਨੂੰ ਲੈ ਕੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਜ਼ੋਰਦਾਰ ਹੰਗਾਮੇ -ਕਿਸਾਨ ਤੇ ਜਵਾਨ ਖਤਰੇ

ss1

ਸਰਕਾਰ ਦੀ ਲਾਪ੍ਰਵਾਹੀ ਨੂੰ ਲੈ ਕੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਜ਼ੋਰਦਾਰ ਹੰਗਾਮੇ -ਕਿਸਾਨ ਤੇ ਜਵਾਨ ਖਤਰੇ

ਨਵੀਂ ਦਿੱਲੀ :ਸੰਸਦ ਦੇ ਸ਼ੁਰੂ ਹੋਏ ਮੌਨਸੂਨ ਸੈਸ਼ਨ ਦੇ ਤੀਸਰੇ ਦਿਨ ਦੋਵਾਂ ਸਦਨਾਂ ਵਿੱਚ ਖੇਤਾਂ ਵਿੱਚ ਕਿਸਾਨਾਂ, ਮਜ਼ਦੂਰਾਂ ਨੂੰ ਦਰਪੇਸ਼ ਖਤਰਿਆਂ ਅਤੇ ਦੇਸ਼ ਦੀ ਰਾਖੀ ਲਈ ਸਰਹੱਦਾਂ ‘ਤੇ ਤਾਇਨਾਤ ਜਵਾਨਾਂ ਨੂੰ ਦਰਪੇਸ਼ ਖਤਰਿਆਂ ਨੂੰ ਲੈ ਕੇ ਜੋਰਦਾਰ ਹੰਗਾਮੇ ਹੋਏ। ਦੋਵੇਂ ਸਦਨਾਂ ਵਿੱਚ ਵਿਰੋਧੀ ਧਿਰਾਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਸਰਹੱਦਾਂ ‘ਤੇ ਤਾਇਨਾਤ ਜਵਾਨਾਂ ਦੇ ਹਿੱਤਾਂ ਪ੍ਰਤੀ ਸਰਕਾਰ ਵੱਲੋਂ ਧਾਰੀ ਲਾਪ੍ਰਵਾਹੀ ਵਾਲੀ ਨੀਤੀ ਦੀ ਜੋਰਦਾਰ ਨਿੰਦਾ ਕਰਦਿਆਂ ਸਰਕਾਰ ਨੂੰ ਡੂੰਘੀ ਨੀਂਦ ਵਿੱਚੋਂ ਜਾਗਣ ਦੀ ਅਪੀਲ ਕੀਤੀ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਜਿੱਥੇ ਸ਼ੋਰ ਸ਼ਰਾਬਾ ਕੀਤਾ, ਉੱਥੇ ਸਾਰੇ ਸੰਸਦ ਮੈਂਬਰਾਂ ਵੱਲੋਂ ਆਪਣੀਆਂ ਤਨਖਾਹਾਂ ਵਧਾਉਣ ਦੀ ਗੱਲ ਕਰਦਿਆਂ ਆਪਸ ਵਿੱਚ ਇੱਕਮੁੱਠ ਹੋਣ ਦਾ ਵੀ ਸੱਦਾ ਦਿੱਤਾ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਸ਼ੋਰ ਸ਼ਰਾਬੇ ਦੌਰਾਨ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਸਰੋ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਦੀ ਇਹ ਗੱਲ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਬਹੁਤੀ ਦੇਰ ਸੁਣਨ ਦੀ ਸਹਿਣ ਸ਼ਕਤੀ ਨਹੀਂ ਰੱਖ ਸਕਦੀਆਂ। ਇਸ ਲਈ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇਸ ਦੌਰਾਨ ਕਾਂਗਰਸ ਅਤੇ ਜਨਤਾ ਦਲ ਯੂ ਦੇ ਨੇਤਾਵਾਂ ਨੂੰ ਸੰਕਟਾਂ ਵਿੱਚ ਘਿਰੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਾਮਲੇ ਉਠਾਏ। ਜਨਤਾ ਦਲ ਯੂ ਦੇ ਸ਼ਰਦ ਯਾਦਵ ਨੇ ਦਾਲਾਂ ਵਿਦੇਸ਼ਾਂ ਵਿੱਚੋਂ ਖਰੀਦ ਕੇ ਲਿਆਉਣ ਦਾ ਮਾਮਲਾ ਉਠਾਇਆ, ਕਾਂਗਰਸੀ ਨੇਤਾ ਦਿਗਵਿਜੈ ਸਿੰਘ ਨੇ ਕਿਹਾ ਕਿ ਸੈਂਕੜੇ ਕਿਸਾਨ ਜੰਤਰ ਮੰਤਰ ਉੱਪਰ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਸਾਜਸ਼ੀ ਚੁੱਪ ਧਾਰੀ ਬੈਠੀ ਹੈ। ਦਿਗਵਿਜੈ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਚੰਗੇ ਭਾਅ ਦੇਣ ਦੀ ਥਾਂ ਸਰਕਾਰ ਕਿਸਾਨਾਂ ਨੂੰ ਗੋਲੀਆਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇੰਪੋਰਟ ਡਿਊਟੀ ਭਰਿਸ਼ਟਾਚਾਰ ਦਾ ਗੜ੍ਹ ਬਣ ਗਿਆ ਹੈ। ਉਨ੍ਹਾਂ ਕਿਸਾਨਾਂ ਦੇ ਮਾਮਲੇ ਨੂੰ ਚਰਚਾ ਵਿੱਚ ਲਿਆਉਣ ਦੀ ਅਪੀਲ ਕੀਤੀ, ਜਿਸ ਨੂੰ ਉਪ ਸਭਾਪਤੀ ਨੇ ਮੰਨ ਲਿਆ। ਕਿਹਾ ਗਿਆ ਕਿ ਦੇਸ਼ ਵਿੱਚ ਜੀਰੋ ਇੰਪੋਰਟ ਡਿਊਟੀ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਬਹੁਤ ਘੱਟ ਕੀਮਤਾਂ ਉੱਪਰ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਨਾਲ ਕਿਸਾਨਾਂ ਦੇ ਰੋਜਾਨਾ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ, ਜਿਸ ਕਰਕੇ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਸ਼ਰਦ ਯਾਦਵ ਨੇ ਸਦਨ ਵਿੱਚ ਦੱਸਿਆ ਕਿ ਰੋਜ਼ਾਨਾ ਘੱਟੋ ਘੱਟ 15 ਤੋਂ 20 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਾਲਾਂ ਦਾ ਉਤਪਾਦਨ 33 ਫੀਸਦੀ ਵਧਾਉਣ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਇਆ, ਸਗੋਂ ਘਾਟਾ ਪਿਆ, ਕਿਉਂਕਿ ਸਰਕਾਰ ਨੇ ਬਾਹਰੋਂ ਸਸਤੀਆਂ ਦਾਲਾਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ।
ਸਰਹੱਦਾਂ ‘ਤੇ ਜਵਾਨਾਂ ਦੀਆਂ ਮੁਸ਼ਕਲਾਂ ਅਤੇ ਖਤਰਿਆਂ ਸਬੰਧੀ ਮਾਮਲਾ ਲੋਕ ਸਭਾ ਵਿੱਚ ਉਠਾਉਂਦਿਆਂ ਸਪਾ ਸੁਪਰੀਮੋ ਅਤੇ ਸਾਬਕਾ ਕੇਂਦਰੀ ਰੱਖਿਆ ਮੰਤਰੀ ਸ੍ਰੀ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਕਬੂਤਰ ਵਾਂਗ ਅੱਖਾਂ ਮੀਟ ਕੇ ਬੈਠੀ ਹੈ, ਜਦੋਂ ਕਿ ਚੀਨ ਭਾਰਤ ਉੱਪਰ ਹਮਲਾ ਕਰਨ ਦੀ ਪੂਰੀ ਤਿਆਰੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਰਕਾਰ ਨੂੰ ਇਸ ਮਾਮਲੇ ‘ਤੇ ਚੌਕਸ ਕੀਤੇ ਜਾਣ ਦੇ ਬਾਵਜੂਦ ਸਰਹੱਦਾਂ ‘ਤੇ ਤਣਾਅ ਪੈਦਾ ਕਰ ਰਹੇ ਦੇਸ਼ਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮੁਲਾਇਮ ਸਿੰਘ ਯਾਦਵ ਨੇ ਇਸੇ ਦੌਰਾਨ ਇਹ ਵੀ ਕਿਹਾ ਕਿ ਚੀਨ ਭਾਰਤ ਉੱਪਰ ਹਮਲੇ ਦੀ ਤਿਆਰੀ ਕਰ ਚੁੱਕਾ ਹੈ। ਮੁਲਾਇਮ ਸਿੰਘ ਨੇ ਇਹ ਵੀ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਚੀਨ ਹੈ, ਪਾਕਿਸਤਾਨ ਨਹੀਂ। ਤਿੱਬਤ ਅਤੇ ਦਲਾਈਲਾਮਾ ਦਾ ਜ਼ਿਕਰ ਕਰਦਿਆਂ ਮੁਲਾਇਮ ਸਿੰਘ ਨੇ ਕਿਹਾ ਕਿ ਤਿੱਬਤ ਕਿਸੇ ਵੀ ਹਾਲਤ ਵਿੱਚ ਚੀਨ ਨੂੰ ਨਹੀਂ ਸੌਂਪਿਆ ਜਾਣਾ ਚਾਹੀਦਾ। ਪੂਰਾ ਦੇਸ਼ ਦਲਾਈਲਾਮਾ ਦੇ ਨਾਲ ਹੈ।
ਇਸ ਦੌਰਾਨ ਪਾਕਿਸਤਾਨ ਨੇ ਅੱਜ ਫਿਰ ਕਸ਼ਮੀਰ ਦੇ ਕਈ ਪਿੰਡਾਂ ਅਤੇ ਭਾਰਤੀ ਫੌਜੀ ਚੌਂਕੀਆਂ ਉੱਪਰ ਫਾਇਰਿੰਗ ਕੀਤੀ। ਪੁੰਛ ਅਤੇ ਰਾਜੌਰੀ ਵਿੱਚ ਮੋਰਟਾਰ ਬੰਬ ਚਲਾਏ। ਭਾਰਤੀ ਫੌਜ ਨੇ ਇਸ ਦਾ ਜੋਰਦਾਰ ਜਵਾਬ ਦਿੱਤਾ। ਇਸ ਤੋਂ ਪਹਿਲਾਂ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਪਾਕਿ ਵੱਲੋਂ ਫਾਇਰਿੰਗ ਕੀਤੀ ਗਈ। ਖਬਰਾਂ ਅਨੁਸਾਰ ਪਾਕਿਸਤਾਨ ਨੇ ਰਾਜੌਰੀ ਦੇ ਸਕੂਲਾਂ ਉੱਪਰ ਵੀ ਮੋਰਟਾਰ ਹਮਲੇ ਕੀਤੇ। ਪਿਛਲੇ ਦੋ ਦਿਨਾਂ ਦੀ ਪਾਕਿਸਤਾਨੀ ਫਾਇਰਿੰਗ ਨਾਲ 8 ਹਜਾਰ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ। ਸੂਚਨਾ ਅਨੁਸਾਰ ਰਾਜੌਰੀ ਅਤੇ ਪੁੰਛ ਜਿਲ੍ਹੇ ਦੇ ਕਈ ਇਲਾਕਿਆਂ ਵਿੱਚ ਮੋਰਟਾਰ ਚਲਾਏ ਗਏ।

Share Button

Leave a Reply

Your email address will not be published. Required fields are marked *