Thu. Oct 17th, 2019

ਸਰਕਾਰ ਦੀ ਨਸ਼ਾ ਛੁਡਾਊ ਮਹਿੰਮ ਆਪਣਿਆ ਦੀ ਮਿਲੀਭੁਗਤ ਕਾਰਨ ਫੇਲ

ਸਰਕਾਰ ਦੀ ਨਸ਼ਾ ਛੁਡਾਊ ਮਹਿੰਮ ਆਪਣਿਆ ਦੀ ਮਿਲੀਭੁਗਤ ਕਾਰਨ ਫੇਲ

ਦਿੜ੍ਹਬਾ ਮੰਡੀ, 20 ਜੂਨ (ਰਣ ਸਿੰਘ ਚੱਠਾ): ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਵਿੱਚੋ ਨਸ਼ਾ ਖਤਮ ਕਰਨ ਵਿੱਚ ਨਾਕਾਮ ਸਾਬਿਤ ਹੋਈ ਹੈ ।ਕਿਉਂਕਿ ਚੋਣਾ ਸਮੇਂ ਨਸ਼ਾ ਵੱਖ ਵੱੱਖ ਪਾਰਟੀਆ ਦਾ ਅਹਿਮ ਮੁੱਦਾ ਸੀ ।ਉਸ ਵੇਲੇ ਦੀ ਸੱਤਧਿਰ ਨੂੰ ਜਨਤਾ ਨੇ ਇਸ ਕਰਕੇ ਰਾਜਭਾਗ ਤੋਂ ਲਾਂਭੇ ਕਰ ਦਿੱਤਾ ਸੀ ਕਿ ਉਹ ਨਸ਼ਾ ਰੋਕਣ ਵਿੱਚ ਨਾਕਾਮਯਾਬ ਰਹੇ ਸਨ ।ਪ੍ਰੰਤੂ ਹਲਾਤ ਮੌਜੂਦਾ ਦੌਰ ਵਿੱਚ ਵੀ ਜਿਉਂ ਦੇ ਤਿਉਂ ਹਨ ।ਜਿਹੜੇ ਲੋਕ ਸੱਤਾ ਵਿੱਚ ਹੁੰਦੇ ਹਨ ਉਹਨਾਂ ਨੂੰ ਫੇਰ ਇਹ ਵਰਤਾਰਾ ਦਿਖਾਈ ਦੇਣੋ ਹਟ ਜਾਂਦਾ ਹੈ । ਅੱਜ ਪੰਜਾਬ ਦੇ ਹਰ ਖੇਤਰ ਵਿੱਚ ਨਸ਼ਾ ਪੈਰ ਪਸਾਰ ਚੁੱਕਾ ਹੈ ।ਰੋਜ ਕਿਤੇ ਨਾ ਕਿਤੇ ਮਾਵਾਂ ਦੇ ਸਤੀਰਾ ਵਰਗੇ ਪੁੱਤ ਰੇਤ ਦੇ ਥੰਮਾ ਵਾਂਗ ਡਿੱਗ ਕੇ ਮੌਤ ਦੇ ਰਾਹ ਪੈ ਰਹੇ ਹਨ ।

ਦੁੱਖਦਾਇਕ ਪਲ ਉਸ ਸਮੇਂ ਹੋਰ ਵੀ ਜਿਆਦਾ ਹੋ ਜਾਂਦੇ ਹਨ , ਜਦੋਂ ਕੁੜੀਆ ਵੀ ਚਿੱਟੇ ਵਰਗੇ ਕਹਿਰ ਦਾ ਸ਼ਿਕਾਰ ਹੋ ਜਾਂਦੀਆ ਹਨ ।ਕਿਸੇ ਸਮੇਂ ਅਫੀਮ ,ਭੁੱਕੀ ਨੂੰ ਨਸ਼ਾ ਮੰਨ ਕੇ ਕਾਰਵਾਈ ਕਰਨ ਵਾਲੀ ਪੁਲਿਸ ਤੇ ਸਰਕਾਰ ਦੇ ਸਾਹਮਣੇ ਅੱਜ ਭੰਗ,ਮੈਡੀਕਲ ਦਵਾਈਆਂ,ਜਹਿਰੀਲੀ ਸਰਾਬ ਤੇ ਚਿੱਟਾ,ਸਮੈਕ ਨਾਲ ਨਜਿੱਠਣਾ ਬਹੁਤ ਵੱਡੀ ਸਮੱਸਿਆ ਹੈ । ਅੱਜ ਲੋਕਾਂ ਨੂੰ ਅਫੀਮ ਭੁੱਕੀ ਭਾਵੇਂ ਘੱਟ ਮਿਲੀ ਰਹੀ ਹੈ । ਪ੍ਰੰਤੂ ਚਿੱਟਾ,ਮੈਡੀਕਲ ਨਸ਼ਾ ਤੇ ਦੇਸ਼ੀ ਸਰਾਬ ਗਲੀ ਗਲੀ ਵਿੱਚ ਮਿਲ ਰਹੀ ਹੈ ।ਜਿਸ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ । ਚਿੱਟੇ ਦਾ ਪ੍ਰਕੋਪ ਵਧੇਰੇ ਪਿੰਡਾਂ ਵਿੱਚ ਪ੍ਰਵੇਸ਼ ਕਰ ਗਿਆ ਹੈ ।

ਸਰਾਬ ਹਰ ਪਿੰਡ ਵਿੱਚ ਨਜਾਇਜ ਤਰੀਕੇ ਨਾਲ ਵਿਕ ਰਹੀ ਹੈ ।ਜਿਸ ਨਾਲ ਆਮ ਲੋਕ ਕਾਫੀ ਪ੍ਰੇਸ਼ਾਨ ਹਨ । ਦਿੜ੍ਹਬਾ ਹਲਕੇ ਦੇ ਵਧੇਰੇ ਪਿੰਡ ਨਸ਼ੇ ਦੀ ਹੱਬ ਬਣ ਚੁੱਕੇ ਹਨ । ਜਿਥੇ ਲੋਕਾਂ ਨੇ ਖੁਦ ਲਾਮਬੰਦ ਹੋਣਾ ਸ਼ੁਰੂ ਕਰ ਦਿੱਤਾ ਹੈ । ਜਿਲੇ ਦੇ ਮਸਹੂਰ ਪਿੰਡ ਮੌੜਾ( ਜਿਊਣੇ ਵਾਲੀਆ) ਵਿਖੇ ਪਿਛਲੇ ਦਿਨੀ ਔਰਤਾ ਨੇ ਜਿਲਾ ਪੁਲਿਸ ਮੁਖੀ ਨੂੰ ਮਿਲ ਕੇ ਇਸ ਸਮੱਸਿਆ ਤੋਂ ਜਾਣੂ ਕਰਵਾਇਆ ।ਫੇਰ ਪਿੰਡ ਵਿੱਚ ਜਨਤਕ ਇੱਕਠ ਵਿੱਚ ਲੋਕਾਂ ਨੇ ਪੁਲਿਸ ਤੇ ਮੀਡੀਆ ਦੀ ਹਾਜਰੀ ਵਿੱਚ ਮੌਜੂਦਾ ਤੇ ਸਾਬਕਾ ਆਗੂਆ ਤੇ ਪਿੰਡ ਵਿੱਚ ਨਸ਼ਾ ਵੇਚਣ ਦੇ ਕਥਿਤ ਦੋਸ਼ ਲਾਏ ।ਇਸ ਦੇ ਨਾਲ ਹੀ ਸਬੰਧਿਤ ਪੁਲਿਸ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਵੀ ਸੰਕੇਤ ਦਿੱਤੇ । ਇਸ ਦੇ ਨਾਲ ਹੀ ਹਲਕੇ ਦੇ ਖੇਡਾਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਕਸਬਾ ਦਿੜ੍ਹਬਾ ਨੂੰ ਵੀ ਹੁਣ ਨਸ਼ੇ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ, ਇਸ ਦੇ ਨਾਲ ਹੀ ਪੂਰੇ ਇਲਾਕੇ ਵਿੱਚ ਨਸ਼ਾ ਤਸਕਰਾ ਦੇ ਪੈਰ ਪੂਰੀ ਤਰਾਂ ਪੱਕੇ ਹੋ ਗਏ ਹਨ ।

ਇਸ ਵਰਤਾਰੇ ਨੂੰ ਲੈ ਕੇ ਜਿੱਥੇ ਪੁਲਿਸ ਵਾਲਿਆ ਦੀ ਚੰਗੀ ਖਿਚਾਈ ਹੋ ਰਹੀ ਹੈ ।ਉੱਥੇ ਹੀ ਨਸ਼ਾ ਵੇਚਣ ਵਾਲੇ ਬੇਪਰਵਾਹ ਹਨ । ਇਹਨਾਂ ਵਿਰੁੱਧ ਆਵਾਜ ਬੁਲੰਦ ਕਰਨ ਵਾਲੇ ਸਮਾਜ ਸੇਵੀ ਤੇ ਪੱਤਰਕਾਰਾ ਨੂੰ ਸਰੇਆਮ ਧਮਕੀਆ ਮਿਲ ਰਹੀਆ ਹਨ । ਅੱਲੜ੍ਹ ਉਮਰ ਵਿੱਚ ਕਈ ਸੁਹਾਗਣਾ ਦੇ ਸਿਰ ਦੇ ਸਾਂਈ ਤੁਰ ਜਾਣ ਕਾਰਨ ਵਧੇਰੇ ਘਰਾਂ ਚ ਸੱਥਰ ਵਿਛ ਗਏ ਹਨ । ਮਾਵਾਂ ,ਭੈਣਾ ਸਰਕਾਰ ਤੇ ਪੁਲਿਸ ਨੂੰ ਲਾਹਨਤਾ ਪਾ ਰਹੀਆ ਹਨ ।ਸਰਾਬ ਦੀ ਪਿੰਡਾਂ ਵਿੱਚ ਸਮੱਗਲਰਾ ਦੁਬਾਰਾ ਮੋਬਾਈਲ ਸਪਲਾਈ ਹੋ ਰਹੀ ਹੈ ।ਪਿੰਡਾਂ ਵਿੱਚ ਸਬਜੀ ਦੀ ਕਾਸਤ ਕਰਨ ਵਾਲੇ ਘਾਟੇ ਵਿੱਚ ਹਨ ,ਪ੍ਰੰਤੂ ਨਸ਼ਾ ਵੇਚਣ ਵਾਲੇ ਬਾਗੋ ਬਾਗ ਹਨ ।ਜੇਕਰ ਕੋਈ ਇਸ ਬਾਰੇ ਸਬੰਧਿਤ ਪੁਲਿਸ ਨੂੰ ਇਤਲਾਹ ਦਿੰਦਾ ਹੈ ਤਾਂ ਆਪਣੇ ਫਰਜ ਤੋਂ ਮੁਨਕਰ ਹੋ ਚੁੱਕੇ ਕੁੱਝ ਅਪਰਾਧੀ ਕਿਸਮ ਦੇ ਪੁਲਿਸ ਕਰਮੀ ਉਸ ਵਿਅਕਤੀ ਦਾ ਨਾਂ ਇਹਨਾਂ ਦੇਸ਼ ਧ੍ਰੋਹੀਆ ਕੋਲ ਨਸਰ ਕਰ ਦਿੰਦੇ ਹਨ ।ਜਿਸ ਨਾਲ ਜਿੱਥੇ ਪੁਲਿਸ ਦਾ ਖੁਫੀਆ ਤੰਤਰ ਫੇਲ ਹੋ ਰਿਹਾ ਹੈ ।ਉੱਥੇ ਪੁਲਿਸ ਦੀ ਇਸ ਹਰਕਤ ਨਾਲ ਸਮਾਜ ਵਿੱਚ ਅਪਰਾਧ ਵੱਧ ਰਿਹਾ ਹੈ ।ਜਿਸ ਨਾਲ ਪੰਜਾਬ ਵਿੱਚ ਕਈ ਜਗ੍ਹਾ ਤੇ ਨਸ਼ਾ ਮੁਕਤ ਸਮਾਜ ਸਿਰਜਣ ਵਾਲੇ ਲੋਕਾਂ ਤੇ ਹਮਲੇ ਹੋ ਚੁੱਕੇ ਹਨ ।ਕੈਪਟਨ ਸਰਕਾਰ ਦੀ ਨਸ਼ਾ ਮੁਕਤ ਲਹਿਰ ਇਸ ਸਮੇਂ ਫੇਲ ਸਾਬਿਤ ਹੋ ਚੁੱਕੀ ਹੈ । ਇਸ ਨੂੰ ਕਾਬੂ ਪਾਉਣ ਲਈ ਵਿਸ਼ੇਸ ਟਾਕਸ ਫੋਰਸ ਦਾ ਪ੍ਰਬੰਧ ਕੀਤਾ ਜਾਵੇ । ਸਮੱਗਲਰਾ ਨੂੰ ਅੱਤਵਾਦੀ ਜਾਂ ਦੇਸ਼ ਧ੍ਰੋਹੀ ਗਰਦਾਨਿਆਂ ਜਾਵੇ ।ਕਿਉਂਕਿ ਇਹ ਸਾਡੀ ਆਉਣ ਵਾਲੀ ਨਸ਼ਲ ਨੂੰ ਖਤਮ ਕਰ ਰਹੇ ਹਨ । ਵਿਸ਼ੇਸ ਟਾਕਸ ਪੁਲਿਸ ਇਸ ਲਈ ਸਮੇਂ ਦੀ ਮੰਗ ਹੈ ਕਿਉਂਕਿ ਫੀਲਡ ਵਿੱਚ ਕੰੰਮ ਕਰ ਰਹੇ ਅਧਿਕਾਰੀ ਤੇ ਪੁਲਿਸ ਵਾਲੇ ਜਿਆਦਾਤਰ ਇਹਨਾਂ ਲੋਕਾਂ ਨਾਲ ਮਿਲੇ ਹੋਏ ਹਨ ।ਜਿੰਨਾ ਨੂੰ ਇਹ ਤਸਕਰ ਮਾਲਾਮਾਲ ਕਰ ਰਹੇ ਹਨ ,ਇਹ ਇਲਜਾਮ ਆਮ ਲੋਕਾਂ ਨੇ ਲਾਏ ਹਨ ।

ਪਿੰਡਾਂ ਦੇ ਵਧੇਰੇ ਆਗੂਆਂ ਦੀ ਇਹਨਾਂ ਤਸਕਰਾ ਨਾਲ ਮਿਲੀਭੁਗਤ ਹੈ । ਜਿੰਨਾ ਦੇ ਆਗੂਆ ਸਹਾਰੇ ਸਰਕਾਰ ਨਸ਼ਾ ਖਤਮ ਕਰਨਾ ਚਾਹੁੰਦੀ ਹੈ ਉਹ ਤਾਂ ਇਹਨਾਂ ਲੋਕਾਂ ਦੇ ਪਹਿਲਾਂ ਹੀ ਖੈਰ ਖਵਾਹ ਹਨ ।ਹਰਿਆਣਾ ਦੀ ਅਤਿ ਘਟੀਆ ਸਰਾਬ ਦੀ ਵੱਡੇ ਪੱਧਰ ਤੇ ਪੰਜਾਬ ਚ ਸਪਲਾਈ ਹੋਣਾ ਦੋਵੇਂ ਸੂਬਿਆ ਦੇ ਬੈਰੀਅਰ ਤੇ ਤਨਾਇਤ ਫੋਰਸ ਦੀ ਇਮਾਨਦਾਰੀ ਤੇ ਵੀ ਸਵਾਲ ਖੜ੍ਹੇ ਕਰਦੀ ਹੈ । ਬਾਰਡਰ ਰਾਹੀਂ ਦੇਸ਼ ਅੰਦਰ ਦਾਖਿਲ ਹੋ ਰਹੀ ਹੀਰੋਇਨ,ਸਮੈਕ,ਚਿੱਟਾ ਨੇ ਬਾਰਡਰ ਫੋਰਸ ਨੂੰ ਸਵਾਲਾ ਦੇ ਘੇਰੇ ਵਿੱਚ ਰੱਖਿਆ ਹੈ । ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਹੁਣ ਵੀ ਇਸ ਪਾਸੇ ਪੁਖਤਾ ਕਦਮ ਨਾ ਪੁੱਟੇ ਤਾਂ ਇਹ ਦੇਸ਼ ਲਈ ਬੜੇ ਮੁਸਕਿਲ ਹਲਾਤ ਪੈਦਾ ਕਰ ਦੇਵੇਗੀ ।ਵਧੇਰੇ ਲੋਕ ਇਸ ਕਰਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ,ਕਿਉਂਕਿ ਇੱਥੋਂ ਦਾ ਜੀਵਨ ਹੁਣ ਹਰ ਨਾਗਰਿਕ ਲਈ ਹਰ ਮੌੜ ਤੇ ਸਲੀਬਾ ਵਾਲਾ ਹੋ ਗਿਆ ਹੈ । ਪਿੰਡਾਂ ਦੇ ਲੋਕ ਨਸ਼ਾ ਸਮੱਗਲਰਾ ਦੀ ਗੁੰਡਾਗਰਦੀ ਤੋਂ ਡਰੇ ਹੋਏ ਉਹਨਾਂ ਹੱਥੋਂ ਆਪਣੇ ਪਰਿਵਾਰਾ ਦੀ ਬਰਬਾਦੀ ਨੂੰ ਮੂਕ ਦਰਸ਼ਕ ਬਣ ਦੇਖ ਰਹੇ ਹਨ ।ਪੁਲਿਸ ਦੀ ਦੋਗਲੀ ਨੀਤੀ ਇਸ ਕਦਰ ਵਧ ਗਈ ਹੈ ਕਿ ਕੋਈ ਵੀ ਵਿਅਕਤੀ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਪਹਿਲਾ ਇਹ ਸੋਚਦਾ ਹੈ ਕਿ ਉਸਦਾ ਅਗਲਾ ਹਸਰ ਕੀ ਹੋਵੇਗਾ ।ਕਿਉਂਕਿ ਪੱਤਰਕਾਰ,ਸਮਾਜ ਸੇਵੀ,ਪੰਚਾਇਤਾਂ ਦੇ ਆਗੂ ਨਸ਼ਾ ਤਸਕਰਾ ਵਿਰੱਧ ਆਵਾਜ ਉਠਾ ਕੇ ਇਹਨਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋ ਚੁੱਕੇ ਹਨ।

Leave a Reply

Your email address will not be published. Required fields are marked *

%d bloggers like this: