ਸਰਕਾਰ ਗੁਰੂ ਕੀ ਗੋਲਕ ਲੁੱਟਣ ਵਾਲੇ ਆਗੂਆਂ ਉਪਰ ਧਾਰਮਿਕ ਚੋਣਾਂ ਲੜਨ ਤੇ ਪਾਬੰਦੀ ਲਗਾਵੇ: ਜਸਮੀਤ ਸਿੰਘ ਪੀਤਮ ਪੁਰਾ

ਸਰਕਾਰ ਗੁਰੂ ਕੀ ਗੋਲਕ ਲੁੱਟਣ ਵਾਲੇ ਆਗੂਆਂ ਉਪਰ ਧਾਰਮਿਕ ਚੋਣਾਂ ਲੜਨ ਤੇ ਪਾਬੰਦੀ ਲਗਾਵੇ: ਜਸਮੀਤ ਸਿੰਘ ਪੀਤਮ ਪੁਰਾ
ਨਵੀਂ ਦਿੱਲੀ 11 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਜਸਮੀਤ ਸਿੰਘ ਪੀਤਮ ਪੁਰਾ ਨੇ ਕਿਹਾ ਹੈ ਕਿ ਸਰਕਾਰ ਬਾਦਲ ਦਲ ਦੇ ਉਨ੍ਹਾਂ ਸਾਰੇ ਆਗੂਆਂ ਦੇ ਧਾਰਮਿਕ ਚੋਣਾਂ ਲੜਨ ਤੇ ਪਾਬੰਦੀ ਲਗਾਏ ਜਿਨ੍ਹਾਂ ਉੱਪਰ ਗੁਰੂ ਦੀ ਗੋਲਕ ਲੁੱਟਣ ਦੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਿਛਲੇ ਛੇ ਸਾਲਾਂ ਵਿਚ ਗੁਰੂ ਦੀ ਗੋਲਕ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਹੈ।
ਯੂਥ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਰਾਹੀਂ ਅਤੇ ਦਿੱਲੀ ਕਮੇਟੀ ਰਾਹੀਂ ਗੁਰੂ ਘਰਾਂ ਦਾ ਪੈਸਾ ਇਕੱਠਾ ਕਰਕੇ ਆਪਣੀਆਂ ਤਿਜੌਰੀਆਂ ਭਰੀਆਂ ਹਨ। ਸ. ਜਸਮੀਤ ਸਿੰਘ ਪੀਤਮ ਪੁਰਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਆਕਾ ਸੁਖਬੀਰ ਸਿੰਘ ਬਾਦਲ ਨਾਲ ਵਫਾਦਾਰੀ ਨਿਭਾਉਂਦਿਆਂ ਆਪਣੇ ਗੁਰੂ ਅਤੇ ਗੁਰੂ ਦੀ ਸੰਗਤ ਨਾਲ ਬੇਵਫਾਈ ਤੇ ਗਦਾਰੀ ਕੀਤੀ ਹੈ। ਯੂਥ ਆਗੂ ਨੇ ਕਿਹਾ ਕਿ ਇਨ੍ਹਾ ਅਧਰਮੀ ਲੋਕਾਂ ਵੱਲੋਂ ਕੀਤੇ ਪਾਪਾਂ ਦਾ ਘੜਾ ਭਰ ਚੁੱਕਾ ਹੈ ਅਤੇ ਹੁਣ ਫੁੱਟਣ ਲੱਗ ਗਿਆ ਹੈ।
ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਅਤੇ ਉਸਦੇ ਸਾਥੀਆਂ ਵੱਲੋਂ ਕੀਤੇ ਘੁਟਾਲਿਆਂ ਦੇ ਕੇਸ ਵਿੱਚ ਅਦਾਲਤ ਦੇ ਹੁਕਮਾਂ ਪਿੱਛੋਂ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਦਲ ਦਲ ਦੇ ਲਾਲਚੀ ਲੋਕਾਂ ਵੱਲੋ ਗੁਰੂ ਘਰਾਂ ਦੀ ਕੀਤੀ ਲੁੱਟ ਕਾਰਨ ਅਤੇ ਪਰਚੇ ਦਰਜ ਹੋਣ ਨਾਲ ਸਿੱਖ ਕੌਮ ਦੀ ਪੂਰੀ ਦੁਨੀਆਂ ਵਿੱਚ ਬਦਨਾਮੀ ਹੋਈ ਹੈ। ਸ. ਪੀਤਮਪੁਰਾ ਨੇ ਕਿਹਾ ਹੈ ਕਿ ਭਾਰਤ ਸਰਕਾਰ ਅਤੇ ਗੁਰਦੁਆਰਾ ਕਮਿਸ਼ਨ ਇਨ੍ਹਾ ਲੁਟੇਰਿਆਂ ਦੇ ਧਾਰਮਿਕ ਚੋਣਾਂ ਲੜਨ ਤੇ ਪਾਬੰਦੀ ਲਗਾਏ ਤਾਂ ਜੋ ਸਿਰਸਾ ਕਾਲਕਾ ਵਰਗੇ ਭ੍ਰਿਸ਼ਟ ਲੋਕਾਂ ਨੂੰ ਸ਼ਬਕ ਮਿਲ ਸਕੇ।