ਸਰਕਾਰ ਕਿਸਾਨਾਂ ਨੂੰ ਕੁੱਟਦੀ ਵੀ ਹੈ ਤੇ ਰੋਣ ਵੀ ਨਹੀਂ ਦਿੰਦੀ : ਰਾਜੇਵਾਲ

ਸਰਕਾਰ ਕਿਸਾਨਾਂ ਨੂੰ ਕੁੱਟਦੀ ਵੀ ਹੈ ਤੇ ਰੋਣ ਵੀ ਨਹੀਂ ਦਿੰਦੀ : ਰਾਜੇਵਾਲ

ਐਸ ਏ ਐਸ ਨਗਰ, 21 ਸਤੰਬਰ: ਅੱਜ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ੍ਰ. ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਕਿਸਾਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਵਿਖੇ ਇਕੱਠੇ ਹੋਏ| ਦੂਰ ਦੇ ਜਿਲ੍ਹਿਆਂ ਤੋਂ ਤਾਂ ਬਹੁਤ ਸਾਰੇ ਕਿਸਾਨ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਗੁਰਦੁਆਰਾ ਸੀ੍ਰ ਅੰਬ ਸਾਹਿਬ ਪਹੁੰਚ ਗਏ ਸਨ| ਅੱਜ ਸਵੇਰੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਚੰਡੀਗੜ੍ਹ ਵੱਲ ਰੋਸ ਮਾਰਚ ਕਰਦਿਆਂ ਕਿਸਾਨ ਨਾਅਰੇ ਲਾ ਰਹੇ ਸਨ ‘ਪਰਾਲੀ ਨੂੰ ਅੱਗ ਲਾਵਾਂਗੇ, ਸਰਕਾਰ ਨੂੰ ਭਜਾਵਾਂਗੇ’| ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਰੇਹੜੀਆਂ ਉੱਤੇ ਝਾਕੀਆ ਵੀ ਕੱਢੀਆਂ ਗਈਆਂ| ਇੱਕ ਝਾਕੀ ਵਿੱਚ ਸੰਗਲਾਂ ਨਾਲ ਜਕੜਿਆ ਕਿਸਾਨ ਕਹਿ ਰਿਹਾ ਸੀ, ਮੈਂ ਅੱਜ ਵੀ ਗੁਲਾਮ ਹਾਂ| ਦੂਜੀ ਝਾਕੀ ਵਿੱਚ ਹੱਥਕੜੀ ਲੱਗੇ ਹੋਏ ਕਿਸਾਨ ਦਾ ਕਹਿਣਾ ਸੀ, ਮੈਂ ਡਿਫਾਲਟਰ ਹਾਂ, ਮੇਰੀ ਜ਼ਮੀਨ ਦੀ ਕੁਰਕੀ ਨਾ ਕਰੋ| ਇੱਕ ਹੋਰ ਝਾਕੀ ਵਿੱਚ ਕਿਸਾਨ ਕਹਿ ਰਿਹਾ ਸੀ, ਹੇ ਰੱਬਾ ਮੈਨੂੰ ਗ੍ਰੀਨ ਟ੍ਰਿਬਿਊਨਲ ਤੋਂ ਬਚਾ| ਇੱਕ ਕਿਸਾਨ ਕਹਿ ਰਿਹਾ ਸੀ, ਮੈਂ ਮਾਡਰਨ ਭਾਰਤ ਦਾ ਗੁਲਾਮ ਕਿਸਾਨ ਹਾਂ|
ਇਹਨਾਂ ਕਿਸਾਨਾਂ ਨੂੰ ਚੰਡੀਗੜ੍ਹ ਦੇ ਬਾਰਡਰ ਉੱਤੇ ਭਾਰੀ ਬੈਰੀਕੇਡ ਲਾ ਕੇ ਭਾਰੀ ਪੁਲੀਸ ਫੋਰਸ ਨੇ ਰੋਕ ਲਿਆ| ਕਿਸਾਨਾਂ ਨੇ ਇਸ ਮੌਕੇ ਉੱਥੇ ਧਰਨਾ ਲਗਾ ਕੇ ਰੋਸ ਰੈਲੀ ਕੀਤੀ| ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਖੋ ਸਰਕਾਰ ਕੁੱਟਦੀ ਵੀ ਹੈ, ਰੋਣ ਵੀ ਨਹੀਂ ਦਿੰਦੀ| ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਆਪਣੀ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਸ਼ਾਂਤਮਈ ਰੋਸ ਵੀ ਪ੍ਰਗਟ ਨਹੀਂ ਕਰਨ ਦਿੱਤਾ ਜਾਂਦਾ, ਉਸਤੋਂ ਲੱਗਦਾ ਹੈ ਕਿ ਪੰਜਾਬੀਆਂ ਲਈ ਚੰਡੀਗੜ੍ਹ ਵਿਦੇਸ਼ੀ ਧਰਤੀ ਹੈ| ਇਸ ਲਈ ਕਿਸਾਨਾਂ ਨੂੰ ਸੋਚਣਾ ਹੋਵੇਗਾ ਕਿ ਉਹ ਚੰਡੀਗੜ੍ਹ ਲਈ ਦੁੱਧ ਅਤੇ ਸਬਜ਼ੀਆਂ ਆਦਿ ਦੀ ਸਪਲਾਈ ਕਦੋਂ ਤੋਂ ਬੰਦ ਕਰਨ|
ਸ. ਰਾਜੇਵਾਲ ਨੇ ਕਿਹਾ ਕਿ ਅੱਜ ਕਿਸਾਨ ਉਨ੍ਹਾਂ ਅਮੀਰ ਸ਼ਹਿਰੀ ਬਾਬੂਆਂ ਅਤੇ ਰਾਜ ਨੇਤਾਵਾਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ, ਜਿਨ੍ਹਾਂ ਨੂੰ ਖੇਤੀ ਦੀ ਕੋਈ ਸਮਝ ਹੀ ਨਹੀਂ| ਉਨ੍ਹਾਂ ਕਿਹਾ ਕਿ ਹਾਲੇ ਤਾਂ ਉਹਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ, ਫਿਰ ਵੀ ਦਿੱਲੀ ਦੇ ਪ੍ਰਦੂਸ਼ਣ ਦਾ ਪੱਧਰ ਕੀ ਹੈ? ਅਤੇ ਇਸ ਲਈ ਕੌਣ ਜਿੰਮੇਵਾਰ ਹੈ? ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਦਿੱਲੀ ਵਾਲੇ ਹੀ ਜਿੰਮੇਵਾਰ ਹਨ| ਦਿੱਲੀ ਵਿੱਚ ਹਰ ਰੋਜ਼ ਲੱਖਾਂ ਕਾਰਾਂ, ਬੱਸਾਂ ਅਤੇ ਆਟੋ ਜ਼ਹਿਰੀਲਾ ਧੂੰਆਂ ਛੱਡਦੇ ਹਨ| ਇੰਡਸਟਰੀ, ਭੱਠੇ, ਤੰਦੂਰ ਆਦਿ ਦਿਲੀ ਦੇ ਪ੍ਰਦੂਸ਼ਣ ਰੋਕਣ ਵਾਲੇ ਅਧਿਕਾਰੀਆਂ ਦੀ ਕਮਾਈ ਦਾ ਸਾਧਨ ਹਨ| ਦਿੱਲੀ ਵਿੱਚ ਲੱਖਾਂ ਏ. ਸੀ. ਇਸ ਵਿੱਚ ਲਗਾਤਾਰ ਵਾਧਾ ਕਰੀ ਜਾ ਰਹੇ ਹਨ| ਉਨ੍ਹਾਂ ਨੂੰ ਪ੍ਰਦੂਸ਼ਣ ਤੋਂ ਰੋਕਣ ਲਈ ਨਾ ਤਾਂ ਟ੍ਰਿਬਿਊਨਲ ਅਤੇ ਨਾ ਹੀ ਕਿਸੇ ਸਰਕਾਰ ਵਿਚ ਜਾਨ ਹੈ| ਸੈਂਕੜੇ ਕਿਲੋਮੀਟਰ ਦੂਰ ਪੰਜਾਬ ਦੇ ਕਿਸਾਨਾਂ ਨੂੰ ਬੇਤੁੱਕੇ ਹੁਕਮਾਂ ਨਾਲ ਮੁਸੀਬਤ ਜਰੂਰ ਖੜ੍ਹੀ ਕਰ ਦਿੱਤੀ ਗਈ ਹੈ| ਉਨ੍ਹਾਂ ਕਿਹਾ ਕਿ ਅਖੌਤੀ ਮਾਹਰਾਂ ਅਨੁਸਾਰ ਦੱਸੇ ਤਰੀਕਿਆਂ ਨਾਲ ਪਰਾਲੀ ਨੂੰ ਸੰਭਾਲਣ ਉੱਤੇ ਕਿਸਾਨਾਂ ਦਾ ਛੇ ਹਜਾਰ ਰੁਪਏ ਪ੍ਰਤੀ ਏਕੜ ਤੋਂ ਵੱਧ ਖਰਚਾ ਆਉਂਦਾ ਹੈ, ਜੋ ਭਾਅ ਮਿੱਥਣ ਸਮੇਂ ਕਿਸੇ ਨੇ ਵੀ ਹਿਸਾਬ ਵਿੱਚ ਨਹੀਂ ਲਿਆ| ਇਸ ਕੰਮ ਲਈ ਲੋੜੀਂਦੀ ਮਸ਼ੀਨਰੀ ਉੱਤੇ ਹਰ ਕਿਸਾਨ ਨੂੰ 15 ਲੱਖ ਤੋਂ ਵੱਧ ਦਾ ਖਰਚਾ ਕਰਨਾ ਪਵੇਗਾ| ਫਿਰ ਵੀ ਇਹ ਮਸ਼ੀਨਰੀ ਮਾਰਕੀਟ ਵਿੱਚੋਂ ਨਹੀਂ ਮਿਲਦੀ| ਉਨ੍ਹਾਂ ਕਿਹਾ ਕਿ ਵਾਢੀ ਤੋਂ ਬਾਅਦ ਆਲੂ ਅਤੇ ਸਬਜ਼ੀਆਂ ਲਾਉਣ ਵਾਲੇ ਕਿਸਾਨਾਂ ਕੋਲ ਜਮੀਨ ਤਿਆਰ ਕਰਨ ਲਈ ਸੱਤ ਦਿਨ ਅਤੇ ਕਣਕ ਦੀ ਬਿਜਾਈ ਲਈ 20 ਦਿਨ ਦਾ ਸਮਾਂ ਹੁੰਦਾ ਹੈ|
ਪੰਜਾਬ ਦੇ ਝੋਨੇ ਹੇਠ 38 ਲੱਖ ਹੈਕਟੇਅਰ ਰਕਬੇ ਨੂੰ ਇੰਨੇ ਥੋੜੇ ਸਮੇਂ ਵਿੱਚ ਤਿਆਰ ਕਰਨਾ ਅਸੰਭਵ ਹੈ| ਉਨਾਂ੍ਹ ਸਪੱਸ਼ਟ ਐਲਾਨ ਕੀਤਾ ਕਿ ਕਿਸਾਨ ਇਸ ਨਾਦਰਸ਼ਾਹੀ ਫਰਮਾਨ ਨੂੰ ਬਿਲਕੁੱਲ ਨਹੀਂ ਮੰਨਣਗੇ| ਉਨ੍ਹਾਂ ਕਿਹਾ ਕਿ ਜਾਂ ਤਾਂ ਸਰਕਾਰ 30 ਸਤੰਬਰ ਤੱਕ ਪਰਾਲੀ ਨੂੰ ਸੰਭਾਲਣ ਲਈ ਆਉਂਦੇ ਖਰਚੇ ਬਦਲੇ ਕਿਸਾਨਾਂ ਨੂੰ ਝੋਨੇ ਉੱਤੇ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰੇ ਅਤੇ ਟ੍ਰਿਬਿਊਨਲ ਦੇ ਸਰਕਾਰ ਨੂੰ ਦਿੱਤੇ ਹੁਕਮ ਅਨੁਸਾਰ ਕਿਸਾਨਾਂ ਨੂੰ ਮਸ਼ੀਨਰੀ ਦਾ ਪ੍ਰਬੰਧ ਕਰਕੇ ਦੇਵੇ| ਨਹੀਂ ਤਾ ਮਜਬੂਰੀ ਵੱਸ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਗੇ|
ਇਸ ਮੌਕੇ ਸ. ਨੇਕ ਸਿੰਘ ਖੋਖ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕਰਜਾ ਮੁਆਫੀ ਦੇ ਜੋ ਵਾਅਦੇ ਕੀਤੇ ਸਨ ਅੱਜ ਉਹ ਉਸ ਤੋਂ ਟਾਲ ਮਟੋਲ ਕਿਉਂ ਕਰ ਰਹੇ ਹਨ? ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਸਰਕਾਰ ਚੁੱਪ ਬੈਠੀ ਹੈ| ਸ. ਓਂਕਾਰ ਸਿੰਘ ਅਗੌਲ ਜਨਰਲ ਸਕੱਤਰ ਨੇ ਕਿਹਾ ਕਿ ਸਰਕਾਰਾਂ ਨੇ ਹੀ ਕਿਸਾਨਾਂ ਨੂੰ ਕਰਜੇ ਦੇ ਜਾਲ ਵਿੱਚ ਫਸਾਇਆ ਹੈ ਅਤੇ ਅੱਜ ਕਿਸਾਨ ਦੀ ਪੁੱਛ ਪ੍ਰਤੀਤ ਨਹੀਂ| ਉਨ੍ਹਾਂ ਸਰਕਾਰ ਨੂੰ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਸੰਭਾਲਣ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ|
ਖਜਾਨਚੀ ਸ. ਗੁਲਜਾਰ ਸਿੰਘ ਘਨੌਰ ਨੇ ਕਿਹਾ ਕਿ ਇਸ ਵੇਲੇ ਪੰਜਾਬ ਭਰ ਦੇ ਕਿਸਾਨਾਂ ਵਿੱਚ ਗ੍ਰੀਨ ਟ੍ਰਿਬਿਊਨਲ ਦੇ ਪਰਾਲੀ ਨੂੰ ਅੱਗ ਨਾ ਲਾਉਣ ਦੇ ਫੁਰਮਾਨ ਵਿਰੁੱਧ ਬੇਸ਼ੁਮਾਰ ਗੁੱਸਾ ਹੈ| ਉਨ੍ਹਾਂ ਕਿਹਾ ਕਿ ਸਰਕਾਰ ਵਾਰ ਵਾਰ ਫਸਲੀ ਵਿਭਿੰਨਤਾ ਦੇ ਰਾਗ ਅਲਾਪਦੀ ਹੈ| ਇਸ ਵਾਰ ਜਦੋਂ ਕਿਸਾਨਾਂ ਦੇ ਆਲੂ, ਮੱਕੀ, ਸਬਜ਼ੀਆਂ, ਦੁੱਧ, ਅੰਡੇ ਕੋਈ ਵੀ ਚੀਜ ਕਿਸੇ ਨੇ ਕਿਸੇ ਵੀ ਭਾਅ ਨਹੀਂ ਪੁੱਛੀ ਤਾਂ ਉਦੋਂ ਸਰਕਾਰ ਕਿੱਥੇ ਸੀ? ਸ. ਲਾਭ ਸਿੰਘ ਕੁੜੈਲ ਸਕੱਤਰ ਪੰਜਾਬ ਨੇ ਕਿਹਾ ਕਿ ਸਰਕਾਰ ਕਿਸਾਨ ਤੋਂ ਜੋ ਮਰਜੀ ਪੈਦਾ ਕਰਵਾ ਲਵੇ, ਪਰ ਉਸਦੇ ਭਾਅ ਅਤੇ ਖਰੀਦ ਦੀ ਗਰੰਟੀ ਦੇਵੇ| ਸ. ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਰਕਾਰ ਦਾਲਾਂ ਅਤੇ ਖਾਣ ਵਾਲੇ ਤੇਲ ਵਿਦੇਸ਼ਾਂ ਤੋਂ ਤਾਂ ਮਹਿੰਗੇ ਭਾਅ ਮੰਗਵਾਉਂਦੀ ਹੈ,ਪਰ ਆਪਣੇ ਕਿਸਾਨਾਂ ਤੋਂ ਨਾ ਦਾਲਾਂ, ਨਾ ਸੂਰਜਮੁੱਖੀ ਦੀ ਖਰੀਦ ਕਰਦੀ ਹੈ| ਸ. ਮਲਕੀਤ ਸਿੰਘ ਲਖਮੀਰ ਵਾਲਾ ਨੇ ਕਿਹਾ ਕਿ ਜਦੋਂ ਕਿਸਾਨਾਂ ਦੀ ਮੱਕੀ 800 ਰੁਪਏ ਦੇ ਭਾਅ ਵਿਕੀ ਤਾਂ ਉਦੋਂ ਸਰਕਾਰ ਕਿੱਥੇ ਸੀ? ਸ. ਨਿਰੰਜਣ ਸਿੰਘ ਦੋਹਲਾ ਨੇ ਕਿਹਾ ਕਿ ਸਰਕਾਰ ਕਿਸਾਨ ਅੰਦੋਲਨ ਤੋਂ ਡਰ ਗਈ ਹੈ ਅਤੇ ਲੋਕਾਂ ਨੂੰ ਪੁਲੀਸ ਦੇ ਡੰਡੇ ਨਾਲ ਡਰਾਉਣਾ ਚਾਹੁੰਦੀ ਹੈ| ਸ. ਪ੍ਰਗਟ ਸਿੰਘ ਮੱਖੂ ਨੇ ਕਿਹਾ ਕਿ ਸਾਰੇ ਦੇਸ਼ ਵਿੱਚ ਕਿਸਾਨ ਇਸ ਵੇਲੇ ਭੜਕੇ ਹੋਏ ਹਨ, ਰਾਜ ਨੇਤਾਵਾਂ ਨੂੰ ਉਨ੍ਹਾਂ ਦਾ ਗੁੱਸਾ ਸ਼ਾਂਤ ਕਰਨ ਲਈ ਉਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ|
ਇਸ ਮੌਕੇ ਸਰਕਾਰ ਨੂੰ ਮੁੱਖ ਮੰਤਰੀ ਦੇ ਨਾਂ ਮੈਮੋਰੰਡਮ ਵੀ ਦਿੱਤਾ ਗਿਆ| ਪਰਾਲੀ ਸਾੜਨ ਦੀ ਚਿਤਾਵਨੀ ਦੇ ਕੇ ਕਿਸਾਨ ਘਰਾਂ ਨੂੰ ਪਰਤ ਗਏ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬਿੰਦਰ ਸਿੰਘ ਗੋਲੇ ਵਾਲਾ, ਸ. ਨਰਿੰਦਰਜੀਤ ਸਿੰਘ ਈਸੜੂ, ਸ. ਘੁੰਮਣ ਸਿੰਘ ਰਾਜਗੜ੍ਹ, ਸ. ਨਰਿੰਦਰ ਸਿੰਘ ਲੇਹਲਾਂ, ਸ. ਕਸ਼ਮੀਰਾ ਸਿੰਘ ਜਟਾਣਾ, ਸ. ਅਵਤਾਰ ਸਿੰਘ ਕੈਦੂਪੁਰ, ਸ. ਗੁਰਮੀਤ ਸਿੰਘ ਕਪਿਆਲ, ਸ. ਬਲਵਿੰਦਰ ਸਿੰਘ ਬੱਡਰੁੱਖਾ, ਸ. ਹਰਜੀਤ ਸਿੰਘ ਡੂਮਛੇੜੀ, ਸ. ਰਜਿੰਦਰ ਸਿੰਘ ਕੋਟ ਪਨੈਚ, ਸ. ਅਮਰ ਸਿੰਘ ਛੀਨੀਵਾਲ, ਸ. ਅਮਰਜੀਤ ਸਿੰਘ ਮੁਕਤਸਰ ਸਾਹਿਬ, ਸ. ਹਰਬੰਸ ਸਿੰਘ ਕੌੜਾ, ਸ. ਮਨਮੋਹਣ ਸਿੰਘ ਮੁੱਲਾਂਵਾਲਾ, ਸ. ਓਮ ਰਾਜ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ| ਖਬਰ ਲਿਖੇ ਜਾਣ ਵੇਲੇ ਕਿਸਾਨਾਂ ਦੀ ਪੰਜ ਮੈਂਬਰੀ ਕਮੇਟੀ ਬਲਬੀਰ ਸਿੰਘ ਰਾਜੇਵਾਲ , ਉਂਕਾਰ ਸਿੰਘ, ਟੇਕ ਸਿੰਘ, ਗੁਲਜਾਰ ਸਿੰਘ, ਲਾਭ ਸਿੰਘ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਸਨ|

Share Button

Leave a Reply

Your email address will not be published. Required fields are marked *

%d bloggers like this: