Sun. Sep 15th, 2019

ਸਰਕਾਰ ਕਬੂਤਰਬਾਜ਼ਾਂ ਅਤੇ ਨਕਲੀ ਏਜੰਟਾਂ ਨੂੰ ਦੇ ਰਹੀ ਹੈ ਸ਼ਹਿ : ਜੈ ਕ੍ਰਿਸ਼ਨ ਸਿੰਘ ਰੋੜੀ

ਸਰਕਾਰ ਕਬੂਤਰਬਾਜ਼ਾਂ ਅਤੇ ਨਕਲੀ ਏਜੰਟਾਂ ਨੂੰ ਦੇ ਰਹੀ ਹੈ ਸ਼ਹਿ : ਜੈ ਕ੍ਰਿਸ਼ਨ ਸਿੰਘ ਰੋੜੀ

ਆਮ ਆਦਮੀ ਪਾਰਟੀ ਦੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੁਆਰਾ ਕਬੂਤਰਬਾਜ਼ਾਂ ਨੂੰ ਸ਼ਹਿ ਦੇਣ ਅਤੇ ਨਕਲੀ ਏਜੰਟਾਂ ‘ਤੇ ਨਕੇਲ ਕੱਸਣ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਵਿਚ ਪੈਦਾ ਹੋਈ ਹੱਦ ਤੋਂ ਵੱਧ ਬੇਰੁਜ਼ਗਾਰੀ ਕਬੂਤਰਬਾਜ਼ਾਂ ਅਤੇ ਨਕਲੀ ਏਜੰਟਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਉਹ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਮਾਫ਼ੀਆ ਵਾਂਗ ਕਬੂਤਰਬਾਜ਼ ਮਾਫ਼ੀਆ ਵੀ ਨੌਜਵਾਨਾਂ ਨੂੰ ਆਪਣੇ ਚੁੰਗਲ ਵਿਚ ਲੈ ਰਿਹਾ ਹੈ।
ਰੋੜੀ ਨੇ ਕਿਹਾ ਕਿ ਬੇਰੁਜ਼ਗਾਰੀ ਦੀ ਮਾਰ ਕਾਰਨ ਸੂਬੇ ਦੇ ਨੌਜਵਾਨ ਹਰ ਹੀਲਾ ਕਰ ਕੇ ਵਿਦੇਸ਼ ਜਾਣ ਨੂੰ ਕਾਹਲੇ ਹਨ ਜਿਸ ਦਾ ਫ਼ਾਇਦਾ ਉਠਾ ਕੇ ਕਬੂਤਰਬਾਜ਼ ਨੌਜਵਾਨਾਂ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ‘ਆਪ’ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਕੀਤੇ ਯਤਨਾਂ ਕਰ ਕੇ ਵੱਖ ਵੱਖ ਦੇਸ਼ਾਂ ਵਿਚ ਫਸੇ ਅਨੇਕਾਂ ਨੌਜਵਾਨਾਂ ਨੂੰ ਵਿਦੇਸ਼ਾਂ ਵਿਚੋਂ ਵਾਪਸ ਭਾਰਤ ਲਿਆਉਣ ਵਿਚ ਸਫਲ ਰਹੇ ਹਨ, ਪਰੰਤੂ ਅਜੇ ਵੀ ਅਣਗਿਣਤ ਨੌਜਵਾਨ ਵੱਖ-ਵੱਖ ਦੇਸ਼ਾਂ ਵਿਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਚੋਣਾਂ ਤੋਂ ਪਹਿਲਾਂ ਸੂਬੇ ਦੇ ਨੌਜਵਾਨਾਂ ਨਾਲ ਕੀਤੇ ਵਾਅਦੇ ਭੁੱਲ ਚੁੱਕੇ ਹਨ।
ਰੋੜੀ ਨੇ ਮੰਗ ਕੀਤੀ ਕਿ ਇਸ ਮਸਲੇ ਦਾ ਸਥਾਈ ਹੱਲ ਕਰਨ ਲਈ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਨੌਕਰੀ ਦੀ ਅਣਹੋਂਦ ਵਿਚ ਸਰਕਾਰ ਸਵੈ-ਰੋਜ਼ਗਾਰ ਲਈ ਸਸਤੇ ਲੋਨ ਦੀ ਸੁਵਿਧਾ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹਜ਼ਾਰਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਧੱਕਣ ਵਾਲੇ ਨਕਲੀ ਏਜੰਟ ਮਾਫ਼ੀਆ ਉੱਤੇ ਨਕੇਲ ਨਾ ਪਾਣੀ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਉਹ ਇਹ ਮੁੱਦਾ ਵਿਧਾਨ ਸਭਾ ਦੇ ਆਉਂਦੇ ਸੈਸ਼ਨ ਵਿਚ ਵੀ ਚੁੱਕਣਗੇ।

Leave a Reply

Your email address will not be published. Required fields are marked *

%d bloggers like this: