Mon. May 20th, 2019

ਸਰਕਾਰ ਅਜੇ ਤੱਕ ਜਾਰੀ ਨਾ ਕਰ ਸਕੀ ਨੋਟੀਫਿਕੇਸ਼ਨ

ਕਿਤੇ ਬਿਆਨਾਂ ਤੱਕ ਸੀਮਤ ਹੀ ਨਾ ਰਹਿ ਜਾਵੇ ਪੱਛੜੇ ਸਮਾਜ ਨੂੰ 200 ਯੂਨਿਟ ਬਿਜਲੀ ਮੁਫਤ
ਸਰਕਾਰ ਅਜੇ ਤੱਕ ਜਾਰੀ ਨਾ ਕਰ ਸਕੀ ਨੋਟੀਫਿਕੇਸ਼ਨ

30-33
ਭਿੱਖੀਵਿੰਡ 30 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-2017 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿਥੇ ਕਾਂਗਰਸ ਤੇ ਆਪ ਪਾਰਟੀ ਵੱਲੋਂ ਪੰਜਾਬ ਵਿੱਚ ਵੱਸਦੇ 42 ਫੀਸਦੀ ਆਬਾਦੀ ਵਾਲੇ ਪੱਛੜੇ ਸਮਾਜ ਦੇ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਵਿਉਤਬੰਦੀ ਕੀਤੀ ਜਾ ਰਹੀ ਹੈ, ਉਥੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵੀ ਪੱਛੜੇ ਸਮਾਜ ਦੇ ਲੋਕਾਂ ਦੀਆਂ ਵੋਟਾਂ ਬਟੋਰਣ ਲਈ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ 200 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਤਾਂ ਭਾਂਵੇ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਅਕਾਲੀ ਸਰਕਾਰ ਨੋਟੀਫਿਕੇਸ਼ਨ ਜਾਰੀ ਤੱਕ ਨਹੀ ਕਰ ਸਕੀ। ਜਦੋਂ ਕਿ ਪੱਛੜੇ ਸਮਾਜ ਦੇ ਲੋਕ ਸਰਕਾਰ ਦੇ ਐਲਾਨ ਨੂੰ ਸੁਣਦਿਆਂ ਹੀ ਸੇਵਾ ਕੇਂਦਰਾਂ ਵਿੱਚ ਧੜਾ-ਧੜ ਲਾਈਨਾਂ ਵਿੱਚ ਲੱਗ ਕੇ ਪੱਛੜੀ ਜਾਤੀ ਦਾ ਸਰਟੀਫਿਕੇਟ ਹਾਸਲ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 200 ਯੂਨਿਟ ਬਿਜਲੀ ਫਰੀ ਦੇਣ ਦੇ ਐਲਾਨ ਤੋਂ ਲੈ ਕੇ ਅੱਜ ਤੱਕ ਹਰ ਇੱਕ ਅਕਾਲੀ ਲੀਡਰ ਅਖਬਾਰੀ ਬਿਆਨਬਾਜੀਆਂ ਕਰਕੇ ਅਕਾਲੀ ਸਰਕਾਰ ਦੇ ਸੋਹਲੇ ਗਾ ਰਹੇ ਹਨ ਅਤੇ ਪੱਛੜੇ ਸਮਾਜ ਦੇ ਲੋਕ ਪਾਵਰਕਾਮ ਦਫਤਰਾਂ ਵਿੱਚ ਚੱਕਰ ਤੇ ਚੱਕਰ ਮਾਰ ਰਹੇ ਹਨ ਕਿ ਸ਼ਾਇਦ ਪੰਜਾਬ ਸਰਕਾਰ ਦਾ ਹੁਕਮ ਪਾਵਰਕਾਮ ਦੇ ਅਧਿਕਾਰੀਆਂ ਤੱਕ ਪੁੱਜ ਗਿਆ ਹੋਵੇਗਾ। ਇਸ ਸੰਬੰਧੀ ਜਦੋਂ ਪਾਵਰਕਾਮ ਵਿਭਾਗ ਭਿੱਖੀਵਿੰਡ ਦੇ ਐਕਸੀਅਨ ਅਵਤਾਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਲਿਖਤੀ ਆਡਰ ਨਹੀ ਆਇਆ।

ਸਰਕਾਰ ਅਗਲੇ ਹਫਤੇ ਜਾਰੀ ਕਰ ਸਕਦੀ ਨੋਟੀਫਿਕੇਸ਼ਨ – ਹੀਰਾ ਸਿੰਘ ਗਾਬੜੀਆ
ਸ੍ਰੋਮਣੀ ਅਕਾਲੀ ਦਲ (ਬਾਦਲ) ਪੱਛੜੀਆ ਸ੍ਰੋਣੀਆਂ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੂੰ ਪੱਛੜੇ ਸਮਾਜ ਦੇ ਲੋਕਾਂ ਨੂੰ 200 ਯੂਨਿਟ ਬਿਜਲੀ ਫਰੀ ਦੇਣ ਵਿੱਚ ਦੇਰੀ ਕੀਤੇ ਜਾਣ ਸੰਬੰਧੀ ਪੁੱਛਿਆ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਸਰਕਾਰ ਅਗਲੇ ਹਫਤੇ ਨੋਟੀਫਿਕੇਸ਼ਨ ਲਾਗੂ ਕਰਨ ਦੀ ਹਰ ਸੰਭਵ ਯਤਨ ਕਰ ਰਹੀ ਹੈ।

ਬਾਦਲ ਸਰਕਾਰ ਨੂੰ ਵੋਟਾਂ ਵੇਲੇ ਪੱਛੜੇ ਸਮਾਜ ਦਾ ਕਿਉ ਆਉਦਾ ਚੇਤਾ – ਸੁਖਪਾਲ ਗਾਬੜੀਆ
ਬੀਤੇਂ ਦਸ ਸਾਲਾਂ ਤੋਂ ਪੱਛੜੇ ਸਮਾਜ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਵਾਲੀ ਬਾਦਲ ਸਰਕਾਰ ਨੂੰ ਹੁਣ ਵੋਟਾਂ ਨੇੜੇ ਪੱਛੜੇ ਸਮਾਜ ਦੇ ਲੋਕਾਂ ਦੀ ਯਾਦ ਕਿਉ ਆਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਪੱਛੜੀਆਂ ਸ੍ਰੇਣੀਆਂ ਦੇ ਜਿਲ੍ਹਾ ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਕਈ ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਪੱਛੜੇ ਸਮਾਜ ਨੂੰ 200 ਯੂਨਿਟ ਫਰੀ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ, ਇਹ ਚੋਣ ਸਟੰਟ ਹੈ, ਕਿਉਕਿ ਅਕਾਲੀ ਸਰਕਾਰ ਅਜੇ ਤੱਕ ਨੋਟੀਫਿਕੇਸ਼ਨ ਹੀ ਜਾਰੀ ਨਹੀ ਕਰ ਸਕੀ। ਜਦੋਂ ਕਿ ਅਕਾਲੀ ਲੀਡਰ ਬਿਆਨਬਾਜੀਆਂ ਕਰਕੇ ਹਵਾ ਵਿੱਚ ਛੁਰਲੀਆਂ ਛੱਡ ਕੇ ਜਨਤਾ ਨੂੰ ਗੰੁਮਰਾਹ ਕਰ ਰਹੇ ਹਨ। ਉਹਨਾਂ ਨੇ ਪੱਛੜੇ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਸਰਕਾਰ ਦੀਆਂ ਗੁੰਮਰਾਹਕੁੰਨ ਚਾਲਾਂ ਵਿਚ ਨਾ ਆਉਣ ਅਤੇ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਜੋ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਨ ਉਪਰੰਤ ਪੱਛੜੇ ਸਮਾਜ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।

ਆਪ ਸਰਕਾਰ ਬਣਨ ‘ਤੇ ਹਰ ਵਰਗ ਨੂੰ ਮਿਲਣਗੀਆਂ ਬਰਾਬਰ ਸਹੂਲਤਾਂ – ਸੁਖਬੀਰ ਵਲਟੋਹਾ
ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਦਿੱਲੀ ਵਾਂਗ ਹਰ ਵਰਗ ਦੇ ਲੋਕਾਂ ਨੂੰ ਬਰਾਬਰ-ਬਰਾਬਰ ਸਹੂਲਤਾਂ ਦਿੱਤੀਆ ਜਾਣਗੀਆਂ ਤਾਂ ਜੋ ਕਿਸੇ ਵੀ ਵਰਗ ਨਾਲ ਬੇਇਨਸਾਫੀ ਨਾ ਹੋ ਸਕੇ। ਪੱਛੜੇ ਸਮਾਜ ਨੂੰ 200 ਯੂਨਿਟ ਬਿਜਲੀ ਮਾਫ ਸੰਬੰਧੀ ਸੁਖਬੀਰ ਵਲਟੋਹਾ ਨੇ ਕਿਹਾ ਕਿ ਚੋਣਾਂ ਨੂੰ ਮੁੱਖ ਰੱਖਦਿਆਂ ਅਕਾਲੀ ਸਰਕਾਰ ਵੱਲੋਂ ਪੱਛੜੇ ਸਮਾਜ ਦੇ ਲੋਕਾਂ ਨੂੰ ਲਾਲਚ ਦੇ ਕੇ ਮਗਰ ਲਗਾਉਣ ਦਾ ਤਰੀਕਾ ਹੈ। ਉਹਨਾਂ ਨੇ ਆਖਿਆ ਕਿ ਬਾਦਲ ਸਰਕਾਰ ਆਪਣੇ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦੀ ਤੱਕੜੀ ਦੱਸ ਕੇ ਤੇਰਾ-ਤੇਰਾ ਤੋਲਣ ਦਾ ਵਾਅਦਾ ਕਰਦੀ ਰਹੀ ਹੈ, ਪਰ ਵੋਟਾਂ ਉਪਰੰਤ ਬਾਦਲ ਦੀ ਤੱਕੜੀ ਤੇਰਾ-ਤੇਰਾ ਤੋਲਣ ਦੀ ਬਜਾਏ ਮੇਰਾ-ਮੇਰਾ ਹੀ ਬੋਲਦੀ ਰਹੀ ਹੈ। ਵਲਟੋਹਾ ਨੇ ਕਿਹਾ ਕਿ ਆਜਾਦੀ ਤੋਂ ਲੈ ਕੇ ਅੱਜ ਤੱਕ ਅਕਾਲੀ-ਭਾਜਪਾ ਸਰਕਾਰ ਤੇ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਹੀ ਪੱਛੜੇ ਸਮਾਜ ਦੇ ਲੋਕਾਂ ਨਾਲ ਵਿਤਕਰੇਬਾਜੀ ਕਰਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ, ਪਰ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਵਾਅਦਾ ਕੀਤਾ ਹੈ, ਉਸਨੂੰ ਨਿਭਾਇਆ ਹੈ, ਜਿਸ ਦਾ ਸਬੂਤ ਦਿੱਲੀ ਵਿਚ ਕਰਵਾਏ ਜਾ ਰਹੇ ਜੰਗੀ ਪੱਧਰ ‘ਤੇ ਵਿਕਾਸ ਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਤੋਂ ਮਿਲਦੀ ਹੈ।

Leave a Reply

Your email address will not be published. Required fields are marked *

%d bloggers like this: