ਸਰਕਾਰੀ ਸਕੂਲਾਂ ਨੂੰ ਜਿੰਦੇ ਲਾਉਣ ਦੀ ਥਾਂ ਕੇਜਰੀਵਾਲ ਸਰਕਾਰ ਤੋਂ ਸੇਧ ਲੈਣ ਕੈਪਟਨ ਅਮਰਿੰਦਰ : ਆਪ

ss1

ਸਰਕਾਰੀ ਸਕੂਲਾਂ ਨੂੰ ਜਿੰਦੇ ਲਾਉਣ ਦੀ ਥਾਂ ਕੇਜਰੀਵਾਲ ਸਰਕਾਰ ਤੋਂ ਸੇਧ ਲੈਣ ਕੈਪਟਨ ਅਮਰਿੰਦਰ : ਆਪ

9 copy
ਚੰਡੀਗੜ੍ਹ- ਪੰਜਾਬ ‘ਚ ਸੈਂਕੜੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਸਰਕਾਰੀ ਸਕੂਲਾਂ ਨੂੰ ਜਿੰਦਰੇ ਲਗਾਉਣ ਦੀ ਥਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸੇਧ ਲੈ ਕੇ ਸੂਬੇ ਦੀ ਨਿੱਘਰ ਚੁੱਕੀ ਸਰਕਾਰੀ ਸਕੂਲ ਸਿੱਖਿਆ ਦਾ ਕਾਇਆ-ਕਲਪ ਕਰਨ। ‘ਆਪ’ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਵਿਧਾਨ ਸਭਾ ‘ਚ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਰੰਧਾਵਾ, ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧਰਾਮ ਅਤੇ ਅਮਰਜੀਤ ਸਿੰਘ ਸੰਦੋਆ (ਸਾਰੇ ਵਿਧਾਇਕ) ਨੇ ਕਿਹਾ ਕਿ 800 ਤੋਂ ਵੱਧ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੀ ਕਾਰਵਾਈ ਤੁਰੰਤ ਰੋਕੀ ਜਾਵੇ।
‘ਆਪ’ ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਕਲਿਆਣਕਾਰੀ ਸਰਕਾਰ (ਵੈਲਫੇਅਰ ਸਟੇਟ) ਦੀਆਂ ਸਿੱਖਿਆ ਅਤੇ ਸਿਹਤ ਵਰਗੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਤੋਂ ਭਗੌੜਾ ਨਹੀਂ ਹੋਣਾ ਚਾਹੀਦਾ, ਕਿਉਂਕਿ ਪੰਜਾਬ ਦੇ ਲੋਕਾਂ ਨੇ ਵੱਡੀ ਆਸ ਨਾਲ ਕੈਪਟਨ ਦੀ ਸਰਕਾਰ ਬਣਾਈ ਸੀ।
ਪਾਰਟੀ ਦੇ ਸਹਿ-ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜਿਹੜੇ ਸੈਂਕੜੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ 20 ਤੋਂ ਵੀ ਥੱਲੇ ਆ ਰਹੀ ਹੈ, ਇਸ ਲਈ ਬੱਚੇ ਜਾਂ ਮਾਪੇ ਕਸੂਰਵਾਰ ਨਹੀਂ ਸਗੋਂ ਇਹ ਪੰਜਾਬ ਸਰਕਾਰ ਦੀ ਸਰਕਾਰੀ ਸਕੂਲਾਂ ਪ੍ਰਤੀ ਨੀਅਤ ਅਤੇ ਨੀਤੀ ਦਾ ਨਤੀਜਾ ਹੈ। ਇਸ ਲਈ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਕਿ ਉਹ (ਕੈਪਟਨ) ਆਪਣੀ ਸਿੱਖਿਆ ਮੰਤਰੀ ਨੂੰ ਨਾਲ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਕੋਲ ਜਾਣ ਅਤੇ ਸਰਕਾਰੀ ਸਕੂਲ ਸਿੱਖਿਆ ‘ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਵਾਲੇ ਸਿੱਖਿਆ ਮਾਡਲ ਨੂੰ ਸਮਝ ਕੇ ਸੱਚੀ ਨੀਅਤ ਨਾਲ ਪੰਜਾਬ ‘ਚ ਲਾਗੂ ਕਰਨ।  ਅਮਨ ਅਰੋੜਾ ਨੇ ਦੱਸਿਆ ਕਿ ਇਸ ਅਕਾਦਮਿਕ ਸੈਸ਼ਨ ਦੌਰਾਨ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਨਾਲੋਂ 9 ਫ਼ੀਸਦੀ ਜ਼ਿਆਦਾ ਰਿਹਾ। ਨਤੀਜੇ ਵੱਜੋ ਦਿੱਲੀ ਦੇ ਲੋਕਾਂ ਦਾ ਸਰਕਾਰੀ ਸਕੂਲਾਂ ‘ਚ ਇੰਨਾ ਭਰੋਸਾ ਵਧ ਗਿਆ ਹੈ ਕਿ ਮਾਪਿਆਂ ਨੇ ਹਜ਼ਾਰਾਂ ਬੱਚੇ ਪ੍ਰਾਈਵੇਟ ਸਕੂਲਾਂ ‘ਚ ਹਟਾ ਕੇ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾ ਦਿੱਤੇ ਹਨ। ਇਕੱਲੇ ਸਰਕਾਰੀ ਸਰਵੋਦਿਆ ਕੋਐਡ ਸਕੂਲ ਰੋਹਿਨੀ ਸੈਕਟਰ 21 ਵਿਚ 900 ਬੱਚੇ ਪ੍ਰਾਈਵੇਟ ਸਕੂਲਾਂ ‘ਚੋਂ ਨਾਂ ਕਟਵਾ ਕੇ ਦਾਖਲ ਹੋਏ।
ਇਸ ਲਈ ਕੈਪਟਨ ਸਰਕਾਰ ਨੂੰ ਦਿੱਲੀ ਸਰਕਾਰ ਦੇ ਸਿੱਖਿਆ ਮਾਡਲ ਨੂੰ ਪੰਜਾਬ ‘ਚ ਲਾਗੂ ਕਰਕੇ ਸਰਕਾਰੀ ਸਕੂਲਾਂ ਦਾ ਵਿੱਦਿਅਕ ਮਿਆਰ ਉੱਚਾ ਚੁੱਕਣਾ ਚਾਹੀਦਾ ਹੈ ਤਾਂ ਕਿ ਹਰ ਗ਼ਰੀਬ-ਅਮੀਰ ਦੇ ਬੱਚੇ ਨੂੰ ਸਿੱਖਿਆ ਦੇ ਬਰਾਬਰ ਮੌਕੇ ਮਿਲ ਸਕਣ। ‘ਆਪ’ ਵਿਧਾਇਕ ਨੇ ਕਿਹਾ ਕਿ ਜਿਹੜੇ 800 ਪ੍ਰਾਈਵੇਟ ਸਕੂਲ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਪਿੰਡਾਂ/ਮੁਹੱਲਿਆਂ ਦੇ ਬੱਚਿਆਂ ਦਾ ਦੂਸਰੇ ਸਕੂਲਾਂ ਵਿਚ ਜਾਣ ਆਉਣ ਦਾ ਕੀ ਪ੍ਰਬੰਧ ਕੀਤਾ ਹੈ ਅਤੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਦੀਆਂ ਖ਼ਤਮ ਹੋ ਰਹੀਆਂ ਅਸਾਮੀਆਂ ਦਾ ਹਿਸਾਬ ਆਮ ਆਦਮੀ ਪਾਰਟੀ ਆਉਂਦੇ ਵਿਧਾਨ ਸਭਾ ਸੈਸ਼ਨ ‘ਚ ਲਵੇਗੀ। ਇਸ ਤੋਂ ਬਿਨਾ ‘ਆਪ’ ਇਨ੍ਹਾਂ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਨਾਲ ਮਿਲ ਕੇ ਸਰਕਾਰੀ ਸਕੂਲ ਸਿੱਖਿਆ ਦੇ ਮੁੱਦੇ ‘ਤੇ ਲੋਕ ਲਹਿਰ ਖੜੀ ਕਰੇਗੀ।

Share Button

Leave a Reply

Your email address will not be published. Required fields are marked *