Sun. Aug 25th, 2019

ਸਰਕਾਰੀ ਸਕੂਲਾਂ ਦੇ ਵਧੀਆ ਨਤੀਜੇ ਨਵਾਂ ਇਤਿਹਾਸ ਸਿਰਜਣ ਵੱਲ

ਸਰਕਾਰੀ ਸਕੂਲਾਂ ਦੇ ਵਧੀਆ ਨਤੀਜੇ ਨਵਾਂ ਇਤਿਹਾਸ ਸਿਰਜਣ ਵੱਲ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਹਿਲੀ ਵਾਰ ਦਸਵੀਂ ਦਾ ਨਤੀਜਾ ਬਾਰਵੀਂ ਦੇ ਨਤੀਜੇ ਤੋਂ ਪਹਿਲਾਂ ਐਲਾਨ ਕਰਕੇ ਬੋਰਡ ਦੀ ਕਾਰਗੁਜ਼ਾਰੀ ‘ਚ ਸੁਧਾਰ ਨੂੰ ਸੱਚ ਮੁੱਚ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਪਿਛਲੇ ਸਾਲ ਦੀ ਰੈਗੂਲਰ ਪਾਸ ਪ੍ਰਤੀਸ਼ਤਤਾ ੫੭.੫੦ ਸੀ ਪਰ ਇਸ ਵਾਰ ਦਸਵੀਂ ਦੇ ਰੈਗੂਲਰ ਪਾਸ ਪ੍ਰਤੀਸ਼ਤਤਾ ੮੫.੫੬ ਹੈ।ਪਰ ਲੜਕੀਆਂ ਨੇ ਮੈਰਿਟ ਵਿੱਚ ਪਹਿਲੀ, ਦੂਜੀ ਅਤੇ ਤੀਸਰੀ ਥਾਂ ਤੇ ਆਏ ੧੭ ਵਿਦਿਆਰਥੀਆਂ ਵਿੱਚੋਂ ੧੫ ਤੇ ਕਬਜ਼ਾ ਕਰ ਲਿਆ ਹੈ, ਸਿਰਫ ੨ ਲੜਕੇ ਪਹਿਲੇ ਅਤੇ ਤੀਜੇ ਸਥਾਨ ਤੇ ਆਏ ਹਨ।ਮੈਰਿਟ ਵਿੱਚ ਆਏ ਕੁਲ ੩੩੬ ਵਿਦਿਆਰਥੀਆਂ ਵਿੱਚੋਂ ਬਹੁਤੀਆਂ ਲੜਕੀਆਂ ਹੀ ਹਨ।ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ੯੦.੬੩ ਅਤੇ ਲੜਕਿਆਂ ਦੀ ੮੧.੩੦ ਹੈ। ਇਸ ਤੋਂ ਸਾਫ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਲੜਕੀਆਂ ਸਿੱਖਿਆ ਦੇ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਵੱਧਦੀਆਂ ਜਾ ਰਹੀਆਂ ਹਨ।ਸਮਾਜ ਅੰਦਰ ਲੜਕੀਆਂ ਦੀ ਅਨੁਪਾਤ ਭਾਵੇਂ ਭਰੂਣ ਹੱਤਿਆ ਕਾਰਣ ਘ’ਟ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।ਪਰ ਅ’ਜ ਦੇ ਲੜਕੇ ਸਿੱਖਿਆ ਪ੍ਰਾਪਤ ਕਰਨ ‘ਚ ਪਛੜਦੇ ਜਾ ਰਹੇ ਹਨ।ਇਹੀ ਕਾਰਣ ਹੈ ਸਮਾਜਿਕ ਬੁਰਾਈਆਂ ‘ਚ ਲਗਾਤਰ ਵਾਧਾ ਹੁੰਦਾ ਜਾ ਰਿਹਾ ਹੈ।
ਸਰਕਾਰੀ ਸਕੂਲਾਂ ਨੂੰ ਢਾਬੇ ਦੱਸਣ ਵਾਲੇ ਲੋਕਾਂ ਨੂੰ ਸਰਕਾਰੀ ਸਕੂਲਾ ਦੇ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਨਤੀਜੇ ਆਉਣ ਤੇ ਸ਼ਰਮਸ਼ਾਰ ਜਰੂਰ ਹੋਣਾ ਪਵੇਗਾ। ਸਪੋਰਟਸ ਕੈਟਾਗਰੀ ਵਿੱਚ ਪੰਜਾਬ ਭਰ ‘ਚੋਂ ਸ.ਸ.ਸ.ਸ.ਖਮਾਣੋ (ਫਤਿਹਗੜ੍ਹ ਸਾਹਿਬ) ਦੀ ਜਸਲੀਨ ਕੌਰ ਨੇ ਦੂਜੇ ਸਥਾਨ ਤੇ ਆ ਕੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਹੈ।ਪਿਛਲੇ ਸਾਲਾਂ ਨਾਲੋਂ ਐਤਕੀਂ ਮੈਰਿਟ ਵਿੱਚ ਸਰਕਾਰੀ ਸਕੂਲਾਂ ਦਾ ਵੱਧ ਨਾਂ ਚਮਕਿਆ ਹੈ।ਸਰਕਾਰੀ ਸਕੂਲਾਂ ਦੇ ਉੱਚ ਪੁਜ਼ੀਸ਼ਨਾਂ ਵਾਲੇ ਬਹੁਤੇ ਵਿਦਿਆਰਥੀ ਗਰੀਬ ਵਰਗ ਨਾਲ ਸਬੰਧਤ ਹਨ ਜੋ ਕਿ ਵੱਡੀਆਂ ਫੀਸ਼ਾਂ ਵਾਲੇ ਸਕੂਲਾਂ ‘ਚ ਪੜ੍ਹਣ ਵਾਲੇ ਬੱਚਿਆਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ।ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ੮੮.੨੧ ,ਐਫੀਲੀਏਟਿਡ / ਆਦਰਸ਼ ਸਕੂਲਾਂ ਦੀ ੮੬.੯੫, ਐਸੋਸੀਏਟਿਡ ਸਕੂਲਾਂ ਦੀ ੭੯.੫੧ ਅਤੇ ਏਡਿਡ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ੭੦.੪੩ ਆਈ ਹੈ।ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਸਾਰਿਆਂ ਨਾਲੋਂ ਵੱਧ ਹੈ ਸੋ ਸਰਕਾਰੀ ਅਧਿਆਂਪਕਾਂ ਦੀ ਮਿਹਨਤ ਹੀ ਇਹ ਰੰਗ ਲਿਆਈ ਹੈ।ਪੇਂਡੂ ਖੇਤਰ ਦੇ ਸਕੂਲਾਂ ਨੇ ਸ਼ਹਿਰੀ ਖੇਤਰ ਦੇ ਸਕੂਲਾਂ ਤੋਂ ਵਧੀਆ ਨਤੀਜੇ ਦਿੱਤੇ ਹਨ। ਪਟਿਆਲਾ ਜਿਲ੍ਹੇ ਦੇ ਸ.ਸ.ਸ.ਸ.ਵਜੀਦਪੁਰ ਦੀ ਵਿਦਿਆਰਥਣ ਨੇ ਮੈਰਿਟਵਿੱਚ ਆ ਕੇ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੇਂਡੂ ਸਕੂਲ ਦਾ ਨਾਂ ਉੱਚਾ ਕੀਤਾ ਹੈ।ਐਤਕੀਂ ਸੌ ਪ੍ਰਤੀਸ਼ਤ ਨਤੀਜੇ ਬਹੁਤੇ ਸਰਕਾਰੀ ਸਕੂਲਾਂ ਦੇ ਆਏ ਹਨ।ਇਸੇ ਕਰਕੇ ਸਕੱਤਰ ਸਿੱਖਿਆ ਨੇ ਸ਼ੋਸ਼ਲ ਮੀਡੀਆ ਤੇ ਸਮੂਹ ਅਧਿਆਪਕਾਂ,ਜਿਲ੍ਹਾ ਸਿੱਖਿਆ ਅਫਸਰਾਂ,ਪ੍ਰਿੰਸੀਪਲ, ਮੁੱਖ ਅਧਿਆਪਕ,ਨਾਨੁਟੀਚਿੰਗ ਸਟਾਫ ਅਤੇ ਸਬੰਧਤ ਕਮੇਟੀਆਂ / ਟੀਮਾਂ ਆਦਿ ਨੂੰ ਦਸਵੀਂ ਦੇ ਸ਼ਾਨਦਾਰ ਨਤੀਜੇ ਲਈ ਮੁਬਾਰਕਾਂ ਦੇ ਕੇ ਸਲਾਘਾਯੋਗ ਕੰਮ ਤਾਂ ਕੀਤਾ ਹੀ ਹੈ ਸਗੋਂ ਨਵੀਂ ਪਿਰਤ ਵੀ ਪਾਈ ਹੈ । ਸਰਕਾਰ ਅਤੇ ਅਧਿਆਪਕਾਂ ਵਿਚਕਾਰ ਸਕੱਤਰ ਸਿੱਖਿਆ ਵਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਉਸਾਰੂ ਰੋਲ ਅਦਾ ਕਰਕੇ ਹੱਲ ਕਰਾਉਣੀਆਂ ਚਾਹੀਦੀਆਂ ਹਨ।ਅਕਸਰ ਸਰਕਾਰਾਂ ਅਧਿਆਪਕਾਂ ਤੇ ਹਮੇਸ਼ਾਂ ਸ਼ਿਕੰਜੇ ਕਸਕੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਲੀਲ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ ਤਾਂ ਜੋ ਅਧਿਆਪਕ ਆਪਣੀਆਂ ਹੱਕੀ ਮੰਗਾਂ ਲਈ ਕਿਸੇ ਕਿਸਮ ਦੀ ਆਵਾਜ਼ ਨਾ ਉਠਾਉਣ।ਇਸੇ ਸ਼ੈਸ਼ਨ ਦੌਰਾਣ ਅਧਿਆਪਕਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਲਈ ਕਈ ਵੱਡੇ ਰੋਸ ਮਾਰਚ ,ਰੈਲੀਆਂ ਆਦਿ ਕੀਤੇ ਗਏ ,ਤਕਰੀਬਨ ਦੋ ਮਹੀਨੇ ਪਟਿਆਲਾ ਵਿਖੇ ਪੱਕਾ ਮੋਰਚਾ ਵੀ ਲਾਇਆ ਗਿਆ, ਸਰਕਾਰ ਵਲੋਂ ਵਾਰ ਵਾਰ ਗੱਲਬਾਤ ਦੇ ਲਾਰੇ ਲਾਏ ਗਏ ਜਾਂ ਗੱਲਬਾਤ ਦੌਰਾਣ ਮੰਗਾਂ ਦਾ ਸਾਰਥਕ ਹੱਲ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ।ਇਸ ਤੋਂ ਪਹਿਲਾਂ ਰੈਗੂਲਰ ਕਰਨ ਦੇ ਨਾਂ ਹੇਠ ਐਸ.ਐਸ.ਏ./ਰਮਸਾ ਅਧੀਨ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖਾਹਾਂ ਘੱਟ ਕਰਨ ਲਈ ਹੁਕਮ ਜਾਰੀ ਕਰ ਦਿੱਤੇ।
ਅਧਿਆਪਕਾਂ ਨੂੰ ਘੱਟ ਤਨਖਾਹ ਤੇ ਕੰਮ ਕਰਨ ਦੀ ਆਪਸ਼ਨ ਤੇ ਕਲਿੱਕ ਕਰਨ ਲਈ ਕਿਹਾ ਗਿਆ।ਦਸ ਦਸ ਸਾਲ ਤੋਂ ਚਾਲੀ ਹਜ਼ਾਰ ਤੋਂ ਉੱਪਰ ਤਨਖਾਹ ਲੈਣ ਵਾਲੇ ਅਧਿਆਪਕਾਂ ਲਈ ਤਿੰਨ ਗੁਣਾ ਘੱਟ ਤਨਖਾਹ ਲੈਣ ਮਜਬੂਰ ਕਰਨਾ ਸੰਘਰਸ਼ ਦੇ ਰਾਹ ਤੋਰਨ ਵਾਲੀ ਗੱਲ ਸੀ।ਬੜੀ ਸੋਚੀ ਸਮਝੀ ਚਾਲ ਨਾਲ ਸਰਕਾਰ ਨੇ ਸੰਘਰਸ਼ ਨੂੰ ਚਲਾ ਰਹੇ ਮੂਹਰਲੇ ਅਧਿਆਪਕਾਂ ਨੂੰ ਮੁਅੱਤਲ,ਬਰਖਾਸ਼ਤ,ਦੂਰ ਦੂਰ ਬਦਲੀਆਂ ਕਰਕੇ ਅਤੇ ਝੂਠੇ ਕੇਸ ਦਰਜ਼ ਕਰਕੇ ਹੋਲੀ ਹੋਲੀ ਬਾਕੀ ਅਧਿਆਪਕਾਂ ਨੂੰ ਆਪਸ਼ਨ ਕਲਿੱਕ ਕਰਨ ਲਈ ਮਜਬੂਰ ਕੀਤਾ।ਸਕੂਲਾਂ ਵਿੱਚੋਂ ਛੁੱਟੀਆਂ ਲੈ ਕੇ ਸੰਘਰਸ਼ ਵਿੱਚ ਸਮੂਲੀਅਤ ਕਰਨ ਵਾਲੇ ਅਧਿਆਪਕਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਜਾ ਕੇ ਵਾਧੂ ਸਮਾਂ ਪੜ੍ਹਾ ਕੇ ਉਨ੍ਹਾਂ ਦੀ ਪੜ੍ਹਾਈ ਦਾ ਪੂਰਾ ਖਿਆਲ ਰੱਖਿਆ ਜਿਸ ਦਾ ਨਤੀਜਾ ਅ’ਜ ਸਾਰਿਆਂ ਦੇ ਸਾਹਮਣੇ ਹੈ ।ਪਰ ਸਿੱਖਿਆ ਸਕੱਤਰ ਨੇ ਪਿਛਲੇ ਸਮੇਂ ਦੌਰਾਣ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣ ਦੀ ਤਜਵੀਜ਼ ਬਣਾਉਣ ਦੀ ਥਾਂ ਘਟਾਉਣ ਦੀ ਤਜਵੀਜ਼ ਬਣਾ ਕੇ ਇਨ੍ਹਾਂ ਕੌਮ ਦੇ ਨਿਰਮਾਤਾਵਾਂ ਨੂੰ ਪਤਾ ਨਹੀਂ ਕਿਹੋ ਜਿਹਾ ਸਨਮਾਨ ਦੇਣ ਦੀ ਸੋਚੀ ਹੋਣੀ ਏ ,ਵੈਸੇ ਉਨ੍ਹਾਂ ਦੀ ਸਾਰਥਕ ਸੋਚ ਸਦਕਾ ਸਿੱਖਿਆ ਵਿਭਾਗ ਵਿੱਚ ਕਾਫੀ ਸੁਧਾਰ ਆਇਆ ਹੈ।ਸਿੱਖਿਆ ਇਤਿਹਾਸ ਵਿੱਚ ਵਿਭਾਗ ਦੇ ਸਲਾਘਾ ਵਾਲੇ ਕੰਮ ਅਤੇ ਅਧਿਆਪਕਾਂ ਨੂੰ ਆਰਥਿਕ ਤੌਰ ਤੇ ਕਮਜੌਰ ਕਰਨ ਦੇ ਫੈਸਲੇ ਜਿਕਰਯੋਗ ਹੋਣਗੇ।ਕੋਈ ਵੀ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਹੁਣ ਅਵੇਸਲਾ ਨਹੀਂ ਰਹਿੰਦਾ।ਗੈਰ ਵਿਦਿਅਕ ਕੰਮ ਜਰੂਰ ਕਈ ਵਾਰ ਬੱਚਿਆਂ ਦੀ ਪੜ੍ਹਾਈ ਤੇ ਅਸਰ ਪਾ ਦਿੰਦੇ ਹਨ, ਬੱਚਿਆਂ ਦੀ ਪੜ੍ਹਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਇਨ੍ਹਾਂ ਕੰਮਾਂ ਤੋਂ ਅਧਿਆਪਕ ਵਰਗ ਨੂੰ ਛੋਟ ਦੇਣੀ ਬਣਦੀ ਹੈ।ਇਸ ਸਾਲ ਬਿਹਤਰ ਨਤੀਜੇ ਆਉਣ ਕਾਰਣ ਭਵਿੱਖ ਵਿੱਚ ਮਾਪੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਪੜ੍ਹਾਉਣ ਨੂੰ ਤਰਜੀਹ ਦੇਣਗੇ ਜਿਸ ਨਾਲ ਸਕੂਲਾਂ ਅੰਦਰ ਬੱਚਿਆਂ ਦੀ ਗਿਣਤੀ ਵੱਧੇਗੀ।ਸਿੱਖਿਆ ਵਿਭਾਗ ਵਲੋਂ ਸੌ ਪ੍ਰਤੀਸ਼ਤ ਸਕੂਲ਼ ਦਾ ਨਤੀਜਾ ਆਉਣ ਵਾਲੇ ਸਕੂਲ ਮੁੱਖੀਆਂ ਦਾ ਅਤੇ ਸੌ ਪ੍ਰਤੀਸ਼ਤ ਨਤੀਜਾ ਵਿਸ਼ਾ ਅਧਿਆਪਕ ਦਾ ਆਉਣ ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇ ਤਾਂ ਜੋ ਹੋਰਾਂ ਨੂੰ ਵੀ ਉਤਸ਼ਾਹ ਮਿਲੇ ਅਤੇ ਅਗਲੇ ਸਾਲ ਹੋਰ ਵਧੀਆ ਨਤੀਜੇ ਆਉਣ ।

ਮੇਜਰ ਸਿੰਘ ਨਾਭਾ
9463553962

Leave a Reply

Your email address will not be published. Required fields are marked *

%d bloggers like this: