Sat. Jun 15th, 2019

ਸਰਕਾਰੀ ਸਕੂਲਾਂ ‘ਚ ਦਾਖਲਿਆਂ ਸਬੰਧੀ ਸਿੱਖਿਆ ਅਧਿਕਾਰੀਆਂ ਦੀ ਮੀਟਿੰਗ

ਸਰਕਾਰੀ ਸਕੂਲਾਂ ‘ਚ ਦਾਖਲਿਆਂ ਸਬੰਧੀ ਸਿੱਖਿਆ ਅਧਿਕਾਰੀਆਂ ਦੀ ਮੀਟਿੰਗ
ਦਾਖਲਾ ਮੁਹਿੰਮ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਸਿੱਖਿਆ ਅਧਿਕਾਰੀਆਂ ਨੇ ਦਿੱਤੇ ਸੁਝਾਅ
ਮਾਪਿਆਂ ਨੂੰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦੇਣ ਨਾਲ ਦਾਖਲਾ ਦਰ ਵਧੇਗੀ: ਸਕੱਤਰ ਸਕੂਲ ਸਿੱਖਿਆ

ਐੱਸ.ਏ.ਐੱਸ. ਨਗਰ 13 ਦਸੰਬਰ (ਗੁਰਨਾਮ ਸਾਗਰ): ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਸਿੱਖਿਆ ਅਧਿਕਾਰੀਆਂ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਟੀਮ ਦੀ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਚ ਪੰਜਾਬ ਦੇ 550 ਦੇ ਕਰੀਬ ਮੁੱਖ ਦਫਤਰ ਦੇ ਸਿੱਖਿਆ ਅਧਿਕਾਰੀਆਂ, ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਤੇ ਪ੍ਰਾਇਮਰੀ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਬਲਾਕ ਮਾਸਟਰ ਟਰੇਨਰਾਂ ਤੇ ਪੰਜਾਬ ਦੇ ਵੱਖ-ਵੱਖ ਆਂਗਨਵਾੜੀ ਸੈਂਟਰਾਂ ਤੋਂ ਆਂਗਨਵਾੜੀ ਵਰਕਰ ਵੀ ਇਸ ਮੀਟਿੰਗ ਵਿੱਚ ਭਾਗ ਲੈਣ ਪਹੁੰਚੇ। ਇਸ ਮੀਟਿੰਗ ਦੇ ਸ਼ੁਰੂ ਵਿੱਚ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ, ਡੀਪੀਆਈ ਐਲੀਮੈਂਟਰੀ ਸਿੱਖਿਆ ਇੰਦਰਜੀਤ ਸਿੰਘ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਬਾਖੂਬੀ ਚਲਾ ਰਹੀਆਂ ਆਂਗਨਵਾੜੀ ਵਰਕਰਾਂ ਨੇ ਪ੍ਰੀ-ਪ੍ਰਾਇਮਰੀ ਦਾ ਕਿਤਾਬਚਾ ਵੀ ਜਾਰੀ ਕੀਤਾ। ਇਸ ਕਿਤਾਬਚੇ ਵਿੱਚ ਬੱਚੇ ਦੇ ਸਿੱਖਣ ਪੱਧਰ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਉਪਰੰਤ ਵੱਖ-ਵੱਖ ਅਧਿਆਪਕਾਂ ਤੇ ਆਂਗਨਵਾੜੀ ਵਰਕਰਾਂ ਨੇ ਆਪਣੇ-ਆਪਣੇ ਸਕੂਲਾਂ ਦੇ ਸਫ਼ਲ ਤਜ਼ਰਬੇ ਮਲਟੀਮੀਡੀਆ ਤਕਨੀਕ ਨਾਲ ਮੀਟਿੰਗ ਵਿੱਚ ਮੰਚ ਤੋਂ ਸਾਂਝੇ ਕੀਤੇ।ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ‘ਚ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖਲਾ ਵਧਾਉਣ ਲਈ ਅਧਿਆਪਕਾਂ, ਸਕੂਲ ਮੁਖੀਆਂ, ਸਕੂਲ ਮੈਨੇਜਮੈਂਟ ਕਮੇਟੀਆਂ, ਸਥਾਨਕ ਸਮਾਜ ਸੇਵੀ ਸੰਸਥਾਵਾਂ, ਬੱਚਿਆਂ ਦੇ ਮਾਪਿਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਵਿਊਂਤਬੰਦੀ ਕਰਨ ਲਈ ਕਿਹਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਸਰਕਾਰੀ ਸਕੂਲਾਂ ‘ਚ ਆ ਰਹੇ ਸਿੱਖਿਆ ਸੁਧਾਰਾਂ ਦੀ ਪ੍ਰਸ਼ੰਸ਼ਾ ਵੀ ਕੀਤੀ ਅਤੇ ਕਿਹਾ ਕਿ ਇਹ ਸਮਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਬਾਰੇ ਸੋਚਣ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਇੱਕ ਸਿੱਖਿਆ ਕਰਮਚਾਰੀ ਨੂੰ ਇੱਕ-ਇੱਕ ਵਿਦਿਆਰਥੀ ਸਕੂਲ ‘ਚ ਦਾਖ਼ਲ ਕਰਵਾਉਣ ਲਈ ਸੁਰਿਦਤਾ ਨਾਲ ਯਤਨ ਕਰਨੇ ਚਾਹੀਦੇ ਹਨ।
ਸਕੂਲਾਂ ਦੇ ਅਧਿਆਪਕਾਂ ਤੇ ਪਿੰਡ ਦੇ ਹੋਰ ਵਿਅਕਤੀਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਤਿਆਰ ਕੀਤੀਆਂ ਫਲੈਕਸਾਂ ਤਿਆਰ ਕਰਵਾ ਕੇ ਖੁਦ ਪ੍ਰਚਾਰ ਕਰਨ ਬਾਰੇ ਗੱਲ ਕਰਨੀ ਚਾਹੀਦੀ ਹੈ।ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਸਫਲਤਾ ਦੀ ਕਹਾਣੀਆਂ ਨੂੰ ਬੈਨਰਾਂ, ਪੈਂਫਲਟਾਂ, ਅਨਾਉਂਸਮੈਂਟਾਂ, ਡੋਰ-ਟੂ-ਡੋਰ ਮੁਹਿੰਮ, ਮਾਤਾ-ਪਿਤਾ ਨਾਲ ਮਿਲਣਾ, ਸਕੂਲਾਂ ਦੇ ਬਾਹਰ ਵੱਡੀ ਫਲੈਕਸਾਂ ਲਗਾਉਣਾ, ਸਕੂਲਾਂ ਦੇ ਬੱਚਿਆਂ ਦੀ ਗੁਣਾਤਮਿਕ ਪੱਖੋਂ ਕਵਿਤਾਵਾਂ, ਕਹਾਣੀਆਂ, ਪਹਾੜਿਆਂ, ਅੰਗਰੇਜ਼ੀ ਬੋਲਣ ਦੀ ਕੁਸ਼ਲਤਾ, ਨਾਟਕ ਆਦਿ ਦੀਆਂ ਛੋਟੀਆਂ ਛੋਟੀਆਂ ਵੀਡੀਓ ਤਿਆਰ ਕਰਕੇ ਮਾਪਿਆਂ ਨਾਲ ਸਾਂਝੀਆਂ ਕੀਤੀਆਂ ਜਾਣ ਅਤੇ ਪ੍ਰੀ-ਪ੍ਰਾਇਮਰੀ ਦੀਆਂ ਜਮਾਤਾਂ ਸ਼ੁਰੂ ਹੋਣੀਆਂ ਹਨ ਇਸ ਲਈ ਮਾਪਿਆਂ ਨਾਲ ਵੱਧ ਤੋਂ ਵੱਧ ਗੱਲਬਾਤ ਕਰਕੇ ਦਾਖਲਾ ਵਧਾਇਆ ਜਾਵੇ।ਇਸ ਮੌਕੇ ਇੰਦਰਜੀਤ ਸਿੰਘ ਡੀਪੀਆਈ ਐਲੀਮੈਂਟਰੀ ਸਿੱਖਿਆ, ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਪਵਨ ਕੁਮਾਰ ਡਿਪਟੀ ਡਾਇਰੈਕਟਰ ਤੇ ਸਟੇਟ ਰਿਸੋਰਸ ਪਰਸਨਾਂ ਨੇ ਮੀਟਿੰਗ ‘ਚ ਭਾਗ ਲੈਣ ਵਾਲੇ ਮੈਂਬਰਾਂ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *

%d bloggers like this: