ਸਰਕਾਰੀ ਕਾਲਜ ਦੀਆਂ ਲੜਕੀਆਂ ਨੇ ਵੋਟਰ ਬਣਨ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਸਹੁੰ ਚੁੱਕੀ

ss1

ਸਰਕਾਰੀ ਕਾਲਜ ਦੀਆਂ ਲੜਕੀਆਂ ਨੇ ਵੋਟਰ ਬਣਨ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਸਹੁੰ ਚੁੱਕੀ

ਲੁਧਿਆਣਾ (ਪ੍ਰੀਤੀ ਸ਼ਰਮਾ) ਹਲਕਾ ਲੁਧਿਆਣਾ (ਪੱਛਮੀ) 064 ਦੇ ਚੋਣ ਰਜਿਸਟਰੇਸ਼ਨ ਅਫ਼ਸਰ-ਕਮ-ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀਮਤੀ ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਸਵੀਪ ਗਤੀਵਿਧੀਆਂ ਅਧੀਨ 18-19 ਸਾਲ ਦੀ ਉਮਰ ਵਰਗ ਦੇ ਯੁਵਕਾਂ ਦੀ ਘਟ ਰਹੀ ਰਜਿਸਟਰੇਸ਼ਨ ਨੂੰ ਵਧਾਉਣ ਲਈ ਖਾਸ ਤੌਰ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਤਾਂ ਜੋ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨਾਂ ਕਿਹਾ ਕਿ ਅੱਜ ਜ਼ਿਲਾ ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਵੋਟਰ ਵਜੋਂ ਰਜਿਸਟਰ ਹੋਣ ਦੀ ਯੋਗਤਾ ਰੱਖਦੇ ਹਨ ਪਰ ਇਨਾਂ ਵਿੱਚੋਂ ਬਹੁਤੇ ਰਜਿਸਟਰ ਨਹੀਂ ਹਨ। ਇਸ ਦਿਸ਼ਾ ਵਿੱਚ ਜ਼ਿਲਾ ਪ੍ਰਸਾਸ਼ਨ ਨੇ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਹੰਭਲਾ ਮਾਰਿਆ ਹੈ। ਅੱਜ ਇਸ ਸੰਬੰਧੀ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਬਣ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ। ਦੱਸਣਯੋਗ ਹੈ ਕਿ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਵਿਦਿਅਕ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਜਾਵੇ, ਜੋ ਇਹ ਯਕੀਨੀ ਬਣਾਉਣਗੇ ਕਿ ਉਨਾਂ ਦੇ ਸਕੂਲ, ਕਾਲਜ, ਯੂਨੀਵਰਸਿਟੀ, ਵਿੱਦਿਅਕ ਸੰਸਥਾ ਵਿੱਚ ਪੜ ਰਹੇ ਵਿਦਿਆਰਥੀਆਂ, ਜਿਨਾਂ ਦੀ ਉਮਰ ਯੋਗਤਾ ਮਿਤੀ 1.1.2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ, ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਗੌਰਵਦੀਪ ਸਿੰਘ ਪ੍ਰਧਾਨ ਇੰਨੀਸ਼ੀਏਟਿਵ ਆਫ਼ ਚੇਂਜ ਸੰਸਥਾ ਨੇ ਪ੍ਰੋਜੈਕਟਰ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਉਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮਹਿੰਦਰ ਕੌਰ ਗਰੇਵਾਲ, ਸ੍ਰ. ਲਖਵਿੰਦਰ ਸਿੰਘ ਸੰਧੂ, ਸ੍ਰ. ਜਤਿਨ ਅਰੋੜਾ, ਸ੍ਰੀਮਤੀ ਰਮਨੀਕ ਬਾਲਾ, ਸ੍ਰੀ ਰਵਿੰਦਰ ਕੁਮਾਰ, ਸ੍ਰੀ ਮੁਨੀਸ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਵੋਟਰ ਬਣਨ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਸੰਬੰਧੀ ਸਹੁੰ ਵੀ ਚੁੱਕੀ।

       ਸ੍ਰੀਮਤੀ ਪੂਨਮਪ੍ਰੀਤ ਕੌਰ ਨੇ ਕਿਹਾ ਕਿ ਵੋਟਰਾਂ ਦੀ ਸਹੂਲਤ ਅਤੇ ਸੌਖੀ ਰਜਿਸਟਰੇਸ਼ਨ ਲਈ ਵੈੱਬਸਾਈਟਸ (www.eci.nic.in, www.nvsp.in, www.ceopunjab.nic.in, www.ludhiana.nic.in ) ਅਤੇ ਮੁਫ਼ਤ ਹੈਲਪਲਾਈਨ ਨੰਬਰ 1950 ਜਾਂ ਜ਼ਿਲਾ ਦਫ਼ਤਰ ਦੇ ਨੰਬਰ 0161-2431430 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਫਾਰਮ ਨੰਬਰ-6, ਵੋਟ ਕਟਾਉਣ ਲਈ ਫਾਰਮ ਨੰਬਰ-7 ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਸੋਧ ਕਰਾਉਣ ਲਈ ਫਾਰਮ ਨੰਬਰ-8 ਭਰ ਕੇ ਦੇ ਸਕਦਾ ਹੈ। ਦਾਅਵੇ ਅਤੇ ਇਤਰਾਜ਼ ਨਾਲ ਸੰਬੰਧਤ ਫਾਰਮ (ਫਾਰਮ ਨੰਬਰ-6, 6ਏ, 7, 8, 8ਏ) ਬੀ.ਐਲ.ਓ./ਚੋਣ ਰਜਿਸਟਰੇਸ਼ਨ ਅਫ਼ਸਰ/ਜ਼ਿਲਾ ਚੋਣ ਅਫ਼ਸਰ ਕੋਲੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਫਾਰਮ ਉਕਤ ਵੈੱਬਸਾਈਟਾਂ ‘ਤੇ ਵੀ ਉਪਲੱਬਧ ਹਨ।

Share Button

Leave a Reply

Your email address will not be published. Required fields are marked *