ਸਰਕਾਰਾਂ ਦੀ ਬੇਰੁਖੀ ਅਤੇ ਮੌਸਮੀ ਮਾਰ ਦੀ ਝੰਬੀ ਕਿਸਾਨੀ ਨੂੰ ਬਚਾਉਣ ਦੀ ਫੌਰੀ ਲੋੜ

ss1

ਸਰਕਾਰਾਂ ਦੀ ਬੇਰੁਖੀ ਅਤੇ ਮੌਸਮੀ ਮਾਰ ਦੀ ਝੰਬੀ ਕਿਸਾਨੀ ਨੂੰ ਬਚਾਉਣ ਦੀ ਫੌਰੀ ਲੋੜ

ਪਿਛਲੇ ਸਾਲਾਂ ਦੇ ਮੁਕਾਬਲੇ ਹਾੜੀ ਦੇ ਇਸ ਬਾਰ ਦੇ ਸੀਜਨ ਵਿੱਚ ਕਿਸਾਨਾਂ ਤੇ ਜਿਆਦਾ ਕਰੋਪੀ ਛਾਈ ਰਹੀ ਹੈ।ਇਸ ਬਾਰ ਕਣਕ ਦੀ ਫਸਲ ਦਾ ਅੱਗ ਨੇ ਜਿਆਦਾ ਨੁਕਸਾਨ ਕੀਤਾ ਹੈ।ਇਹ ਕੁਦਰਤੀ ਕਰੋਪੀ ਨਹੀ ਬਲਕਿ ਇਹ ਮਨੁੱਖੀ ਗਲਤੀਆਂ ਕਾਰਨ ਜਿਆਦਾ ਨੁਕਸਾਨ ਹੋਇਆ ਸਾਹਮਣੇ ਆਇਆ ਹੈ।ਕਿਤੇ ਤਾਰਾਂ ਦੇ ਜੁੜਨ ਨਾਲ ਤੇ ਕਿਤੇ ਕਿਸੇ ਹੋਰ ਤਕਨੀਕੀ ਨੁਕਸ ਕਾਰਨ ਬਿਜਲੀ ਦੇ ਸਪਾਰਕ ਮਾਰ ਜਾਣ ਨਾਲ ਇਹ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਖੇਤਾਂ ਦੇ ਖੇਤ ਕਣਕ ਦੀ ਫਸਲ ਦੇ ਸੜਦੇ ਦੇਖੇ ਗਏ ਹਨ, ਜਿਸ ਨਾਲ ਪਹਿਲਾਂ ਹੀ ਥੁੜਾਂ ਮਾਰੇ ਕਿਸਾਨਾਂ ਦੇ ਸੁਪਨੇ ਕਣਕ ਦੀ ਫਸਲ ਦੇ ਨਾਲ ਹੀ ਸੜ ਕੇ ਸੁਆਹ ਹੋ ਗਏ ਹਨ।ਕਈ ਥਾਈਂ ਪਸੂਆਂ ਦੇ ਵਿੱਚ ਝੁਲਸ ਜਾਣ ਦੀਆਂ ਵੀ ਖਬਰਾਂ ਪੜੀਆਂ ਜਾਂਦੀਆਂ ਰਹੀਆਂ ਹਨ।ਸ਼ੋਸ਼ਲ ਮੀਡੀਏ ਤੇ ਵਾਇਰਲ ਹੋਈਆਂ ਵੀਡੀਓ ਵਿੱਚ ਛੇ ਮਹੀਨਿਆਂ ਦੀ ਪਾਲ਼ੀ ਫਸਲ ਦੇ ਪਲਾਂ ਵਿੱਚ ਸੜ ਕੇ ਸੁਆਹ ਹੋ ਜਾਣ ਦਾ ਦੁੱਖ ਨਾ ਝੱਲਦੇ ਇੱਕ ਕਿਸਾਨ ਦੇ ਭੁੱਬਾ ਮਾਰ ਮਾਰ ਕੇ ਰੋਂਦੇ ਚਿਹਰੇ ਤੋਂ ਪੁੱਤਾਂ ਵਾਂਗੂ ਪਾਲੀ ਫਸਲ ਤਬਾਹ ਹੋ ਜਾਣ ਦਾ ਦਰਦ ਹੰਢਾ ਰਹੇ ਸਾਰੇ ਹੀ ਪੀੜਤ ਕਿਸਾਨਾਂ ਦਾ ਦਰਦ ਪੜਿਆ ਜਾ ਸਕਦਾ ਹੈ, ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਦੁਖੀ ਕਿਸਾਨ ਦੇ ਇਸ ਅਸਹਿ ਦਰਦ ਨੂੰ ਜਾਣੇ ਕੌਣ ? ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਕਦੇ ਵੀ ਆਤਮ ਨਿਰਭਰ ਨਹੀ ਹੋਣ ਦਿੱਤਾ। ਅਜਿਹਾ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਜਾਂਦਾ ਹੈ, ਜਿਸ ਨੂੰ ਸਮਝਣਾ ਬਹੁਤਾ ਮੁਸ਼ਕਲ ਵੀ ਨਹੀ, ਤੇ ਬਹੁਤਾ ਅਸਾਨ ਵੀ ਨਹੀ। ਅਸਾਨ ਇਸ ਕਰਕੇ ਨਹੀ ਹੈ, ਕਿਉਂਕਿ ਸਾਡੀ ਭੋਲੀ ਭਾਲੀ ਜਨਤਾ ਲਕੀਰ ਦੀ ਫਕੀਰ ਬਣਕੇ ਰਾਜਨੀਤਕ ਲੋਕਾਂ ਦੇ ਲੱਛੇਦਾਰ ਭਾਸ਼ਨਾਂ ਦੀ ਮੁਰੀਦ ਬਣਕੇ ਇਹਨਾਂ ਦੇ ਪਿੱਛੇ ਲੱਗੀ ਹੋਈ ਹੈ, ਕੋਈ ਵੀ ਵਿਅਕਤੀ ਜਿਹੜੀ ਧਿਰ ਨਾਲ ਜੁੜਿਆ ਹੁੰਦਾ ਹੈ ਉਹਦੇ ਵਾਰੇ ਘੋਖ ਕਰਨੀ ਤਾਂ ਦੂਰ ਬਲਕਿ ਉਹਦੇ ਖਿਲਾਫ ਸੱਚ ਕਿਹਾ ਵੀ ਸੁਨਣ ਨੂੰ ਤਿਆਰ ਨਹੀ ਹੁੰਦਾ,ਅਸਾਨ ਇਸ ਲਈ ਹੈ ਕਿ ਜੇਕਰ ਸਾਡੀ ਜਨਤਾ ਇਹਨਾਂ ਦੇ ਪਿਛਲੱਗ ਬਨਣ ਨਾਲੋਂ ਥੋੜਾ ਜਿਹਾ ਵੀ ਇਹਨਾਂ ਦੇ ਕਿਰਦਾਰਾਂ ਤੇ ਝਾਤੀ ਮਾਰਨ ਲੱਗ ਪਵੇ ਫਿਰ ਕੋਈ ਮੁਸ਼ਕਲ ਨਹੀ ਹੈ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਸਮਝਣਾ।
ਅੱਜ ਹਾਲਾਤ ਇਹ ਹਨ ਕਿ ਚਲਾਕ ਸਰਮਾਏਦਾਰ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਇਕੱਲੇ ਪੰਜਾਬ ਅੰਦਰ ਹੀ 17 ਧੜਿਆਂ ਵਿੱਚ ਵੰਡਿਆ ਹੋਇਆ ਹੈ। ਇਹਨਾਂ ਵੱਚੋਂ ਵੱਡੇ ਧੜਿਆਂ ਦੀ ਕਮਾਣ ਵੀ ਟੇਢੇ ਢੰਗ ਨਾਲ ਨੀਮ ਸਰਮਾਏਦਾਰ ਦੇ ਹੱਥ ਦੇ ਕੇ ਨਿਯੰਤਰਣ ਅਪਣੇ ਹੱਥ ਰੱਖਿਆ ਹੋਇਆ ਹੈ, ਜਿਸ ਕਰਕੇ ਕਿਸਾਨਾਂ ਦੇ ਵੱਡੇ ਤੋੰ ਵੱਡੇ ਅੰਦੋਲਨਾਂ ਦੀ ਵੀ ਕਦੇ ਕੋਈ ਪਰਾਪਤੀ ਨਹੀ ਹੁੰਦੀ। ਅਜਿਹਾ ਹੀ ਹਾਲ ਮਜਦੂਰ ਜਥੇਬੰਦੀਆਂ ਦਾ ਵੀ ਹੈ, ਮਜਦੂਰਾਂ ਦੇ ਨੇਤਾ ਨੁਮਾਇੰਦਗੀ ਮਜਦੂਰ ਦੀ ਕਰਦੇ ਦਿਖਾਈ ਦਿੰਦੇ ਹਨ ਤੇ ਹਿਤਾਂ ਦੀ ਰਾਖੀ ਸਰਮਾਏਦਾਰ ਜਮਾਤ ਦੀ ਕਰਦੇ ਹਨ,ਜਿਸ ਦੇ ਇਵਜ਼ ਵਿੱਚ ਉਕਤ ਕਿਸਾਨਾਂ ਮਜਦੂਰਾਂ ਦੇ ਨੇਤਾਵਾਂ ਨੂੰ ਸਰਮਾਏਦਾਰ ਜਮਾਤ ਮੋਟੀਆਂ ਰਕਮਾਂ ਦੀ ਅਦਾਇਗੀ ਕਰਦੀ ਹੈ। ਸੋ ਅਜਿਹੇ ਹਾਲਾਤਾਂ ਦੇ ਚਲਦਿਆਂ ਕਿਸਾਨ ਜਾਂ ਮਜਦੂਰਾਂ ਦੇ ਭਲੇ ਦੀ ਆਸ ਰੱਖਣੀ ਸਿਆਣਪ ਨਹੀ। ਇਹ ਸਮਝਣਾ ਵੀ ਬੇਹੱਦ ਜਰੂਰੀ ਹੈ ਕਿ ਕੇਂਦਰ ਦੀ ਸਰਮਾਏਦਾਰ ਪੱਖੀ ਸੋਚ ਕਦੇ ਵੀ ਆਮ ਲੋਕਾਂ ਦੀ ਨੁਮਾਇੰਦਗੀ ਨਹੀ ਕਰਦੀ। ਆਮ ਲੋਕਾਂ ਨੂੰ ਬੁੱਧੂ ਬਣਾ ਕੇ ਤਾਂ ਸਿਰਫ ਵੋਟਾਂ ਹੀ ਵਟੋਰੀਆਂ ਜਾਂਦੀਆਂ ਹਨ, ਫੈਸਲੇ ਤਾਂ ਉਪਰਲੀ ਜਮਾਤ ਦੇ ਹਿੱਤ ਪੂਰਨ ਵਾਲੇ ਹੀ ਕੀਤੇ ਜਾਂਦੇ ਹਨ, ਕਿਉਂਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਨੀਤੀ-ਘਾੜੇ ਹਮੇਸਾਂ ਸਰਮਾਏਦਾਰ ਜਮਾਤ ਦੇ ਹੀ ਹੁੰਦੇ ਹਨ, ਇਸ ਲਈ ਕੇਂਦਰ ਵਿੱਚ ਬਨਣ ਵਾਲੀ ਕੋਈ ਵੀ ਸਰਕਾਰ ਨਾ ਹੀ ਕਿਸਾਨ ਦੇ ਪੱਖ ਵਿੱਚ, ਨਾਂ ਮਜਦੂਰ ਦੇ ਪੱਖ ਵਿੱਚ ਅਤੇ ਨਾਂ ਹੀ ਆਮ ਜਨ ਸਧਾਰਨ ਦੇ ਹੱਕ ਵਿੱਚ ਕੋਈ ਫੈਸਲਾ ਲੈ ਸਕਦੀ ਹੈ। ਦੇਸ਼ ਦੀ ਸਰਮਾਏਦਾਰ ਜਮਾਤ ਦਾ ਮੰਨਣਾ ਹੈ ਕਿ ਜੇਕਰ ਕਿਸਾਨ ਆਤਮ ਨਿਰਭਰ ਹੋਣਗੇ ਫਿਰ ਉਹ ਅਪਣੀਆਂ ਫਸਲਾਂ ਦਾ ਮੂੰਹ ਮੰਗਿਆ ਮੁੱਲ ਲੈਣ ਦੀ ਜਿੱਦ ਕਰਨਗੇ ਤੇ ਨਾ ਮਿਲਣ ਦੀ ਸੂਰਤ ਵਿੱਚ ਉਹ ਅਪਣੀਆਂ ਫਸਲਾਂ ਨੂੰ ਘਰ ਸਟੋਰ ਕਰ ਸਕਦੇ ਹਨ,ਜਿਸ ਨਾਲ ਉਹਨਾਂ ਦੇ ਵੱਡੇ ਕਾਰੋਬਾਰਾਂ ਤੇ ਬੁਰਾ ਅਸਰ ਪੈ ਸਕਦਾ ਹੈ। ਭਾਵੇਂ ਉਹ ਕਿਸਾਨ ਵਿਰੋਧੀ ਫੈਸਲੇ ਲੈਣ ਸਮੇ ਇਹ ਤਰਕ ਦਿੰਦੇ ਹਨ ਕਿ ਦੇਸ਼ ਦੀ ਵੱਡੀ ਵਸੋਂ ਗਰੀਬ ਹੈ, ਇਸ ਲਈ ਉਹਨਾਂ ਤੱਕ ਅਨਾਜ ਪੁਜਦਾ ਕਰਨ ਲਈ ਨਿਯੰਤਰਣ ਦੀ ਜਰੂਰਤ ਹੈ, ਪਰ ਅਸਲ ਸਚਾਈ ਤਾਂ ਇਹ ਹੈ ਕਿ ਕਿਸਾਨਾਂ ਦੀ ਖੁਸ਼ਹਾਲੀ ਨਾਲ ਉਹਨਾਂ ਦੇ ਅਪਣੇ ਹਿਤ ਸੁਰਖਿਅਤ ਨਹੀ ਰਹਿ ਸਕਦੇ , ਇਸ ਕਰਕੇ ਉਹ ਨਹੀ ਚਾਹੁੰਦੇ ਕਿ ਦੇਸ਼ ਦਾ ਅੰਨਦਾਤਾ ਆਤਮ ਨਿਰਭਰ ਹੋਵੇ।

ਜੇਕਰ ਉਹਨਾਂ ਦੇ ਤਰਕ ਦੇ ਅਧਾਰ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਵਿਚਾਰ ਕੀਤਾ ਜਾਵੇ ਤਾਂ ਕਹਿ ਸਕਦੇ ਹਾਂ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੇ ਖੇਤੀ ਤੋਂ ਇਲਾਵਾ ਹੋਰ ਕੋਈ ਵੀ ਵੱਡੇ ਸਨਅਤੀ ਕਾਰੋਬਾਰ ਨਹੀ ਹਨ ਇਸਲਈ ਜਦੋਂ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਉਹਦੀ ਖੁਸ਼ਹਾਲੀ ਮਜਦੂਰ ਦੇ ਘਰ ਵੀ ਖੁਸ਼ੀਆਂ ਲੈਕੇ ਜਰੂਰ ਪਹੁੰਚੇਗੀ। ਕਿਸਾਨ ਤੇ ਮਜਦੂਰ ਦਾ ਰਿਸਤਾ ਨਹੁੰ ਮਾਸ ਦਾ ਰਿਸਤਾ ਹੈ, ਮਜਦੂਰ ਨੂੰ ਮਜਦੂਰੀ ਦੇ ਜਿਆਦਾ ਮੌਕੇ ਕਿਸਾਨ ਦੀ ਖੁਸਹਾਲੀ ਨਾਲ ਹੀ ਸੰਭਵ ਹਨ,ਬਲਕਿ ਮਜਦੂਰ ਹੀ ਨਹੀ, ਪਿੰਡਾਂ ਕਸਬਿਆਂ ਅਤੇ ਛੋਟੇ ਸਹਿਰਾਂ ਵਿੱਚ ਰਹਿਣ ਵਾਲੇ ਛੋਟੇ ਵਿੳਪਾਰੀ ਅਤੇ ਦੁਕਾਨਦਾਰ ਕਿਸਾਨ ਦੇ ਹੱਥਾਂ ਵੱਲ ਦੇਖਦੇ ਰਹਿੰਦੇ ਹਨ। ਉਹਨਾਂ ਦਾ ਆਪ ਖੁਦ ਇਹ ਮੰਨਣਾ ਹੈ ਕਿ ਉਹਨਾਂ ਦੇ ਬਿਉਪਾਰ ਦੀ ਕਾਮਯਾਬੀ ਕਿਸਾਨ ਦੀ ਖੁਸ਼ਹਾਲੀ ਨਾਲ ਹੀ ਜੁੜੀ ਹੋਈ ਹੁੰਦੀ ਹੈ, ਇਸ ਕਰਕੇ ਹੀ ਜਦੋਂ ਦਾ ਪੰਜਾਬੀ ਕਿਸਾਨ ਆਰਥਿਕ ਪੱਖ ਤੋਂ ਡਾਵਾਂਡੋਲ ਹੋ ਚੁੱਕਾ ਹੈ ਉਦੋਂ ਤੋਂ ਹੀ ਪੰਜਾਬ ਦਾ ਛੋਟਾ ਵਿਉਪਾਰੀ ਅਤੇ ਦੁਕਾਨਦਾਰ ਵੀ ਬਹੁਤੇ ਖੁਸ਼ਹਾਲ ਨਹੀ ਰਹੇ ਬਲਕਿ ਉਹਨਾਂ ਦੇ ਕਾਰੋਬਾਰਾਂ ਤੇ ਵੀ ਡਾਕੇ ਮਾਰਨ ਦੀ ਨੀਅਤ ਨਾਲ ਪੂੰਜੀਪਤੀ ਜਮਾਤ ਨੇ ਬਾਹਰਲੀਆਂ ਵੱਡੀਆਂ ਕੰਪਨੀਆਂ ਨਾਲ ਸਾਂਝੇਦਾਰੀਆਂ ਕਾਇਮ ਕਰਕੇ ਏਥੇ ਵੱਡੇ ਵੱਡੇ ਸੌਪਿੰਗ ਮਾਲ ਉਸਾਰ ਦਿੱਤੇ ਹਨ, ਜਿਹੜੇ ਜਿੱਥੇ ਕਿਸਾਨਾਂ ਦੀ ਹਿੱਕ ਤੇ ਛੱਪ ਬਣਕੇ ਲੇਟਦੇ ਰਹਿਣਗੇ ਓਥੇ ਛੋਟੇ ਵਿਉਪਾਰੀਆਂ, ਦੁਕਾਨਦਾਰਾਂ ਨੂੰ ਨਿਗਲਨ ਦਾ ਖਤਰਾ ਵੀ ਪਰੇਸਾਨ ਕਰਦਾ ਰਹੇਗਾ। ਇਹ ਇੱਕ ਖਤਰਨਾਕ ਸੋਚ ਦਾ ਹਿੱਸਾ ਹੈ ਕਿ ਕਿਸਾਨਾਂ ਨੂੰ ਗੁਆਂਢੀ ਮੁਲਕਾਂ ਨਾਲ ਬਪਾਰ ਕਰਨ ਦੀ ਖੁੱਲ ਦੇਣਾ ਤਾਂ ਬਹੁਤ ਦੂਰ ਦੀ ਗੱਲ ਇਹਨਾਂ ਵਿਚਾਰਿਆਂ ਨੂੰ ਤਾਂ ਦੂਸਰੇ ਸੂਬਿਆਂ ਵਿੱਚ ਫਸਲੀ ਵਟਾਂਦਰੇ ਦੀ ਇਜਾਂਜ਼ਤ ਨਹੀ ਦਿੱਤੀ ਜਾਂ ਸਕਦੀ। ਇਹਦੇ ਨਾਲ ਵੀ ਉਪਰਲੀ ਜਮਾਤ ਅਤੇ ਉਹਨਾਂ ਦੇ ਹਿਤਾਂ ਲਈ ਬਣਦੀਆਂ ਸਰਕਾਰਾਂ ਨੂੰ ਦੋ ਖਤਰੇ ਪੈਦਾ ਹੁੰਦੇ ਹਨ। ਇੱਕ ਤਾਂ ਕਿਸਾਨ ਖੁਸਹਾਲ ਹੋਵੇਗਾ ਤੇ ਦੂਸਰਾ ਉਹ ਦੂਸਰੇ ਸੂਬਿਆਂ ਦੇ ਕਿਸਾਨ ਨਾਲ ਭਾਈਚਾਰਕ ਸਾਂਝ ਬਣਾ ਕੇ ਇੱਕਜੁੱਟਤਾ ਵੀ ਕਰ ਸਕਦੇ ਹਨ, ਜਿਸ ਨਾਲ ਦੇਸ ਦੇ ਨਿਜਾਮ ਨੂੰ ਖਤਰਾ ਪੈਦਾ ਹੋ ਸਕਦਾ ਹੈ। ਪਰੰਤੂ ਹੁਣ ਕਰਜੇ ਦੇ ਝੰਬੇ ਦੇਸ਼ ਦੇ ਅੰਨ ਦਾਤੇ ਦੀ ਕੀ ਮਜ਼ਾਲ ਹੈ ਕਿ ਉਹ ਅਜਿਹਾ ਕਰਨ ਦਾ ਸੋਚ ਵੀ ਸਕੇ। ਪੰਜਾਬ ਅੰਦਰ ਬੜੇ ਲੰਮੇ ਸਮੇ ਤੋ ਕਣਕ ਦੀਆਂ ਫਸਲਾਂ ਸੜਦੀਆਂ ਆ ਰਹੀਆਂ ਹਨ, ਪਰ ਸੂਬਾ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ।ਹੋਣਾ ਤਾਂ ਇਹ ਚਾਹੀਦਾ ਸੀ ਕਿ ਹਾੜੀ ਦੀ ਫਸਲ ਨੂੰ ਨੁਕਾਸਾਨੇ ਜਾਣ ਤੋਂ ਬਚਾਉਣ ਲਈ ਪੰਚਾਇਤਾਂ ਨੂੰ ਫਾੲਰ ਵਰਗੇਡ ਵਾਲੀਆਂ ਗੱਡੀਆਂ ਉਪਲੱਬਧ ਕਰਵਾਈਆਂ ਜਾਂਦੀਆਂ, ਪਰ ਅਫਸੋਸ ਕਿ ਅਜਿਹਾ ਸੋਚਿਆ ਤੱਕ ਵੀ ਨਹੀ ਜਾ ਸਕਿਆ। ਜੇਕਰ ਪੰਜਾਬ ਨੂੰ ਖੁਸ਼ਹਾਲ ਰੱਖਣਾ ਹੈ ਤਾਂ ਕਿਸਾਨੀ ਨੂੰ ਬਚਾਉਣਾ ਪਵੇਗਾ।ਸਰਕਾਰਾਂ ਤੋਂ ਝਾਕ ਛੱਡਕੇ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਅਤੇ ਪੰਚਾਇਤਾਂ ਨੂੰ ਅਪਣੇ ਤੌਰ ਤੇ ਅਜਿਹੇ ਉਪਰਾਲੇ ਖੁਦ ਕਰਨੇ ਪੈਣਗੇ।ਜਿੱਥੇ ਹਰ ਸਮਾਜ ਸੇਵੀ ਸੰਸਥਾ ਦਾ, ਸਮਾਜ ਸੇਵੀ ਤੇ ਖੇਡ ਕਲੱਬਾਂ ਦਾ ਤੇ ਸਮੁੱਚੀਆਂ ਪੰਚਾਇਤਾਂ ਦਾ ਜਾਤੀ ਫਰਜ ਬਣਦਾ ਹੈ ਕਿ ਉਹ ਬਾਹਰਲੇ ਮੁਲਕਾਂ ਵਿੱਚ ਬੈਠੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਅਪਣੇ ਅਪਣੇ ਪਿੰਡਾਂ ਵਿੱਚ ਕੋਈ ਅਜਿਹੇ ਅੱਗ ਬੁਝਾਊ ਯੰਤਰ ਖਰੀਦ ਕੇ ਰੱਖਣ ਤਾਂ ਕਿ ਭਵਿੱਖ ਵਿੱਚ ਵਾਪਰਨ ਵਾਲੇ ਅਜਿਹੇ ਹਾਦਸਿਆਂ ਤੇ ਸਮੇ ਸਿਰ ਕਾਬੂ ਪਾਕੇ ਨੁਕਸਾਨ ਤੋ ਬਚਿਆ ਜਾ ਸਕੇ।ਓਥੇ ਮੰਦਰ,ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਵੱਡੇ ਵੱਡੇ ਡੇਰਿਆਂ ਵਾਲੇ ਸੰਤ ਮਹਾਪੁਰਸ਼ਾਂ ਨੂੰ ਵੀ ਪੀੜਤ ਕਿਸਾਨਾਂ ਦੀ ਮਦਦ ਲਈ ਅੱਗੇ ਆਉਂਣਾ ਚਾਹੀਦਾ ਹੈ।

ਬਘੇਲ ਸਿੰਘ ਧਾਲੀਵਾਲ
99142-58142

Share Button

Leave a Reply

Your email address will not be published. Required fields are marked *