Sun. May 19th, 2019

ਸਮੱਸਿਆਵਾਂ ‘ਚ ਘਿਰੇ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬੇਅੰਤ ਆਸਾਂ

ਸਮੱਸਿਆਵਾਂ ‘ਚ ਘਿਰੇ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬੇਅੰਤ ਆਸਾਂ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਚੋਣ ਸਰਵੇਖਣਾਂ ਨੂੰ ਦਰ ਕਿਨਾਰ ਕਰਦਿਆਂ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਨੂੰ ਪਛਾੜ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਨਵੀਂ ਕਾਂਗਰਸ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਤੇ ਲੋਕ-ਪੱਖੀ ਰਾਜ ਪ੍ਰਬੰਧ ਲਈ ਬੇਹੱਦ ਆਸਾਂ-ਉਮੀਦਾਂ ਹਨ।ਦਸ ਸਾਲਾਂ ਦੇ ਲੰਬੇ ਇੰਤਜ਼ਾਰ ਬਾਅਦ ਪੰਜਾਬ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਸਰਕਾਰ ਦੁਆਰਾ ਆਪਣੇ ਹੀ ਚੋਣ ਮਨੋਰਥ-ਪੱਤਰ ਅਨੁਸਾਰ ਵਾਅਦਿਆਂ ਨੂੰ ਇੰਨ-ਬਿੰਨ ਪੂਰਾ ਕਰਨਾ ਸਸਤਾ,ਸੌਖਾ,ਸਿੱਧਾ, ਸਰਲ ਤੇ ਥੋੜ੍ਹ-ਚਿਰਾ ਕਾਰਜ ਨਹੀਂ।ਇਸ ਵਕਤ ਪੰਜਾਬ ਦੀ ਕਿਸਾਨੀ ਫ਼ਸਲਾਂ ਦੇ ਘੱਟ ਭਾਅ,ਘੱਟ ਝਾੜ,ਵੱਧ ਖੇਤੀ ਖ਼ਰਚਿਆਂ,ਨਿਕੰਮੀ ਮੰਡੀਕਰਨ ਵਿਵਸਥਾ,ਨਕਲੀ ਬੀਜਾਂ-ਕੀੜੇਮਾਰ ਦਵਾਈਆਂ ਤੇ ਸਹਾਇਕ ਧੰਦਿਆਂ ਦੇ ਬੁਰੀ ਤਰ੍ਹਾਂ ਅਸਫ਼ਲ ਹੋਣ ਕਾਰਨ ਕਰਜ਼ੇ ਦੀ ਮਾਰ ਹੇਠ ਆ ਕੇ ਚਿੰਤਾਗ੍ਰਸਤ ਹੋ ਕੇ ਖ਼ੁਦਕਸ਼ੀ ਦਾ ਰਸਤਾ ਅਪਣਾ ਰਹੀ ਹੈ।ਨਵੀਂ ਚੁਣੀ ਕਾਂਗਰਸ ਸਰਕਾਰ ਨੇ ਵਿਸ਼ੇਸ਼ ਯੋਜਨਾਵੱਧ ਤਰੀਕੇ ਨਾਲ਼ ਪੰਜਾਬ ਦੀ ਬਰਬਾਦੀ ਦੇ ਰਾਹ ਪਈ ਕਿਸਾਨੀ ਦੀ ਸੁਹਿਰਦਤਾ ਨਾਲ਼ ਬਾਂਹ ਫੜਨੀ ਹੋਵੇਗੀ।’ਪਾਣੀਆਂ ਦਾ ਰਾਖਾ’ ਕਹਾਉਣ ਵਾਲ਼ੇ ਕੈਪਟਨ ਅਮਰਿੰਦਰ ਸਿੰਘ ਨੂੰ ਸਤਲੁਜ-ਯਮੁਨਾ ਸੰਪਰਕ ਨਹਿਰ ਦੇ ਮੁੱਦੇ ‘ਤੇ ਪੰਜਾਬ ਵਿਰੋਧੀ ਅਦਾਲਤੀ ਫ਼ੈਸਲਿਆਂ ਦੇ ਬਾਵਜੂਦ ਡਟੇ,ਅੜੇ ਤੇ ਖੜ੍ਹੇ ਰਹਿਣਾ ਪਵੇਗਾ।ਜੇਕਰ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ‘ਤੇ ਲੀਕ ਮਾਰਨ ‘ਚ ਕੈਪਟਨ ਸਰਕਾਰ ਕਾਮਯਾਬ ਰਹੀ ਤਾਂ ਇਹ ਵਾਕਿਆ ਹੀ ਪੰਜਾਬ ਦੀ ਆਰਥਿਕਤਾ ਦੇ ਹਿਸਾਬ ਨਾਲ਼ ਕਿਸਾਨ-ਪੱਖੀ ਤੇ ਦਲੇਰਾਨਾ ਕਦਮ ਹੋਵੇਗਾ।ਅੱਜ ਪੰਜਾਬ ਦੇ ਨੌਜਵਾਨ ਬੇਰੋਜ਼ਗਾਰੀ ਤੋਂ ਦੁਖੀ ਹੋ ਕੇ ਆਪਣੇ ਬਿਹਤਰ ਭਵਿੱਖ ਤੇ ਆਰਥਿਕ ਖ਼ੁਸ਼ਹਾਲੀ ਲਈ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਉਡਾਰੀ ਮਾਰ ਰਹੇ ਹਨ।ਬਾਕੀ ਏਧਰ ਰਹਿੰਦੇ ਯੁਵਕ ਰੋਜ਼ਗਾਰ ਪ੍ਰਾਪਤ ਕਰਨ ਲਈ ਧਰਨੇ,ਮੁਜ਼ਾਹਿਰਆਂ,ਘੇਰਾਓ,ਪੁਤਲੇ ਫੂਕਣ,ਚੱਕਾ ਜਾਮ ਕਰਨ ਅਤੇ ਟੈਂਕੀਆਂ ‘ਤੇ ਚੜ੍ਹ ਕੇ ਨੌਕਰੀਆਂ ਲੈਣ ਦੀਆਂ ਦੁਖਦਾਈ ਤੇ ਜ਼ੋਖ਼ਮ ਭਰਪੂਰ ਕੋਸ਼ਿਸ਼ਾਂ ਕਰ ਰਹੇ ਹਨ।ਹਰੇਕ ਘਰ ਲਈ ਰੋਜ਼ਗਾਰ ਦੇਣਾ ਤਾਂ ਸ਼ਾਇਦ ਨਵੀਂ ਸਰਕਾਰ ਲਈ ਸੰਭਵ ਪ੍ਰਤੀਤ ਨਹੀਂ ਹੁੰਦਾ ਪਰ ਉੱਚ ਯੋਗਤਾ ਹਾਸਿਲ ,ਕੁਸ਼ਲ,ਹੁਨਰਮੰਦ ਤੇ ਤਕਨੀਕੀ ਮਾਹਰ ਨੌਜਵਾਨਾਂ ਨੂੰ ਸਥਾਈ ਰੋਜ਼ਗਾਰ ਦੇਣਾ ਵੀ ਪੰਜਾਬ ਸਰਕਾਰ ਲਈ ਕਿਸੇ ਗੰਭੀਰ ਚੁਣੌਤੀ ਤੋਂ ਘੱਟ ਨਹੀਂ।ਹਾਂ,ਚੋਣ ਮਨੋਰਥ ਪੱਤਰ ਅਨੁਸਾਰ ਬੇਰੁਜ਼ਗਾਰੀ ਭੱਤੇ ਦਾ ਜੁਗਾੜ ਛੇਤੀ ਕੀਤਾ ਜਾ ਸਕਦਾ ਹੈ।ਪੰਜਾਬ ‘ਚ ਭਾਰਤ ਪਾਕਿ ਸਰਹੱਦ,ਗੁਆਂਢੀ ਰਾਜਾਂ ਤੋਂ ਹੁੁੰਦੀ ਬੰਦੇ ਮਾਰੂ ਨਸ਼ਿਆਂ ਦੀ ਸਮੱਗਲਿੰਗ ਅਤੇ ਰਾਜ ਅੰਦਰ ਮੈਡੀਕਲ ਨਸ਼ਿਆਂ ਦੀ ਜਕੜ ਨੂੰ ਖ਼ਤਮ ਕਰਨਾ ‘ਚ ਜੇਕਰ ‘ਪੰਜੇ ਵਾਲੀ’ ਸਰਕਾਰ ਕਾਮਯਾਬ ਰਹੀ ਤਾਂ ਇਹ ਇੱਕ ਇਤਹਾਸਿਕ ,ਸ਼ਲਾਘਾਯੋਗ ਤੇ ਯਾਦਗਾਰੀ ਫ਼ੈਸਲਾ ਹੋਵੇਗਾ।
ਸੋਨੇ ਦੀ ਚਿੜੀ ਕਹਾਉਣ ਵਾਲ਼ਾ ਪੰਜਾਬ ਆਪਣੇ ਹੀ ਸੂਬੇ ਦੀਆਂ ਸਰਕਾਰਾਂ ਦੀਆਂ ਬੇਪਰਵਾਹੀਆਂ-ਲਾਪਰਵਾਹੀਆਂ,ਕੇਂਦਰ ਦੀ ਪੱਖ-ਪਾਤ ਦੀ ਨੀਤੀ,ਅੱਤਵਾਦੀ ਗਤੀਵਿਧੀਆਂ ਤੇ ਕੁਦਰਤੀ ਮਾਰਾਂ ਕਰਕੇ ਕਰਜ਼ੇ ਦੇ ਭਾਰੀ ਬੋਝ ਥੱਲੇ ਦੱਬਿਆ ਹੋਇਆ ਹੈ।ਵਿਡੰਬਨਾ ਇਹ ਹੈ ਕਿ ਪੂਰਵਲੀ ਸਰਕਾਰ ਨੂੰ ਕਈ ਵਾਰ ਵਿਆਜ਼ ਅਤੇ ਕੇਂਦਰੀ ਮਾਲੀ ਅਨੁਦਾਨ ‘ਚ ਆਪਣਾ ਬਣਦਾ ਹਿੱਸਾ ਪਾਉਣ ਲਈ ਵੀ ਕਰਜ਼ਾ ਚੁੱਕਣਾ ਪਿਆ।ਆਮ ਲੋਕਾਂ ਦੇ ਵਿੱਤੀ ਭਾਰ ਪਾਏ ਬਿਨਾਂ ਰਾਜ ਖ਼ਜ਼ਾਨੇ ਨੂੰ ਭਰਨਾ ਪੰਜਾਬ ਦੇ ੭੭ ਵਿਧਾਇਕਾਂ ਵਾਲੀ ਨਵੀਂ ਕਾਂਗਰਸ ਸਰਕਾਰ ਲਈ ਕਿਸੇ ਵੰਗਾਰ ਤੇ ਲਲਕਾਰ ਤੋਂ ਘੱਟ ਨਹੀਂ।ਪੰਜਾਬ ਦੀ ਆਰਥਿਕਤਾ ਸਬੰਧੀ ਫਿਕਰਮੰਦ ਸੁਹਿਰਦ,ਦੂਰਦਰਸ਼ੀ ਤੇ ਸੁਲਝੇ ਹੋਏਪੰਜਾਬ ਦੇ ਖ਼ਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਬੇਹੱਦ ਸੰਜੀਦਾ ਨਜ਼ਰ ਆ ਰਹੇ ਹਨ।ਵੀ.ਆਈ.ਪੀ.ਸੱਭਿਆਚਾਰ ਨੂੰ ਖ਼ਤਮ ਕਰਨ ਦੀ ਕਵਾਇਦ ਖ਼ਜ਼ਾਨਾ ਮੰਤਰੀ ਪੰਜਾਬ ਨੇ ਸਭ ਤੋਂ ਪਹਿਲਾਂ ਆਪਣੇ-ਆਪ ਤੋਂ ਕਰ ਕੇ ਆਪਣੀ ਕਥਨੀ ਨੂੰ ਸੱਚ ਕਰ ਵਿਖਾਇਆ।ਸੱਤਾ ਸੰਭਾਲ਼ਦਿਆਂ ਹੀ ਨਵੀਂ ਸਰਕਾਰ ਦੁਆਰਾ ਲਾਲ ਬੱਤੀ ਪ੍ਰੰਪਰਾ ਦੇ ਭੋਗ ਪਾਉਣ ‘ਤੇ ,ਬੇਲੋੜੀ ਸੁਰੱਖਿਆ ਘਟਾਉਣਾ ‘ਤੇ ਅਤੇ ਠੇਕਿਆਂ ਦੀ ਗਿਣਤੀ ਘਟਾਉਣਾ ਤੇ ਮੁੱਖ ਸੜਕੀ ਮਾਰਗਾਂ ਤੋਂ ਸ਼ਰਾਬ ਦੇ ਠੇਕਿਆਂ ਦੀ ਨਿਸ਼ਚਤ ਦੂਰੀ ਬਣਾਉਣੀ ਆਦਿ ਨਾਲ਼ ਚਾਰ-ਚੁਫੇਰਿਓਂ ਸਿਫ਼ਤਾਂ ਸੁਣਨ ਨੂੰ ਮਿਲ਼ੀਆਂ ਰਹੀਆਂ ਹਨ।ਪਰ ਇਸ ਦੇ ਵਿਪਰੀਤ ਮੱਖ-ਮੰਤਰੀ ਜੀ ਦੇ ਨਾਲ਼ ਸਲਾਹਕਾਰਾਂ ਤੇ ਵਿਸ਼ੇਸ਼ ਕਾਰਜ ਅਫ਼ਸਰਾਂ ਦੀ ਥੋਕ ‘ਚ ਨਿਯੁਕਤੀਆਂ ਕਰਨ ਕਾਰਨ ਭਾਰੀ ਆਲੋਚਨਾ ਵੀ ਹੋਈ ਹੈ। ਬੀਤੇ ਸਮੇਂ ਪੂੰਜੀਪਤੀ ਤੇ ਉੱੱਦਮੀ ਪੰਜਾਬ ਵਿੱਚ ਨਖਿੱਧ ਵਿਵਸਥਾ ਕਾਰਨ ਗੁੁਆਂਢੀ ਰਾਜਾਂ ‘ਚ ਨਿਵੇਸ ਕਰਨ ਲਈ ਮਜ਼ਬੂਰ ਸਨ।ਜੇਕਰ ਕਾਰੋਬਾਰ ਅਨਕੂਲ ਮਾਹੌਲ ਸਿਰਜ ਕੇ ਨਿਵੇਸ਼ਕਾਰਾਂ ਨੂੰ ਪੰਜਾਬ ਵਿੱਚ ਉਦਯੋਗ,ਅਦਾਰੇ,ਕੰਪਨੀਆਂ ਆਦਿ ‘ਚ ਸਥਾਪਤ ਕਰਵਾਉਣ ‘ਚ ‘ਕਪਤਾਨ ਸਾਹਿਬ’ ਕਾਮਯਾਬ ਰਹੇ ਤਾਂ ਇਸ ਨਾਲ਼ ਪੰਜਾਬ ਦਾ ਖ਼ਜ਼ਾਨਾ ਵੀ ਮਾਲਾ-ਮਾਲ ਹੋਵੇਗਾ ਤੇ ਹਰੇਕ ਘਰ ‘ਚ ਰੋਜ਼ਗਾਰ ਦੇਣ ਦੇ ਵਾਅਦੇ ਨੂੰ ਵੀ ਅਮਲੀ ਬੂਰ ਪੈ ਸਕਣ ਦੀ ਸੰਭਾਵਨਾ ਵਧੇਗੀ। ਪੰਜਾਬ ਦੇ ਕਰਮਚਾਰੀ ਵਰਗ ਨੂੰ ਛੇਵੇਂ ਤਨਖ਼ਾਹ ਕਮਿਸ਼ਨ ,ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ,ਵਿਭਾਗੀ ਤਰੱਕੀ,ਕੇਂਦਰੀ ਪੈਟਰਨ ‘ਤੇ ਸਹੂਲਤਾਂ,ਨਵੀਂ ਭਰਤੀ ਆਦਿ ਦੇ ਸਬੰਧ ‘ਚ ਨਵੀਂ ਪੰਜਾਬ ਸਰਕਾਰ ਤੋਂ ਬੇਅੰਤ ਆਸਾਂ ਹਨ।ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਦੁਆਰਾ ਪਾਸ ਕੀਤੇ ਕਾਨੂੰਨ ਅਨੁਸਾਰ ਕੱਚੇ,ਠੇਕਾ ਅਧਾਰਤ ,ਦਿਹਾੜੀਦਾਰ ਤੇ ਬਾਹਰਲੀਆਂ ਏਜੰਸੀਆਂ ਰਾਹੀਂ ਭਰਤੀ ਕੀਤੇ ਮੁਲਾਜ਼ਮਾਂ ਦੇ ਨਾਲ਼ ਨਾਲ਼ ਉਹਨਾਂ ਲੱਖਾਂ ਆਰਜ਼ੀ ਮੁਲਾਜ਼ਮਾਂ ਨੂੰ ਪੱਕੇ ਤੇ ਸਥਾਈ ਰੋਜ਼ਗਾਰ ਦੀਆਂ ਆਸਾਂ ਹਨ, ਜੋ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰਹਿ ਗਏ ਹਨ।
ਨਵੀਂ ਚੁਣੀ ਸਰਕਾਰ ਨੂੰ ਪੰਜਾਬੀ ਦੀ ਕੁਰਾਹੇ ਪਈ ਗਾਇਕੀ,ਗੀਤਕਾਰੀ,ਅਧਾਰਹੀਣ ਤੇ ਉਦੇਸ਼ਹੀਣ ਪੰਜਾਬੀ ਫ਼ਿਲਮਾਂ ਆਦਿ ‘ਤੇ ਲਗਾਮ ਕੱਸਣ ਲਈ ਕੋਈ ਠੋਸ ਨੀਤੀ ਘੜਨ ਦੇ ਨਾਲ਼ ਨਾਲ਼ ਪੰਜਾਬੀ ਭਾਸ਼ਾ,ਸਾਹਿਤ,ਸੰਗੀਤ,ਕਲਾ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੀ ਹੰਭਲਾ ਮਾਰਨਾ ਹੋਵੇਗਾ।ਮੂੱਖ ਮੰਤਰੀ ਸਮੇਤ ਹੋਰ ਆਹਲਾ ਮੰਤਰੀਆਂ ਦੁਆਰਾ ਪੰਜਾਬੀ ਨੂੰ ਵਿਸਾਰ ਕੇ ਹੋਰਨਾਂ ਭਾਸ਼ਾਵਾਂ ‘ਚ ਸਹੁੰ ਚੁੱਕਣਾ ਪੰਜਾਬੀ ਭਾਸ਼ਾ ਨਾਲ਼ ਪਿਆਰ ਰੱਖਣ ਵਾਲ਼ਿਆਂ ਨੂੰ ਨਿਰਾਸ਼ਾ ਦੇ ਆਲਮ ‘ਚ ਧਕੇਲ ਗਿਆ।’ਮਹਾਰਾਜਾ ਸਾਹਿਬ’ ਦੀ ਸਰਕਾਰ ਨੂੰ ਮੀਡੀਏ ਨੂੰ ਅਜ਼ਾਦੀ,ਨਿਰਪੱਖਤਾ ਤੇ ਬੇਬਾਕੀ ਨਾਲ਼ ਭੂਮਿਕਾ ਅਦਾ ਕਰਨ ਦੀ ਖੁੱਲ਼੍ਹ ਤੇ ਸਮਰੱਥਨ ਦੇਣਾ ਹੋਵੇਗਾ ਪਰ ਇਸ ਦੇ ਨਾਲ਼-ਨਾਲ਼ ਸਮਾਜ ਵਿੱਚ ਕੁੜੱਤਣ ਤੇ ਜ਼ਹਿਰਾਂ ਘੋਲ਼ਣ ਵਾਲ਼ੇ ਸ਼ੋਸਲ ਮੀਡੀਏ ‘ਤੇ ਲਗਾਮ ਕੱਸਣੀ ਪਵੇਗੀ।ਪੰਜਾਬ ਰਾਜ ਵਿੱਚ ਸਿਹਤ ਤੇ ਸਿੱਖਿਆ ਵਿਵਸਥਾ ਨੂੰ ਪੈਰਾਂ ‘ਤੇ ਖੜ੍ਹਾ ਕਰਨਾ ,ਅਪਰਾਧਕ ਸਰਗਨਿਆਂ ਤੇ ਗੈਂਗਸਟਰਾਂ ਦਾ ਖ਼ਾਤਮਾ ਕਰਨਾ,ਭ੍ਰਿਸ਼ਟਾਚਾਰ ਤੋਂ ਮੁਕਤੀ, ਸਰਹੱਦ ਵਾਲ਼ੇ ਪਾਸਿਓਂ ਅੱਤਵਾਦੀ ਗਤੀਵਿਧੀਆਂ ‘ਤੇ ਵਿਰਾਮ ਲਾਉਣਾ,ਟਰੈਫਿਕ ਵਿਵਸਥਾ ਨੂੰ ਠੀਕ ਕਰਨਾ,ਅਵਾਰਾ ਪਸ਼ੂਆਂ ਦਾ ਹੱਲ,ਗ਼ਰੀਬੀ ਦੀ ਸਮੱਸਿਆ,ਮਹਿੰਗਾਈ ਦਾ ਹੱਲ,ਵਾਤਾਵਰਣ ਦੀ ਸੰਭਾਲ਼, ਸਬਸਿਡੀਆਂ ਨੂੰ ਤਰਕ-ਸੰਗਤ ਬਣਾਉਣਾ,ਸਮਾਰਟ ਫੋਨ ਵੰਡਣੇ,ਪੈਨਸ਼ਨਾਂ ਤੇ ਸ਼ਗਨ ਸਕੀਮ ਦੀ ਰਾਸ਼ੀ ‘ਚ ਵਾਧਾ ਕਰਨਾ,ਗ਼ਰੀਬਾਂ ਲਈ ਨਵੀਆਂ ਰਾਸ਼ਨ ਸੁਵਿਧਾਵਾਂ ਆਦਿ ਪੰਜਾਬ ਦੀ ਨਵੀਂ ਬਣੀ ਸਰਕਾਰ ਲਈ ਕਿਸੇ ਅਗਨ ਤੇ ਕਠਿਨ ਪ੍ਰੀਖਿਆ ਤੋਂ ਘੱਟ ਨਹੀਂ।ਜੇਕਰ ‘ਕਪਤਾਨ ਸਾਹਿਬ’ ਦੀ ਸਰਕਾਰ ਵਿਰੋਧੀ ਰਾਜਸੀ ਦਲਾਂ ਦਾ ਸਹਿਯੋਗ ਲੈਣ ਦੇ ਨਾਲ਼-ਨਾਲ਼ ਪੰਜਾਬ ਵਿੱਚ ਸਭ ਧਰਮਾਂ ਦਾ ਸਤਿਕਾਰ,ਅਮਨ-ਸ਼ਾਂਤੀ,ਸਦਭਾਵਨਾ ਤੇ ਏਕਤਾ ਬਰਕਾਰਾਰ ਰੱਖਣ ਦੇ ਨਾਲ਼-ਨਾਲ਼ ਸੂਬੇ ਦੇ ਵਪਾਰੀ,ਕਿਸਾਨ,ਮੁਲਾਜ਼ਮ,ਮਜ਼ਦੂਰ,ਪੱਤਰਕਾਰ ਆਦਿ ਵਰਗਾਂ ਦੀਆਂ ਅਹਿਮ ਮੁਸ਼ਕਿਲਾਂ ਨਵਾਰਨ ਕਰਨ ‘ਚ ਸਫ਼ਲ ਰਹੀ ਤਾਂ ਲੰਮਾ ਸਮਾਂ ਪੰਜਾਬ ਰਾਜ ਤੇ ਤਾਂ ਕੀ, ਕੈਪਟਨ ਅਮਰਿੰਦਰ ਸਿੰਘ ਜੀ ਲੋਕ-ਦਿਲਾਂ ‘ਤੇ ਵੀ ਸ਼ਾਨ ਨਾਲ਼ ਲੰਮਾ ਸਮਾਂ ਰਾਜ ਕਰ ਸਕਦੇ ਹਨ।

ਲੈਕਚਰਾਰ ਤਰਸੇਮ ਸਿੰਘ ਬੁੱਟਰ ‘ਬੰਗੀ’
ਪਿੰਡ: ਬੰਗੀ ਨਿਹਾਲ ਸਿੰਘ,ਤਹਿਸੀਲ:ਤਲਵੰਡੀ ਸਾਬੋ,

ਜਿਲ੍ਹਾ: ਬਠਿੰਡਾ ਪਿਨ ੧੫੧੩੦੧
ਸੰਪਰਕ: 81465-82152

Leave a Reply

Your email address will not be published. Required fields are marked *

%d bloggers like this: