ਸਮੁੱਚੀਆਂ ਸਿੱਖ ਸੰਸਥਾਵਾਂ,ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਦੀ ਸਹਿਮਤੀ ਅਤੇ ਨੁਮਾਇੰਦਗੀ ਤੋਂ ਬਗੈਰ ਇਕੱਲੀ ਸ੍ਰੋਮਣੀ ਕਮੇਟੀ ਦੁਆਰਾ ਗਠਤ ਕੀਤੇ ਜਾਣ ਵਾਲੇ ਸਿੱਖ ਸੈਂਸਰ ਬੋਰਡ ਦੇ ਕੋਈ ਅਰਥ ਨਹੀ ਹੋਣਗੇ

ss1

ਸਮੁੱਚੀਆਂ ਸਿੱਖ ਸੰਸਥਾਵਾਂ,ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਦੀ ਸਹਿਮਤੀ ਅਤੇ ਨੁਮਾਇੰਦਗੀ ਤੋਂ ਬਗੈਰ ਇਕੱਲੀ ਸ੍ਰੋਮਣੀ ਕਮੇਟੀ ਦੁਆਰਾ ਗਠਤ ਕੀਤੇ ਜਾਣ ਵਾਲੇ ਸਿੱਖ ਸੈਂਸਰ ਬੋਰਡ ਦੇ ਕੋਈ ਅਰਥ ਨਹੀ ਹੋਣਗੇ
ਚੰਗਾ ਹੋਵੇ ਜੇ ਸਰੋਮਣੀ ਗੁਰਦੁਆਰਾ ਪਰੰਬਧਕ ਕਮੇਟੀ ਸਿਧਾਤਾਂ ਦੀ ਰਾਖੀ ਲਈ ਸੜਕਾਂ ਤੇ ਆਉਣ ਵਾਲੇ ਖਾਲਸਾ ਪੰਥ ਦੀ ਸਹਿਮਤੀ ਨਾਲ ਸੈਸਰ ਬੋਰਡ ਦਾ ਗਠਨ ਕਰੇ

ਇਹ ਪਿਛਲੇ ਕਾਫੀ ਲੰਮੇ ਸਮੇ ਤੋਂ ਦੇਖਿਆ ਜਾ ਰਿਹਾ ਹੈ ਕਿ ਜਦੋਂ ਵੀ ਸਿੱਖ ਧਰਮ ਨਾਲ ਸਬੰਧਤ ਕੋਈ ਫਿਲਮ ਬਣਾਈ ਜਾਂਦੀ ਹੈ ਤਾਂ ਉਸ ਦੀ ਬਣਤਰ ਕਦੇ ਵੀ ਸਿੱਖੀ ਸਿਧਾਤਾਂ ਦੇ ਹਾਣ ਦੀ ਨਹੀ ਹੁੰਦੀ। ਫਿਲਮ ਬਨਾਉਣ ਵਾਲਿਆਂ ਨੂੰ ਅਜਿਹਾ ਕਿਉਂ ਕਰਨਾ ਪੈਂਦਾ ਹੈ, ਇਹ ਗੱਲ ਵੀ ਭਾਵੇਂ ਵੀ ਕਿਸੇ ਤੋਂ ਵੀ ਕੋਈ ਲੁਕੀ ਛੁਪੀ ਨਹੀ ਹੈ, ਫਿਰ ਵੀ ਸਾਨੂੰ ਦੋ ਹਮ ਉਮਰ ਸੰਸਥਾਵਾਂ ਦੇ ਪਿਛੋਕੜ ਵੱਲ ਜਰੂਰ ਝਾਤ ਮਾਰਨੀ ਪਵੇਗੀ। ਉਮਰ ਵਿੱਚ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਤੋਂ ਛੋਟੀ ਕੱਟੜ ਹਿੰਦੂ ਰਾਸ਼ਟਰਵਾਦ ਦੀ ਬੁਨਿਆਦ ਤੇ ਹੋਂਦ ਵਿੱਚ ਆਈ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ) ਨਾਮ ਦੀ ਇਹ ਸੰਸਥਾ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਤੋਂ ਕਿਤੇ ਜਿਆਦਾ ਸ਼ਕਤੀਸ਼ਾਲੀ ਹੈ, ਇਸ ਦਾ ਮੁੱਖ ਕਾਰਨ ਹੈ ਕਿ ਉਹ ਸੰਸਥਾ ਅਪਣੀ ਕੌਂਮ ਪ੍ਰਤੀ ਸਮ੍ਰਪਿਤ ਹੈ ਅਤੇ ਅਪਣੇ ਫਿਰਕੂ ਏਜੰਡੇ ਹਿੰਦੂ ਰਾਸ਼ਟਰ ਪ੍ਰਤੀ ਪੂਰੀ ਤਰਾਂ ਸਮੱਰਪਿਤ ਹੈ। ਉਹ ਅਪਣੇ ਨਿਸਾਨੇ ਤੋ ਰੱਤੀ ਭਰ ਵੀ ਇੱਧਰ ਉਧਰ ਨਹੀ ਹੈ। ਭਾਰਤ ਬਹੁ ਕੌਂਮੀ ਮੁਲਕ ਹੋਣ ਦੇ ਬਾਵਜੂਦ ਵੀ ਆਰ ਐਸ ਅੇਸ ਗੈਰ ਹਿੰਦੂ ਫਿਰਕਿਆਂ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਬਨਾਉਣ ਲਈ ਦ੍ਰਿੜ ਸੰਕਲਪ ਹੈ। 12 ਤੋਂ 15 ਸਾਲ ਅੱਗੇ ਦੇ ਨਿਸਾਨੇ ਪਹਿਲਾਂ ਮਿਥ ਕੇ ਚੱਲਣ ਵਾਲੀ ਇਹ ਵਿਸ਼ਵ ਦੀ ਸ਼ਕਤੀਸ਼ਾਲੀ ਸੰਸਥਾ ਬੜੀ ਸਿਆਣਪ ਅਤੇ ਦੂਰਅੰਦੇਸ਼ੀ ਨਾਲ ਕਦਮ ਦਰ ਕਦਮ ਅੱਗੇ ਵਧ ਰਹੀ ਹੈ। ਉਸ ਨੇ ਅਪਣੇ ਪਹਿਲਾਂ ਤੋ ਹੀ ਮਿਥੇ ਪਰੋਗਰਾਮ ਵਿੱਚ ਜੈਨ ਮੱਤ ਅਤੇ ਬੁੱਧ ਮੱਤ ਨੂੰ ਅਪਣੇ ਅੰਦਰ ਸਮਾ ਜਾਣ ਤੋਂ ਬਾਅਦ ਸਿੱਖ ਕੌਂਮ ਨੂੰ ਸ਼ਾਮਲ ਕੀਤਾ ਹੋਇਆ ਹੈ। ਉਹਨਾਂ ਦਾ ਸਾਫ ਸਾਫ ਏਜੰਡਾ ਇਹ ਕਹਿੰਦਾ ਹੈ ਕਿ ਜਿਹੜੇ ਗੈਰ ਹਿੰਦੂ ਫਿਰਕੇ ਨੂੰ ਖਤਮ ਕਰਨ ਦੀ ਡੁੰਜਾਇਸ਼ ਨਹੀ ਹੈ ਉਹਨਾਂ ਪ੍ਰਤੀ ਹਿੰਦੂ ਭਾਈਚਾਰੇ ਅੰਦਰ ਨਫਰਤ ਦੇ ਬੀਜ ਬੀਜੇ ਜਾਣ ਤਾ ਕਿ ਲੋੜ ਪੈਣ ਤੇ ਇਹ ਫਿਰਕੂ ਪੱਤਾ ਖੇਡ ਕੇ ਹਿੰਦੂ ਰਾਸ਼ਟਰ ਨੂੰ ਸਮੱਰਪਿਤ ਸਿਆਸੀ ਮਹੌਲ ਸਿਰਜਿਆ ਜਾ ਸਕੇ। ਇਸਾਈ ਪਾਦਰੀਆਂ ਦੇ ਪਰਿਵਾਰਾਂ ਸਮੇਤ ਜਿੰਦਾ ਜਲਾ ਦਿੱਤੇ ਜਾਣ ਵਰਗੇ ਹੌਲਨਾਕ ਵਰਤਾਰੇ ਪਿੱਛੇ ਦੀ ਭਾਵਨਾ ਮਹਿਜ ਫਿਰਕੂ ਨਫਰਤ ਹੀ ਨਹੀ ਬਲਕਿ ਹਿੰਦੂ ਧਰਮ ਛੱਡ ਕੇ ਬਣੇ ਵੱਡੀ ਗਿਣਤੀ ਇਸਾਈਆਂ ਅੰਦਰ ਡਰ ਪੈਦਾ ਕਰਕੇ ਉਹਨਾਂ ਨੂੰ ਮੁੜ ਹਿੰਦੂ ਮਜਹਬ ਅਖਤਿਆਰ ਕਰਨ ਲਈ ਮਜਬੂਰ ਕਰਨਾ ਵੀ ਇਸ ਸੰਸਥਾ ਦਾ ਉਦੇਸ਼ ਹੈ। ਇਹਦੇ ਵਿੱਚ ਕੋਈ ਅੱਤਿਕਥਨੀ ਨਹੀ ਕਿ ਮੁਸਲਮਾਨ ਅਪਣੇ ਧਰਮ ਪ੍ਰਤੀ ਸਿੱਖ ਅਤੇ ਹਿੰਦੂ ਤੋ ਜਿਆਦਾ ਵਿਸ਼ਵ ਪੱਧਰ ਤੇ ਸ਼ਕਤੀਸ਼ਾਲੀ ਹਨ,ਜਿਸ ਕਰਕੇ ਆਰ ਐਸ ਐਸ ਉਹਨਾਂ ਨੂੰ ਹਿੰਦੂਆਂ ਦੀ ਨਫਰਤ ਦਾ ਸਿਕਾਰ ਬਨਾਉਣ ਲਈ ਤਾਂ ਭਾਵੇ ਵਰਤ ਸਕਦੀ ਹੈ, ਪਰੰਤੂ ਮੁਸਲਮਾਨ ਫਿਰਕੇ ਨੂੰ ਖਤਮ ਨਹੀ ਕਰ ਸਕਦੀ। ਇਸ ਦੇ ਮੁਕਾਬਲੇ ਸਿੱਖ ਕੌਂਮ ਨੂੰ ਅਪਣੇ ਅੰਦਰ ਜਜ਼ਬ ਕਰ ਜਾਣ ਦਾ ਸੰਘ ਪਰਿਵਾਰ ਨੇ ਬੜਾ ਚਿਰੋਕਣਾ ਭਰਮ ਪਾਲਿਆ ਹੋਇਆ ਹੈ। ਸੰਘ ਨੇ ਬਹੁਤ ਲੰਮੇ ਸਮੇ ਤੋਂ ਸਿੱਖ ਧਰਮ ਦੀ ਮੁਕੰਮਲ ਜਾਣਕਾਰੀ ਲਈ ਅਪਣੇ ਵਿਦਵਾਨ ਤਿਆਰ ਕੀਤੇ ਹੋਏ ਹਨ, ਜਿਹੜੇ ਸਮੇ ਸਮੇ ਤੇ ਸਿੱਖ ਧਰਮ ਅੰਦਰ ਕਈ ਤਰਾਂ ਦੇ ਭਰਮ ਭੁਲੇਖੇ ਪਾਉਂਦੇ ਰਹਿੰਦੇ ਹਨ।ਸਿੱਖ ਕੌਂਮ ਦੀ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਉਹਨਾਂ ਨੇ ਆਰ ਐਸ ਐਸ ਦੀਆਂ ਸਿੱਖ ਮਾਰੂ ਨੀਤੀਆਂ ਨੂੰ ਬਹੁਤ ਲੰਮਾ ਸਮਾ ਗੌਲਿਆ ਹੀ ਨਹੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੇ ਅਡੰਬਰਵਾਦ, ਪਖੰਡਵਾਦ ਅਤੇ ਬਰਾਹਮਣੀ ਰਹੁ ਰੀਤਾਂ ਨੂੰ ਸਿੱਖੀ ਸਿਧਾਂਤ ਅਤੇ ਮਰਯਾਦਾ ਵਿੱਚ ਰਲਗੱਡ ਕਰਵਾ ਦਿੱਤਾ। ਉਹ ਇਸ ਕੰਮ ਲਈ ਸਿੱਖ ਕੌਂਮ ਅੰਦਰ ਪੈਦਾ ਹੋਈ ਦੋਗਲੀ ਨਸਲ ਨੂੰ ਮੋਹਰੇ ਵਜੋਂ ਵਰਤ ਕੇ ਸਿੱਖੀ ਦੇ ਧੁਰ ਅੰਦਰ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਆਰ ਐਸ ਐਸ ਵੱਲੋਂ ਇਸ ਦੋਗਲੀ ਨਸਲ ਦੀ ਲੋਭ ਲਾਲਸਾ ਦੀ ਪੂਰਤੀ ਲਈ ਚਾਂਦੀ ਦੇ ਛਿੱਤਰ ਮਾਰਨ ਲਈ ਵੱਖਰੇ ਤੇ ਵੱਡੀ ਗਿਣਤੀ ਵਿੱਚ ਫੰਡ ਰਾਖਵੇਂ ਰੱਖੇ ਜਾਂਦੇ ਹਨ। ਇਸ ਰਾਖਵੇਂ ਪੈਸੇ ਨੂੰ ਸਿੱਖੀ ਅੰਦਰ ਦੁਵਿਧਾ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।

  ਜਿਸ ਤਰਾਂ ਹੁਣ ਪਿਛਲੇ ਦਿਨੀ ਮੁੜ ਚਰਚਾ ਵਿੱਚ ਆਈ ਫਿਲਮ ਨਾਨਕ ਸ਼ਾਹ ਫਕੀਰ ਨੂੰ ਰਿਲੀਜ਼ ਕਰਵਾਉਣ ਲਈ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਸਕੱਤਰ ਅਤੇ ਜਥੇਦਾਰ ਨੂੰ ਮੋਹਰੇ ਵਜੋਂ ਵਰਤਿਆ ਗਿਆ ਹੈ।ਉਹ ਵੱਖਰੀ ਗੱਲ ਹੈ ਕਿ ਸਿੱਖ ਕੌਂਮ ਅੰਦਰ ਆਈ ਜਾਗਰੂਕਤਾ ਕਾਰਨ ਉਹਨਾਂ ਦੀ ਇਹ ਸਾਜਿਸ਼ ਕਾਮਯਾਬ ਨਹੀ ਹੋ ਸਕੀ ਤੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਅਪਣੇ ਪੈਰ ਇਸ ਫਿਲਮ ਤੋਂ ਪਿੱਛੇ ਖਿੱਚਣੇ ਪਏ ਹਨ। ਜਿਵੇ ਉਪਰ ਵੀ ਲਿਖਿਆ ਜਾ ਚੁੱਕਾ ਹੈ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਆਰ ਐਸ ਐਸ ਤੋ ਉਮਰ ਵਿੱਚ ਵੱਡੀ ਹੋਣ ਦੇ ਬਾਵਜੂਦ ਵੀ ਕਮਜੋਰ ਹੋਣ ਦਾ ਮੁੱਖ ਕਾਰਨ ਅਪਣੀ ਕੌਂਮ ਪ੍ਰਤੀ ਵਫਾਦਾਰ ਨਾ ਹੋਣਾ ਹੈ। ਇੱਕ ਸਿੱਖ ਤੋਂ ਸਿੱਖੀ ਸਿਧਾਤਾਂ ਦਾ ਘਾਣ ਕਰਨ ਵਾਲੀ ਅਜਿਹੀ ਫਿਲਮ ਬਣਵਾ ਕੇ ਸਰੋਮਣੀ ਕਮੇਟੀ ਰਾਹੀ ਰਿਲੀਜ ਕਰਵਾਉਣ ਤੋਂ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਅਪਣੀ ਕੌਂਮ ਪ੍ਰਤੀ ਗੈਰਜੁੰਮੇਵਾਰ ਹੀ ਨਹੀ ਬਲਕਿ ਬੇਵਫਾਈ ਸਾਫ ਸਾਫ ਸਾਹਮਣੇ ਆ ਜਾਂਦੀ ਹੈ। ਬੀਤੇ ਕੱਲ੍ਹ ਸਿੱਖ ਪੰਥ ਅੰਦਰ ਪੈਦਾ ਬੋਏ ਗੁੱਸੇ ਅਤੇ ਰੋਹ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਇਸ ਫਿਲਮ ਤੇ ਪੂਰਨ ਪਬੰਦੀ ਦੀ ਗੱਲ ਅਤੇ ਸਿੱਖ ਸੈਂਸਰ ਬੋਰਡ ਬਨਾਉਣ ਦੇ ਦਿੱਤੇ ਬਿਆਨ ਦੇ ਮੱਦੇਨਜ਼ਰ ਜਿਹੜੀਆਂ ਕੁੱਝ ਵਿਚਾਰਾਂ ਕਰਨੀਆਂ ਬਣਦੀਆਂ ਹਨ। ਬਿਨਾਂ ਸ਼ੱਕ ਗਿਆਨੀ ਗੁਰਬਚਨ ਸਿੰਘ ਦਾ ਇਹ ਬਿਆਨ ਸਲਾਹੁਣਯੋਗ ਹੈ, ਪਰੰਤੂ ਸਵਾਲ ਇਹ ਵੀ ਉੱਠਦਾ ਹੈ ਕਿ ਅਜਿਹੇ ਵਿਚਾਰ ਸਿਰਫ ਮੌਕੇ ਹੀ ਕਿਉਂ ਯਾਦ ਆਉਦੇ ਹਨ,ਜਦੋ ਸਿੱਖ ਕੌਂਮ ਦੇ ਸਾਹਮਣੇ ਕੋਈ ਚਣੌਤੀ ਆਣ ਫਣ ਚੁੱਕ ਖਲੋਂਦੀ ਹੈ ? ਮਸਲਾ ਠੰਡਾ ਹੋਣ ਤੋ ਬਾਅਦ ਅਜਿਹੇ ਵਿਚਾਰ ਦਮ ਕਿਉਂ ਤੋੜ ਜਾਂਦੇ ਹਨ ? ਇਹਨਾਂ ਸਵਾਲਾਂ ਦਾ ਜਵਾਬ ਵੀ ਦੇਣਾ ਬਣਦਾ ਹੈ। ਰਹੀ ਗੱਲ ਸੈਂਸਰ ਬੋਰਡ ਦੀ, ਜਿਹੜਾ ਸੈਸਰ ਬੋਰਡ ਬਨਾਉਣ ਦੀ ਗੱਲ ਗਿਆਨੀ ਗੁਰਬਚਨ ਸਿੰਘ ਕਰਦਾ ਹੈ, ਕੀ ਉਹ ਬੋਰਡ ਪੰਥ ਪਰਵਾਣਤ ਹੋਵੇਗਾ ਜਾਂ ਸਿਰਫ ਤੇ ਸਿਰਫ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਹੀ ਬਣਾਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੀ ਕੀਤਾ ਜਾਵੇਗਾ? ਜੇਕਰ ਇਹ ਬੋਰਡ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਹੋਂਦ ਵਿੱਚ ਆਉਂਦਾ ਹੈ ਫਿਰ ਤਾਂ ਅਜਿਹੇ ਬੋਰਡ ਦੇ ਕੋਈ ਅਰਥ ਨਹੀ ਹੋਣਗੇ,ਕਿਉਕਿ ਜਿਹੜੀ ਸਰੋਮਣੀ ਕਮੇਟੀ ਪਹਿਲਾਂ ਹੀ ਸਿੱਖ ਦੁਸ਼ਮਣ ਤਾਕਤਾਂ ਦੇ ਹੱਥਾਂ ਵਿੱਚ ਖੇਡਦੀ ਹੈ, ਉਹਦੇ ਵੱਲੋ ਬਣਾਏ ਗਏ ਸੈਸਰ ਬੋਰਡ ਤੋ ਕਿਵੇਂ ਵੀ ਸਿੱਖ ਕੌਂਮ ਦੇ ਭਲੇ ਦੀ ਆਸ ਨਹੀ ਕੀਤੀ ਜਾ ਸਕਦੀ। ਸਮੁੱਚੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਧਿਰਾਂ ਦੀ ਨੁਮਾਇੰਦਗੀ ਅਤੇ ਸਹਿਮਤੀ ਨਾਲ ਸਰੋਮਣੀ ਕਮੇਟੀ ਦੀ ਅਗਵਾਈ ਹੇਠ ਸਰਬ ਸਾਂਝੇ ਸਿੱਖ ਸੈਂਸਰ ਬੋਰਡ ਦਾ ਗਠਨ ਇਮਾਨਦਾਰੀ ਨਾਲ ਬਿਨਾ ਦੇਰੀ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਭਵਿੱਖ ਵਿੱਚ ਮੁੜਕੇ ਸਿੱਖੀ ਸਿਧਾਂਤਾਂ ਨਾਲ ਛੇੜਛਾੜ ਕਰਨ ਵਾਲੀਆਂ ਫਿਲਮਾਂ ਜਾਂ ਨਾਟਕ ਬਨਾਉਣ ਵਾਲੇ ਸਿੱਖ ਵਿਰੋਧੀ ਲੋਕ ਕਦੇ ਵੀ ਅਪਣੀ ਚਾਲ ਵਿੱਚ ਸਫਲ ਨਾ ਹੋ ਸਕਣ। ਚੰਗਾ ਹੋਵੇ ਜੇ ਸਰੋਮਣੀ ਗੁਰਦੁਆਰਾ ਪਰੰਬਧਕ ਕਮੇਟੀ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਸਿੱਖ ਸਿਧਾਤਾਂ ਦੀ ਰਾਖੀ ਲਈ ਸੜਕਾਂ ਤੇ ਆਉਣ ਵਾਲੇ ਖਾਲਸਾ ਪੰਥ ਦੀ ਸਹਿਮਤੀ ਨਾਲ ਸਿੱਖ ਸੈਸਰ ਬੋਰਡ ਦਾ ਗਠਨ ਕਰੇ।

ਬਘੇਲ ਸਿੰਘ ਧਾਲੀਵਾਲ
99142-58142

Share Button

Leave a Reply

Your email address will not be published. Required fields are marked *