ਸਮਾਜ ਸੇਵਿਕਾ,ਕਵੀ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿੱਤਰੀ ਬਾਈ ਫੂਲੇ

ਸਮਾਜ ਸੇਵਿਕਾ,ਕਵੀ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿੱਤਰੀ ਬਾਈ ਫੂਲੇ
ਸਮਾਜ ਸੇਵਿਕਾ, ਕਵੀ,ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ,ਔਰਤਾਂ ਅਤੇ ਦਲਿਤਾਂ ਲਈ ਅਵਾਜ ਉਠਾਉਣ ਵਾਲ਼ੀ ਸਾਵਿੱਤਰੀ ਬਾਈ ਫੂਲੇ ਦੇ ਜੀਵਨ ਬਾਰੇ ਅਜੇ ਵੀ ਦੇਸ਼ ਦੇ ਬਹੁਤੇ ਲੋਕ ਨਹੀਂ ਜਾਣਦੇ। ਇੱਥੋਂ ਤੱਕ ਕਿ ਬਹੁਤ ਸਾਰੀਆਂ ਔਰਤਾਂ ਵੀ ਇਸ ਗੱਲ ਤੋਂ ਅਣਜਾਣ ਹਨ ਕਿ ਅੱਜ ਜੇ ਉਹ ਸਿੱਖਿਅਤ ਹਨ, ਰੁਜ਼ਗਾਰ ਦੇ ਕਾਬਿਲ ਹਨ ਤਾਂ ਇਸ ਵਿੱਚ ਸਾਵਿੱਤਰੀ ਬਾਈ ਫੂਲੇ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਬਹੁਤ ਯੋਗਦਾਨ ਹੈ।
ਸਾਵਿੱਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਨਾਯਗਾਂਓ( ਮਹਾਂਰਾਸ਼ਟਰ ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਖੰਦੋਜੀ ਨੇਵਸੇ ਅਤੇ ਮਾਤਾ ਦਾ ਨਾਮ ਲਕਸ਼ਮੀ ਸੀ। ਸਿਰਫ ਨੌ ਸਾਲ ਦੀ ਉਮਰ ਵਿੱਚ ਸਾਵਿੱਤਰੀ ਬਾਈ ਫੂਲੇ ਦਾ ਵਿਆਹ 1840 ਵਿੱਚ ਤੇਰਾਂ ਸਾਲਾ ਜੋਤੀਰਾਓ ਫੂਲੇ ਨਾਲ ਹੋਇਆ ਸੀ। ਜੋਤੀਰਾਓ ਖੁਦ ਇੱਕ ਸਮਾਜ ਸੁਧਾਰਕ ਸਨ।
ਜੋਤੀਬਾ ਫੂਲੇ ਨੂੰ ਮਹਾਂਰਾਸ਼ਟਰ ਅਤੇ ਭਾਰਤ ਵਿੱਚ ਸਮਾਜ਼ਕ ਸੁਧਾਰ ਅੰਦੋਲਨ ਵਿੱਚ ਇਕ ਸਭ ਤੋਂ ਮਹੱਤਵਪੂਰਨ ਵਿਅਕਤੀ ਮੰਨਿਆ ਜਾਂਦਾ ਹੈ। ਉਹਨਾਂ ਨੇ ਆਪਣੀ ਪਤਨੀ ਨੂੰ ਘਰ ਵਿੱਚ ਹੀ ਪੜਾਇਆ ਅਤੇ ਅਧਿਆਪਕਾ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਨੂੰ ਔਰਤਾਂ ਅਤੇ ਦਲਿਤ ਲੋਕਾਂ ਨੂੰ ਸਿੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦਾ ਹੈ। ਸਾਵਿੱਤਰੀ ਬਾਈ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਤੇ ਔਰਤ ਮੁਕਤੀ ਲਹਿਰ ਦੀ ਪਹਿਲੀ ਆਗੂ ਸੀ। ਸਾਵਿੱਤਰੀ ਬਾਈ ਫੂਲੇ ਭਾਰਤ ਦੇ ਪਹਿਲੀ ਕੁੜੀਆਂ ਦੀ ਪਾਠਸ਼ਾਲਾ ਦੀ ਪਹਿਲੀ ਪ੍ਰਿੰਸੀਪਲ ਅਤੇ ਪਹਿਲੇ ਕਿਸਾਨ ਸਕੂਲ ਦੇ ਸੰਸਥਾਪਕ ਸਨ । ਸਾਵਿੱਤਰੀ ਬਾਈ ਫੂਲੇ ਨੇ ਆਪਣੇ ਪਤੀ ਨਾਲ ਮਿਲ ਕੇ 1 ਜਨਵਰੀ 1848 ਤੋਂ ਲੈ ਕੇ 15 ਮਾਰਚ 1852 ਦੇ ਦੌਰਾਨ ਲਗਾਤਾਰ ਇਕ ਦੇ ਬਾਅਦ ਇਕ ਬਿਨਾਂ ਕਿਸੇ ਆਰਥਿਕ ਮਦਦ ਅਤੇ ਸਹਾਰੇ ਦੇ ਕੁੜੀਆਂ ਲਈ 18 ਸਕੂਲ ਖੋਲ੍ਹੇ । ਅੱਜ ਤੋਂ ਲਗਭਗ 170 ਸਾਲ ਪਹਿਲਾਂ ਜਦੋਂ ਕੁੜੀਆਂ ਲਈ ਸਕੂਲ ਖੋਲਣਾ ਪਾਪ ਦਾ ਕੰਮ ਮੰਨਿਆ ਜਾਂਦਾ ਸੀ ਤਾਂ ਉਸ ਸਮੇੰ ਦੇਸ਼ ਵਿੱਚ ਇਕ ਇੱਕਲਾ ਕੁੜੀਆਂ ਦਾ ਸਕੂਲ ਕਿੰਨੀਆਂ ਸਮਾਜਿਕ ਮੁਸ਼ਕਲਾਂ ਨਾਲ ਖੋਲਿਆ ਗਿਆ ਹੋਵੇਗਾ। ਸਾਵਿੱਤਰੀ ਬਾਈ ਫੂਲੇ ਦੇ ਘਰ ਦੀ ਡਿਉਢੀ ਲੰਘ ਕੇ ਬਾਹਰ ਪੜਾਉਣ ਜਾਣ ਤੋਂ ਹੀ ਆਧੁਨਿਕ ਭਾਰਤੀ ਔਰਤ ਦੇ ਚੁਣੌਤੀਪੂਰਨ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਸਾਵਿੱਤਰੀ ਬਾਈ ਫੂਲੇ ਨੇ ਔਰਤਾਂ ਦੀ ਸਿੱਖਿਆ ਲਈ ਬਹੁਤ ਹੀ ਮਹੱਤਵਪੂਰਨ ਕੰਮ ਕੀਤੇ। 1848 ਵਿੱਚ ਭਿੱਡੇਵਾੜਾ ਵਿਖੇ ਉਹਨਾਂ ਨੇ ਪਹਿਲੇ ਮਹਿਲਾ ਸਕੂਲ ਦੀ ਸਥਾਪਨਾ ਕੀਤੀ। ਉਸ ਸਮੇਂ ਦੀ ਅੰਗਰੇਜ਼ਾਂ ਦੀ ਸਿੱਖਿਆ ਦਾ ਉਦੇਸ਼ ਭਾਰਤੀ ਲੋਕਾਂ ਨੂੰ ਕਲਰਕ ਬਨਾਉਣਾ ਸੀ। ਇਸ ਲਈ ਉਹ ਸਿੱਖਿਆ ਵਿੱਚ ਤਰਕ ਭਰਪੂਰ ਜਾਂ ਵਿਗਿਆਨਕ ਸਿੱਖਿਆ ਸ਼ਾਮਲ ਨਹੀਂ ਸੀ ਕਰਦੇ। ਸਾਵਿੱਤਰੀ ਬਾਈ ਨੇ ਪ੍ਰਾਇਮਰੀ ਪੱਧਰ ‘ਤੇ ਵਿਗਿਆਨਕ ਸਿੱਖਿਆ ਸ਼ਾਮਲ ਕਰਨ ‘ਤੇ ਜੋਰ ਦਿੱਤਾ। ਜਦੋਂ ਸਾਵਿੱਤਰੀ ਬਾਈ ਕੁੜੀਆਂ ਨੂੰ ਪੜਾਉਣ ਜਾਂਦੀ ਸੀ ਤਾਂ ਲੋਕ ਉਸ ਉੱਪਰ ਪੱਥਰ, ਚਿੱਕੜ, ਗੰਦਗੀ ਤੇ ਗੋਹਾ ਆਦਿ ਸੁੱਟਦੇ ਸਨ, ਪਰ ਉਹ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਮਕਸਦ ਲਈ ਸਮਰਪਿਤ ਹੋ ਕੇ ਜਿਉਂਦੀ ਰਹੀ। ਉਸ ਨੇ ਲੜਕੀਆਂ ਦੇ ਸਕੂਲ ਤੇ ਬਾਲਗ ਸਾਖਰਤਾ ਸਕੂਲ ਜਿਹੇ ਸਿੱਖਿਆ ਦੇ ਆਪਣੇ ਪ੍ਰਾਜੈਕਟ ਲੋਕਾਂ ਦੀ ਤਾਕਤ ਨਾਲ਼ ਹੀ ਖੜੇ ਕੀਤੇ ਅਤੇ ਅੱਗੇ ਵਧਾਏ। 1890 ‘ਚ ਜੋਤੀ ਰਾਓ ਫੂਲੇ ਦੀ ਮੌਤ ਤੋਂ ਬਾਅਦ ਸਾਵਿੱਤਰੀ ਬਾਈ ਨੇ ਉਹਨਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਸੰਕਲਪ ਲਿਆ।
ਸਾਵਿੱਤਰੀ ਬਾਈ ਫੂਲੇ ਨੇ ਉਸ ਦੌਰ ਵਿੱਚ ਕੰਮ ਸ਼ੁਰੂ ਕੀਤਾ ਜਦੋਂ ਧਾਰਮਿਕ ਅੰਧਵਿਸ਼ਵਾਸ, ਰੂੜੀਵਾਦ,ਛੂਆਛੂਤ,ਦਲਿਤਾਂ ਅਤੇ ਇਸਤਰੀਆਂ ਉੱਤੇ ਮਾਨਸਿਕ ਅਤੇ ਸ਼ਰੀਰਕ ਜੁਲਮ ਆਪਣੇ ਸ਼ਿਖਰ ਤੇ ਸਨ। ਬਾਲ ਵਿਆਹ,ਸਤੀ ਪ੍ਰਥਾ,ਬੇਟੀਆਂ ਨੂੰ ਜੰਮਣ ਤੇ ਹੀ ਮਾਰ ਦੇਣਾ,ਵਿਧਵਾ ਇਸਤਰੀ ਦੇ ਨਾਲ ਗੈਰ ਮਨੁੱਖੀ ਸਲੂਕ, ਬੇਮੇਲ ਵਿਆਹ, ਬਹੁਪਤਨੀ ਵਿਆਹ ਆਦਿ ਪ੍ਰਥਾਵਾਂ ਜੋਰਾਂ ਤੇ ਸਨ। ਸਮਾਜ ਵਿੱਚ ਜਾਤੀਵਾਦ ਦਾ ਬੋਲਬਾਲਾ ਸੀ। ਅਜਿਹੇ ਸਮੇਂ ਸਾਵਿੱਤਰੀ ਬਾਈ ਫੂਲੇ ਅਤੇ ਉਹਨਾਂ ਦੇ ਪਤੀ ਜੋਤੀਬਾ ਫੂਲੇ ਦਾ ਇਸ ਦੂਰਚਾਰੀ ਸਮਾਜ ਅਤੇ ਉਸਦੇ ਅਤਿਆਚਾਰਾਂ ਦੇ ਖਿਲਾਫ ਖੜੇ ਹੋ ਜਾਣਾ ਵੱਡੀ ਕ੍ਰਾਂਤੀ ਦੇ ਸਮਾਨ ਸੀ। ਸਾਵਿੱਤਰੀ ਬਾਈ ਫੂਲੇ ਇੱਕ ਅਜਿਹੀ ਔਰਤ ਸੀ ਜਿਸਨੇ ਬਾਲ ਵਿਆਹ, ਛੂਆ-ਛੂਤ, ਜਾਤ-ਪਾਤ ਅਤੇ ਵਿਧਵਾ ਵਿਆਹ ‘ਤੇ ਰੋਕ ਜਿਹੀਆਂ ਕੁਰੀਤੀਆਂ ਖਿਲਾਫ ਸੰਘਰਸ਼ ਕੀਤਾ। ਉਹਨਾਂ ਸਮਾਜਿਕ ਕੁਰੀਤੀਆਂ ‘ਤੇ ਸੱਟ ਮਾਰਨ ਤੇ ਔਰਤਾਂ ਨੂੰ ਸਿੱਖਿਅਤ ਕਰਨ ਦਾ ਕੰਮ ਉਹਨਾਂ ਸਮਿਆਂ ਵਿੱਚ ਕੀਤਾ ਜਦੋਂ ਇੱਕ ਪਾਸੇ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਤੇ ਦੂਜੇ ਪਾਸੇ ਸਮਾਜ ਵਿੱਚ ਜਗੀਰੂ ਕਦਰਾਂ-ਕੀਮਤਾਂ ਦਾ ਬੋਲਬਾਲਾ ਸੀ ਜਿੱਥੇ ਔਰਤਾਂ ਦਾ ਪੜਨਾ-ਲਿਖਣਾ ਤੇ ਕਿਸੇ ਸਮਾਜਿਕ ਲਹਿਰ ਦਾ ਹਿੱਸਾ ਬਣਨਾ ਤਾਂ ਦੂਰ ਸਗੋਂ ਉਹਨਾਂ ਦਾ ਘਰੋਂ ਬਾਹਰ ਨਿੱਕਲ਼ਣਾ ਵੀ ਮੁਸ਼ਕਿਲ ਸੀ। ਸਾਵਿੱਤਰੀ ਬਾਈ ਫੂਲੇ ਨੇ ਆਪਣੇ ਜੀਵਨ ਨੂੰ ਇੱਕ ਮਿਸ਼ਨ ਦੀ ਤਰਾਂ ਬਤੀਤ ਕੀਤਾ ਜਿਸਦਾ ਉਦੇਸ਼ ਸੀ ਵਿਧਵਾ ਵਿਆਹ ਕਰਵਾਉਣਾ, ਔਰਤਾਂ ਦੀ ਮੁਕਤੀ ਅਤੇ ਦਲਿਤ ਲੋਕਾਂ ਨੂੰ ਸਿੱਖਿਅਤ ਕਰਨਾ।
ਸਵਿੱਤਰੀ ਬਾਈ ਫੂਲੇ ਨੇ ਔਰਤਾਂ ਦੇ ਹੱਕਾਂ ਦੇ ਨਾਲ ਹੀ ਲਿੰਗ ਅਤੇ ਜਾਤ-ਪਾਤ ਦੇ ਆਧਾਰ ਤੇ ਹੋ ਰਹੇ ਵਿਤਕਰੇ ਵਿਰੁੱਧ ਬਹੁਤ ਹੀ ਜੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕੀਤੀ। ਉਹਨਾਂ ਸਮਿਆਂ ਵਿੱਚ ਬਾਲ ਵਿਆਹ ਦੀ ਪ੍ਰਥਾ ਸੀ ਅਤੇ ਬਾਲ ਵਿਧਵਾਵਾਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਸੀ। ਵਿਧਵਾ ਵਿਆਹ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ।
ਵਿਧਵਾ ਇਸਤਰੀਆਂ ਨੂੰ ਸਿਰ ਮੁੰਨਾ ਕੇ ਬਹੁਤ ਹੀ ਤਰਸ ਭਰੀ ਜਿੰਦਗੀ ਜਿਉਣੀ ਪੈੰਦੀ ਸੀ। ਉਨ੍ਹਾਂ ਦਾ ਬਹੁਤ ਜਿਆਦਾ ਸੋਸ਼ਣ ਹੁੰਦਾ ਸੀ ਖਾਸ ਤੌਰ ਤੇ ਜਿਣਸੀ ਸੋਸ਼ਣ। ਜਿਸ ਨਾਲ ਗਰਭਪਤੀ ਹੋਣ ਤੇ ਉਨ੍ਹਾਂ ਨੂੰ ਜਾਂ ਤਾਂ ਖੁਦਕੁਸ਼ੀ ਕਰਨੀ ਪੈਂਦੀ ਸੀ ਜਾਂ ਆਪਣਾ ਗਰਭਪਾਤ ਕਰਾਉਣਾ ਪੈੰਦਾ ਸੀ।
ਇਸ ਲਈ ਸਾਵਿੱਤਰੀ ਬਾਈ ਫੂਲੇ ਨੇ “ਬਾਲ-ਹੱਤਿਆ ਪ੍ਰਤੀਬੰਧਕ ਗ੍ਰਹਿ” ਬਣਾਇਆ ਜਿੱਥੇ ਇਹਨਾਂ ਮਜਬੂਰ ਔਰਤਾਂ ਨੂੰ ਸ਼ਰਨ ਦਿੱਤੀ ਜਾਂਦੀ ਸੀ।
ਛੂਤ-ਛਾਤ ਦਾ ਬਹੁਤ ਹੀ ਜਿਆਦਾ ਬੋਲਬਾਲਾ ਸੀ। ਅਛੂਤ ਲੋਕ ਪਾਣੀ ਤੋਂ ਅਵਾਜ਼ਾਰ ਸਨ।
ਇਸ ਦੇ ਹੱਲ ਲਈ ਸਾਵਿੱਤਰੀ ਬਾਈ ਫੂਲੇ ਨੇ ਆਪਣੇ ਘਰ ਵਿੱਚ ਖੂਹ ਲਗਵਾਇਆ ਜਿੱਥੇ ਅਛੂਤ ਲੋਕ ਪਾਣੀ ਲੈ ਸਕਦੇ ਸਨ।
ਸਾਵਿੱਤਰੀ ਬਾਈ ਫੂਲੇ ਸਮਾਜ ਸੁਧਾਰਕ ਦੇ ਨਾਲ ਇਕ ਵਧੀਆ ਕਵਿੱਤਰੀ ਵੀ ਸੀ ਜਿਸ ਨੇ ਆਪਣੀਆਂ ਕਵਿਤਾਵਾਂ ਨੂੰ ਆਪਣੇ ਮਿਸ਼ਨ ਲਈ ਵਰਤਿਆ। ਸਾਵਿੱਤਰੀ ਬਾਈ ਫੁੂਲੇ ਨੂੰ ਆਧੁਨਿਕ ਮਰਾਠੀ ਕਵਿਤਾ ਦਾ ਅਗਰਦੂਤ ਮੰਨਿਆ ਜਾਂਦਾ ਹੈ। ਉਸਦੀਆਂ ਕਵਿਤਾਵਾਂ ਵਿਤਕਰੇ ਅਤੇ ਭੇਦ-ਭਾਵ ਦੇ ਉਲਟ ਅਤੇ ਗਿਆਨ ਪ੍ਰਾਪਤੀਆਂ ਦਾ ਸੁਨੇਹਾ ਦੇਣ ਵਾਲੀਆਂ ਹਨ। ਉਹਨਾਂ ਦੇ ਦੋ ਕਾਵਿ ਸੰਗ੍ਰਿਹ “ਕਾਵਿਯਾ-ਫੂਲੇ”
ਸੰਨ 1934 ਅਤੇ “ਬਾਵਨ ਕਾਸ਼ੀ ਸੁਬੋਧ ਰਤਨਾਕਰ” ਸੰਨ
1982 ਵਿੱਚ ਛਪੇ।
ਸਾਵਿੱਤਰੀ ਬਾਈ ਫੂਲੇ ਦੀ ਇਕ ਮਸ਼ਹੁੂਰ ਕਵਿਤਾ ਇਸ ਤਰਾਂ ਹੈ
ਜਾੳ ਜਾਕਰ ਪੜੋ-ਲਿਖੋ
ਬਨੋ ਆਤਮਨਿਰਭਰ,ਬਨੋ ਮੇਹਨਤੀ
ਕਾਮ ਕਰੋ -ਗਿਆਨ ਔਰ ਧਨ ਇਕਠਾ ਕਰੋ
ਗਿਆਨ ਕੇ ਬਿਨਾ ਸਬ ਖੋ ਜਾਤਾ ਹੈ
ਗਿਆਨ ਕੇ ਬਿਨਾ ਹਮ ਜਾਨਵਰ ਬਨ ਜਾਤੇ ਹੈਂ
ਇਸ ਲਿਏ ਖਾਲੀ ਨਾ ਬੈਠੋ,ਜਾੳ,ਜਾੳ ਸ਼ਿਕਸ਼ਾ ਲੋ
ਦਮਿਤੋਂ ਔਰ ਤਿਆਗ ਦਿਏ ਗਯੋਂ ਕੇ ਦੁਖੋਂ ਕਾ ਅੰਤ ਕਰੋ
ਤੁਮਾਰੇ ਪਾਸ ਸੀਖਨੇ ਕਾ ਸੁਨਹਰਾ ਮੌਕਾ ਹੈ
ਇਸ ਲਿਏ ਸੀਖੋ ਔਰ ਜਾਤਿ ਕੇ ਬੰਧਨ ਤੋੜ ਦੋ
ਮਹਾਂਰਾਸ਼ਟਰ ਵਿੱਚ 1897 ਵਿੱਚ ਪਲੇਗ ਦੀ ਭਿਆਨਕ ਮਹਾਂਮਾਰੀ ਫੈਲ ਗਈ। ਪੂਨੇ ਦੇ ਖੇਤਰ ਵਿੱਚ ਸੈਂਕੜੇ ਲੋਕ ਪਲੇਗ ਨਾਲ ਮਰ ਰਹੇ ਸਨ। ਸਾਵਿੱਤਰੀ ਬਾਈ ਅਤੇ ਉਹਨਾਂ ਦੇ ਬੇਟੇ ਯਸ਼ਵੰਤ ਨੇ ਮਿਲ ਕੇ ਸ਼ਹਿਰ ਦੇ ਬਾਹਰ ਬਿਮਾਰਾਂ ਦੀ ਮਦਦ ਲਈ ਹਸਪਤਾਲ ਖੋਲਿਆ । ਉਹ ਮਰੀਜਾਂ ਕੋਲ ਜਾਂਦੀ ਅਤੇ ਆਪ ਉਹਨਾਂ ਨੂੰ ਹਸਪਤਾਲ ਲੈ ਕੇ ਆਉਂਦੀ, ਭਾਵੇਂ ਕਿ ਉਹ ਜਾਣਦੀ ਸੀ ਕਿ ਪਲੇਗ ਇੱਕ ਛੂਤ ਦੀ ਬਿਮਾਰੀ ਹੈ। 10 ਮਾਰਚ 1897 ਨੂੰ ਪਲੇਗ ਕਾਰਨ ਸਾਵਿੱਤਰੀ ਬਾਈ ਫੂਲੇ ਦੀ ਮੌਤ ਹੋ ਗਈ।
ਅਕਸ਼ੈ ਕੁਮਾਰ ਖਨੌਰੀ
ਸਰਕਾਰੀ.ਸ.ਸ.ਸਮਾਰਟ ਸਕੂਲ
ਫ਼ੀਲਖ਼ਾਨਾ ਪਟਿਆਲਾ