ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸਮਕਾਲੀ ਹਿੰਦੀ ਕਵਿਤਾ: ਜਯੋਤੀ ਚਾਵਲਾ ਦੀਆਂ ਚਾਰ ਕਵਿਤਾਵਾਂ

ਸਮਕਾਲੀ ਹਿੰਦੀ ਕਵਿਤਾ: ਜਯੋਤੀ ਚਾਵਲਾ ਦੀਆਂ ਚਾਰ ਕਵਿਤਾਵਾਂ

1. ਮੈਟਰੋ ਅਤੇ ਉਹ ਔਰਤ

ਮੈਟਰੋ ਵਿੱਚ ਬੈਠੀ ਹਾਂ ਬੜੀ ਮੁਸ਼ਕਿਲ ਨਾਲ ਮਿਲੀ ਸੀਟ ਤੇ ਨੂੜੀ ਹੋਈ ਹੈ ਮੈਟਰੋ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ
ਜਿਸਮਾਂ ‘ਚੋਂ ਆਉਂਦੀ ਹੈ ਦੁਰਗੰਧ
ਸਾਰੇ ਦਿਨ ਦੀ ਜੱਦੋ- ਜਹਿਦ ਪਿੱਛੋਂ ਘਰ ਮੁੜਨ ਦੇ
ਜੋਸ਼ ਦੀ
ਆਪਣੀ ਬੇਹੱਦ ਸੱਭਿਅ ਅਤੇ ਕੋਸੀ ਆਵਾਜ਼ ਵਿੱਚ
ਐਲਾਨ ਪੜ੍ਹ ਰਹੇ ਹਨ ਇੱਕ ਔਰਤ ਅਤੇ ਮਰਦ
ਅਗਲੇ ਪੜਾਅ ਦੀ
ਬਿਲਕੁਲ ਮੇਰੇ ਸਾਹਮਣੇ ਦੀ ਸੀਟ ਤੇ ਬੈਠੀ ਇੱਕ ਔਰਤ
ਰੋਕ ਲੈਂਦੀ ਹੈ ਆਪਣੇ ਚਿਹਰੇ ਤੇ ਮੇਰੀਆਂ ਅੱਖਾਂ
ਪਲ ਭਰ ਲਈ

ਚੁੱਪ ਬੈਠੀ ਉਹ ਔਰਤ ਜਿਵੇਂ ਅਣਜਾਣ ਹੈ ਪੂਰੇ ਦ੍ਰਿਸ਼ ਤੋਂ
ਅਤੇ ਅੱਖਾਂ ਹਨ ਕਿ ਲਗਾਤਾਰ ਵਗ ਰਹੀਆਂ ਹਨ
ਹੰਝੂ ਵਗਦੇ ਹਨ, ਟਪਕਦੇ ਹਨ ਅਤੇ ਹੌਲੀ ਜਿਹੀ
ਸਰਕ ਜਾਂਦੇ ਹਨ ਉਹਦੀਆਂ ਗੱਲ੍ਹਾਂ ਤੇ
ਚੁੱਪਚਾਪ ਬਿਨਾਂ ਕੋਈ ਆਵਾਜ਼ ਕੀਤਿਆਂ
ਇਉਂ ਜਿਵੇਂ ਵਿਘਨ ਨਾ ਪਏ ਔਰਤ ਦੇ ਇਕਾਂਤ ਵਿੱਚ

ਮੈਂ ਅਣਡਿੱਠ ਕਰਨ ਲੱਗਦੀ ਹਾਂ
ਭੀੜ ਵਿੱਚ ਇਕੱਲੀ ਉਸ ਔਰਤ ਨੂੰ
ਤਾਂ ਕਿ ਮਿਲ ਸਕੇ ਉਹਦਾ ਇਕਾਂਤ ਉਹਨੂੰ
ਅਤੇ ਵਹਿ ਜਾਣ ਸਾਰੇ ਹੰਝੂ ਜਿਨ੍ਹਾਂ ਨੇ
ਵਧਾ ਦਿੱਤਾ ਹੈ ਉਹਦੇ ਜਿਸਮ ਵਿੱਚ ਨਮਕ ਦਾ ਅਨੁਪਾਤ

ਮੈਨੂੰ ਨਹੀਂ ਪਤਾ ਉਹ ਔਰਤ ਕਿੱਥੋਂ ਆਈ ਹੈ
ਨਹੀਂ ਪਤਾ ਇਹ ਵੀ ਕਿ ਜਾਣਾ ਕਿੱਥੇ ਹੈ ਉਹਨੇ
ਉਂਜ ਵੀ ਤਾਂ ਚਲਦੀਆਂ ਹੀ ਜਾ ਰਹੀਆਂ ਨੇ ਔਰਤਾਂ
ਕਿਸੇ ਅਨੰਤ ਯਾਤਰਾ ਤੇ ਵਰ੍ਹਿਆਂ ਤੋਂ
ਬਿਨਾਂ ਕੋਈ ਖੜਕਾ ਕੀਤਿਆਂ

ਇਸ ਪਲ ਮੈਂ ਹਾਂ ਆਪਣੇ ਬਿਸਤਰੇ ਤੇ
ਅਤੇ ਠੰਡੀ ਰਾਤ ਦੇ ਡੇਢ ਵੱਜ ਰਹੇ ਨੇ
ਉਹ ਔਰਤ ਰਾਤ ਦੇ ਸੰਘਣੇ ਹਨੇਰੇ ਨੂੰ ਚੀਰ ਕੇ
ਆ ਗਈ ਹੈ ਮੇਰੇ ਕਮਰੇ ਤੱਕ
ਉਹ ਰੋਈ ਜਾ ਰਹੀ ਹੈ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ
ਅਤੇ ਹੰਝੂ ਹਨ ਕਿ ਘਟ ਹੀ ਨਹੀਂ ਰਹੇ

ਮੈਨੂੰ ਯਾਦ ਆਉਣ ਲੱਗਦੀਆਂ ਹਨ
ਸਮੁੰਦਰ ਦੀਆਂ ਉਹ ਬੇਚੈਨ ਲਹਿਰਾਂ
ਜੋ ਕੰਢਿਆਂ ਤੇ ਆਪਣਾ ਸਿਰ ਮਾਰ- ਮਾਰ ਕੇ
ਮੁੜ ਜਾਂਦੀਆਂ ਨੇ ਵਾਪਸ
ਮੈਨੂੰ ਸਮੁੰਦਰ ਅਤੇ ਉਸ ਔਰਤ ਵਿੱਚ
ਕੋਈ ਡੂੰਘਾ ਰਿਸ਼ਤਾ ਜਿਹਾ ਨਜ਼ਰ ਆਉਣ ਲੱਗਦਾ ਹੈ।

********
2. ਕੰਬ ਰਹੀ ਹੈ ਧਰਤੀ

ਜਿਸ ਵੇਲੇ ਤੁਸੀਂ ਜ਼ਿਕਰ ਕਰ ਰਹੇ ਹੋ
ਦੁਨੀਆਂ ਦੇ ਸਭ ਤੋਂ ਸੁਆਦੀ ਖਾਣੇ ਦਾ
ਉਹ ਲੋਕ ਰੋਟੀ ਦੀ ਭਾਲ ਵਿੱਚ ਚੱਲ ਪਏ ਹਨ
ਤਪਦੀਆਂ ਸੜਕਾਂ ਤੇ
ਆਪਣੇ ਅਦ੍ਰਿਸ਼ ਘਰਾਂ ਵੱਲ
ਜਿਸ ਵੇਲੇ ਸੁਰੱਖਿਆ ਦੇ ਨਾਂ ਤੇ ਤੁਸੀਂ
ਬੰਦ ਹੋ ਆਪਣੇ ਏਅਰਕੰਡੀਸ਼ੰਡ ਘਰਾਂ ਵਿੱਚ
ਉਹ ਸੜਕਾਂ ਦੇ ਕਿਨਾਰੇ ਆਪਣੇ ਹੱਥਾਂ ਦੀ ਓਟ ਵਿੱਚ
ਵੇਖ ਰਹੇ ਹਨ ਅੰਤਹੀਣ ਸੜਕ ਨੂੰ
ਜਿਸ ਵੇਲੇ ਤੁਸੀਂ ਤਿਆਰ ਕਰ ਰਹੇ ਹੋ ਆਪਣੇ ਸਰੀਰ ਨੂੰ
ਕਿਸੇ ਅਦਿੱਖ ਤਾਕਤ ਨਾਲ ਲੜਨ ਲਈ
ਉਹ ਸੜਕ ਤੇ ਨੋਚ ਕੇ ਖਾ ਰਹੇ ਹਨ
ਮਰੇ ਹੋਏ ਜਾਨਵਰਾਂ ਦਾ ਮਾਸ

ਜਿਸ ਵੇਲੇ ਤੁਸੀਂ ਬਹਿਸ ਰਹੇ ਹੋ
ਛੋਟੇ ਛੋਟੇ ਸਵਾਰਥਾਂ ਲਈ
ਠੀਕ ਉਸੇ ਸਮੇਂ ਉਹ ਲੜ ਰਹੇ ਹਨ
ਜੀਵਨ ਅਤੇ ਮੌਤ ਦੀ ਲੜਾਈ
ਜਿਸ ਵੇਲੇ ਤੁਹਾਡੇ ਬੱਚੇ
ਮਸ਼ੀਨਾਂ ਤੋਂ ਸਿੱਖ ਰਹੇ ਨੇ ਇਨਸਾਨ ਹੋਣ ਦਾ ਪਾਠ
ਅਤੇ ਤਿਆਰ ਹੋ ਰਹੇ ਨੇ ਕਿਸੇ ਅੰਨ੍ਹੀ ਪ੍ਰਤੀਯੋਗਤਾ ਲਈ
ਉਹ ਜੂਝ ਰਹੇ ਨੇ ਆਪਣੇ ਬੱਚਿਆਂ ਦੇ ਹਿੱਸੇ ਦੀ ਛਾਂ ਲਈ ਜਿੱਥੇ ਮੀਲਾਂ ਲੰਮੀ ਯਾਤਰਾ ਵਿੱਚ ਲੱਭਿਆ ਜਾ ਸਕੇ ਪੜਾਅ
ਤਾਂ ਕਿ ਬਹਿਲਾ ਸਕਣ ਉਹ ਆਪਣੇ ਮਾਸੂਮ ਬੱਚਿਆਂ ਨੂੰ

ਇਹ ਸਾਰੇ ਦ੍ਰਿਸ਼ ਇਕੱਠੇ ਚੱਲਦੇ ਨੇ ਮੇਰੇ ਮੱਥੇ ਵਿੱਚ
ਅਤੇ ਸਭ ਕੁਝ ਵਿਅਰਥ ਲੱਗਣ ਲੱਗਦਾ ਹੈ
ਇਹ ਸੁਰੱਖਿਆ, ਇਹ ਘਰ ਅਤੇ ਰੁੱਖ ਦੇ ਹਰੇ ਪੱਤੇ
ਆਪਣੀ ਬੇਬਸੀ ਦੇ ਪਲਾਂ ਵਿੱਚ
ਫੇਸਬੁੱਕ ਦੇ ਪੇਜ ਨੂੰ ਸਕਰੋਲ ਕਰਦੀ ਹਾਂ ਮੈਂ ਅਣਮੰਨੀ ਜਿਹੀ ਅਤੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ
ਉਹ ਮਾਸੂਮ ਬੱਚਾ ਆਪਣੀ ਭੁੱਖ ਨਾਲ
ਉਹਦੀਆਂ ਅੱਖਾਂ ਵਿੱਚ ਹੈ
ਕਦੇ ਨਾ ਮੁੱਕਣ ਵਾਲੇ ਸਫਰ ਦੀ ਦਹਿਸ਼ਤ
ਸਕਰੋਲ ਕਰਦੀ ਹਾਂ ਫੇਸਬੁੱਕ, ਵੇਖਦੀ ਹਾਂ ਟੈਲੀਵਿ਼ਜ਼ਨ
ਵੇਖਦੀ ਹਾਂ ਆਕਾਸ਼ ਵੱਲ
ਹਰ ਥਾਂ ਭੁੱਖੀਆਂ ਅੱਖਾਂ ਮੇਰਾ ਪਿੱਛਾ ਕਰਦੀਆਂ ਹਨ
ਜੀਵਨ ਦੇ ਸਾਰੇ ਸੁੱਖਾਂ ਅਤੇ ਸੁੰਦਰਤਾਵਾਂ ਦੇ ਸਾਹਮਣੇ
ਖੜ੍ਹੇ ਹੋ ਜਾਂਦੇ ਨੇ ਤਲੀਆਂ ਤੇ ਨਿਕਲ ਆਏ ਛਾਲੇ
ਮੈਂ ਬੰਦ ਕਰਦੀ ਹਾਂ ਸੂਚਨਾਵਾਂ ਦੇ ਸਾਰੇ ਬੂਹੇ
ਬੰਦ ਕਰਦੀ ਹਾਂ ਆਪਣੀਆਂ ਅੱਖਾਂ
ਬਾਹਰ ਹਨੇਰਾ ਛਾ ਜਾਂਦਾ ਹੈ

ਗੋਦ ਵਿੱਚ ਆਪਣੇ ਨਵਜੰਮੇ ਬੱਚੇ ਨੂੰ ਸੰਭਾਲੀ ਉਹ ਔਰਤ ਪੈਰ ਘੜੀਸਦੀ ਰੱਖ ਰਹੀ ਹੈ ਛੋਟੇ- ਛੋਟੇ ਕਦਮ
ਅਤੇ ਉਹਦੇ ਪੈਰਾਂ ਦੀ ਆਵਾਜ਼ ਨਾਲ
ਵਾਰ- ਵਾਰ ਕੰਬ ਰਹੀ ਹੈ ਧਰਤੀ।

*******
3. ਸਿਰਫ਼ ਇੱਕ ਰੰਗ

ਇਹ ਸਮਾਂ ਇੱਕ ਦ੍ਰਿਸ਼ ਹੈ
ਜਿਸ ਨੂੰ ਬੱਚਿਆਂ ਦੇ ਮਾਸੂਮ ਬੇਸਹਾਰਾ ਚਿਹਰਿਆਂ ਨੇ
ਭਰ ਦਿੱਤਾ ਹੈ
ਇਹ ਸਮਾਂ ਇੱਕ ਦ੍ਰਿਸ਼ ਹੈ
ਜਿਸ ਵਿੱਚ ਟੰਗੀਆਂ ਹਨ ਪਤਾ ਨਹੀਂ ਕਿੰਨੀਆਂ ਬੇਬਸ ਅੱਖਾਂ
ਸਾਡੇ ਵੱਲ ਤੱਕਦੀਆਂ ਹੋਈਆਂ
ਜਿਨ੍ਹਾਂ ਵਿੱਚ ਹੁਣ ਠੀਕ ਤਰ੍ਹਾਂ ਕੋਈ ਸੁਆਲ ਵੀ ਨਹੀਂ ਹੈ
ਇਹ ਸਮਾਂ ਇੱਕ ਕੈਨਵਸ ਹੈ
ਜਿਸ ਵਿੱਚ ਪਤਾ ਨਹੀਂ ਕਿੰਨੇ ਦ੍ਰਿਸ਼ਾਂ ਦੇ ਬਾਵਜੂਦ
ਵਿਖਾਈ ਦਿੰਦਾ ਹੈ ਸਿਰਫ਼ ਇੱਕ ਰੰਗ
ਰੰਗਾਂ ਦੀ ਦੁਨੀਆਂ ਵਿੱਚ ਉੱਭਰੇ ਇਸ ਨਵੇਂ ਰੰਗ ਨੇ
ਘੇਰ ਲਈ ਹੈ
ਸਾਰੇ ਰੰਗਾਂ ਦੀ ਥਾਂ ਅਤੇ ਉਹ ਅਰਾਜਕ ਹੋ ਗਿਆ ਹੈ
ਮੈਂ ਪੁੱਛਦੀ ਹਾਂ ਕਲਾਕਾਰਾਂ ਨੂੰ, ਚਿੱਤਰਕਾਰਾਂ ਨੂੰ
ਕੀ ਨਾਂ ਦਿਓਗੇ ਉਸ ਰੰਗ ਨੂੰ
ਜਿਸ ਵਿੱਚ ਮਜ਼ਲੂਮ ਲੋਕਾਂ ਦੀ ਬੇਬਸੀ ਹੋਵੇ
ਬੱਚਿਆਂ ਦਾ ਰੋਣ ਹੋਵੇ
ਸੜਕ ਤੇ ਜਨਮ ਦਿੰਦੀ
ਅਤੇ ਅਗਲੇ ਹੀ ਪਲ ਉਹਨੂੰ ਬਾਹਾਂ ਵਿੱਚ ਸੰਭਾਲੀ
ਤੁਰ ਪੈਂਦੀ ਉਸ ਮਾਂ ਦੀ ਬੇਬਸੀ ਨੂੰ
ਕਿਸ ਰੰਗ ਨਾਲ ਉੱਕਰਿਆ ਜਾ ਸਕਦੈ ਭਲਾ
ਕਿਵੇਂ ਉੱਕਰਿਆ ਜਾ ਸਕਦਾ ਹੈ ਉਸ ਚਿੱਤਰ ਨੂੰ
ਜਿਸ ਵਿੱਚ ਇੱਕ ਦਸ ਮਹੀਨੇ ਦਾ ਮਾਸੂਮ ਬੱਚਾ
ਆਪਣੀ ਮਾਂ ਦੀ ਲਾਸ਼ ਨੂੰ ਝੰਜੋੜ ਰਿਹਾ ਹੈ
ਕਿਵੇਂ ਬਣੇਗਾ ਉਹ ਰੰਗ
ਜਿਸ ਵਿੱਚ ਇਕੱਠਿਆਂ
ਉੱਚੀ ਹਾਸੇ ਅਤੇ ਚੀਕ- ਪੁਕਾਰ
ਦੋਹਾਂ ਨੂੰ ਉੱਕਰਿਆ ਜਾ ਸਕੇ
ਇਹ ਇੱਕ ਬੇਹੱਦ ਅਰਾਜਕ ਦ੍ਰਿਸ਼ ਹੈ
ਜੀਹਨੂੰ ਉਕਰਿਆ ਨਹੀਂ ਜਾ ਸਕਦਾ ਸ਼ਬਦਾਂ ਵਿੱਚ ਵੀ
ਭਾਸ਼ਾਵਾਂ ਸਿਸਕ ਰਹੀਆਂ ਹਨ ਆਪਣੀ ਲਾਚਾਰੀ ਤੇ
ਆਪਣੇ ਨਿਰਮਾਣ ਦੀ ਪੂਰੀ ਪ੍ਰਕਿਰਿਆ ਵਿੱਚ
ਮਸਤ ਰਹੀਆਂ ਨੇ ਉਹ
ਕਿ ਉਨ੍ਹਾਂ ਕੋਲ ਹੈ ਇੱਕ ਗੌਰਵਸ਼ਾਲੀ ਇਤਿਹਾਸ
ਮਨੁੱਖ ਨੂੰ ਸ਼ਬਦਾਂ ਵਿੱਚ ਉਕਰਨ ਦਾ
ਜਿਸ ਵੇਲੇ ਬੇਸਹਾਰਾ ਹੋ ਕੇ ਰਹਿ ਜਾਣ
ਰੰਗ, ਕਲਾਵਾਂ ਅਤੇ ਭਾਸ਼ਾਵਾਂ
ਉਸ ਨੂੰ ਲੋਕਤੰਤਰ ਤਾਂ ਨਹੀਂ ਕਿਹਾ ਜਾ ਸਕਦਾ।

*******

4. ਮੇਰੀ ਦੁਨੀਆਂ ਦੇ ਬੱਚੇ

ਜਿਸ ਵੇਲ਼ੇ ਆਪਣੇ ਬੱਚੇ ਨੂੰ ਨਾਲ਼ ਸੁਲਾਇਆ ਹੋਇਆ ਹੈ ਮੈਂ ਅਤੇ ਮੁਸਕਰਾ ਰਿਹਾ ਹੈ ਉਹ ਸੁਪਨਿਆਂ ਦੀ ਖੂਬਸੂਰਤ ਦੁਨੀਆਂ ਵਿੱਚ
ਬਿਲਕੁਲ ਉਸੇ ਵੇਲ਼ੇ ਸਹਿਮੇ ਹੋਏ ਨੇ ਬੱਚੇ
ਆਪਣੀ ਮਾਂ ਦੀ ਛਾਤੀ ਵਿੱਚ ਵਾੜ ਕੇ ਸਿਰ
ਗਲ਼ੀ ਵਿੱਚ ਗੂੰਜ ਰਹੇ ਬੂਟਾਂ ਦੀ ਆਵਾਜ਼ ਨਾਲ਼

ਜਿਸ ਵੇਲ਼ੇ ਮੈਂ ਸੁਣਾ ਰਹੀ ਹੁੰਦੀ ਹਾਂ ਕਹਾਣੀਆਂ ਆਪਣੇ ਬੱਚਿਆਂ ਨੂੰ
ਅਤੇ ਤ੍ਰਭਕੀਆਂ ਅੱਖਾਂ ਨਾਲ਼ ਉਹ ਡੁੱਬ ਰਹੇ ਹੁੰਦੇ ਨੇ
ਆਪਣੀ ਮਾਸੂਮੀਅਤ ਦੇ ਸਮੁੰਦਰ ਵਿੱਚ
ਉਸ ਵੇਲ਼ੇ ਉਹ ਬੱਚੇ ਸਮੇਂ ਤੋਂ ਪਹਿਲਾਂ ਹੋ ਰਹੇ ਹੁੰਦੇ ਹਨ ਵੱਡੇ

ਜਿਸ ਵੇਲ਼ੇ ਮੈਂ ਡਾਂਟ ਰਹੀ ਹੁੰਦੀ ਹਾਂ ਉਨ੍ਹਾਂ ਨੂੰ
ਤੇਜ਼ ਧੁੱਪ ਜਾਂ ਬਾਰਿਸ਼ ਵਿੱਚ ਖੇਡਣ ਤੋਂ
ਉਨ੍ਹਾਂ ਨੂੰ ਝਿੜਕ ਰਹੀ ਹੁੰਦੀ ਹਾਂ
ਨਿੱਕੀ ਜਿਹੀ ਸ਼ਰਾਰਤ ਕਰਨ ਤੋਂ
ਬਿਲਕੁਲ ਉਸੇ ਵੇਲੇ ਦੂਰ ਬੈਠੇ ਉਹ ਬੱਚੇ
ਆਪਣੀਆਂ ਖਿੜਕੀਆਂ ਤੇ ਡਿੱਗੇ ਪਰਦਿਆਂ ਤੋਂ
ਝਾਕ ਰਹੀ ਝੀਥਾਂ ‘ਚੋਂ ਆਉਂਦੀ ਰੌਸ਼ਨੀ ਤੋਂ
ਵੇਖ ਰਹੇ ਹੁੰਦੇ ਨੇ ਪਤਾ ਨਹੀਂ ਕਿੰਨੀਆਂ ਉਮੀਦਾਂ ਨਾਲ

ਆਪਣੇ ਬੱਚਿਆਂ ਨੂੰ ਜਦੋਂ ਅਸੀਂ ਸਿਖਾ ਰਹੇ ਹੁੰਦੇ ਹਾਂ
ਗਲਤ ਅਤੇ ਸਹੀ ਦਾ ਠੀਕ- ਠੀਕ ਫਰਕ
ਉਹ ਬੱਚੇ ਗਲਤ ਨੂੰ ਪ੍ਰਵਾਨ ਕਰ ਲੈਣ ਲਈ
ਕੀਤੇ ਜਾ ਰਹੇ ਹੁੰਦੇ ਨੇ ਸਿੱਖਿਅਤ

ਇਹ ਕੈਸਾ ਨਿਆਂ ਹੈ ਕਿ
ਧਰਤੀ ਦੇ ਇਕ ਕੋਨੇ ਤੇ ਵੱਸਣ ਵਾਲੇ ਇਹ ਬੱਚੇ
ਕਿੰਨੀ ਅਲੱਗ ਹਨ ਸਾਡੀ ਨਿਯਮਾਵਲੀ ਵਿੱਚ

ਬਾਰਿਸ਼ ਤੋਂ ਪਿੱਛੋਂ ਨਿਕਲੀ ਧੁੱਪ ਵਿੱਚ
ਸਤਰੰਗੀ ਪੀਂਘ ਫੜਨ ਲਈ ਦੌੜਦੇ ਬੱਚਿਆਂ ਨੂੰ ਨਹੀਂ ਪਤਾ
ਕਿ ਇਸੇ ਧਰਤੀ ਤੇ ਅਜਿਹੇ ਬੱਚੇ ਵੀ ਹਨ ਜਿਨ੍ਹਾਂ ਨੇ
ਚੰਗੀ ਤਰ੍ਹਾਂ ਵੇਖਿਆ ਤੱਕ ਨਹੀਂ
ਸੱਤ ਰੰਗਾਂ ਨੂੰ ਖੁੱਲ੍ਹੀਆਂ ਅੱਖਾਂ ਨਾਲ

ਇਹ ਬੱਚੇ ਡੂੰਘੀ ਨੀਂਦ ਵਿੱਚ ਖੇਡ ਰਹੇ ਹੁੰਦੇ ਨੇ ਫੜਨ- ਫੜਾਈ ਅਤੇ ਘੇਰ ਲਏ ਜਾਂਦੇ ਨੇ ਬੰਦੂਕਾਂ ਨਾਲ
ਡਰ ਕੇ ਜਦੋਂ ਚੀਕ ਉਠਦੇ ਨੇ ਉਹ ਨੀਂਦ ‘ਚੋਂ
ਇਨ੍ਹਾਂ ਦੀ ਮਾਂ ਨੱਪ ਦਿੰਦੀ ਹੈ ਮੂੰਹ
ਕਿ ਆਵਾਜ਼ ਬਾਹਰ ਨਾ ਜਾ ਸਕੇ ਝੀਥਾਂ ਵਿੱਚੋਂ ਵੀ
ਨਹੀਂ ਤਾਂ ਰਾਤ ਦੇ ਸੰਨਾਟੇ ਨੂੰ ਚੀਰ ਕੇ ਆ ਰਹੀ
ਬੂਟਾਂ ਦੀ ਆਵਾਜ਼ ਘਰ ਦੇ ਬੂਹੇ ਤੱਕ ਆ ਪਹੁੰਚੇਗੀ
ਖੜਕਾ ਦਿੱਤੇ ਜਾਣਗੇ ਬੂਹੇ ਬੰਦੂਕ ਦੇ ਹੱਥਿਆਂ ਨਾਲ
ਉੱਠ ਬੈਠਣਗੇ ਉਹ ਸੁੱਤੇ ਹੋਏ ਬੱਚੇ ਕੱਚੀ ਨੀਂਦ ਤੋਂ
ਜੋ ਨੀਂਦ ਵਿੱਚ ਹੀ ਸਹੀ
ਜ਼ਰਾ ਬਿਹਤਰ ਦੁਨੀਆਂ ਦਾ ਸੁਪਨਾ ਵੇਖ ਰਹੇ ਨੇ!

*******

ਮੂਲ: ਜਯੋਤੀ ਚਾਵਲਾ
ਸਕੂਲ ਆਫ਼ ਟ੍ਰਾਂਸਲੇਸ਼ਨ ਸਟੱਡੀਜ਼ ਐਂਡ ਟ੍ਰੇਨਿੰਗ
15- ਸੀ, ਨਿਊ ਅਕੈਡਮਿਕ ਬਿਲਡਿੰਗ
ਇਗਨੂੰ, ਮੈਦਾਨਗੜੀ, ਨਵੀਂ ਦਿੱਲੀ – 110068.

ਅਨੁ: ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ
ਤਲਵੰਡੀ ਸਾਬੋ ਬਠਿੰਡਾ
9417692015

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: