ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jul 13th, 2020

ਸਭ ਤੋਂ ਵੱਡੇ ਡਾਇਨਾਸੋਰ ਵਾਲਾ ਸ਼ਹਿਰ ਡਰੱਮ ਹੈਲਰ

ਸਭ ਤੋਂ ਵੱਡੇ ਡਾਇਨਾਸੋਰ ਵਾਲਾ ਸ਼ਹਿਰ ਡਰੱਮ ਹੈਲਰ

ਕੈਨੇਡਾ ਦਾ ਖ਼ੂਬਸੂਰਤ ਸਹੂਲਤਾਂ ਵਾਲਾ ਅਤੇ ਲਘੂ ਪਹਾੜੀਆਂ ਵਾਲਾ, ਕੁਦਰਤ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਮਾਲਾ-ਮਾਲ ਹੋਇਆ ਸ਼ਹਿਰ ਹੈ ਡਰੱਮ ਹੈਲਰ। ਇਸ ਸ਼ਹਿਰ ਵਿਖੇ ਦੁਨੀਆ ਦਾ ਸਭ ਤੋਂ ਵੱਡਾ ਡਾਇਨਾਸੋਰ ਹੈ। ਇਹ ਸਥਾਨ ਖ਼ਾਸ ਕਰ ਕੇ ਬੱਚਿਆਂ ਦੇ ਖਿੱਚ ਦਾ ਕੇਂਦਰ ਹੈ। ਬੱਚੇ ਇੱਥੇ ਆਣ ਕੇ ਸਮੋਹਿਤ ਹੋ ਜਾਂਦੇ ਹਨ। ਡਰੱਮ ਹੈਲਰ ਸ਼ਹਿਰ ਜਾਣ ਲਈ ਕੈਨੇਡਾ ਦੇ ਸ਼ਹਿਰ ਐਡਮਿੰਟਨ, ਹੈੱਡ ਡੀਅਰ, ਕੈਲਗਰੀ ਤੋਂ ਅਸਾਨੀ ਨਾਲ ਲਾਈਕਾਰ, ਟੈਕਸੀ, ਟ੍ਰੇਨ ਜਾਂ ਬਾਈ ਏਅਰ ਜਾਇਆ ਜਾ ਸਕਦਾ ਹੈ।

ਇਸ ਸ਼ਹਿਰ ਦਾ ਨਿਰਮਾਣ ਆਧੁਨਿਕ, ਵਿਗਿਆਨਕ ਸ਼ੈਲੀ, ਸ਼ਿਲਪ ਅਤੇ ਪ੍ਰਾਚੀਨ ਪਿੱਠੂ ਭੂਮੀ ਦੇ ਮੁਤਾਬਕ ਤਿਆਰ ਕੀਤਾ ਗਿਆ ਹੈ। ਇਹ ਸ਼ਹਿਰ ਜਿੱਥੇ ਅਨੇਕ ਸਿਰਜਣਸ਼ੀਲ ਕਿਰਿਆਵਾਂ ਕਰਕੇ ਪ੍ਰਸਿੱਧ ਹੈ, ਉੱਥੇ ਇਹ ਡਾਇਨਾਸੋਰ ਕਰਕੇ ਵਿਸ਼ਵ-ਪ੍ਰਸਿੱਧ ਹੈ। ਇਸ ਸ਼ਹਿਰ ਦੇ ਹਰ ਚੌਕ ਵਿਚ ਤੁਹਾਨੂੰ ਡਾਇਨਾਸੋਰ ਦਾ ਸਟੈਚੂ ਮਿਲੇਗਾ। ਇੱਥੇ ਕਈ ਸੌ ਡਾਇਨਾਸੋਰ ਦੇ ਸਟੈਚੂ ਮੌਜੂਦ ਹਨ।

ਦੁਨੀਆ ‘ਚੋਂ ਸਭ ਤੋਂ ਵੱਡਾ ਡਾਇਨਾਸੋਰ ਸਟੈਚੂ ਇਕ ਉੱਚੀ ਗੁਫ਼ਾ ਵਾਂਗ ਬਣਾਇਆ ਗਿਆ ਹੈ। ਬਾਹਰੋਂ ਇਕ ਵੱਡਾ ਡਾਇਨਾਸੋਰ ਨਜ਼ਰ ਆਉਂਦਾ ਹੈ ਪਰ ਇਸ ਦੇ ਅੰਦਰ ਮੂੰਹ ਤਕ ਰੰਗਦਾਰ ਗੁਫ਼ਾ ਨੁਮਾ ਪੌੜੀਆਂ ਹਨ ਜੋ ਉਸ ਦੇ ਮੂੰਹ ਤਕ ਜਾਂਦੀਆਂ ਹਨ। ਇਸ ਡਾਇਨਾਸੋਰ ਵਿਚ ਲਗਪਗ 106 ਪੌੜੀਆਂ ਹਨ। ਜੋ ਪੈਰਾਂ ਤੋਂ ਲੈ ਕੇ ਮੂੰਹ ਦੇ ਫੈਲਾਓ ਤਕ ਅੰਦਰੋ ਅੰਦਰੀ ਜਾਂਦੀਆਂ ਹਨ। ਡਾਇਨਾਸੋਰ ਦਾ ਇਹ ਸਟੈਚੂ ਪੈਰਾਂ ਉੱਪਰ ਖੜ੍ਹਾ ਅਸਮਾਨ ਦੀ ਦਿਸ਼ਾ ਵੱਲ ਸਥਿਰ ਹੈ। ਇਸ ਦਾ ਅੰਦਰਲਾ ਭਾਗ ਇਸ ਦੇ ਜਿਸਮ ਦੇ ਰੰਗਾਂ ਨਾਲ ਮੇਲ ਖਾਂਦਾ ਬਣਾਇਆ ਗਿਆ ਹੈ। ਮਾਸ ਦੇ ਰੰਗ ਵਰਗਾ ਅੰਦਰਲਾ ਭਾਗ ਹੈ। ਪੌੜੀਆਂ ਵੀ ਮਾਸ ਦੇ ਰੰਗ ਵਰਗੀਆਂ ਹਨ। ਤੁਸੀਂ ਮਹਿਸੂਸ ਕਰੋਗੇ ਕਿ ਜਿਉਂਦੇ ਡਾਇਨਾਸੋਰ ਵਿੱਚੋਂ ਲੰਘ ਰਹੇ ਹਾਂ। ਡਾਇਨਾਸੋਰ ਦੇ ਅੰਦਰਲੇ ਭਾਗ ਵਿਚ ਉਸ ਦੀਆਂ ਮਾਸਪੇਸ਼ੀਆਂ, ਧਮਣੀਆਂ, ਸਿਰਾਵਾਂ, ਚਰਬੀ ਆਦਿ ਦੇ ਰੰਗ ਰੂਪ, ਸ਼ੈਲੀ, ਸ਼ਿਲਪ ਵਾਂਗ ਬਣਾਈਆਂ ਗਈਆਂ ਹਨ।

ਡਾਇਨਾਸੋਰ ਦੇ ਮੂੰਹ ਤਕ ਜਾਣ ਲਈ 106 ਪੌੜੀਆਂ ਦੇ ਰਸਤੇ ਵਿਚ ਕੁਝ-ਕੁਝ ਦੂਰੀ ਉੱਪਰ ‘ਠਹਿਰਨ ਸਥਾਨ’ ਬਣਾਏ ਹੋਏ ਹਨ, ਜਿੱਥੇ ਤੁਸੀਂ ਰੁਕ ਸਕਦੇ ਹੋ ਜਾਂ ਬੈਂਚ ਉੱਪਰ ਬੈਠ ਸਕਦੇ। ਜਿਵੇਂ ਡਾਇਨਾਸੋਰ ਦੇ ਪੇਟ ਵਿਚ ਕੋਈ ਰਸਤਾ (ਸੜਕ) ਜਾ ਰਹੀ ਹੋਵੇ। ਇਸ ਦਾ ਅੰਦਰਲਾ ਭਾਗ ਉਤਾਰ-ਚੜ੍ਹਾਅ ਵਾਲਾ ਅਤੇ ਵਿਗਿਆਨਕ ਕਲਾਕਾਰੀ ਦਾ ਨਾਯਾਬ ਨਮੂਨਾ ਹੈ। ਦੁਰਲੱਭ ਅਤੇ ਸ੍ਰੇਸ਼ਟਤਾ ਦਾ ਅਨੂਠਾ ਤਲਿੱਸਮ ਹੈ।

ਇਸ ਦੀਆਂ ਪੌੜੀਆਂ ਚੜ੍ਹਕੇ ਇਸ ਦੇ ਖੁੱਲ੍ਹੇ ਮੂੰਹ ਤਕ ਜਦ ਜਾਉਗੇ ਤਾਂ ਉਸ ਦੇ ਮੂੰਹ ਦਾ ਆਕਾਰ ਇਕ ਵੱਡੇ ਕਮਰੇ ਜਿਨ੍ਹਾਂ ਖੁੱਲ੍ਹਾ ਹੈ। ਜਿਸ ‘ਚੋਂ ਖਲੋ ਕੇ ਤੁਸੀਂ ਕਈ ਮੀਲ ਦੂਰ ਦੇ ਸੁੰਦਰ ਦ੍ਰਿਸ਼ ਨਜ਼ਾਰੇ ਵੇਖ ਸਕਦੇ ਹੋ। ਇਸ ਦੇ ਮੂੰਹ ਵਿਚ ਕਈ ਵਿਅਕਤੀ ਖਲੋ ਸਕਦੇ ਹਨ। ਇਸ ਦੇ ਮੂੰਹ ਵਿਚ ਜਾਲੀਨੁਮਾ ਇਕ ਜੰਗਲਾ ਬਣਾਇਆ ਹੋਇਆ ਹੈ ਜਿਸ ਵਿਚ ਤੁਸੀਂ ਸੁਰੱਖਿਅਤ ਖਲੋ ਕੇ ਦੂਰ-ਦੂਰ ਦੇ ਅਨੇਕਾਂ ਹੀ ਸੁੰਦਰ ਦ੍ਰਿਸ਼ ਆਪਣੇ ਕੈਮਰੇ ਵਿਚ ਅਤੇ ਅੱਖਾਂ ਵਿਚ ਸਦਾ ਲਈ ਕੈਦ ਕਰ ਸਕਦੇ ਹੋ। ਡਾਇਨਾਸੋਰ ਦੇ ਸਭ ਤੋਂ ਪਹਿਲਾਂ ਇਸ ਇਲਾਕੇ ਵਿਚ ਹੀ ਸਰੀਰਕ ਚਿੰਨ੍ਹ ਮਿਲਦੇ ਸਨ । ਜਬਾੜੇ ਅਤੇ ਹੱਡੀਆਂ ਦੇ ਚਿੰਨ੍ਹਾਂ ਨੂੰ ਇਕ ਵੱਡੇ ਅਜਾਇਬ ਘਰ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ। ਜਿੱਥੇ ਲੋਕ ਇਨ੍ਹਾਂ ਨੂੰ ਉਤਸ਼ਾਹ ਨਾਲ ਵੇਖਣਾ ਆਉਂਦੇ ਹਨ।

ਡਰੱਮ ਹੈਲਰ ਨੂੰ ‘ਡਾਇਨਾਸੋਰ ਕੈਪੀਟਲ’ ਵੀ ਕਹਿੰਦੇ ਹਨ। ਲੱਖਾਂ ਸਾਲ ਪਹਿਲਾਂ ਇਹ ਇਲਾਕਾ ਜਾਣਿਆ-ਪਛਾਣਿਆ ਇਲਾਕਾ ਸੀ ਕਿਉਂਕਿ ਇੱਥੇ ਤਰ੍ਹਾਂ-ਤਰ੍ਹਾਂ, ਵੱਖ-ਵੱਖ ਸ਼੍ਰੇਣੀਆਂ ਜਾਤੀਆਂ ਦੇ ਪੌਦੇ ਪਾਏ ਜਾਂਦੇ ਹਨ। ਜਿੱਥੇ ਡਾਇਨਾਸੋਰ ਰਹਿਣਾ ਪਸੰਦ ਕਰਦੇ ਸਨ ਅਤੇ ਉਹ ਇਸ ਇਲਾਕੇ ਦੇ ਜਲਵਾਯੂ, ਵਾਤਾਵਰਨ ਵਿਚ ਖ਼ੁਸ਼ ਰਹਿੰਦੇ ਸਨ। ਹਾਲਾਤ ਤੇ ਸਮੇਂ ਦੀ ਕਰਵਟ ਨਾਲ ਇਨ੍ਹਾਂ ਜਾਨਵਰਾਂ (ਡਾਇਨਾਸੋਰ) ਦੀ ਨਸਲ ਖ਼ਤਮ ਹੁੰਦੀ ਚਲੀ ਗਈ ਤੇ ਇਸ ਇਲਾਕੇ ਵਲ ਕੇਵਲ ਉਨ੍ਹਾਂ ਦੇ ਸਰੀਰ ਦੇ ਪਿੰਜਰ ਹੀ ਰਹਿ ਗਏ।

ਵਿਗਿਆਨਕ ਖੋਜ ਨਾਲ ਪਤਾ ਲੱਗਾ ਕਿ ਇਸ ਇਲਾਕੇ ਵਲ ਡਾਇਨਾਸੋਰ ਜਾਤੀ ਦੇ ਜਾਨਵਰ ਰਹਿੰਦੇ ਸਨ। ਲਗਪਗ 1880 ਦੇ ਲਾਗੇ-ਚਾਗੇ ਇਨ੍ਹਾਂ ਦੀ ਹੋਂਦ ਦਾ ਪਤਾ ਲੱਗਾ ਤੇ ਸਿਰਫ਼ ਪਿੰਜਰ ਚਿੰਨ੍ਹ ਹੀ ਮਿਲੇ। ਸਭ ਤੋਂ ਪਹਿਲਾ ‘ਟਾਇਰਲ’ ਨਾਂਅ ਦਾ ਵਿਅਕਤੀ ਇਸ ਇਲਾਕੇ ਵੱਲ ਆਇਆ। ਉਸ ਨੂੰ ਗਿਆਨ ਹੋਇਆ ਕਿ ਇਸ ਇਲਾਕੇ ਵਿਚ ਡਾਇਨਾਸੋਰ ਰਹਿੰਦੇ ਰਹੇ ਹਨ। ਅੰਦਾਜ਼ਾ ਹੈ ਕਿ ਲਗਪਗ 11 ਹਜ਼ਾਰ ਸਾਲ ਪਹਿਲਾਂ ਇਸ ਇਲਾਕੇ ਵੱਲ ਡਾਇਨਾਸੋਰ ਮੌਜੂਦ ਸਨ। ਇਸ ਇਲਾਕੇ ਵੱਲ ਤੇਲ ਅਤੇ ਕੋਇਲੇ ਦੀਆਂ ਖਾਨਾਂ ਦੇ ਭੰਡਾਰ ਵੀ ਮੌਜੂਦ ਸਨ। ਇਸ ਇਲਾਕੇ ਨੂੰ ਅਲਬਰਟਾ ਸੋਰੂ ਨਾਂ ਨਾਲ ਵੀ ਪ੍ਰਸਿੱਧੀ ਮਿਲੀ। ਏਧਰ ‘ਰੈਡ ਡੀਅਰ ਰਿਵਰ ਵੈਲੀ’ ਦੇ ਨਜ਼ਦੀਕ ਬਰਫ਼ ਦੇ ਵੱਡੇ-ਵੱਡੇ ਗਲੇਸ਼ੀਅਰ ਦੀ ਤਦਾਦ ਬਹੁਤ ਜ਼ਿਆਦਾ ਸੀ ਜਿਨ੍ਹਾਂ ਦੇ ਧਿਆਨ ਨਾਲ ਦੂਰ-ਦੂਰ ਤਕ ਅਨੇਕਾਂ ਹੀ ਵਾਦੀਆਂ ਦੀ ਹੋਂਦ ਪੈਦਾ ਹੋਈ। ਇਸ ਇਲਾਕੇ ਵੱਲ ਘੁੰਮਣ ਫਿਰਨ ਆਏ ਲੋਕਾਂ ਨੇ ਡਾਇਨਾਸੋਰ ਦੇ ਚਿੰਨ੍ਹ ਵੇਖੇ ਸਨ। ਜਿਸ ਤੋਂ ਖੋਜ ਸੰਭਵ ਹੋਈ।

ਕੈਲਗਰੀ ਸ਼ਹਿਰ ਤੋਂ ਡਰੱਮ ਹੈਲਰ ਨੂੰ 1913 ਦੇ ਕਰੀਬ ਰੇਲਵੇ ਸਫ਼ਰ ਸ਼ੁਰੂ ਹੋਇਆ ਅਤੇ ਹੌਲੀ-ਹੌਲੀ ਧੰਦਾ ਯੁਕਤ ਲੋਕ ਇਸ ਇਲਾਕੇ ਵੱਲ ਵਸਦੇ ਗਏ। ਜਿਨ੍ਹਾਂ ਲੋਕਾਂ ਨੂੰ ਵੀ ਇਹ ਇਲਾਕਾ ਚੰਗਾ ਲੱਗਾ ਇੱਥੇ ਵਸਦੇ ਗਏ। ਲਗਪਗ 1911 ਦੇ ਕਰੀਬ ਕੋਇਲੇ ਦੇ ਸ਼ਿੱਪ ਲੋਡ ਹੁੰਦੇ ਰਹੇ ਅਤੇ ਕੈਨੇਡਾ ਵਿਚ ਜਾਂਦੇ ਰਹੇ। ਇਹ ਵੀ ਇਕ ਅਦਭੁਤ ਘਟਨਾ ਹੈ ਜਾਂ ਵਾਕਿਆ ਹੈ ਕਿ ‘ਡਰੱਮ ਹੈਲਰ’ ਸ਼ਹਿਰ ਦਾ ਨਾਂ ਕਿੱਥੋਂ, ਕਦੋਂ ਤੇ ਕਿਵੇਂ ਬਣਿਆ? ਇਸ ਇਲਾਕੇ ਵੱਲ ‘ਸੈਮੁਅਲ ਡਰੱਮ ਹੈਲਰ’ ਨਾਂ ਦੇ ਇਕ ਵਿਅਕਤੀ ਨੇ ਜ਼ਮੀਨ ਖ਼ਰੀਦੀ, ਉਸ ਨੇ ਇਹ ਜ਼ਮੀਨ ਨੈਸ਼ਨਲ ਰੇਲਵੇ ਨੂੰ ਵੇਚ ਦਿੱਤੀ ਨਵਾਂ ਸ਼ਹਿਰ ਬਣਾਉਣ ਲਈ।

ਸੈਮੂਅਲ ਡਰੱਮ ਹੈਲਰ ਅਤੇ ਇਕ ਹੋਰ ਵਿਅਕਤੀ ਨੇ ਆਪਣੇ ਨਾਵਾਂ ਦਾ ਸਿੱਕੇ ਨਾਲ ਟਾਸ ਪਾਇਆ ਕਿ ਜਿਸ ਦਾ ਨਾਂ ਟਾਸ ਵਿਚ ਸਹੀ ਆਵੇਗਾ ਉਸ ਦੇ ਨਾਂ ਉੱਪਰ ਇਸ ਇਲਾਕੇ ਦਾ ਨਾਮ ਹੋਵੇਗਾ। ਸਿੱਕੇ ਦੇ ਟਾਸ ਦਾ ਨਤੀਜਾ ਇਹ ਨਿਕਲਿਆ ਕਿ ਸੈਮੁਅਲ ਡਰੱਮ ਹੈਲਰ ਟਾਸ ਜਿੱਤ ਗਿਆ ਅਤੇ ਉਸ ਦੇ ਨਾਂ ਉੱਪਰ ਇਸ ਇਲਾਕੇ ਦਾ ਨਾਮ ‘ਡਰੱਮ ਹੈਲਰ’ ਰੱਖ ਦਿੱਤਾ ਗਿਆ। ਇਸ ਇਲਾਕੇ ਵਲ 1911-1979 ਦੇ ਸਮੇਂ ਦੌਰਾਨ ਲਗਪਗ 139 ਕੋਇਲੇ ਦੀਆਂ ਖਾਨਾਂ ਰਜਿਸਟਰ ਹੋਈਆਂ ਅਤੇ ਲਗਪਗ 56 ਲੱਖ ਟਨ ਕੋਇਲਾ ਸ਼ਿੱਪ ਦੇ ਜ਼ਰੀਏ ਕੈਨੇਡਾ ਦੇ ਸ਼ਹਿਰਾਂ ਨੂੰ ਭੇਜਿਆ। ਕੋਇਲੇ ਦੀਆਂ ਖਾਨਾਂ ਵਿਚ ਨੌਕਰੀ ਕਰਨਾ ਇਕ ਖ਼ਤਰਨਾਕ ਧੰਦਾ ਸੀ। ਇਨ੍ਹਾਂ ਕੋਇਲੇ ਦੀਆਂ ਖਾਨਾਂ ਵਿਚ ਅਨੇਕਾਂ ਹੀ ਕਾਮਿਆਂ ਦੀਆਂ ਜਾਨਾਂ ਗਈਆਂ। ਜਿਨ੍ਹਾਂ ਕਾਮਿਆਂ ਦੀਆਂ ਮੌਤਾਂ ਕੋਇਲੇ ਦੀਆਂ ਖਾਨਾਂ ਕਰਕੇ ਹੋਈਆਂ ਉਨ੍ਹਾਂ ਦੀ ਯਾਦ ਵਿੱਚ 224, ਸੈਂਟਰਲ ਸਟਰੀਟ ਵਿਖੇ ਇੱਕ ਯਾਦਗਾਰ ਸਥਾਪਤ ਕਰ ਦਿੱਤੀ ਗਈ ਜੋ ‘ਐਟਲਸ ਡਰੱਗ ਹੈਲਰ ਦੀ ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਕੋਲ ਮਾਈਨ ਨੈਸ਼ਨਲ ਹਿਸਟੋਰੀਕਲ ਸਾਈਟ’ ਨਾਲ ਪ੍ਰਸਿੱਧ ਹੈ। 1979 ਵਿੱਚ ਇਹ ਆਖਰੀ ਕੋਇਲੇ ਦੀ ਖਾਨ ਸੀ। ਇਸ ਸਥਾਨ ਨੂੰ ਵੇਖਣ ਲਈ ਹਜ਼ਾਰਾਂ ਲੋਕ ਹੀ ਆਉਂਦੇ ਹਨ। ਅਜਕਲ ਇਹ ਇਲਾਕਾ ਡਾਇਨਾਸੋਰ ਦੀ ਵਿਸ਼ਵ ਪ੍ਰਸਿੱਧੀ ਲਈ ਅਤੇ ਖੇਤੀਬਾੜੀ (ਖੇਤੀ ਧੰਦੇ) ਦੇ ਉਦਯੋਗ ਦਾ ਸਭ ਤੋਂ ਵੱਡਾ ਕੇਂਦਰ ਹੈ। ਤੇਲ ਤੇ ਗੈਸ ਦੇ ਭੰਡਾਰ ਤੋਂ ਇਲਾਕਾ ਖੇਤੀ ਉੁਦਯੋਗ ਦਾ ਵੱਡਾ ਕੇਂਦਰ ਹੈ। ਅਨੇਕਾਂ ਹੀ ਲੋਕ ਇਸ ਇਲਾਕੇ ਵਿੱਚ ਇਨ੍ਹਾਂ ਭੰਡਾਰਾਂ ਕਰਕੇ ਨੌਕਰੀਆਂ ਕਰਦੇ ਹਨ।

ਅੱਜਕੱਲ੍ਹ ਇਹ ਟੂਰਿਜ਼ਮ ਵਾਲਾ ਅਤੇ ਹਜ਼ਾਰਾਂ ਲੋਕਾਂ ਦੇ ਮਨੋਰੰਜਨ ਦਾ ਸਥਾਨ ਬਣ ਗਿਆ ਹੈ। ਇਸ ਸ਼ਹਿਰ ਵਿਚ ਬਹੁਤ ਵੱਡਾ ਵਿਸ਼ਵ ਪ੍ਰਸਿੱਧ ਡਾਇਨਾਸੋਰ ਦਾ ‘ਟਾਇਰਲ ਮਿਊਜ਼ੀਅਮ’ ਹੈ। ਅਮੀਰ ਵਿਰਸੇ ਦੀ ਖ਼ੂਬਸੂਰਤ ਦਿਖ ਵਾਲਾ ਇਹ ਇਲਾਕਾ ਖ਼ੂਬਸੂਰਤ ਮੌਸਮ ਅਤੇ ਮਨੋਰੰਜਨ ਕਿਰਿਆਵਾਂ ਦਾ ਸਥਾਨ ਹੈ। ਡਰੱਗ ਹੈਲਰ ਦੀ ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਇਸ ਇਲਾਕੇ ਦੀ ਆਧੁਨਿਕ ਸੰਵੇਦਨਸ਼ੀਲਤਾ ਦਾ ਵਿਕਾਸ ਕਰਕੇ ਜੰਨਤ ਦਾ ਨਾਂ ਦਿੱਤਾ ਗਿਆ ਹੈ। ਕਿਉਂਕਿ ਸੁੰਦਰ ਨਰ-ਨਾਰੀ, ਵਿਗਿਆਨ, ਕੁਦਰਤ ਅਤੇ ਸਵਾਦ ਦੇ ਮਿਸ਼ਰਣ ਨੂੰ ਹੀ ਜੰਨਤ ਕਿਹਾ ਗਿਆ ਹੈ। ਖ਼ਾਸ ਕਰ ਕੇ ਇਸ ਇਲਾਕੇ ਨੇ ਡਾਇਨਾਸੋਰ ਦੇ ਭੂਮੀ ਚਿੰਨ੍ਹ, ਵਿਭੇਦਕ ਚਿੰਨ੍ਹ, ਸਿਥਲਾ ਕ੍ਰਿਤੀ ਆਦਿ ਚਿੰਨ੍ਹਾਂ ਕਰਕੇ ਵੀ ਵਿਸ਼ਵ ਪ੍ਰਸਿੱਧੀ ਹਾਸਿਲ ਕੀਤੀ ਹੈ। ਰੈਡ ਡੀਅਰ ਨਦੀ ਦੀ ਮਹਾਨਤਾ ਵੀ ਇਸ ਇਲਾਕੇ ਨੂੰ ਚਾਰ ਚੰਨ੍ਹ ਲਾਉਂਦੀ ਹੈ। ਸਵੇਰੇ ਸ਼ਾਮ ਪਹਾੜੀ ਇਲਾਕੇ ਦੀਆਂ ਭੂਮੀ ਨੁਕਰਾਂ ‘ਚੋਂ ਉਸਦੇ ਆਕਰਸ਼ਕ ਸੁੰਦਰ ਦ੍ਰਿਸ਼ ਅਤੇ ਨਦੀ ਵਿਚ ਕਈ ਤਰ੍ਹਾਂ ਦੀਆਂ ਕਿਸ਼ਤੀ ਖੇਡਾਂ ਦੇ ਨਜ਼ਾਰੇ ਮਾਨਣ ਵਾਲੇ ਹੁੰਦੇ ਹਨ। ਇਸ ਇਲਾਕੇ ਦਾ ਪ੍ਰਸਿੱਧ ਲੰਕੀ ਫਿੱਗਰ ਡਰੈੱਸ (ਲੰਬਾ ਪਹਿਰਾਵਾ) ਵੀ ਮਜਬੂਰ ਹੈ। ਇਕ ਲੰਬਾ ਲਿਬਾਸ ਜੋ ਗੋਡਿਆਂ ਤਕ ਹੁੰਦਾ ਹੈ।

ਇਸ ਇਲਾਕੇ ਦੀ ਬੈਡ ਲੈਂਡ (ਨਿਸਫਲ ਮਿੱਟੀ) ਜ਼ਮੀਨ ਨੂੰ ਵੀ ਮਨੋਰੰਜਨ ਕਿਰਿਆਵਾਂ ਲਈ ਵਰਤਿਆ ਜਾਂਦਾ ਹੈ। ਭਾਵੇਂ ਇਹ ਜ਼ਮੀਨ ਉਪਜਾਊ ਨਹੀਂ ਹੈ ਪਰ ਇਸ ਨੂੰ ਮਨੋਰੰਜਨ ਕਿਰਿਆਵਾਂ ਨਾਲ ਜੋੜਕੇ ਆਮਦਨ ਦਾ ਸਾਧਨ ਬਣਾ ਲਿਆ ਗਿਆ ਹੈ। ਇਸ ਬੰਜਰ ਪਥਰੀਲੀ ਰਸਤਿਆਂ ਉੱਪਰ ਸਾਈਕਲ ਚਲਾਉਂਦਾ ਘੋੜ ਖੇਡਾਂ ਆਦਿ ਦਾ ਮਜ਼ਾ ਲਿਆ ਜਾ ਸਕਦਾ ਹੈ। ਮੋਟਰ ਸਾਈਕਲ ਦੇ ਵੀ ਇਸ ਉੱਪਰ ਮਜ਼ੇ ਲਏ ਜਾ ਸਕਦੇ ਹਨ।

ਇਸ ਇਲਾਕੇ ਵੱਲ ਸੁੰਦਰ ਹਰੀਆਂ ਭਰੀਆਂ ਵਾਦੀਆਂ, ਝੀਲਾਂ, ਝਰਨੇ, ਨਦੀਆਂ, ਸੁੰਦਰਤਾ ਅਤੇ ਅਦਭੁਦਤਾ ਨਾਲ ਲਬਰੇਜ਼ ਹਨ। ਇਸ ਇਲਾਕੇ ਦਾ ਨੀਮ ਪਹਾੜੀ ਇਲਾਕਾ ਵੀ ਕਮਾਲ ਦੇ ਮਨਮੋਹਕ ਦ੍ਰਿਸ਼ ਬਣਾਉਂਦਾ ਹੋਇਆ ਇਸ ਦੀ ਅਹਿਮੀਅਤ ਨੂੰ ਮਹਾਨਤਾ ਦਿੰਦਾ ਹੈ। ਇਸ ਇਲਾਕੇ ਦੀਆਂ ਲਘੂ ਪਹਾੜੀਆਂ ਦੁਨੀਆ ਦੀਆਂ ਪਹਾੜੀਆਂ ਨਾਲੋਂ ਬਿਲਕੁਲ ਵੱਖਰੀਆਂ ਹਨ। ਖੁੰਭਾਂ ਵਰਗੀਆਂ ਛੋਟੀਆਂ-ਛੋਟੀਆਂ ਚੂੜ੍ਹੀਦਾਰ ਪਹਾੜੀਆਂ ਦੇ ਵਜੂਦ ਆਪਣੀ ਪਰਿਭਾਸ਼ਾ ਦਾ ਸੰਤੁਸ਼ਟ ਨਿਵਾਰਣ ਕਰਦੇ ਹਨ। ਚਾਕਲੇਟ ਅਤੇ ਗੁੜ ਦੀਆਂ ਪੇਸੀਆਂ ਵਰਗੀਆਂ ਕਿੰਗਰੇਦਾਰ, ਬਹੁ ਰੰਗੀ ਧਾਰੀਆਂਦਾਰ, ਕਿਸੇ ਦੁਪੱਟੇ ਦੇ ਅਨੇਕਾਂ ਰੰਗਾਂ ਵਰਗੀਆਂ ਨਿਹਾਇਤ ਖ਼ੂਬਸੂਰਤ, ਅਨੂਠੈਪਣ ਵਾਲੀਆਂ ਪਹਾੜੀਆਂ ਵੇਖ-ਵੇਖਕੇ ਜੀ ਨਹੀਂ ਰੱਜਦਾ। ਦੂਰ-ਦੂਰ ਤਕ ਦੇ ਖੇਤ, ਜਿਵੇਂ ਕੋਈ ਫੁਲਕਾਰੀ ਆਪਣੇ ਜਲਵੇ ਵਿਚ ਕਿਸੇ ਨਾਰੀਤਵ ਦੀ ਹੋਂਦ ਦਾ ਅਹਿਸਾਸ ਕਰਵਾ ਰਹੀ ਹੋਵੇ, ਇਕ ਜੰਨਤ ਹੈ।

ਹੋਰ ਵੇਖਣ ਯੋਗ ਸਥਾਨ

ਮੋਰੀਨ ਹਿਸਟੋਰੀਕਲ ਪਾਰਕ, ਮੋਰੀਨ ਕਾਰਨਰ, ਬੁਫਾਲੇ ਟੂਰਜ, ਮਕਲਰੇਨ ਡਮ, ਮਸ਼ੀਸ਼ੀ ਡਮ, ਸਟਾਰਲੈਂਡ, ਰੀਕਰੀਏਸ਼ਨ ਏਹੀਆ, ਡੇਲੀਆ ਮਿਊਜ਼ੀਅਮ ਤੇ ਗਰਿਸਟ ਮਿੱਲ, ਬੈਡ ਲੈਂਡ ਗੈਲਰੀ, ਆਰਟਿਸਟ ਤੇ ਗੈਲਰੀ, ਕਾਗਕੇਲ ਕਲੇ ਸਟੂਡੀਓ, ਵੈਲੀ ਡੋਲ ਮਿਊਜ਼ੀਅਮ, ਜੰਗਲਿੰਗ ਵਰਕਸ ਹੋਮ ਐਂਡ ਗਿਫਟ, ਕੈਨੇਡੀਅਨ ਬੈਡ ਲੈਂਡਸ, ਨਿਊ ਕਾਸਟਲ ਕੰਟਰੀ, ਰਿਵਰ ਗਰੋਵ ਕੰਪਾਊਂਡ ਐਂਡ ਕੈਬਿਨਸ ‘ਦ ਫੋਕਸ ਡੈਨ, ਹਾਰਟ ਵੁਡਇਨ ਐਂਡ ਸਪਾ ਬੈਡ ਲੈਂਡ ਗੈਲਰੀ, ਬੈਡ ਲੈਂਡ ਹਿਸਟੋਰੀਕਲ ਸੈਂਟਰ, ਪ੍ਰਸਿੱਧ ਮੈਕਲਾਰੇਨ ਡੈਮ, ਸਟਾਰ ਲੈਂਡ ਰੀਕਰੇਸ਼ਨ ਏਰੀਆ, ਹਾਰਸ਼ ਸ਼ੋਅ, ਕੇਵਰਸ ਲੇਕ ਕੈਂਪ ਗਰਾਊਂਡ, ਓਰਕੇ ਨਿਊ ਪੁਆਇੰਟ, ਕਿਸ਼ਤੀ ਯਾਤਰਾ, ਰਾਇਲ ਟਾਇਰੈਲ ਮਿਊਜ਼ਿਮ, ਵੰਡਰ ਗੈਲਰੀ ਰੋ, ਰੈਡ ਡੀਅਰ ਰੀਵਰ ਵੈਲੀ, ਡਾਇਨਾਸੋਰ ਖੋਜ ਕੇਂਦਰ, ਪਿਕਨਿਕ ਏਰੀਆ ਆਦਿ ਹਨ। ਵੇਖਿਆ ਜਾਏ ਤਾਂ ਡਰੱਮ ਹੈਲਰ ਸ਼ਹਿਰ ਆਧੁਨਿਕ ਸੱਭਿਆਚਾਰ ਦਾ ਤੀਰਥ ਸਥਾਨ ਹੈ। ਇਹ ਧਰਤੀ ਦਾ ਪ੍ਰਮਾਣਿਕ ਸਵਰਗ ਹੈ।

– ਰਾਜ ਗੋਗਨਾ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: