ਸਬਸਿਡੀ ਵਾਲੀ ਖਾਦ ਹੁਣ ਪੀ.ਓ.ਐੱਸ. ਮਸ਼ੀਨਾਂ ਰਾਹੀਂ ਉਪਲਬਧ ਹੋਵੇਗੀ-ਮੁੱਖ ਖੇਤੀਬਾੜੀ ਅਫ਼ਸਰ

ਸਬਸਿਡੀ ਵਾਲੀ ਖਾਦ ਹੁਣ ਪੀ.ਓ.ਐੱਸ. ਮਸ਼ੀਨਾਂ ਰਾਹੀਂ ਉਪਲਬਧ ਹੋਵੇਗੀ-ਮੁੱਖ ਖੇਤੀਬਾੜੀ ਅਫ਼ਸਰ

ਫ਼ਰੀਦਕੋਟ: ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ ‘ਤੇ ਮੁਹੱਈਆ ਕਰਵਾਈ ਜਾਂਦੀ ਯੂਰੀਆ, ਡੀ.ਏ.ਪੀ, ਪੋਟਾਸ਼, ਸੁਪਰ ਖਾਦਾਂ ਦੀ ਦੁਰਵਰਤੋਂ ਰੋਕਣ ਲਈ ਇਹ ਖਾਦਾਂ ਹੁਣ ਪੀ.ਓ.ਐੱਸ. (ਪੁਆਇੰਟ ਆਫ਼ ਸੇਲ) ਮਸ਼ੀਨਾਂ ਰਾਹੀਂ ਤੋਂ ਮਿਲਿਆ ਕਰੇਗੀ, ਪਰ ਇਸ ਨਾਲ ਖਾਦਾਂ ਦੇ ਵਿਕਰੀ ਮੁੱਲ ‘ਤੇ ਕੋਈ ਅਸਰ ਨਹੀਂ ਪਵੇਗਾ | ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਵਿੰਦਰ ਸਿੰਘ ਨੇ ਅੱਜ ਇੱਥੇ ਦਿੱਤੀ | ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਰਣਬੀਰ ਸਿੰਘ ਵੀ ਹਾਜ਼ਰ ਸਨ | ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਨੇ ਇਸ ਬਾਰੇ ਦੱਸਿਆ ਕਿ ਇਸ ਲਈ ਕਿਸਾਨਾਂ ਨੂੰ ਆਪਣਾ ਆਧਾਰ ਕਾਰਡ ਵਿਖਾਉਣਾ ਜਾਂ ਨੰਬਰ ਦੱਸਣਾ ਪਵੇਗਾ | ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਅਤੇ ਪ੍ਰਾਈਵੇਟ ਡੀਲਰਾਂ ਨੂੰ ਇਸ ਮਕਸਦ ਲਈ 207 ਮਸ਼ੀਨਾਂ ਵੰਡੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ ਖਾਦਾਂ ਦੀ ਵਿਕਰੀ ਪੀ.ਓ.ਐੱਸ. ਮਸ਼ੀਨਾਂ ਰਾਹੀਂ ਹੀ ਕੀਤੀ ਜਾਵੇ, ਜੇ ਕੋਈ ਖਾਦ ਵਿਕਰੇਤਾ ਬਿਨਾ ਪੀ.ਓ.ਐੱਸ. ਮਸ਼ੀਨ ਤੋਂ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ |

ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਸਮੂਹ ਪ੍ਰਾਈਵੇਟ ਡੀਲਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੋਈ ਵੀ ਖੇਤੀ ਸਮਗਰੀ ਕਿਸਾਨਾਂ ਨੂੰ ਬਿਨਾਂ ਬਿੱਲ ਤੋਂ ਨਾ ਵੇਚਣ ਅਤੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫ਼ਾਰਸ਼ ਮੁਤਾਬਿਕ ਹੀ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰਨ | ਜੇਕਰ ਕੋਈ ਖਾਦ/ਕੀੜੇਮਾਰ ਜ਼ਹਿਰ ਵਿਕਰੇਤਾ ਉਨ੍ਹਾਂ ਨੂੰ ਪੱਕਾ ਬਿੱਲ ਦੇਣ ਤੋ ਇਨਕਾਰੀ ਕਰਦਾ ਹੈ ਤਾਂ ਨੇੜੇ ਦੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕੀਤਾ ਜਾਵੇ | ਇਸ ਤੋਂ ਇਲਾਵਾ ਬਿਨਾਂ ਬਿੱਲ ਤੋਂ ਘਰੋ-ਘਰੀ ਵੇਚੇ ਜਾਂਦੇ ਖੇਤੀ ਇਨਪੁੱਟਸ ਦੀ ਜਾਣਕਾਰੀ ਖੇਤੀਬਾੜੀ ਵਿਭਾਗ ਨੂੰ ਦਿੱਤੀ ਜਾਵੇ | ਉਨ੍ਹਾਂ ਖਾਦਾਂ ਦੀ ਸਪਲਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੀ ਲੋੜ ਮੁਤਾਬਿਕ ਯੂਰੀਆ ਅਤੇ ਡੀ.ਏ.ਪੀ. ਦੇ ਸਟਾਕ ਜ਼ਿਲ੍ਹੇ ਵਿਚ ਮੌਜੂਦ ਹਨ |

Share Button

Leave a Reply

Your email address will not be published. Required fields are marked *

%d bloggers like this: