ਸ:ਬਲਵੰਤ ਸਿੰਘ ਰਾਮੂਵਾਲੀਆ ਦੁਆਰਾ ਇਟਲੀ ਚ ਭਾਰਤੀ ਅੰਬੈਂਸਡਰ ਮੈਡਮ ਰੀਨਤ ਸੰਧੂ ਨਾਲ਼ ਫੋਨ ਤੇ ਗੱਲਬਾਤ

ਸ:ਬਲਵੰਤ ਸਿੰਘ ਰਾਮੂਵਾਲੀਆ ਦੁਆਰਾ ਇਟਲੀ ਚ ਭਾਰਤੀ ਅੰਬੈਂਸਡਰ ਮੈਡਮ ਰੀਨਤ ਸੰਧੂ ਨਾਲ਼ ਫੋਨ ਤੇ ਗੱਲਬਾਤ
ਬਿਨਾਂ ਪੇਪਰਾਂ ਵਾਲੇ ਭਾਰਤੀਆਂ ਨੂੰ ਅੰਬੈਂਸੀ ਦੁਆਰਾ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਦੀ ਕੀਤੀ ਭਰਪੂਰ ਸ਼ਾਲਾਘਾ
ਵੀਨਸ (ਇਟਲੀ) 23 ਮਈ (ਹਰਦੀਪ ਸਿੰਘ ਕੰਗ): ਇਟਲੀ ਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਵਿਦੇਸ਼ੀ ਕਾਮਿਆਂ ਨੂੰ ਇਟਾਲੀਅਨ ਸਰਕਾਰ ਦੁਆਰਾ ਇਮੀਗ੍ਰੇਸ਼ਨ ਸਕੀਮ ਰਾਹੀ ਰੈਗੁਲਰ ਕਰਨ ਲਈ ਪੇਪਰ ਮੁਹੱਈਆ ਕਰਵਾਉਣ ਦੇ ਐਲਾਨ ਤੋਂ ਬਾਅਦ ਭਾਰਤੀ ਅੰਬੈਂਸੀ ਰੋਮ ਅਤੇ ਇੰਡੀਅਨ ਕੌਸਲਟ ਜਨਰਲ ਆਫ ਮਿਲਾਨ ਦੁਆਰਾ ਅਜਿਹੇ ਭਾਰਤੀਆਂ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਦੀ ਪ੍ਰਕ੍ਰਿਆ ਸ਼ੁਰੂ ਕੀਤੇ ਜਾਣ ਦੇ ਨਾਲ਼ ਜਿੱਥੇ ਇਟਲੀ ਚ ਰਹਿ ਰਹੇ ਹਜਾਰਾਂ ਭਾਰਤੀ ਕਾਮਿਆਂ ਚ ਖੁਸ਼ੀ ਦੀ ਲਹਿਰ ਹੈ,ਉੱਥੇ ਇਸ ਵਿਸ਼ੇ ਚ ਹਮੇਸ਼ਾ ਨਿੱਗਰ ਢੰਗ ਨਾਲ਼ ਆਵਾਜ ਬੁਲੰਦ ਕਰਕੇ ਵਿਦੇਸ਼ਾਂ ਚ ਵਸਦੇ ਭਾਰਤੀਆਂ ਦੀ ਬਿਹਤਰੀ ਲਈ ਕੰਮ ਕਰਨ ਲਈ ਜਾਣੀ- ਜਾਂਦੀ ਮਾਣਮੱਤੀ ਸ਼ਖਸ਼ੀਅਤ ਅਤੇ ਸਾਬਕਾ ਕੇਂਦਰੀ ਮੰਤਰੀ ਸ:ਬਲਵੰਤ ਸਿੰਘ ਰਾਮੂਵਾਲੀਆ ਦੁਆਰਾ ਵੀ ਇਸ ਵਿਸ਼ੇ ਤੇ ਰੋਮ ਅੰਬੈਸਡਰ ਮੈਡਮ ਰੀਨਤ ਸੰਧੂ ਨਾਲ਼ ਬੀਤੇ ਦਿਨ ਫੋਨ ਤੇ ਵਿਸ਼ੇਸ਼ ਗੱਲਬਾਤ ਕੀਤੀ ਗਈ।
ਸ:ਰਾਮੂਵਾਲੀਆ ਵੱਲੋਂ ਭਾਰਤੀ ਰਾਜਦੂਤ ਦੁਆਰਾ ਬਿਨਾ ਪੇਪਰਾਂ ਵਾਲੇ ਭਾਰਤੀਆਂ ਨੂੰ ਪਾਸਪੋਰਟ ਜਾਰੀ ਕੀਤੇ ਜਾਣ ਦੇ ਉਪਰਾਲੇ ਦੀ ਭਰਪੂਰ ਸ਼ਾਲਾਘਾ ਵੀ ਕੀਤੀ ਗਈ।ਸ:ਬਲਵੰਤ ਸਿੰਘ ਰਾਮੂਵਾਲੀਆ ਨੇ ਅਜੀਤ ਨੂੰ ਭੇਜੀ ਜਾਣਕਾਰੀ ਮੁਤਾਬਿਕ ਦੱਸਿਆ ਕਿ ਇਟਲੀ ਚ ਭਾਰਤੀ ਅੰਬੈਂਸੀ ਦੁਆਰਾ ਹਜਾਰਾਂ ਦੀ ਤਾਦਾਦ ਵਿੱਚ ਬਿਨਾਂ ਪੇਪਰਾਂ ਵਾਲੇ ਨੌਜਵਾਨਾਂ ਨੂੰ ਪਾਸਪੋਰਟ ਜਾਰੀ ਕਰਨ ਲਈ ਰਸਮੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।ਤੇ ਅੰਬੈਂਸੀ ਨੇ ਇਨਾਂ ਭਾਰਤੀਆਂ ਦੀ ਬਾਂਹ ਫੜ ਕੇ ਉਨਾਂ ਦੇ ਭਵਿੱਖ ਦੀ ਬਿਹਤਰੀ ਲਈ ਇਕ ਸੁਚੱਜਾ ਪ੍ਰਯਤਨ ਕੀਤਾ ਹੈ।ਅਤੇ ਇਟਲੀ ਦੇ ਪੇਪਰ ਲੈਣ ਉਪਰੰਤ ਹੁੁਣ ਉਹ ਆਪਣੇ ਪਰਿਵਾਰਾਂ ਨੂੰ ਵੀ ਮਿਲ ਸਕਣਗੇ।
ਸ:ਰਾਮੂਵਾਲੀਆ ਨੇ ਦੱਸਿਆ ਇਸ ਤੋਂ ਪਹਿਲਾ ਅੰਬੈਂਸਡਰ ਮੈਡਮ ਰੀਨਤ ਸੰਧੂ ਨੇ ਮਿਲਾਨ ਕੌਸਲਟ ਜਨਰਲ ਦੇ ਸਹਿਯੋਗ ਨਾਲ਼ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਇਟਲੀ ਦੇ ਵੱਖ ਵੱਖ ਸ਼ਹਿਰਾਂ ਚ ਸਿੱਖ ਇਤਿਹਾਸ ਨਾਲ਼ ਸਬੰਧਿਤ ਇਤਿਹਾਸਿਕ ਤਸਵੀਰਾਂ ਵਾਲੀਆਂ ਪ੍ਰਦਰਸ਼ਨੀਆ ਲਗਵਾ ਕੇ ਸਿੱਖ ਇਤਿਹਾਸ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਅਤਿ ਮਹਾਨ ਕਾਰਜ ਕੀਤਾ ਸੀ।
ਦੱਸਣਯੋਗ ਹੈ ਸ:ਬਲਵੰਤ ਸਿੰਘ ਰਾਮੂਵਾਲੀਆ ਨੇ ਸਾਲ 2000 ਵਿੱਚ ਇਟਲੀ ਚ ਖੁਦ ਪਹੁੰਚ ਕੇ ਅੰਬੈਸੀ ਅਧਿਕਾਰੀਆਂ ਨਾਲ਼ ਗੱਲਬਾਤ ਕਰਕੇ ਇੱਥੇ ਬਗੈਰ ਪਾਸਪੋਰਟ ਰਹਿਣ ਵਾਲੇ 1600 ਭਾਰਤੀ ਨੌਜਵਾਨਾਂ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।ਐਨ ਆਰ ਆਈਜ ਦੇ ਹੋਰ ਵੱਖ ਵੱਖ ਮਸਲਿਆਂ ਦੇ ਹੱਲ ਲਈ ਉਹ ਹਮੇਸ਼ਾ ਜਿੰਮੇਵਾਰਨਾ ਢੰਗ ਨਾਲ਼ ਅੱਗੇ ਆ ਕੇ ਆਵਾਜ ਬੁਲੰਦ ਕਰਦੇ ਰਹੇ ਹਨ।