ਸਪੋਰਟਸ ਬੇਸਡ ਐਕਸ਼ਨ ਥ੍ਰਿਲਰ: ਫ਼ਿਲਮ ਰੌਕੀ ਮੈਂਟਲ

ss1

ਸਪੋਰਟਸ ਬੇਸਡ ਐਕਸ਼ਨ ਥ੍ਰਿਲਰ: ਫ਼ਿਲਮ ਰੌਕੀ ਮੈਂਟਲ

ਮਿਤੀ 19 ਅਗਸਤ 2017 ਨੂੰ ਰਿਲੀਜ਼ ਹੋਈ ਨਿਰਦੇਸ਼ਕ ਵਿਕਰਮ ਠੌਰੀ ਦੀ ਫ਼ਿਲਮ “ਰੌਕੀ ਮੈਂਟਲ” ਸਪੋਰਟਸ ਬੇਸਡ ਕਹਾਣੀ ਵਾਲੀ ਐਕਸ਼ਨ ਵਿਧਾ ਦੀ ਫ਼ਿਲਮ ਹੈ। ਨੌਜਵਾਨ ਪੀੜ੍ਹੀ ਵਿੱਚ ਏਸ ਫ਼ਿਲਮ ਦਾ ਵਧੇਰੇ ਆਕਰਸ਼ਨ ਪਰਮਿਸ਼ ਵਰਮਾ ਹੈ ਜੋ ਮਾਡਲਿੰਗ ਕੈਰੀਅਰ ਤੋਂ ਪੰਜਾਬੀ ਗੀਤ ਵੀਡੀਓ ਡਾਇਰੈਕਸ਼ਨ ਵਿੱਚ ਨਾਮਣਾ ਖੱਟਣ ਤੋਂ ਬਾਅਦ ਪਹਿਲੀ ਵਾਰ ਬਤੌਰ ਫ਼ਿਲਮ ਅਦਾਕਾਰ ਪੇਸ਼ ਹੋਇਆ ਹੈ। ਦਰਸ਼ਕ ਜਿੱਥੇ ਉਸਦੇ ਵੀਡੀਓ ਨਿਰਦੇਸ਼ਨ ਨੂੰ ਪਸੰਦ ਕਰਦੇ ਸੀ ਉੱਥੇ ਉਸਦੀ ਫ਼ੈਨ ਫ਼ੋਲੋਇੰਗ ਨੇ ਉਸਦੀ ਪਹਿਲੀ ਫ਼ਿਲਮ ਦਾ ਵੀ ਕਾਫ਼ੀ ਇੰਤਜ਼ਾਰ ਕੀਤਾ ਹੈ। ਫ਼ਿਲਮ ਦਾ ਕੇਂਦਰੀ ਥੀਮ ਮੁੱਕੇਬਾਜ਼ੀ ਖੇਡ ਰਾਹੀਂ ਖੇਡ ਜਗਤ ਵਿੱਚ ਹੋ ਰਹੀਆਂ ਸਿਆਸੀ ਚਾਲਾਂ ਅਤੇ ਦਾਅ-ਪੇਚਾਂ ਦੀ ਪੇਸ਼ਕਾਰੀ ਹੈ। ਫ਼ਿਲਮ ਬਾਖੂਬੀ ਦੱਸਦੀ ਹੈ ਕਿ ਕਿਵੇਂ ਦੇਸ਼ ਦੇ ਹੋਣਹਾਰ ਨੌਜਵਾਨ ਰਾਜਨੀਤਿਕ ਰਣਨੀਤੀਆਂ ਦੀ ਭੇਂਟ ਚੜ੍ਹ ਕੇ ਆਪਣਾ ਭਵਿੱਖ ਅਤੇ ਜ਼ਿੰਦਗੀਆਂ ਗੁਆ ਬਹਿੰਦੇ ਨੇ।
ਫ਼ਿਲਮ ਦਾ ਲੀਡ ਕਿਰਦਾਰ ਰਾਜਦੀਪ ਸਿੰਘ ਧਾਲੀਵਾਲ (ਪਰਮਿਸ਼ ਵਰਮਾ) ਦਾ ਹੈ ਜੋ ਫ਼ਿਲਮ ਵਿੱਚ ਰੌਕੀ ਮੈਂਟਲ ਦੇ ਨਾਂ ਨਾਲ ਮਸ਼ਹੂਰ ਹੁੰਦਾ ਹੈ। ਏਥੇ ਮੈਂਟਲ ਤੋਂ ਭਾਵ ਕਿਸੇ ਪਾਗਲ ਦਾ ਕੰਸੈਪਟ ਨਹੀਂ ਸਗੋਂ ਮੁੱਕੇਬਾਜ਼ੀ ਦੀ ਖੇਡ ਵਿੱਚ ਉਸਦਾ ਜਨੂੰਨ ਤੱਕ ਡੁੱਬੇ ਹੋਣ ਕਾਰਨ ਉਸਦੇ ਸਹਿਪਾਠੀਆਂ ਵੱਲੋਂ ਚੇੜ ਨਾਲ ਰੱਖਿਆ ਹੋਇਆ ਨਾਮ ਸੀ। ਫ਼ਿਲਮ ਦੀ ਸ਼ੁਰੂਆਤ ਫ਼ਲੈਸ਼ ਬੈਕ ਸਟੋਰੀ ਰਾਹੀਂ ਕੀਤੀ ਗਈ ਹੈ। ਪਰਤ ਦਰ ਪਰਤ ਖੁੱਲ੍ਹਦੀ ਕਹਾਣੀ ਦਰਸ਼ਕ ‘ਚ ਉਤਸੁਕਤਾ ਬਣਾਈ ਰੱਖਦੀ ਹੈ।ਫ਼ਿਲਮ ਵਿੱਚ ਰੌਕੀ ਅੱਠ ਸਾਲਾਂ ਤੋਂ ਹੋਸਟਲ ਵਿੱਚ ਰਹਿ ਰਿਹਾ ਹੈ ਅਤੇ ਕਾਮਨਵੈਲਥ ਖੇਡਣ ਦਾ ਇਛੁੱਕ ਹੈ। ਉਸਦੀ ਤਰੱਕੀ ਅਤੇ ਸੁਰਖੀਆਂ ਵਿੱਚ ਬੋਲਦੇ ਨਾਮ ਤੋਂ ਔਖੇ ਰਹਿੰਦੇ ਉਸ ਨਾਲ ਲੱਗਣ ਵਾਲੇ ਉਸਦੇ ਸਹਿਪਾਠੀ ਹੀ ਉਸਨੂੰ ਨੀਚਾ ਦਿਖਾਉਣ ‘ਚ ਲੱਗੇ ਦਿਖਦੇ ਨੇ।ਰੌਕੀ ਖੇਡ ਪ੍ਰਤੀ ਈਮਾਨਦਾਰ ਅਤੇ ਬੇਹੱਦ ਜਨੂੰਨੀ ਹੈ ਜਿਸ ਕਰਕੇ ਇਲਾਕੇ ਦੇ ਐੱਮ.ਐੱਲ.ਏ. ਦੇ ਭਰਾ ਮਨਿੰਦਰ ਸ਼ੇਰਗਿੱਲ (ਕਰਨਵੀਰ ਖੁੱਲਰ) ਨੂੰ ਉਹ ਬਹੁਤ ਚੁਭਦਾ ਹੈ। ਦਰਅਸਲ ਮਨਿੰਦਰ ਦੀ ਸਹੇਲੀ ਇਬਾਦਤ (ਤਨੂੰ ਕੌਰ ਗਿੱਲ) ਦਾ ਝੁਕਾਅ ਰੌਕੀ ਵੱਲ ਹੋਣਾ ਵੀ ਉਸਦੀ ਚਿੜ ਦਾ ਵੱਡਾ ਕਾਰਨ ਹੈ। ਇਸ ਲਈ ਉਹ ਖੁੰਦਕ ਕੱਢਣ ਦਾ ਕੋਈ ਮੌਕਾ ਗਵਾਉਂਦਾ ਨਹੀਂ।
ਫ਼ਿਲਮ ਵਿੱਚ ਰੌਕੀ ਦਾ ਇੱਕ ਸਾਊ, ਮਿਹਨਤੀ ਅਤੇ ਈਮਾਨਦਾਰ ਕੋਚ ਵਰਿਆਮ ਸਿੰਘ ਸੇਖੋਂ (ਮਹਾਂਬੀਰ ਭੁੱਲਰ) ਹੈ ਜਿਸਨੇ ਰੌਕੀ ਨੂੰ ਬਚਪਨ ਤੋਂ ਜਵਾਨੀ ਤੱਕ ਮੁੱਕੇਬਾਜ਼ੀ ਸਿਖਾਈ ਸੀ। ਰਾਜਨੀਤਿਕ ਚਾਲਾਂ ਉਸਦੀ ਈਮਾਨਦਾਰੀ ਤੇ ਵੀ ਧੱਬਾ ਥੋਪ ਜਾਂਦੀਆਂ ਨੇ ਜਦੋਂ ਉਸਨੂੰ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥ ਦੇਣ ਦੇ ਝੂਠੇ ਡੋਪਿੰਗ ਟੈਸਟ ਕਾਂਡ ਵਿੱਚ ਫ਼ਸਾ ਕੇ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਰੌਕੀ ਦੇ ਕਰੀਬੀ ਦੋਸਤ ਪ੍ਰੀਤ (ਧੀਰਜ ਕੁਮਾਰ) ਨੂੰ ਵੀ ਰੌਕੀ ਨਾਲ ਖੁੰਦਕ ਰੱਖਣ ਵਾਲੇ ਮੁੰਡੇ ਦੇਵਿੰਦਰ ਹੁਰੀਂ ਗਲਾ ਘੁੱਟ ਕੇ ਮਾਰ ਦਿੰਦੇ ਹਨ ਤਾਂ ਜੋ ਉਸਦੇ ਕੇਸ ‘ਚ ਰੌਕੀ ਨੂੰ ਫ਼ਸਾਇਆ ਜਾ ਸਕੇ। ਏਸੇ ਤਰ੍ਹਾਂ ਇਬਾਦਤ ਨੂੰ ਵਰਗਲਾ ਕੇ, ਫ਼ਰੇਬ ਕਰਕੇ ਉਸਦੇ ਬਲਾਤਕਾਰ ਦਾ ਝੂਠਾ ਕੇਸ ਵੀ ਰੌਕੀ ਤੇ ਪਵਾਇਆ ਜਾਂਦਾ ਹੈ। ਇਸ ਨਾਲ ਉਸਦਾ ਕੈਰੀਅਰ ਅਤੇ ਭਵਿੱਖ ਦਾਅ ਤੇ ਲੱਗਦਾ ਹੈ।
ਰੌਕੀ ਦੀ ਗ੍ਰਿਫ਼ਤਾਰੀ ਤੱਕ ਉਸਨੂੰ ਆਪਣੇ ਦੋਸਤ ਦੀ ਮੌਤ ਕੇਵਲ ਗਲਤੀ ਨਾਲ ਚੁੱਕਿਆ ਹੋਇਆ ਕਦਮ ਜਾਪਦੀ ਸੀ ਪਰ ਜੇਲ੍ਹ ਵਿੱਚ ਮਿਲਣ ਆਇਆ ਮਨਿੰਦਰ ਸ਼ੇਰਗਿੱਲ ਪ੍ਰੀਤ ਦੇ ਕਤਲ ਦੀ ਗੱਲ ਦੱਸਕੇ ਉਸਦੇ ਜ਼ਖ਼ਮ ਕੁਰੇਦ ਦਿੰਦਾ ਹੈ। ਆਪਣੇ ਦੁਸ਼ਮਣਾਂ ਨੂੰ ਸੋਧਾ ਲਾਉਣ ਲਈ ਰੌਕੀ ਪੇਸ਼ੀ ਵਾਲੇ ਦਿਨ ਹਿਰਾਸਤ ‘ਚੋਂ ਭੱਜਦਾ ਹੈ ਅਤੇ ਉਹਨਾਂ ਸਾਰਿਆਂ ਨੂੰ ਕਿਨਾਰੇ ਕਰਦਾ ਹੈ ਜੋ ਉਸਦਾ ਕਰੀਅਰ ਖਰਾਬ ਕਰਨ ਲਈ ਜ਼ਿੰਮੇਵਾਰ ਸਨ। ਉਹ ਆਪਣੇ ਦੋਸਤ ਨੂੰ ਬੇਰਹਿਮੀ ਨਾਲ ਦਿੱਤੀ ਮੌਤ ਦਾ ਬਦਲਾ ਮਨਿੰਦਰ ਸ਼ੇਰਗਿੱਲ ਨੂੰ ਮਾਰ ਕੇ ਲੈਂਦਾ ਹੈ। ਅੰਤ ਰੌਕੀ ਆਪਣੇ ਦੁਸ਼ਮਣਾਂ ਦਾ ਖਾਤਮਾ ਕਰਕੇ ਆਪਣੇ ਕੋਚ ਨੂੰ ਕਹੇ ਮੁਤਾਬਿਕ ਕਿ “ਪੁਲਿਸ ਨੂੰ ਮੈਂ ਲੱਭਿਆ ਨਹੀਂ ਥਿਆਉਂਦਾ ਤੇ ਮਰਨਾ ਮੇਰੇ ਲੇਖ ਨੀ” ਅਨੁਸਾਰ ਆਪਣਾ ਬਦਲਾ ਲੈ ਕੇ ਵਿਦੇਸ਼ ਚਲਾ ਜਾਂਦਾ ਹੈ। ਇਓਂ ਇਹ ਫ਼ਿਲਮ ਅੰਤ ਬੁਰੇ ਦਾ ਬੁਰਾ ਕੰਸੈਪਟ ਨੂੰ ਪੁਗਾਉਂਦਿਆਂ ਸਮਾਪਤੀ ਵੱਲ ਵਧਦੀ ਹੈ।
ਫ਼ਿਲਮ ਵਿੱਚ ਸਾਰੇ ਕਲਾਕਾਰਾਂ ਨੇ ਆਪਣੇ ਰੋਲ ਅਨੁਸਾਰ ਵਧੀਆ ਕੰਮ ਕੀਤਾ ਹੈ। ਪਰਮਿਸ਼ ਵਰਮਾ ਦਾ ਪਹਿਲੀ ਵਾਰ ਬਤੌਰ ਪੰਜਾਬੀ ਅਦਾਕਾਰ ਕੰਮ ਸਲਾਹੁਣਯੋਗ ਰਿਹਾ ਹੈ। ਸਭ ਤੋਂ ਖੂਬਸੂਰਤ ਅਤੇ ਮੰਝੀ ਹੋਈ ਅਦਾਕਾਰੀ ਦਾ ਸਿਹਰਾ ਸੀਨੀਅਰ ਅਦਾਕਾਰ ਕੋਚ, ਮਹਾਂਬੀਰ ਭੁੱਲਰ ਦੇ ਸਿਰ ਬੱਝਦਾ ਹੈ। ਧੀਰਜ ਕੁਮਾਰ ਅਤੇ ਜਗਜੀਤ ਸੰਧੂ ਨੇ ਵੀ ਫ਼ਿਲਮ ਵਿੱਚ ਮਹੱਤਵਪੂਰਨ ਰੋਲ ਨਿਭਾਇਆ ਹੈ ਜੋ ਕਾਫ਼ੀ ਯਾਦਗਾਰੀ ਵੀ ਹੈ।ਸਹਿ ਅਦਾਕਾਰਾਂ ਵਿੱਚ ਪਹਿਲੀ ਵਾਰ ਮਾਡਲਿੰਗ ਤੋਂ ਬਤੌਰ ਫ਼ਿਲਮ ਐਕਟਰੈੱਸ ਆਈ (ਕਨਿਕਾ ਮਾਨ), ਤੰਨੂ ਕੌਰ ਗਿੱਲ, ਜਗਦੀਪ ਸੰਧੂ, ਕਰਨਵੀਰ ਖੁੱਲਰ ਅਤੇ ਮਲਕੀਤ ਰੌਣੀ ਦਾ ਕੰਮ ਵੀ ਕਾਫ਼ੀ ਚੰਗਾ ਹੈ। ਇਸ ਫ਼ਿਲਮ ਰਾਹੀਂ ਨਿਰਦੇਸ਼ਕ ਨੇ ਵਿਸ਼ੇਸ਼ ਤੌਰ ਤੇ ਜੇਲ੍ਹਾਂ ਵਿੱਚ ਹੋ ਰਹੇ ਨਵੇਂ ਕਿਸਮ ਦੇ ਮਾਨਸਿਕ ਤਸ਼ੱਦਦ “ਗੇਅਪੁਣੇ” ਨੂੰ ਵੀ ਉਜਾਗਰ ਕੀਤਾ ਹੈ। ਬੇਸ਼ੱਕ ਇਹ ਦ੍ਰਿਸ਼ ਫ਼ਿਲਮ-ਕਹਾਣੀ ਦਾ ਇੱਕ ਹਿੱਸਾ ਬਣ ਕੇ ਪੇਸ਼ ਹੋਏ ਹਨ ਪਰ ਇਹ ਸੰਜੀਦਾ ਵਿਸ਼ਾ ਆਪਣੇ ਆਪ ਵਿੱਚ ਇੱਕ ਫ਼ਿਲਮ ਦੀ ਡਿਮਾਂਡ ਕਰਦਾ ਹੈ।
ਖ਼ੈਰ, ਬਤੌਰ ਪਹਿਲੀ ਵਾਰ ਫ਼ਿਲਮ ਅਦਾਕਾਰੀ ਲਈ ਪਰਮਿਸ਼ ਵਰਮਾ ਨੂੰ ਮੁਬਾਰਕ ਅਤੇ ਨਿਰਦੇਸ਼ਕ ਵਿਕਰਮ ਠੋਰੀ ਦੇ ਨਿਰਦੇਸ਼ਨ ‘ਚ ਬਣੀ ਇਸ ਫ਼ਿਲਮ ਦੀ ਸਫ਼ਲਤਾ ਲਈ ਢੇਰ ਦੁਆਵਾਂ। ਨਿਰਦੇਸ਼ਕ ਵਿਕਰਮ ਠੋਰੀ ਤੋਂ ਦਰਸ਼ਕਾਂ ਨੂੰ ਅੱਗੋਂ ਵੀ ਹੋਰ ਵਧੀਆ ਵਿਸ਼ਿਆਂ ਤੇ ਬਣਨ ਵਾਲੀਆਂ ਫ਼ਿਲਮਾਂ ਦੀ ਉਡੀਕ ਰਹੇਗੀ।


ਖੁਸ਼ਮਿੰਦਰ ਕੌਰ
ਖੋਜਨਿਗ਼ਾਰ ਪੰਜਾਬੀ ਸਿਨਮਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:-98788-89217


Share Button

Leave a Reply

Your email address will not be published. Required fields are marked *