ਸਨਿਰਭਉ ਤੇ ਨਿਰਵੈਰ ਮਨੁੱਖ ਦੀ ਸਿਰਜਣਾ ਦਾ ਪ੍ਰਤੀਕ ਹੋਲਾ ਮਹੱਲਾ

ss1

ਸਨਿਰਭਉ ਤੇ ਨਿਰਵੈਰ ਮਨੁੱਖ ਦੀ ਸਿਰਜਣਾ ਦਾ ਪ੍ਰਤੀਕ ਹੋਲਾ ਮਹੱਲਾ

ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਦੱਬੁੇਕੁਲਚੇ ਅਤੇ ਲਿਤਾੜੇ ਜਾ ਰਹੇ ਮਨੁੱਖ ਨੂੰ ਆਪਣੀ ਹੋਂਦ ਦਾ ਅਹਿਸਾਸ ਅਤੇ ਸਵੈਮਾਨ ਮਹਿਸੂਸ ਕਰਵਾਉਣ, ਉਹਨਾਂ ਵਿੱਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਉਹਨਾਂ ਨੂੰ ਸੂਰਬੀਰ ਯੋਧੇ ਬਣਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ।ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਖੰਡੇ ਦੀ ਪਾਹੁਲ ਬਖਸ਼ ਕੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚਲੀ ਆ ਰਹੀ ਸਿੱਖੀ ਸੇਵਕੀ ਵਿੱਚ ਕ੍ਰਾਂਤੀਕਾਰੀ ਬਦਲਾਉ ਕੀਤਾ ਅਤੇ ਆਪਣੇ ਸਿੱਖਾਂ ਨੂੰ ‘ਖ਼ਾਲਸਾ’ ਦੀ ਪਦਵੀ ਪ੍ਰਦਾਨ ਕੀਤੀ।ਖਾਲਸੇ ਨੂੰ ਸਮੇਂ ਦੇ ਬਰਾਬਰ ਖੜਾ ਕਰਕੇ ਹਰ ਤਰਾਂ ਦੀ ਪ੍ਰਸਥਿਤੀ ਅਤੇ ਹਾਲਾਤ ਦਾ ਸਾਹਮਣਾ ਕਰਨ ਦੇ ਯੋਗ ਬਣਾਇਆ।ਗੁਰੁ ਸਾਹਿਬ ਜੀ ਨੇ ‘ਖਾਲਸੇ’ ਨੂੰ ਅਜਾਦੀ, ਸਵੈਮਾਨ ਤੇ ਜੋਸ਼ ਭਰਪੂਰ ਜੀਵਨ ਜਾਚ ਸਿਖਾਉਣ ਲਈ ਉਹਨਾਂ ਦੇ ਰੀਤੀ ਰਿਵਾਜਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿੱਚ ਵੀ ਕ੍ਰਾਂਤੀਕਾਰੀ ਤਬਦੀਲੀਆਂ ਕੀਤੀਆਂ।
ਹੋਲੀ ਦਾ ਤਿਉਹਾਰ ਪ੍ਰਾਚੀਨ ਸਮੇਂ ਤੋਂ ਪ੍ਰਚਲਿਤ ਸੀ ਜਿਸ ਦੇ ਪਿਛੋਕੜ ਵਿਵਿੱਚ ਪ੍ਰਹਲਾਦੁਹਰਨਾਕਸ਼ ਦੀ ਮਿੱਥ ਕਥਾ ਜੁੜੀ ਹੋਈ ਹੈ।ਹੋਲੀ ਨੂੰ ਪੰਪਰਾਗਤ ਢੰਗ ਨਾਲ ਮਨਉਣ ਵਾਲੇ ਲੋਕ ਇਸ ਦਿਨ ਇੱਕ ਦੂਜੇ ‘ਤੇ ਗੰਦ ਮੰਦ ਸੁੱਟਣ, ਗੋਹਾ ਖ਼ਿਲਾਰਨ, ਸ਼ਰਾਬ ਪੀ ਕੇ ਗਾਲ਼ਾ ਕੱਢਣ, ਮੰਦਾ ਬੋਲਣ, ਤੇ ਖਰੂਦ ਪਾ ਕੇ ਊਲ ਜਲੂਲ ਹਰਕਤਾਂ ਕਰਨ ਨੂੰ ਹੀ ਹੋਲੀ ਦਾ ਅੰਗ ਸਮਝਣ ਲੱਗ ਪਏ ਸਨ।ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲੀ’ ਦੀ ਥਾਂ ‘ਹੋਲੇ ਮਹੱਲੇ’ ਦਾ ਅਰੰਭ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਸੀ।ਹੋਲਾ ਮਹੱਲਾ ਮਨਾਉਣ ਦਾ ਮੰਤਵ ਗੁਰਸਿੱਖਾਂ ਅੰਦਰ ‘ਫ਼ਤਿਹ’ ਦੇ ਅਨੁਭਵ ਨੂੰ ਹੋਰ ਦ੍ਰਿੜ ਕਰਨਾ ਸੀ।ਗੁਰੂ ਗੋਬਿੰਦ ਸਿੰਘ ਜੀ ਹੋਲੇ ਮਹੱਲੇ ਵਾਲੇ ਦਿਨ ਸਿੰਘਾਂ ਦੇ ਦੋ ਦਲ ਬਣਾ ਕੇ ਆਪਸ ਵਿੱਚ ਮਨਸੂਈ ਜੰਗਾਂ ਕਰਵਾਉਂਦੇ।ਇੱਕ ਦਲ ਕਿਲਾ ਹੋਲਗੜ੍ਹ ਤੇ ਕਬਜਾ ਜਮਾ ਲੈਂਦਾ ਸੀ, ਦੂਸਰਾ ਦਲ ਹਮਲਾ ਕਰਕੇ ਕਿਲੇ ਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਸੀ।ਇਸ ਤਰੀਕੇ ਨਾਲ ਗੁਰੂ ਸਾਹਿਬ ਤਿਉਹਾਰ ਦੇ ਰੂਪ ਵਿੱਚ ਆਪਣੇ ਸਿੰਘਾਂ ਨੂੰ ਜੰਗ ਦੀਆਂ ਪੈਂਤਰੇਬਾਜੀਆਂ ਸਿਖਾਉਂਦੇ।ਇਸ ਮੌਕੇ ਯੁੱਧ ਦੇ ਨਗਾਰੇ ਵੱਜਦੇ, ਅਕਾਸ਼ ਜੈਕਾਰਿਆਂ ਨਾਲ ਗੂੰਜ ਉੱਠਦਾ, ਅੰਤ ਨੂੰ ਕਿਲਾ ਜਿੱਤਣ ਵਾਲੇ ਸਿੰਘ ਜਿੱਤ ਦੀਆਂ ਖੁਸ਼ੀਆਂ ਮਨਾਉਂਦੇ ਸੜਕਾਂ ‘ਤੇ ਨਿਕਲ ਆਉਂਦੇ।ਪਹਿਲਾਂ ‘ਮਹੱਲਾ’ ਸ਼ਬਦ ਇਸੇ ਭਾਵ ਲਈ ਵਰਤਿਆ ਜਾਂਦਾ ਰਿਹਾ ਫਿਰ ਹੌਲੀ ਹੌਲੀ ਇਹ ਸ਼ਬਦ ਉਸ ਜਲੂਸ ਲਈ ਵਰਤਿਆ ਜਾਣ ਲੱਗਾ ਜੋ ਲਾਡਲੀਆਂ ਫੌਜਾਂ ਦੁਆਰਾ ‘ਫ਼ਤਹਿ’ ਦੇ ਪ੍ਰਤੀਕ ਰੂਪ ਵਿੱਚ ਪੂਰੀ ਤਰਾਂ ਸ਼ਾਸਤਰ ਧਾਰੀ ਹੋ ਕੇ ਨਗਾਰਿਆਂ ਦੀ ਚੋਟ ਨਾਲ ਕੱਢਿਆ ਜਾਂਦਾ।
ਗੁਰੂ ਸਾਹਿਬ ਨੇ ‘ਹੋਲੀ’ ਮਨਾਉਣ ਦੇ ਪ੍ਰੰਪਰਾਗਤ ਤਰੀਕਿਆਂ ਤੋਂ ਹਟ ਕੇ ਹੋਲਾ ਮਹੱਲਾ ਵਿਲੱਖਣ ਰੂਪ ਵਿੱਚ ਮਨਾਉਣ ਦੀ ਰਵਾਇਤ ਆਰੰਭ ਕੀਤੀ ਅਤੇ ਇਸ ਤਿਉਹਾਰ ਨੂੰ ਸਿੱਖ ਮਾਨਸਿਕਤਾ ਦਾ ਹਿੱਸਾ ਬਣਾਉਣ ਲਈ ਨਵੇਂ ਅਰਥ ਦਿੱਤੇ ਅਤੇ ਨਵੇਂ ਢੰਗੁਤਰੀਕੇ ਅਪਣਾਏ।ਆਪ ਨੇ ‘ਹੋਲੇ ਮਹੱਲੇ’ ਨੂੰ ਖ਼ਾਲਸਾ ਪੰਥ ਦੀ ਚੜਦੀ ਕਲਾ ਅਤੇ ਸ੍ਰੇਸ਼ਟ ਯੁੱਧ ਕਲਾ ਦੀ ਸਰਵੋਤਮ ਉਦਾਹਰਨ ਵਜੋਂ ਪੇਸ਼ ਕੀਤਾ।
‘ਹੋਲਾ ਮਹੱਲਾ’ ਦੋ ਸ਼ਬਦਾਂ ‘ਹੋਲਾ’ ਅਤੇ ‘ਮਹੱਲਾ’ ਦੇ ਸੁਮੇਲ ਤੋਂ ਬਣਿਆਂ ਹੈ।’ਹੋਲਾ’ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ‘ਮਹੱਲਾ’ ਫ਼ਾਰਸੀ ਭਾਸ਼ਾ ਦਾ।ਇਸੇ ਨਾਲ ਮਿਲਦੇ ਜੁਲਦੇ ਸ਼ਬਦ ਹਨ ਹੋਲ ਤੇ ਹੂਲ।’ਹੂਲ’ ਸ਼ਬਦ ਦੇ ਅਰਥ ਨੇਕ ਅਤੇ ਭਲੇ ਕੰਮਾਂ ਲਈ ਜੂਝਣਾ, ਤਲਵਾਰ ਦੀ ਧਾਰ ‘ਤੇ ਚਲਣਾ ਅਤੇ ਸੀਸ ਤਲੀ ‘ਤੇ ਧਰ ਕੇ ਖੇਡਣਾ ਕੀਤੇ ਜਾਂਦੇ ਹਨ।ਪੰਜਾਬੀ ਲੋਕਧਾਰਾ ਵਿਸ਼ਵ ਕੋਸ਼’ ਅਨੁਸਾਰ ‘ਮਹੱਲਾ’ ਸ਼ਬਦ ਫ਼ਾਰਸੀ ਦੇ ਸ਼ਬਦ ‘ਮਹੱਲਹੇ’ ਦਾ ਤਦਭਵ ਹੈ ਜਿਸ ਦਾ ਭਾਵ ਉਸ ਸਥਾਨ ਤੋਂ ਹੈ, ਜਿੱਥੇ ਫ਼ਤਿਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ‘ਹੋਲਾੁਮਹੱਲਾ’ ਦੇ ਅਰਥ ਹਮਲਾ ਕਰਨਾ ਅਤੇ ‘ਜਾਯ ਹਮਲਾ’ ਲਿਖਿਆ ਹੈ।ਭਾਈ ਸਾਹਿਬ ਨੇ ‘ਹੋਲੇ’ ਦੇ ਅਰਥ ‘ਹ’ਲਾ ਜਾਂ ਹਮਲਾ ਕਰਨਾ’ ਅਤੇ ‘ਮਹੱਲਾ’ ਦੇ ਅਰਥ ‘ਹਮਲੇ ਦੀ ਥਾਂ’ ਕੀਤੇ ਹਨ।ਭਾਵ ਕਿ, ਕਿਸੇ ਨਿਸ਼ਚਿਤ ਸਥਾਨ ‘ਤੇ ਹਮਲਾ ਕਰਕੇ ਫ਼ਤਿਹ ਦਾ ਨਗਾਰਾ ਵਜਾਉਣਾ ਅਤੇ ਖੁਸ਼ੀਆਂ ਦੇ ਜਸ਼ਨ ਮਨਾਉਣੇ।
ਹੋਲਾ ਮਹੱਲਾ ਖ਼ਾਲਸੇ ਦਾ ਚੜਦੀਕਲਾ ਦਾ ਪੁਰਬ ਹੈ ਜੋ ਬਸੰਤ ਰੁੱਤ ਵਿੱਚ ਹੋਲੀ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ ਵਿਖੇ ਪੂਰੇ ਜੋਸ਼ੁੋ ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਮੌਸਮੀ ਤਬਦੀਲੀ ਦੇ ਪੱਖ ਤੋਂ ਹੋਲੀ ਬਸੰਤ ਰੁੱਤ ਦੇ ਆਗਮਨ, ਖੇੜੇ ਤੇ ਖੁਸ਼ੀਆਂ ਦਾ ਤਿਉੇਹਾਰ ਹੋਣ ਕਰਕੇ ਵਿਸ਼ੇਸ਼ ਸਥਾਨ ਰੱਖਦੀ ਹੈ।ਪੱਤਝੜ ਤੋਂ ਬਾਅਦ ਬਸੰਤ ਰੁੱਤ ਆਪਣਾ ਜਲਾਲ ਦਿਖਾਉਂਦੀ ਹੈ ਅਤੇ ਪ੍ਰਰਿਕਤੀ ਉੱਪਰ ਜੋਬਨ ਛਾਇਆ ਹੋਣ ਕਰਕੇ ਹਰ ਪਾਸੇ ਖੇੜਾ ਦਿਖਾਈ ਦਿੰਦਾ ਹੈ।ਇਤਿਹਾਸਕ ਲਿਖਤਾਂ ਅਨੁਸਾਰ ‘ਹੋਲੇ ਮੁਹੱਲੇ’ ਦਾ ਤਿਉਹਾਰ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਸੰਮਤ ੧੭੫੭ (ਸੰਮਤ ਨਾਨਕਸ਼ਾਹੀ ੨੩੧ ਮੁਤਾਬਕ ਚੇਤ ਵਦੀ ਏਕਮ) ਨੂੰ ਮਨਾਇਆ ਜਾਣਾ ਅਰੰਭ ਹੋਇਆ ਸੀ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸੇ ਨੂੰ ਸ਼ਾਸਤਰ ਅਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਗਈ ਸੀ।ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇੱਕ ਖ਼ਾਸ ਸਥਾਨ ‘ਤੇ ਕਬਜਾ ਕਰਨ ਲਈ ਹਮਲਾ ਕਰਨਾ, ਕਲਗੀਧਰ ਆਪ ਇਸ ਮਨਸੂਈ ਜੰਗ ਦਾ ਕਰਤਬ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁੱਭ ਸਿੱਖਿਆ ਦਿੰਦੇ ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪੇ ਬਖਸ਼ਦੇ ਸਨ।
ਡਾ. ਰਤਨ ਸਿੰਘ ਜ’ਗੀ ਅਨੁਸਾਰ ਪਹਿਲਾਂ ਇਹ ਸੱਤ ਦਿਨਾਂ ਸਮਾਗਮ ਸੀ।ਜਿਸ ਵਿੱਚ ਦੀਵਾਨ ਸੱਜਦੇ, ਕਥਾ ਕੀਰਤਨ ਹੁੰਦਾ, ਵਾਰਾਂ ਗਾਈਆ ਜਾਂਦੀਆ, ਅਨੇਕ ਤਰਾਂ ਦੀਆਂ ਫੌਜੀ ਕਵਾਇਦਾਂ ਜਾਂ ਮਸ਼ਕਾਂ ਹੁੰਦੀਆਂ।ਹਰ ਪਾਸੇ ਚੜਦੀ ਕਲਾ ਦਾ ਮਾਹੌਲ ਬਣਿਆਂ ਰਹਿੰਦਾ।ਇਨਾਂ ਸਾਰੀਆਂ ਕਾਰਵਾਈਆਂ ਵਿੱਚ ਗੁਰੂ ਸਾਹਿਬ ਰੁਚੀ ਪੂਰਵਕ ਸ਼ਾਮਿਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ।ਹੁਣ ਇਹ ਤਿੰਨ ਦਿਨਾਂ ਦਾ ਤਿਉਹਾਰ ਬਣ ਗਿਆ ਹੈ ਜੋ ਹੋਲੀ ਤੋਂ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ (ਫੱਗਣ ਸੁਦੀ ਚੌਦਾਂ ਤੋਂ ਚੇਤਰ ਵਦੀ ਇੱਕ ਤੱਕ) ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ।
ਹੋਲਾ ਮਹੱਲਾ ਖ਼ਾਲਸੇ ਨੂੰ ਬਖ਼ਸ਼ੀ ਸਰੀਰਕ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਆਪਣੀ ਅਣਖ ਤੇ ਸਵੈਮਾਨ ਨੂੰ ਅਨੁਭਵ ਕਰਨ ਦਾ ਨਿਰਾਲਾ ਅਵਸਰ ਹੈ।ਇਹ ਖ਼ਾਲਸਾ ਪੰਥ ਦੀਆਂ ਉਚੇਰੀਆਂ ਸ਼ਾਨਾਂ, ਖ਼ਾਲਸੇ ਦੇ ਬੋਲਬਾਲੇ ਅਤੇ ਚੜਦੀ ਕਲਾ ਦਾ ਪ੍ਰਤੀਕ ਹੈ।ਇਹ ਪੁਰਬ ਸਿੱਖਾਂ ਨੂੰ ਦ੍ਰਿੜ ਵਿਸ਼ਵਾਸੀ, ਪ੍ਰਭੂ ਭਗਤੀ ਤੇ ਉੱਚੇ ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ ਜਬਰ, ਅਨਿਆਂ ਤੇ ਸਮਾਜਿਕ ਬੁਰਾਈਆਂ ਖਿਲਾਫ਼ ਜੂਝਣ ਲਈ ਨਵਾਂ ਜੋਸ਼ ਅਤੇ ਉਤਸ਼ਾਹ ਪ੍ਰਦਾਨ ਕਰਦਾ ਹੈ।ਹੋਲਾ ਮਹੱਲਾ ਖਾਲਸੇ ਦੀ ਅੱਡਰੀ ਸੋਚ ਤੇ ਪਛਾਣ ਦਾ ਤਿਉੇਹਾਰ ਹੈ।ਇਹ ਪੁਰਬ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਸ਼ਕਤੀ ਹੀਣ ਅਤੇ ਕਮਜ਼ੋਰਾਂ ਨੂੰ ਉਹਨਾਂ ਦੇ ਹੱਕ ਕਦੇ ਨਹੀਂ ਮਿਲਦੇ।ਹੋਲੇ ਮਹੱਲੇ ਦੀ ਅਲੌਕਿਕ ਮਹਿਮਾਂ ਬਾਰੇ ਕਵੀ ਸੁਮੇਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਮਾਰਫ਼ਤ ਲਿਖਦੇ ਹਨ:
ਔਰਨ ਕੀ ਹੋਲੀ ਮਮ ਹੋਲਾ।
ਕਹਯੋ ਕ੍ਰਿਪਾਨਿਧ ਬਚਨ ਅਮੋਲਾ।
ਸਿੱਖ ਕੌਮ ਨੇ ਵਰਤਮਾਨ ਸਮੇਂ ਵਿੱਚ ਵੀ ‘ਹੋਲੇ ਮਹ’ਲੇ’ ਨੂੰ ਮਨਾਉਣ ਦੀ ਉਸੇ ਰਵਾਇਤ ਨੂੰ ਕਾਇਮ ਰੱਖਿਆ ਹੋਇਆ ਹੈ।ਹੁਣ ਵੀ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਹੋਲੇ ਮਹੱਲੇ ਦੇ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ। ਪਹਿਲਾਂ ਕੀਰਤਪੁਰ ਸਾਹਿਬ ਵਿਖੇ ਤਿੰਨ ਦਿਨ ਸਮਾਗਮ ਚਲਦੇ ਹਨ ਫਿਰ ਹੋਲੀ ਤੋਂ ਇੱਕ ਦਿਨ ਪਹਿਲਾਂ ਅਰੰਭ ਹੋ ਕੇ ਇੱਕ ਦਿਨ ਬਾਅਦ ਤੱਕ ਹੋਲੇ ਮਹੱਲੇ ਦੇ ਸਮਾਗਮ ਅਨੰਦਪੁਰ ਸਾਹਿਬ ਵਿੱਚ ਹੁੰਦੇ ਹਨ।ਇਸ ਮੌਕੇ ਤੇ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ਉੱਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਦੂਰ ਦੁਰੇਡੇ ਤੋਂ ਆਉਣ ਵਾਲੀਆਂ ਸ਼ਰਧਾਲੂ ਸੰਗਤਾਂ ਲਈ ਲੰਗਰ ਸਜਾਏ ਜਾਂਦੇ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਥਾ, ਕੀਰਤਨ ਅਤੇ ਕਵੀ ਦਰਬਾਰ ਸਜਾਏ ਜਾਂਦੇ ਹਨ।ਹੋਲੇ ਮਹੱਲੇ ਦੇ ਤੀਸਰੇ ਦਿਨ ਵਿਸ਼ਾਲ ਨਗਰ ਕੀਰਤਨ ਪੰਜ ਪਿਆਰੀਆਂ ਦੀ ਅਗਵਾਈ ਵਿੱਚ ਸਜਾਇਆ ਜਾਂਦਾ ਹੈ।ਇਸ ਮੌਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋ ਸ਼ਾਸਤਰਾਂ ਨਾਲ ਸੱਜ ਕੇ ਹਾਥੀ ਘੋੜਿਆਂ ਉੱਤੇ ਅਨੇਕਾਂ ਤਰਾਂ ਦੇ ਜੰਗੀ ਕਰਤੱਬ ਪੇਸ਼ ਕਰਕੇ ਸੰਗਤਾਂ ਦੇ ਸਨਮੁੱਖ ਪੁਰਾਤਨ ‘ਖਾਲਸਾ ਯੁੱਧ ਕਲਾ’ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।ਨਿਹੰਗ ਸਿੰਘਾਂ ਵੱਲੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗਜਾਉਦਿਆਂ ਇੱਕ ਦੂਜੇ ਉੱਤੇ ਕੇਸਰ, ਗੁਲਾਲ ਪਾਇਆ ਜਾਂਦਾ ਹੈ ਅਤੇ ਅਤਰ ਫੁਲੇਲ ਜਿਹੀਆਂ ਸੁਗੰਧੀਆਂ ਦਾ ਛਿੜਕਾਅ ਕੀਤਾ ਜਾਂਦਾ ਹੈ।ਨਿਹੰਗ ਸਿੰਘਾਂ ਵੱਲੋਂ ਚਰਨ ਗੰਗਾ ਦੇ ਮੈਦਾਨ ਵਿੱਚ ਘੋੜ ਸਵਾਰੀ, ਗਤਕੇਬਾਜੀ ਅਤੇ ਹੋਰ ਅਨੇਕਾਂ ਜੰਗੀ ਜੌਹਰ ਸੰਗਤਾਂ ਨੂੰ ਦਿਖਾਏ ਜਾਂਦੇ ਹਨ।ਹੋਲਾ ਮਹੱਲਾ ਸਿੱਖ ਸੰਗਤਾਂ ਨੂੰ ਜਿੱਥੇ ਜੋਸ਼, ਉਤਸ਼ਾਹ, ਖੁਸ਼ੀ ਤੇ ਹੁਲਾਸ ਨਾਲ ਭਰਪੂਰ ਕਰਦਾ ਹੈ ਉੱਥੇ ਸੰਗਤਾਂ ਇਸ ਮਹਾਨ ਪੁਰਬ ਤੋਂ ਆਤਮਕਿ ਅਨੰਦ ਦੀ ਪ੍ਰਾਪਤੀ ਵੀ ਕਰਦੀਆਂ ਹਨ।
ਸ: ਦਲਜੀਤ ਸਿੰਘ ਅਨੁਸਾਰ, ਹੋਲਾ ਮਹੱਲਾ ਭਾਵੇਂ ਤਿੳਹਾਰ ਵਾਂਗ ਹੀ ਮਨਇਆ ਜਾਂਦਾ ਪ੍ਰਤੀਤ ਹੁੰਦਾ ਹੈ ਪਰ ਇਸ ਨੂੰ ਮਨਾਉਣ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤੈਅ ਮੰਤਵ ਅਤੇ ਉਦੇਸ਼ ਗਹਿਰੀ ਸਿਆਪਣ ਅਤੇ ਦੂਰਅੰਦੇਸ਼ੀ ਦੀ ਸੂਖ਼ਮ ਸੂਝ ਦਾ ਪ੍ਰਗਟਾਵਾ ਕਰਦੇ ਹਨ।ਗੁਰੂ ਸਾਹਿਬ ਆਪਣੇ ਖ਼ਾਲਸੇ ਲਈ ਆਮ ਦੁਨਿਆਵੀ ਧਰਾਤਲ ਦੀ ਸਥੂਲ ਵੰਨੁਸੁਵੰਨਤਾ ਅਤੇ ਮਨ ਪ੍ਰਚਾਵੇ ਵਾਲੀ ਪਰੰਪਰਾਗਤ ਰੀਤ ਨੂੰ ਨਵੇਂ ਵਿਕਾਸਮਈ ਅਤੇ ਵਿਸਮਾਦਮਈ ਮਾਹੌਲ ਵਿੱਚ ਸਿਰਜ ਕੇ ਇਸ ਨੂੰ ਮਨੁੱਖਤਾ ਦਾ ਨਿਰਭਉ ਅਤੇ ਨਿਰਵੈਰ ਬਾਦਸ਼ਾਹ ਬਣਾਉਣਾ ਚਹੁੰਦੇ ਸਨ।

ਸਵਰਨਦੀਪ ਸਿੰਘ ਨੂਰ,
ਪਿੰਡੁ ਜੋਧਪੁਰ ਰੋਮਾਣਾ,
ਜ਼ਿਲਾ – ਬਠਿੰਡਾ।
75891-19192

Share Button

Leave a Reply

Your email address will not be published. Required fields are marked *