Tue. Jun 25th, 2019

ਸਨਮਾਨ ਸਮਾਰੋਹ ਤੇ ਵਿਸ਼ੇਸ਼ (10 ਮਾਰਚ): ਅੰਤਰ-ਰਾਸ਼ਟਰੀ ਪ੍ਰਸਿਧੀ ਪ੍ਰਾਪਤ ਕਵੀ: ਗੁਰਦਿਆਲ ਸਿੰਘ ਨਿਮਰ

ਸਨਮਾਨ ਸਮਾਰੋਹ ਤੇ ਵਿਸ਼ੇਸ਼ (10 ਮਾਰਚ): ਅੰਤਰ-ਰਾਸ਼ਟਰੀ ਪ੍ਰਸਿਧੀ ਪ੍ਰਾਪਤ ਕਵੀ: ਗੁਰਦਿਆਲ ਸਿੰਘ ਨਿਮਰ

ਪਹਿਲੀ ਨਜ਼ਰੇ ਦੇਖਿਆਂ ਉਹ ਕਵੀ ਨਹੀਂ ਬਲਕਿ ਕੋਈ ਵਡਾ ਸਰਕਾਰੀ ਅਹੁਦੇਦਾਰ ਲਗਦਾ ਹੈ।ਜਦੋਂ ਨੇੜੇ ਜਾ ਕੇ ਉਸ ਨਾਲ ਗਲਬਾਤ ਕਰੀਏ ਤਾਂ ੳੇੁਸਦੀ ਜ਼ੁਬਾਨ ਵਿਚੋਂ ਮਾਨਵੀ ਪਿਆਰ, ਸਮਾਜਿਕ ਮੁਲਾਂ, ਇਨਸਾਨੀ ਕਦਰਾਂ ਕੀਮਤਾਂ ਦੀ ਚਾਸ਼ਨੀ ਨਾਲ ਲਬਾਲਬ ਭਰੇ ਬੋਲ ਤੁਹਾਡੇ ਕੰਨੀਂ ਪੈਣਗੇ।ਉਸ ਵੇਲੇ ਵੀ ਉਹ ਤੁਹਾਡੇ ਸਾਹਮਣੇ ਆਪਣੇ ਕਵੀ ਆਪੇ ਦਾ ਦਿਖਾਵਾ ਨਹੀਂ ਹੋਣ ਦਿੰਦਾ।ਉਸਦੇ ਬੋਲਾਂ ਨੂੰ ਸਵੈਮਾਨ ਦੀ ਪਾਣ ਚੜੀ ਝਲਕਦੀ ਹੈ।ਕਿਸੇ ਯੂਨੀਵਰਟਿਸੀ ਦੇ ਵਿਦਵਾਨ ਪ੍ਰੋਫੈਸਰ ਵਾਲੀ ਦਿਖ, ਉਚਾ ਲੰਮਾਂ ਸਰੂ ਵਰਗਾ ਕਦ, ਉਮਰ ਦੇ ਸਤਰਵਿਆਂ ਵਿਚ ਵੀ ਦਗਦਗ ਕਰਦਾ ਚਿਹਰਾ, ਚਾਲ ਵਿਚ ਮਿਰਗਾਂ ਵਰਗੀ ਲਚਕ, ਭਰਵਾਂ ਜੁਸਾ, ਅਖਾਂ ਵਿਚਲੀ ਕਸ਼ਿਸ਼ ਹਰ ਦੇਖਣ ਵਾਲੇ ਨੂੰ ਸੁਤੇ ਸਿਧ ਉਸਦੀ ਸਖਸ਼ੀਅਤ ਦਾ ਪ੍ਰਭਾਵ ਕਬੂਲਣ ਲਈ ਮਜ਼ਬੂਰ ਕਰਦੀ ਹੈ।ਉਸਦੇ ਬੋਲਾਂ ਵਿਚ ਲੋਹੜੇ ਦੀ ਮਿਠਾਸ ਹੈ।ਸਟੇਜ ਤੇ ਖੜਾ ਹੋ ਕੇ ਜਦੋਂ ਕਵਿਤਾ ਨੂੰ ਤਰੰਨੁਮ ਦੀਆਂ ਸੋਜ਼ ਭਰੀਆਂ ਸੁਰਾਂ ’ਤੇ ਚਾੜ੍ਹ ਕੇ ਬਿਆਨ ਕਰਦਾ ਹੈ ਤਾਂ ਸਰੋਤਿਆਂ ਨੂੰ ਇਤਿਹਾਸ ਦੀ ਉਂਗਲ ਫੜਾ ਕੇ ਕਿਸੇ ਅਕਿਹ ਰਸ ਵਿਚ ਲੈ ਜਾਂਦਾ ਹੈ।ਸਰੋਤੇ ਇਸ ਨਿਵੇਲਕੀ ਸਖਸ਼ੀਅਤ ਦੇ ਮਾਲਕ ਨੂੰ ‘ਗੁਰਦਿਆਲ ਸਿੰਘ ਨਿਮਰ’ ਵਜੋਂ ਜਾਣਦੇ ਹਨ।
ਗੁਰਦਿਆਲ ਸਿੰਘ ਨਿਮਰ ਦਾ ਜਨਮ 15 ਜੂਨ 1949 ਨੂੰ ਪਿੰਡ ਅਬਦਾਲ ਰਾਮਗੜੀ੍ਹਆਂ ਜ਼ਿਲਾ ਗੁਰਦਾਸਪੁਰ ਵਿਖੇ ਪਿਤਾ ਸ: ਰਾਮ ਸਿੰਘ ਦੇ ਘਰ ਮਾਤਾ ਇਕਬਾਲ ਕੌਰ ਦੀ ਕੁਖੋਂ ਹੋਇਆ।ਆਪ ਨੇ ਮੁਢਲੀ ਵਿਦਿਆ ਗੌ: ਸੀ: ਸੈ: ਸਕੂਲ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੋਂ ਪ੍ਰਾਪਤ ਕੀਤੀ।ਇਥੇ ਹੀ ਆਪ ਦੇ ਬਾਲ ਮਨ ਅੰਦਰ ਸਾਹਿਤ ਦਾ ਅੰਕੁਰ ਫੁਟਣਾਂ ਸ਼ੁਰੂ ਹੁੰਦਾ ਹੈ।ਸਕੂਲ ਵਿਚ ਪੜਦਿਆਂ ਮਾਸਟਰ ਗੁਰਕਿਰਪਾਲ ਬਾਵਾ ਜੀ ਜੋ ਕਿ ਮਸ਼ਹੂਰ ਪੰਜਾਬੀ ਗਾਇਕਾ ‘ਗੁਰਮੀਤ ਬਾਵਾ’ ਜੀ ਦੇ ਪਤੀ ਸਨ ਅਤੇ ਮਾ. ਜਸਵੰਤ ਸਿੰਘ ਰਾਹੀ ਜੀ ਨੇ ਗੁਰਦਿਆਲ ਸਿੰਘ ਦੇ ਅੰਦਰ ਦੀ ਪ੍ਰਤਿਭਾ ਨੂੰ ਪਛਾਣ ਕੇ ਕਵਿਤਾ ਲਿਖਣ ਲਈ ਪ੍ਰੇਰਿਤ ਕੀਤਾ।ਮਾਸਟਰ ਬਾਵਾ ਜੀ ਅਕਸਰ ਸਕੂਲ ਦੇ ਬਚਿਆਂ ਨੂੰ ਆਰਮੀ ਕੈਂਪਾਂ ਵਿਚ ਕਵਿਤਾਵਾਂ ਅਤੇ ਗੀਤ ਬੋਲਣ ਲਈ ਲੈ ਕੇ ਜਾਇਆ ਕਰਦੇ ਸਨ।ਮਰਹੂਮ ਸ਼ਇਰ ਸ਼ਿਵ ਕੁਮਾਰ ਬਟਾਲਵੀ ਬਾਵਾ ਜੀ ਦਾ ਬਹੁਤ ਵਧੀਆ ਮਿਤਰ ਸੀ।ਇਸ ਮਿਤਰਤਾ ਦਾ ਸਦਕਾ ਸ਼ਿਵ ਕੁਮਾਰ ਨੇ ਅਕਸਰ ਗੁਰਦਿਆਲ ਹੋਰਾਂ ਨੂੰ ਆਖਣਾ, ‘ਲਿਖਿਆ ਕਰ…ਤੂੰ ਬਹੁਤ ਵਧੀਆ ਲਿਖ ਸਕਦਾ ਹੈਂ’।ਇਸ ਹੌਂਸਲਾ ਅਫ਼ਜਾਈ ਨਾਲ ਗੁਰਦਿਆਲ ਦੇ ਪੈਰ ਧਰਤੀ ਤੇ ਨਾ ਲਗਣੇਂ ਤੇ ਉਹ ਸਾਹਿਤ ਗਗਨ ਦੇ ਅੰਬਰਾਂ ਤੇ ਹੋਰ ਉਚੀਆਂ ਉਡਾਰੀਆਂ ਭਰਨਾ ਲੋਚਦਾ।
ਗੁਰਦਿਆਲ ਉਦੋਂ ਬਾਰਵੀਂ ਜਮਾਤ ਪਾਸ ਕਰ ਚੁਕੇ ਸਨ ਜਦੋਂ ਆਪ ਦੇ ਪਿਤਾ ਜੀ ਠੇਕੇਦਾਰੀ ਦੇ ਸਿਲਸਿਲੇ ਵਿਚ ਯਮੁਨਾ ਨਗਰ ਆਏ ਤੇ ਪਰਿਵਾਰ ਸਮੇਤ ਪਕੇ ਤੌਰ ਤੇ ਇਥੇ ਹੀ ਵਸ ਗਏ।ਆਪਣੀਆਂ ਜੜਾਂ ਦਾ ਮੋਹ ਗੁਰਦਿਆਲ ਨੂੰ ਬਹੁਤ ਰਵਾਉਂਦਾ।ਬਾਵਾ ਜੀ, ਸ਼ਿਵ ਕੁਮਾਰ ਤੇ ਮਾ. ਰਾਹੀ ਜੀ ਦੀਆਂ ਯਾਦਾਂ ਆਪ ਦੇ ਦਿਲ ਨੂੰ ਘੇਰੀ ਰਖਦੀਆਂ।ਯਮਨਾ ਨਗਰ ਉਦੋਂ ਨਵਾਂ ਨਵਾਂ ‘ਖਾਲਸਾ ਕਾਲਜ’ ਖੁਲਿਆ ਸੀ ਜਿਸਦੇ ਪਹਿਲੇ ਪ੍ਰਿੰਸੀਪਲ ਸ: ਸਤਬੀਰ ਸਿੰਘ ਸਨ।ਆਪ ਨੇ ਇਸ ਕਾਲਸ ਵਿਚ ਦਾਖਲਾ ਲੈ ਕੇ ਬੀ.ਏ. ਦੀ ਪੜਾਈ ਸ਼ੂਰੂ ਕਰ ਦਿਤੀ।ਕਾਲਜ ਦੇ ਯੂਥ ਫੈਸਟੀਵਲਾਂ ਵਿਚ ਆਪ ਗੀਤਾਂ ਤੇ ਕਵਿਤਾਵਾਂ ਰਾਹੀਂ ਭਰਵੀਂ ਹਾਜ਼ਰੀ ਲਵਾੳੇੁਂਦੇ।ਆਪ ਵਲੋਂ ਗਾਈ ਜਾਂਦੀ ਵਾਰਿਸ ਦੀ ਹੀਰ ਨੂੰ ਸਰੋਤੇ ਸਾਹ ਰੋਕ ਕੇ ਸੁਣਦੇ।ਖਾਲਸਾ ਕਾਲਜ ਦੇ ਇਕ ਸਲਾਨਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਸ: ਵਿਧਾਤਾ ਸਿੰਘ ਤੀਰ ਜੀ ਆਏ ਤਾਂ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਆਪ ਦਾ ਹਥ ਤੀਰ ਸਾਹਿਬ ਨੂੰ ਫੜਾਉਦਿਆਂ ਕਿਹਾ ਸੀ, “ਇਸ ਬਚੇ ਨੂੰ ਆਪਣੇ ਲੜ ਲਾਉ”।ਤੀਰ ਸਾਹਿਬ ਨੇ ਆਪ ਨੂੰ ਆਪਣੀ ਇਕ ਕਵਿਤਾ ‘ਪਾਂਡੀ ਪਾਤਸ਼ਾਹ’ ਦੀ ਬਹਿਰ ਤੇ ਕਵਿਤਾ ਲਿਖ ਕੇ ਲਿਆਉਣ ਲਈ ਕਿਹਾ।ਅਗਲੇ ਦਿਨ ਆਪ ਕਵਿਤਾ ਲਿਖ ਕੇ ‘ਤੀਰ’ ਜੀ ਕੋਲ ਪਹੁੰਚੇ ਤਾਂ ਉਹਨਾਂ ਨੇ ਆਪ ਨੂੰ ਗਲ਼ ਨਾਲ ਲਾਉਂਦਿਆਂ ਆਪਣਾ ਸ਼ਾਗਿਰਦ ਪ੍ਰਵਾਨ ਕਰ ਲਿਆ ਸੀ।ਵਿਧਾਤਾ ਸਿੰਘ ਤੀਰ ਦੀ ਸ਼ਾਗਿਰਦੀ ਨੇ ਆਪ ਦੀ ਕਵਿਤਾ ਵਿਚ ਭਰਪੂਰ ਨਿਖਾਰ ਲਿਆਂਦਾ ਅਤੇ ਆਪ ਧਾਰਮਿਕ ਅਤੇ ਸਮਾਜਿਕ ਸਟੇਜਾਂ ਤੇ ਭਰਵੀਂ ਹਾਜ਼ਰੀ ਲਵਾਉਣ ਲਗੇ।
ਇਸ ਤੋਂ ਬਾਅਦ ਆਪ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਮ.ਏ. ਪੰਜਾਬੀ ਕੀਤੀ।ਕਾਲਜ ਪੜਦਿਆਂ ਆਪ ਬਹੁਤ ਵਧੀਆ ਅਥਲੀਟ ਸਨ।ਜਿਸ ਕਰਕੇ ਆਪ ਦੀ ਚੋਣ ਹਰਿਆਣਾ ਪੁਲਿਸ ਵਿਚ ਹੋ ਗਈ ਪਰ ਆਪ ਦੇ ਕਵੀ ਮਨ ਨੇ ਇਸ ਨੌਕਰੀ ਨੂੰ ਸਵੀਕਾਰ ਨਾ ਕੀਤਾ।1975 ਵਿਚ ਆਪ ਨੂੰ ‘ਪੰਜਾਬ ਐਂਡ ਸਿੰਧ ਬੈਂਕ’ ਵਿਚ ਨੌਕਰੀ ਮਿਲ ਗਈ।29 ਸਤੰਬਰ 1976 ਨੂੰ ਆਪ ਦਾ ਵਿਆਹ ਸ਼੍ਰੀਮਤੀ ਜਸਵਿੰਦਰ ਕੌਰ ਜੀ ਨਾਲ ਹੋਇਆ। ਜੋ ਅਧਿਆਪਨ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਸਨ।ਆਪ ਦੇ ਘਰ ਦੋ ਪੁਤਰੀਆਂ ਅਤੇ ਦੋ ਪੁਤਰਾਂ ਨੇ ਜਨਮ ਲਿਆ।ਬੈਂਕ ਦੀ ਨੌਕਰੀ ਦੇ ਸਿਲਸਿਲੇ ਵਿਚ ਆਪ ਦੀ ਨਿਯੁਕਤੀ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਤੋਂ ਦੂਰ ਦੇ ਰਾਜਾਂ ਵਿਚ ਹੀ ਰਹੀ।ਪਰ ਆਪ ਜੀ ਨੇ ਨੌਕਰੀ ਦੇ ਨਾਲ ਨਾਲ ਕਵਿਤਾ ਰਚਣੀ ਅਤੇ ਧਾਰਮਿਕ ਸਟੇਜਾਂ ਤੇ ਬੋਲਣੀ ਜਾਰੀ ਰਖੀ।ਆਪ ਜੀ ਪੂਰੇ ਭਾਰਤ ਭਰ ਦੀਆਂ ਸੰਗਤਾਂ ਸਾਹਮਣੇ ਆਪਣੀ ਧਾਰਮਿਕ ਜੋਸ਼ੀਲੀ ਕਵਿਤਾ ਰਾਹੀਂ ਭਰਵੀਂ ਹਾਜ਼ਰੀ ਲਵਾ ਚੁਕੇ ਹਨ।‘ਬੈਂਤ’ ਆਪ ਦਾ ਪਸੰਦੀਦਾ ਛੰਦ ਹੈ।ਵਿਰਸੇ ਵਿਚ ਮਿਲੇ ਗੁਰਸਿਖੀ ਜੀਵਨ ਸਦਕਾ ਆਪ ਦੀਆਂ ਲਿਖੀਆਂ ਕਵਿਤਾਵਾਂ ਵਿਚੋਂ ਗੁਰਬਾਣੀ, ਗੁਰਮਿਤ ਸਿਧਾਤਾਂ ਤੇ ਸਮਾਜਿਕ ਪ੍ਰੇਮ ਦੀ ਖੁਸ਼ਬੋਈ ਝਲਕਦੀ ਹੈ।ਸਟੇਜ ਉਤੇ ਆਪ ਦੇ ਸ਼ਬਦਾਂ ਅਤੇ ਸ਼ੇਅਰਾਂ ਦੀ ਪੇਸ਼ਕਾਰੀ ਕਮਾਲ ਦੀ ਹੁੰਦੀ ਹੈ।ਭਾਵੇਂ ਆਪ ਬੀਰ ਰਸ ਵਿਚ ਭਰ ਕੇ ਜੋਸ਼ੀਲੀ ਕਵਿਤਾ ਬੋਲੋ ਤੇ ਚਾਹੇ ਤਰੰਨੁਮ ਵਿਚ ਸੋਜ਼ ਭਰੀ ਆਵਾਜ਼ ਵਿਚ, ਸਰੋਤੇ ਸੁਣ ਕੇ ਅਸ਼ ਅਸ਼ ਕਰ ਉਠਦੇ ਹਨ।ਹੁਣ ਤਕ ਆਪ ਜੀ ਕਵਿਤਾਵਾਂ ਦੀਆਂ ਪੰਜ ਮੌਲਿਕ ਕਿਤਾਬਾਂ ਲਿਖ ਚੁਕੇ ਹਨ। ‘ਗੁਰੂ ਦੇ ਨਾਲ’ ਅਤੇ ‘ਸਰਹਿੰਦ ਫਤਿਹ’ ਪੁਸਤਕਾਂ ਨੂੰ ਕ੍ਰਮਵਾਰ ਤਖ਼ਤ ਸ਼੍ਰੀ ਹਜੂਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਤੋਂ ਸਨਮਾਨ ਮਿਲ ਚੁਕਾ ਹੈ। ਪੰਜਾਂ ਤਖਤਾਂ ਸਮੇਤ ਭਾਰਤ ਦੇ ਸਭ ਵਡੇ ਗੁਰਦੁਆਰਿਆਂ, ਧਾਰਮਿਕ ਤੇ ਸਮਾਜਿਕ ਸਭਾ ਸੁਸਾਇਟੀਆਂ ਵਲੋਂ ਆਪ ਦੁਆਰਾ ਕਾਵਿ ਖੇਤਰ ਵਿਚ ਪਾਏ ਵਿਲਖਣ ਯੋਗਦਾਨ ਕਰਕੇ ਸਮਮਾਨਿਤ ਕੀਤਾ ਜਾ ਚੁਕਾ ਹੈ।ਇਹਨਾਂ ਵਿਚ ਵਿਸ਼ੇਸ਼ ਤੌਰ ਤੇ ਸਿਖ ਸਟੂਡੈਂਟ ਫੈਡਰੇਸ਼ਨ ਵਲੋਂ ‘ਅਮਰ ਸ਼ਹੀਦ ਭਾਈ ਅਮਰੀਕ ਸਿੰਘ ਐਵਾਰਡ’ ਅਤੇ ਪੰਥਕ ਸ਼ਤਾਬਦੀਆਂ ਮੌਕੇ ਵਿਸ਼ੇਸ਼ ਸਨਮਾਨ ਸ਼ਾਮਿਲ ਹੈ।2017 ਵਿਚ ਗੁਰੁ ਗੋਬਿੰਦ ਸਿੰਘ ਜੀ ਦੇ 350ਸਾਲਾ ਪ੍ਰਕਾਸ਼ ਪੁਰਬ ’ਤੇ ਆਪ ਜੀ ਦੀ ਕਿਤਾਬ ‘ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ’ ਹਰਿਆਣੇ ਦੇ ਤਤਕਾਲੀ ਮੁਖ ਮੰਤਰੀ ਵਲੋਂ ਰਿਲੀਜ਼ ਕੀਤੀ ਗਈ।ਆਪ ਵਲੋਂ ਭਾਈ ਘਨ੍ਹਈਆ ਜੀ ਦੀ ਜੋਤੀ ਜੋਤ ਤ੍ਰੈਸ਼ਤਾਬਦੀ ਮੌਕੇ 2018 ਨੂੰ ਆਪ ਜੀ ਵਲੋਂ ਲਿਖਿਆ ਮਹਾਂਕਾਵਿ ‘ਭਾਈ ਘਨ੍ਹਈਆ ਜੀ’ ਕੌਮ ਦੇ ਅਰਪਣ ਕੀਤਾ ਗਿਆ।
ਆਪ ਜੀ ਹਰਿਆਣਾ ਵਿਖੇ ਬਣੀ ‘ਸ਼੍ਰੀ ਦਸਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਹਨ ਅਤੇ ਹਰ ਸਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਕਰਵਾਕੇ ਕਿਸੇ ਇਕ ਕਵੀ ਨੂੰ ‘ਚਮਕੌਰ ਤੇ ਸਰਹਿੰਦ ਐਵਾਰਡ’ ਨਾਲ ਸਨਮਾਨਿਤ ਕਰਦੇ ਹਨ।ਗੁਰਮਤਿ ਕਾਵਿ ਖੇਤਰ ਵਿਚ ਆਪ ਦੇ ਇਸ ਵਿਲਖਣ ਯੋਗਦਾਨ ਨੂੰ ਮੁਖ ਰਖਦਿਆਂ ‘ਗੁਰੂ ਗੋਬਿੰਦ ਸਿੰਘ ਸਟਡੀ ਸਰਕਲ’ ਵਲੋਂ 10 ਮਾਰਚ ਨੂੰ ਲੁਧਿਆਣਾ ਵਿਖੇ ‘ਸਾਈਂ ਮੀਆਂ ਮੀਰ ਦਿਵਸ’ ਮੌਕੇ ਅੰਤਰ-ਰਾਸ਼ਟਰੀ ਪਧਰ ਦੀਆਂ 14 ਉਘੀਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।ਇਸ ਮੌਕੇ ‘ਗੁਰਦਿਆਲ ਸਿੰਘ ਨਿਮਰ’ ਨੂੰ ‘ਭਾਈ ਨੰਦ ਲਾਲ ਗੋਯਾ ਯਾਦਗਾਰੀ ਕਾਵਿ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਸਵਰਨਦੀਪ ਸਿੰਘ ਨੂਰ
ਪਿੰਡ- ਜੋਧਪੁਰ ਰੋਮਾਣਾ
ਜ਼ਿਲਾ-ਬਠਿੰਡਾ
75891-19192

Leave a Reply

Your email address will not be published. Required fields are marked *

%d bloggers like this: