ਸਥਾਨਕ ਵਪਾਰੀਆਂ ਵੱਲੋਂ ਮਲੋਟ ਦਾਣਾ ਮੰਡੀ ਵਿਖੇ ਨਰਮੇ ਦੀ ਖਰੀਦ ਸ਼ੁਰੂ

ss1

ਸਥਾਨਕ ਵਪਾਰੀਆਂ ਵੱਲੋਂ ਮਲੋਟ ਦਾਣਾ ਮੰਡੀ ਵਿਖੇ ਨਰਮੇ ਦੀ ਖਰੀਦ ਸ਼ੁਰੂ
ਪਹਿਲੇ ਦਿਨ 5555 ਰੁਪਏ ਦੇ ਭਾਅ ਤੇ ਵਿਕਿਆ ਨਰਮਾ, ਕਿਸਾਨ ਸੰਤੁਸ਼ਟ

29-17 (1)
ਮਲੋਟ, 29 ਅਗਸਤ (ਆਰਤੀ ਕਮਲ) : ਦਾਣਾ ਮੰਡੀ ਮਲੋਟ ਵਿਖੇ ਸਥਾਨਕ ਨਰਮਾ ਫੈਕਟਰੀਆਂ ਦੇ ਮਾਲਕਾਂ ਵੱਲੋਂ ਅੱਜ ਨਰਮੇ ਦੀ ਫਸਲ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ । ਮਲੋਟ ਦੀ ਨਰਮਾ ਫੈਕਟਰੀਆਂ ਚੋਂ ਇਕ ਸ੍ਰੀ ਰਾਮ ਸਰੂਪ ਗਰਗ ਕਾਟਨ ਮਿਲ ਦੇ ਮਾਲਕਾਂ ਵੱਲੋਂ ਅੱਜ ਆਪਣੇ ਪੁਰਾਣੇ ਰੀਤੀ ਰਿਵਾਜਾਂ ਮੁਤਾਬਕ ਮਹੂਰਤ ਕੱਢਣ ਉਪਰੰਤ ਮਲੋਟ ਦੀ ਦਾਣਾ ਮੰਡੀ ਵਿਖੇ ਨਰਮੇ ਦੀ ਪਹਿਲੀ ਬੋਲੀ ਲਗਾਈ । ਆੜਤੀਆ ਫਰਮ ਮੈਂਸਰਜ ਵਲੈਤੀ ਰਾਮ ਦਿਨੇਸ਼ ਕੁਮਾਰ ਦੇ ਕਿਸਾਨ ਗੁਰਨਾਮ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਪਿੰਡ ਬੁਰਜ ਸਿੱਧਵਾਂ ਦੀ ਢੇਰੀ ਦੀ ਖਰੀਦ 5555 ਰੁਪਏ ਪ੍ਰਤੀ ਕੁਵਿੰਟਲ ਵਿਚ ਕੀਤੀ ਗਈ । ਆਪਣੀ ਫਸਲ ਵੇਚਣ ਉਪਰੰਤ ਕਿਸਾਨ ਗੁਰਨਾਮ ਸਿੰਘ ਨੇ ਲੱਗੀ ਕੀਮਤ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਇਸ ਸਾਲ ਨਰਮੇ ਦਾ ਭਾਅ ਠੀਕ ਹੈ ਅਤੇ ਉਮੀਦ ਹੈ ਕਿ ਪਰਮਾਤਮਾ ਦੀ ਮਿਹਰ ਸੁਵੱਲੀ ਰਹੀ ਤਾਂ ਉਹਨਾਂ ਨੂੰ ਆਪਣੀ ਮਿਟੀ ਨਾਲ ਮਿਟੀ ਹੋ ਕੇ ਕੀਤੀ ਮਿਹਨਤ ਦਾ ਸਹੀ ਮੁੱਲ ਮਿਲੇਗਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਡ੍ਰਾ. ਜਗਦੀਸ਼ ਸ਼ਰਮਾ ਨੇ ਕਿਹਾ ਕਿ ਨਰਮੇ ਹੇਠ ਰਕਬਾ ਘਟਣ ਕਾਰਨ ਇਸ ਸਾਲ ਕੀਮਤਾਂ ਠੀਕ ਹਨ ਅਤੇ ਹਾਲੇ ਤੱਕ ਬਿਮਾਰੀ ਆਦਿ ਤੋਂ ਵੀ ਬਚਾਉ ਹੋਣ ਕਾਰਨ ਫਸਲ ਚੰਗੀ ਹੋਣ ਦੀ ਉਮੀਦ ਹੈ । ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀ ਹੰਸ ਰਾਜ ਵੀ ਮੌਜੂਦ ਸਨ । ਜਿਕਰਯੋਗ ਹੈ ਕਿ ਦਿੱਲੀ ਫਾਜਿਲਕਾ ਰਾਸ਼ਟਰੀ ਰਾਜ ਮਾਰਗ ਤੇ ਵੱਸੇ ਸ਼ਹਿਰ ਮਲੋਟ ਨੂੰ ਕਿਸੇ ਸਮੇਂ ਨਰਮੇ ਦੀ ਮਸ਼ਹੂਰ ਮੰਡੀ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਸ਼ਹਿਰ ਵਿਚ ਦਰਜਨ ਭਰ ਤੋਂ ਵੀ ਵੱਧ ਨਰਮਾ ਫੈਕਟਰੀਆਂ ਤੇ ਟੈਕਸਟਾਈਲ ਮਿਲ ਸਨ । ਫਿਰ ਕੁਦਰਤ ਦੀ ਐਸੀ ਮਾਰ ਪਈ ਕਿ ਦੋ ਦਹਾਕੇ ਦੇ ਕਰੀਬ ਹੋ ਗਏ ਸੇਮ ਨੇ ਕਿਰਸਾਨੀ ਨੂੰ ਬੁਰੀ ਤਰਾਂ ਤਬਾਹ ਕਰ ਦਿੱੱਤਾ । ਖੈਰ ਸਮੇਂ ਨਾਲ ਕਿਸਾਨ ਤਾਂ ਨਰਮੇ ਦੀ ਥਾਂ ਝੋਨਾ ਲਾਉਣ ਲੱਗ ਪਿਆ ਪਰ ਨਰਮਾ ਕਪਾਹ ਦੀ ਅਣਹੋਂਦ ਨੇ ਇਲਾਕੇ ਚੋਂ ਫੈਕਟਰੀਆਂ ਦਾ ਪੂਰੀ ਤਰਾਂ ਸਫਾਇਆ ਕਰ ਦਿੱਤਾ । ਹੁਣ ਇਲਾਕੇ ਵਿਚ ਬਚੀਆਂ ਗਿਣਤੀ ਦੀਆਂ ਨਰਮਾ ਫੈਕਟਰੀਆਂ ਖਰੀਦ ਕਰਦੀਆਂ ਹਨ ਪਰ ਬਾਹਰਲੇ ਵਪਾਰੀਆਂ ਵੱਲੋਂ ਜਿਆਦਾਤਰ ਖਰੀਦ ਕੀਤੀ ਜਾਂਦੀ ਹੈ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੀਆਂ ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ ਵਿਚ ਇਸ ਮਹੀਨੇ ਨਰਮਾ ਸੱਤ ਹਜਾਰ ਤੋਂ ਵੀ ਉਪਰ ਵਿਕ ਚੁੱਕਿਆ ਹੈ । ਭਾਵੇਂ ਕਿ ਬੀਤੇ ਸਾਲ ਚਿੱਟੀ ਮੱਖੀ ਦੀ ਮਾਰ ਤੋਂ ਡਰਦਿਆਂ ਹਲਕੇ ਵਿਚ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਹੀ ਤਰਜੀਹ ਦਿੱਤੀ ਹੈ ਪਰ ਜਿਹੜੇ ਕਿਸਾਨਾਂ ਨੇ ਰਿਸਕ ਲਿਆ ਉਹਨਾਂ ਲਈ ਨਰਮੇ ਦੀਆਂ ਉਚੀਆਂ ਕੀਮਤਾਂ ਅਤੇ ਫਸਲ ਵਧੀਆ ਹੋਣ ਕਾਰਨ ਇਹ ਸੀਜਨ ਖੁਸ਼ੀਆਂ ਭਰਿਆ ਹੋਣ ਦੀ ਉਮੀਦ ਹੈ ।

Share Button

Leave a Reply

Your email address will not be published. Required fields are marked *