Wed. Aug 21st, 2019

ਸਕੂਲ ਵਧੀਆ ਬਣਾਉ ਤਾਂ ਕਿ

ਸਕੂਲ ਵਧੀਆ ਬਣਾਉ ਤਾਂ ਕਿ

ਵਧੀਆ ਸਕੂਲ ਬਣਾਉ ਤਾਂ ਕਿ ਜੇਲ੍ਹਾਂ ਬਣਾਉਣ ਦੀ ਜ਼ਰੂਰਤ ਹੀ ਨਾ ਪਵੇ।ਹਾਂ, ਸਾਡੇ ਵੱਲੋਂ ਚੁਣੇ ਹੋਏ ਨੇਤਾਵਾਂ ਮੰਤਰੀਆਂ ਨੂੰ ਏਹ ਗੱਲ ਜ਼ਰੂਰ ਸੁਣ ਲੈਣੀ ਚਾਹੀਦੀ ਹੈ ਤੇ ਇਸ ਤੇ ਅਸਰ ਕਰਨਾ ਚਾਹੀਦਾ ਹੈ।ਐਲਜ ਕੁੱਕ ਨੇ ਲਿਖਿਆ ਹੈ,”ਜੇ ਤੁਸੀਂ ਬੱਚਿਆਂ ਲਈ ਸਕੂਲ ਉਸਾਰੋਗੇ ਤਾਂ ਤੁਹਾਨੂੰ ਵੱਡਿਆਂ ਲਈ ਜੇਲ੍ਹਾਂ ਨਹੀਂ ਉਸਾਰਨੀਆਂ ਪੈਣਗੀਆਂ”।ਇੰਨਾ ਬੁੱਧੀਜੀਵੀਆਂ ਨੇ ਜੋ ਤੱਤ ਕੱਢੇ ਹਨ,ਉਹ ਤਜ਼ਰਬੇ ਤੇ ਖੋਜ ਦੇ ਬਾਦ ਦੇ ਨਤੀਜੇ ਹਨ।ਵਧੀਆ ਸਕੂਲਾਂ ਤੋਂ ਮਤਲਬ ਮਹਿੰਗੇ ਸਕੂਲ,ਮੋਟੀਆਂ ਫੀਸਾਂ ਤੇ ਸਿਰਫ਼ ਅੰਗਰੇਜ਼ੀ ਪੜ੍ਹਨਾ ਨਹੀਂ ਹੈ।ਸਰਕਾਰਾਂ ਦੀ ਜ਼ੁਮੇਵਾਰੀ ਹੈ ਹਰ ਇੱਕ ਨੂੰ ਸਿਖਿਆ ਦੇਣੀ,ਵਿਦਿਆ ਦੇਣੀ ਮਤਲਬ ਹਰ ਇੱਕ ਦੀ ਪਹੁੰਚ ਵਿੱਚ ਸਕੂਲ ਹੋਵੇ।ਹਰ ਸਤਰ ਦੇ ਸਕੂਲ ਦਾ ਆਪਣਾ ਮਹੱਤਵ ਹੈ,ਸਰਕਾਰ ਕਿਸੇ ਵੀ ਸਤਰ ਤੇ ਪੱਲਾ ਝਾੜਦੀ ਹੈ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਆਪਣੀ ਜ਼ੁਮੇਵਾਰੀ ਤੋਂ ਭੱਜ ਰਹੀ ਹੈ।ਆਪਾਂ ਗੱਲ ਹਰ ਸਤਰ ਦੇ ਸਕੂਲਾਂ ਦੀ ਕਰਾਂਗੇ।ਅੱਜ ਕੱਲ ਪ੍ਰੀ ਨਰਸਰੀ,ਕੇ.ਜੀ,ਅੱਪਰ ਕੇ.ਜੀ,ਗੱਲ ਕੀ ਤਿੰਨ ਸਾਲ ਇਸ ਵਿੱਚ ਹੀ ਬੱਚੇ ਦੇ ਨਿਕਲ ਜਾਂਦੇ ਹਨ।ਬੱਚੇ ਤੇ ਮਾਨਸਿਕ ਤੌਰ ਤੇ ਦਬਾਅ ਰਹਿੰਦਾ ਹੈ।ਏਹ ਹਾਲ ਸ਼ਹਿਰੀ ਬੱਚਿਆਂ ਦਾ ਹੈ।ਪਿੰਡ ਦੇ ਸਕੂਲਾਂ ਦੀ ਜੋ ਹਾਲਤ ਹੈ ਉਹ ਕਿਸੇ ਤੋਂ ਛੁਪੀ ਹੋਈ ਨਹੀਂ।ਜਿਹੜਾ ਔਖਾ ਸੌਖਾ ਹੋਕੇ ਫੀਸ ਦੇ ਸਕਦਾ ਹੈ,ਉਹ ਆਪਣੇ ਬੱਚੇ ਨੂੰ ਪ੍ਰਾਇਵੇਟ ਸਕੂਲ ਵਿੱਚ ਭੇਜਦਾ ਹੈ।ਸਰਕਾਰੀ ਸਕੂਲਾਂ ਵਿੱਚ ਡਿਗੂੰ ਡਿਗੂੰ ਕਰਦੇ ਕਮਰੇ ਹਨ,ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਪਾਖਾਨਿਆਂ ਦਾ ਪਤਾ ਹੀ ਨਹੀਂ ਕਿ ਉਹ ਵੀ ਜ਼ਰੂਰਤ ਹੈ,ਅਗਰ ਖੜੇ ਕਰ ਦਿੱਤੇ ਤਾਂ ਪਾਣੀ ਦਾ ਪ੍ਰਬੰਧ ਨਹੀਂ, ਬਿਜਲੀ ਹੈ ਨਹੀਂ ਤੇ ਪੱਖਿਆਂ ਦੀ ਕਹਾਣੀ ਹੀ ਖਤਮ।ਗੱਲ ਇੱਥੇ ਹੀ ਖਤਮ ਨਹੀਂ ਹੁੰਦੀ, ਅਧਿਆਪਕ ਹੀ ਨਹੀਂ ਹਨ।ਏਹ ਸਕੂਲ ਸਿਰਫ਼ ਨਾਮ ਦੇ ਸਕੂਲ ਹਨ ਜਿਥੇ ਸਿਰਫ਼ ਉਹ ਬੱਚੇ ਜਾਂਦੇ ਹਨ ਜੋ ਮਜ਼ਬੂਰ ਹਨ।ਸਰਕਾਰਾਂ ਉਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦੀ ਹੈ ਜਾਂ ਉਨ੍ਹਾਂ ਦਾ ਮਜ਼ਾਕ ਉੜਾਉਂਦੀ ਹੈ।ਤਮਾਸ਼ਾ ਏਹ ਬਣਾ ਦਿੱਤਾ ਕਿ ਅੱਠਵੀਂ ਤੱਕ ਬੱਚਿਆਂ ਨੂੰ ਫੇਲ ਨਹੀਂ ਕੀਤਾ ਜਾਏਗਾ।
ਅਧਿਆਪਕ ਕਿਉਂ ਪੜ੍ਹਾਉਣਗੇ ਤੇ ਬੱਚੇ ਕਿਉਂ ਪੜ੍ਹਨਗੇ।ਏਹ ਬੱਚੇ ਜਿਵੇਂ ਦੇ ਕੋਰੇ ਗਏ ਉਵੇਂ ਦੇ ਹੀ ਰਹਿ ਗਏ।ਨਾ ਏਹ ਕਿਸੇ ਕੰਮ ਜੋਗੇ ਤੇ ਨਾ ਕਿਸੇ ਨੌਕਰੀ ਦੇ ਕਾਬਿਲ,ਰਹਿ ਤਾਂ ਏਹ ਫੇਰ ਦਿਹਾੜੀ ਕਰਨ ਜੋਗੇ ਹੀ।ਕੀ ਏਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ?ਕੀ ਸਕੂਲ ਵਿੱਚ ਜਾਕੇ ਉਨ੍ਹਾਂ ਨੇ ਕੁਝ ਸਿਖਿਆ?ਕੀ ਉਹ ਚੰਗੇ ਇਨਸਾਨ ਬਣੇ?ਕੀ ਉਹ ਕਿਸੇ ਜਗ੍ਹਾ ਗੱਲ ਕਰਨ ਦੇ ਕਾਬਿਲ ਹੋਏ?ਇਸ ਵਿੱਚ ਸ਼ਾਇਦ ਉਹ ਹੀ ਸਹਿਮਤ ਹੋਣਗੇ, ਜਿੰਨਾ ਨੇ ਏਹ ਨੀਤੀਆਂ ਬਣਾਈਆਂ ਹਨ ਕਿ ਉਨ੍ਹਾਂ ਨੇ ਬੱਚਿਆਂ ਦਾ ਭਲਾ ਕੀਤਾ ਹੈ ਬਾਕੀ ਸਾਰੇ ਤਾਂ ਤੰਗ ਤੇ ਪ੍ਰੇਸ਼ਾਨ ਹਨ।ਬੱਚਿਆਂ ਨੂੰ ਮਿਆਰੀ ਸਿਖਿਆ ਨਹੀਂ ਮਿਲ ਰਹੀ।ਜਦੋਂ ਨੀਂਹ ਹੀ ਕਮਜ਼ੋਰ ਹੈ ਤਾਂ ਇਮਾਰਤ ਖੜੀ ਕਿਵੇਂ ਹੋਏਗੀ।ਨੌਵੀਂ ਵਿੱਚ ਜਾਕੇ ਬੱਚੇ ਅਨਪੜ੍ਹ ਵਰਗੇ ਨੇ।ਹਾਂ ਹੁਣ ਬੋਰਡ ਦੀ ਪ੍ਰੀਖਿਆ  ਸ਼ੁਰੂ ਕੀਤੀ ਹੈ ਪਰ ਜਿਹੜੇ ਬੱਚਿਆਂ ਨੂੰ ਕੁਝ ਪੜ੍ਹਾਇਆ ਹੀ ਨਹੀਂ, ਬਸ ਕਲਾਸ ਅਗਲੀ ਕਰ ਦਿੱਤੀ ਉਹ ਕੀ ਕਰਨਗੇ।ਅਧਿਆਪਕ ਤਾਂ ਆਪਣੀਆਂ ਤਨਖਾਹਾਂ ਲਈ ਧਰਨਿਆਂ ਤੇ ਬੈਠੇ ਮਿਲਦੇ ਨੇ,ਵੋਟਾਂ ਦਾ ਕੰਮ ਕਰਦੇ ਰਹਿੰਦੇ ਨੇ,ਉਨਾਂ ਨੂੰ ਬੱਚਿਆਂ ਦੀ ਚਿੰਤਾ ਕਰਨ ਦਾ ਵਕਤ ਹੀ ਨਹੀਂ ਮਿਲਦਾ।ਅਧਿਆਪਕ ਬੱਚਿਆਂ ਨੂੰ ਗਿਆਨ ਦੇਣ ਤੇ ਭਵਿੱਖ ਰੋਸ਼ਨ ਕਰਨ ਦਾ ਕੰਮ ਕਰਦਾ ਹੈ।ਰਵਿੰਦਰ ਨਾਥ ਟੈਗੋਰ ਅਨੁਸਾਰ,”ਅਧਿਆਪਕ ਉਸ ਰੋਸ਼ਨੀ ਵਾਂਗ ਹੈ ਜੋ ਆਪ ਜਗਦੀ ਹੈ ਅਤੇ ਦੂਜਿਆਂ ਨੂੰ ਰੋਸ਼ਨੀ ਦਿੰਦੀ ਹੈ”।ਇਸ ਕਰਕੇ ਵਧੀਆ ਅਧਿਆਪਕ ਵੀ ਤਾਂ ਹੀ ਬਣਨਗੇ ਜੇਕਰ ਵਧੀਆ ਸਕੂਲਾਂ ਚੋ ਵਧੀਆ ਸਿਖਿਆ ਪ੍ਰਾਪਤ ਕੀਤੀ ਹੋਏਗੀ।ਸਰਕਾਰੀ ਸਕੂਲਾਂ ਵਿੱਚ ਇਸ ਕਦਰ ਨਿਘਾਰ ਆ ਗਿਆ ਕਿ ਪ੍ਰਾਇਵੇਟ ਸਕੂਲਾਂ ਤੇ ਕਾਲਿਜਾਂ ਨੇ ਜਨਮ ਲਿਆ।ਇਸ ਤੋਂ ਅੱਗੇ ਪ੍ਰਾਇਵੇਟ ਯੂਨੀਵਰਸਿਟੀਆਂ ਆ ਗਈਆਂ।ਏਹ ਕਿਥਰੇ ਮਾਹਰਾਂ, ਬੁੱਧੀਜੀਵੀਆਂ ਤੇ ਵਿਦਿਆ ਨਾਲ ਸੰਬੰਧਿਤ ਲੋਕਾਂ ਦੇ ਹੱਥਾਂ ਵਿੱਚੋਂ ਬਾਹਰ ਨਿਕਲ ਗਈ ਤੇ ਬਿਜ਼ਨਸ ਕਰਨ ਵਾਲਿਆਂ ਦੇ ਹੱਥਾਂ ਵਿੱਚ ਚਲੀ ਗਈ।ਹੁਣ ਹਾਲਾਤ ਏਹ ਹੋ ਗਏ ਕਿ ਪੜ੍ਹੇ ਲਿਖੇ ਬਹੁਤ ਹਨ ਪਰ ਰਸਤੇ ਤੋਂ ਭਟਕੇ ਹੋਏ।ਉਨ੍ਹਾਂ ਨੂੰ ਕੋਈ ਨੈਤਿਕਤਾ ਨਹੀਂ ਸਿਖਾਈ ਗਈ।ਵਾਸਲੀ ਸੁਖੋ ਮਲਿਸਕੀ ਅਨੁਸਾਰ,”ਵਿਦਿਆ ਸੱਭ ਤੋਂ ਪਹਿਲਾਂ ਇਸ ਸੰਬੰਧੀ ਸਿਖਿਆ ਹੈ ਕਿ ਇੱਕ ਚੰਗਾ ਇਨਸਾਨ ਕਿਵੇਂ ਬਣਿਆ ਜਾਵੇ।”ਸਰਕਾਰਾਂ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ।ਅਗਰ ਪੜ੍ਹੇ ਲਿਖਿਆ ਨੂੰ ਨੌਕਰੀ ਨਹੀਂ ਤਾਂ ਵਿਦਿਆ ਦਾ ਕੀ ਫਾਇਦਾ।ਹਰ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਨੌਜਵਾਨ ਸ਼ਕਤੀ ਤੇ ਦਿਮਾਗ ਦੇਸ਼ ਦੀ ਤਰੱਕੀ ਵਾਸਤੇ ਵਰਤਿਆ ਜਾਵੇ।ਖਰਚਾ ਕਰਨ ਵਾਸਤੇ ਪੈਸੇ ਹਰ ਕਿਸੇ ਨੂੰ ਚਾਹੀਦੇ ਹਨ,ਜਦੋਂ ਹੋਰ ਕੋਈ ਰਸਤਾ ਨਹੀਂ ਮਿਲਦਾ ਤਾਂ ਨੌਜਵਾਨ ਗਲਤ ਰਸਤੇ ਤੇ ਚੱਲ ਪੈਂਦੇ ਨੇ।ਜਿੰਨਾ ਦੇ ਸੋਹਣੇ ਸੁਨੱਖੇ ਪੁੱਤ ਪੜ੍ਹਨ ਤੋਂ ਬਾਦ ਗਲਤ ਰਸਤੇ ਤੇ ਪੈ ਜਾਂਦੇ ਹਨ ਕਦੇ ਉਨ੍ਹਾਂ ਦਾ ਦਰਦ ਤੇ ਤਕਲੀਫ਼ ਸੁਣਕੇ ਵੇਖਣਾ, ਕਲੇਜਾ ਮੂੰਹ ਨੂੰ ਆ ਜਾਏਗਾ ਅਗਰ ਇਨਸਾਨੀਅਤ ਹੋਏਗੀ।ਕਿਉਂ ਜੇਲ੍ਹਾਂ ਤੇ ਪੈਸੇ ਬਰਬਾਦ ਕੀਤੇ ਜਾਂਦੇ ਹਨ,ਕਿਉਂ ਜੇਲ੍ਹਾਂ ਭਰੀਆਂ ਪਈਆਂ ਹਨ?ਸਿਰਫ਼ ਇੰਨਾ ਦੋ ਸਵਾਲਾਂ ਦੇ ਜਵਾਬ ਇਮਾਨਦਾਰੀ ਨਾਲ ਆਪਣੇ ਤੋਂ ਤੇ ਆਪਣੇ ਅੰਦਰੋਂ ਲੱਭਣਾ।ਸਕੂਲਾਂ ਵਿੱਚੋਂ ਵਧੀਆ ਇਨਸਾਨ ਬਣਾਕੇ ਕੱਢੋ,ਹਰ ਕਿਸੇ ਨੂੰ ਰੋਜ਼ਗਾਰ ਦੇ ਕਾਬਲ ਬਣਾਉ ਤੇ ਰੋਜ਼ਗਾਰ ਦਿਉ।ਜਦੋਂ ਵਿਹਲੇ ਘੁੰਮਣਗੇ ਤਾਂ ਗਲਤ ਕੰਮ ਕਰਨਗੇ।ਸਿਆਸਤ ਕਰੋ ਪਰ ਇਵੇਂ ਦੀ ਨਹੀਂ ਕਿ ਅਗਲੀ ਪੀੜ੍ਹੀ ਨੂੰ ਅਸੀਂ ਵਿਰਾਸਤ ਵਿੱਚ ਮਾਡਰਨ ਜੇਲ੍ਹਾਂ ਦੇਕੇ ਜਾਈਏ।ਅਗਰ ਇਵੇਂ ਦੇ ਹਾਲਾਤ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਮੁਆਫ਼ ਨਹੀਂ ਕਰਨਗੀਆਂ।ਵਿਕਾਸ ਕਰੋ ਪਰ ਅਜਿਹਾ ਜਿਸ ਨਾਲ ਦੇਸ਼ ਦੇ ਕਹੇ ਜਾਂਦੇ ਭਵਿੱਖ ਨੌਜਵਾਨਾਂ ਨੂੰ ਮਾਡਰਨ ਜੇਲ੍ਹਾਂ ਵਿਰਾਸਤ ਵਿੱਚ ਨਾ ਮਿਲਣ।ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਧੀਆ ਸਕੂਲ ਬਣਾਏ ਜਾਣ ਤਾਂ ਕਿ ਵੱਡਿਆਂ ਲਈ ਜੇਲ੍ਹਾਂ ਦੀ ਜ਼ਰੂਰਤ ਹੀ ਨਾ ਪਵੇ।
ਪ੍ਰਭਜੋਤ ਕੌਰ ਢਿੱਲੋਂ
#22/2ਸਕਾਈਲਾਰਕ ਇਨਕਲੇਵ
ਸੈਕਟਰ115 ਗ੍ਰੇਟਰ ਮੁਹਾਲੀ, ਪੰਜਾਬ

Leave a Reply

Your email address will not be published. Required fields are marked *

%d bloggers like this: