ਸਕਾਲਰਸ਼ਿਪ ਲਈ ਨਵੇਂ ਤਿਆਰ ਕੀਤੇ ਫਾਰਮੂਲੇ ਨੇ ਅਧਿਆਪਕ ਕੀਤੇ ਪਸੀਨੋ ਪਸੀਨੀ

ss1

ਸਕਾਲਰਸ਼ਿਪ ਲਈ ਨਵੇਂ ਤਿਆਰ ਕੀਤੇ ਫਾਰਮੂਲੇ ਨੇ ਅਧਿਆਪਕ ਕੀਤੇ ਪਸੀਨੋ ਪਸੀਨੀ

2-38
ਤਲਵੰਡੀ ਸਾਬੋ, 02 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜੀਫ਼ੇ ਦੀਆਂ ਐਂਟਰੀਆਂ ਕਰਨ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਨੈਸ਼ਨਲ ਪੋਰਟਲ ਸਾਈਟ ‘ਤੇ ਬੱਚਿਆਂ ਦੇ ਡਾਕੂਮੈਂਟ ਭਰਨ ਵੇਲੇ ਲਾਗੂ ਕੀਤੀਆਂ ਅਜੀਬੋ ਗਰੀਬ ਸ਼ਰਤਾਂ ਕਾਰਨ ਫਾਰਮ ਭਰਨ ਵਿਚ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸੰਬੰਧ ਵਿਚ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਜਿੱਥੇ ਵਿਦਿਆਰਥੀਆ ਤੋਂ ਜਾਤੀ ਸਰਟੀਫਿਕੇਟ ਅਤੇ ਹੋਰ ਸਰਟੀਫਿਕੇਟ ਬਣਾਉਣ ਦੇ ਨਾਮ ‘ਤੇ ਸਰਕਾਰ ਵੱਲੋਂ ਸਰਕਾਰੀ ਖ਼ਜਾਨੇ ਨੂੰ ਚੋਖੇ ਰੰਗਭਾਗ ਲਾਏ ਜਾ ਰਹੇ ਹਨ ਉੱਥੇ ਉਕਤ ਸਾਈਟ ‘ਤੇ ਵਿਦਿਆਰਥੀਆਂ ਦੇ ਮਾਪਿਆਂ ਕੋਲ ਚੱਲ ਰਹੇ ਮੋਬਾਇਲ ਫੋਨ ਨੰਬਰ ‘ਤੇ ਅਪਡੇਟ ਹੋਣ ‘ਤੇ ਆਉਣ ਵਾਲਾ ਪਾਸਵਰਡ ਪ੍ਰਾਪਤ ਕਰਨ ਵਿਚ ਅਧਿਆਪਕਾਂ ਨੂੰ ਅੰਤਾਂ ਦੀ ਖ਼ੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਕਤ ਫਾਰਮ ਭਰਨ ਵਾਲੇ ਕਈ ਅਧਿਆਪਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇੱਕ ਵਿਦਿਆਰਥੀ ਦਾ ਡਾਟਾ ਅਪਲੋਡ ਕਰਨ ‘ਤੇ ਉਹਨਾਂ ਨੂੰ ਕਰੀਬ ਸਵਾ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਦੋਂ ਵਿਦਿਆਰਥੀਆਂ ਦੇ ਪਿਤਾ ਜਾਂ ਮਾਤਾ ਦਾ ਮੋਬਾਇਲ ਨੰਬਰ ਭਰਿਆ ਜਾਂਦਾ ਹੈ ਤਾਂ ਇਸ ਪ੍ਰਕਿਰਿਆ ਨੂੰ ਸਿਰੇ ਚਾੜ੍ਹਨ ਲਈ ਵਿਭਾਗ ਵੱਲੋਂ ਦਿੱਤਾ ਜਾਣ ਵਾਲਾ ਪਾਸਵਰਡ ਵਿਦਿਆਰਥੀਆਂ ਦੇ ਮਾਪਿਆਂ ਵਾਲੇ ਮੋਬਾਇਲ ਨੰਬਰ ‘ਤੇ ਚਲਾ ਜਾਂਦਾ ਹੈ ਅਤੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਸ ਪਾਸਵਰਡ ਹਾਸਲ ਕਰਨਾ ਟੋਭੇ ‘ਚੋਂ ਮੀਂਗਣ ਲੱਭਣ ਵਾਂਗ ਹੋ ਜਾਂਦਾ ਹੈ। ਕਿਉਂਕਿ ਕਿਸੇ ਵਿਦਿਆਰਥੀ ਦਾ ਪਿਤਾ ਖੇਤ, ਕਿਸੇ ਦਾ ਡਰਾਇਵਰ ਜਾਂ ਹੋਰ ਕੰਮਾਂ ‘ਤੇ ਹੋਣ ਕਾਰਨ ਫੋਨ ਕਰਨ ‘ਤੇ ਛੇਤੀ ਕੀਤਿਆਂ ਫੋਨ ਵੀ ਨਹੀਂ ਚੁੱਕਦੇ, ਜਿਸ ਕਾਰਨ ਪਾਸਵਰਡ ਨਾ ਮਿਲਣ ਕਰਕੇ ਸਵਾ ਘੰਟੇ ਦੀ ਕੀਤੀ ਮਿਹਨਤ ਵੀ ਕਿਸੇ ਨਤੀਜੇ ‘ਤੇ ਨਹੀਂ ਪਹੁੰਚਦੀ।
ਅਧਿਆਪਕਾਂ ਨੇ ਦੱਸਿਆ ਕਿ ਜੇ ਪਾਸਵਰਡ ਮਿਲ ਵੀ ਜਾਂਦਾ ਹੈ ਤਾਂ ਪਾਸਵਰਡ ਭਰਨ ਤੋਂ ਬਾਅਦ ਅਪਲੋਡ ਕਰਨ ਵਾਲੇ ਡਾਕੂਮੈਂਟਾਂ ਦੀ ਗਿਣਤੀ ਦੰਦ ਜੋੜ ਦੇਣ ਵਾਲੀ ਹੈ ਕਿਉਂਕਿ ਇੱਕ ਵਿਦਿਆਰਥੀ ਦੇ ਘੱਟੋ-ਘੱਟ ਨੌਂ ਸਕੈਨ ਕੀਤੇ ਪਰੂਫ ਅਪਲੋਡ ਕਰਨੇ ਪੈਂਦੇ ਹਨ। ਸਾਈਟ ਵਿਜੀ ਹੋਣ ਕਾਰਨ ਅਪਲੋਡ ਕਰਨ ਵਾਲੇ ਡਾਕੂਮੈਂਟਸ ਵਾਰ ਵਾਰ ਅਪਲੋਡ ਕਰਨ ‘ਤੇ ਵੀ ਕਈ ਵਾਰ ਨਹੀਂ ਹੁੰਦੇ।
ਖੇਤਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁਖੀਆਂ ਅਤੇ ਪ੍ਰਬੰਧਕਾਂ ਵੱਲੋਂ ਸੰਬੰਧਿਤ ਵਿਭਾਗ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਸ ਪੇਚੀਦਾ ਕੰਮ ਨੂੰ ਸੁਖਾਲਾ ਕੀਤਾ ਜਾਵੇ ਤਾਂ ਕਿ ਅਧਿਆਪਕਾਂ ਦੁਆਰਾ ਇਸ ਕੰਮ ਲਈ ਖਪਤ ਹੁੰਦਾ ਸਮਾਂ ਬਚ ਸਕੇ ਅਤੇ ਦਿੱਤੀ ਗਈ ਤਾਰੀਕ ਤੱਕ ਲੋੜਵੰਦਾਂ ਦੇ ਸਕਾਲਰਸ਼ਿਪ ਫਾਰਮ ਭਰੇ ਜਾ ਸਕਣ।
ਦੂਜੇ ਪਾਸੇ ਵਜੀਫਾ ਪ੍ਰਾਪਤੀ ਫਾਰਮ ਅਪਲਾਈ ਕਰਨ ਵਾਲੇ ਮਾਪਿਆਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਸ਼ਰਤਾਂ ਐਨੀਆਂ ਸਖਤ ਕਰ ਦਿੱਤੀਆਂ ਹਨ ਕਿ ਇੱਕ ਹਜ਼ਾਰ ਰੁਪਏ ਵਜੀਫੇ ਲਈ ਕਈ ਵਿਚਾਰੇ ਤਾਂ ਦਾੜੀ ਨਾਲੋਂ ਮੁੱਛਾਂ ਵਧਾਉਣ ਵਾਲਾ ਕੰਮ ਕਰ ਜਾਂਦੇ ਹਨ। ਪਿੰਡਾਂ ਵਿਚ ਨੈਟਵਰਕ ਦੀ ਵੱਡੀ ਸਮੱਸਿਆ ਹੋਣ ਕਾਰਨ ਵੀ ਪੇਂਡੂ ਖੇਤਰ ਦੇ ਵਿਦਿਆਰਥੀ ਇਸ ਸਹੂਲਤ ਤੋਂ ਵਾਂਝੇ ਰਹਿ ਸਕਦੇ ਹਨ।
ਸਿੱਖਿਆ ਵਿਭਾਗ ਬਠਿੰਡਾ ਦੇ ਡਿਪਟੀ ਡੀਈਓ ਸ. ਹਰਨੇਕ ਸਿੰਘ ਨੋਡਲ ਅਫਸਰ (ਵਜੀਫੇ) ਨਾਲ ਗੱਲ ਕੀਤੀ ਤਾਂ ਉਹਨਾਂ ਮੰਨਿਆ ਕਿ ਸਕੂਲਾਂ ਵਾਲਿਆਂ ਨੂੰ ਉਕਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੰਤੂ ਉਕਤ ਵਿਭਾਗ ਨੂੰ ਉਹਨਾਂ ਦੇ ਵਿਭਾਗ ਵੱਲੋਂ ਲਿਖਤੀ ਤੌਰ ‘ਤੇ ਵੀ ਕਿਹਾ ਗਿਆ ਹੈ ਪ੍ਰੰਤੂ ਅਜੇ ਕੋਈ ਸੁਣਵਾਈ ਨਹੀਂ ਹੋ ਰਹੀ। ਨੋਡਲ ਅਫਸਰ ਨੇ ਕਿਹਾ ਕਿ ਅਪਲਾਈ ਕਰਨ ਦੀ ਅੰਤਿਮ ਮਿਤੀ 15 ਅਗਸਤ ਤੱਕ ਲਗਦਾ ਹੈ ਇਹ ਸਮੱਸਿਆ ਦਾ ਕੋਈ ਹੱਲ ਹੋ ਜਾਵੇ।

Share Button

Leave a Reply

Your email address will not be published. Required fields are marked *