ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ‘ਸਾਰਾਗੜ੍ਹੀ ਸਰਾਂ ਕੀਤੀ ‘ਹਵੇਲੀ’ ਹਵਾਲੇ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ‘ਸਾਰਾਗੜ੍ਹੀ ਸਰਾਂ ਕੀਤੀ ‘ਹਵੇਲੀ’ ਹਵਾਲੇ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇੱਕ ‘ਵਿਵਾਦਗ੍ਰਸਤ’ ਕਦਮ ਚੁੱਕਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਸਾਰਾਗੜ੍ਹ ਸਰਾਂ ਨੂੰ ਇੱਕ ਮਹਿੰਗੇ ਸ਼ਾਹੀ ਤੇ ਪ੍ਰਾਈਵੇਟ ਰੈਸਟੋਰੈਂਟ ‘ਹਵੇਲੀ’ ਹਵਾਲੇ ਕਰ ਦਿੱਤਾ ਹੈ। ਇੰਝ ਇਸ ਸਰਾਂ ਦਾ ਹੁਣ ਵਪਾਰੀਕਰਨ ਕਰ ਦਿੱਤਾ ਗਿਆ ਹੈ; ਜਦ ਕਿ ਹੁਣ ਤੱਕ ਇਸ ਨੂੰ ਸਸਤੀ ਕੰਟੀਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਸ਼੍ਰੋਮਣੀ ਕਮੇਟੀ ਨੇ ਉਸ ਮੰਗ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।
ਸਾਰਾਗੜ੍ਹੀ ਸਰਾਂ ਦੀ ਉਸਾਰੀ ਹਾਲ ਹੀ ਵਿੱਚ 44 ਕਰੋੜ ਰੁਪਏ ਦੀ ਲਾਗਤ ਨਾਲ ਹੋਈ ਹੈ; ਇਸ ਦਾ ਉਦਘਾਟਨ ਅਪ੍ਰੈਲ 2017 ‘ਚ ਹੈਰਿਟੇਜ ਸਟ੍ਰੀਟ ਨਾਲ ਹੀ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਰਾਂ ਸ਼ਰਧਾਲੂਆਂ ਲਈ ਘੱਟ ਕੀਮਤ ‘ਤੇ ਬਿਹਤਰ ਰਿਹਾਇਸ਼ ਮੁਹੱਈਆ ਕਰਵਾਉਣ ਲਈ ਸਥਾਪਤ ਕੀਤੀ ਸੀ। ਇੱਥੇ ਦੋ ਤਰ੍ਹਾਂ ਦੇ ਕਮਰੇ ਹਨ; ਜਿਨ੍ਹਾਂ ਦਾ ਕਿਰਾਇਆ 1100 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਹੈ। ਕੁੱਲ 9–ਮੰਜ਼ਿਲਾ ਸਰਾਂ ਦਾ ਰਕਬਾ 1.13 ਲੱਖ ਵਰਗ ਫ਼ੁੱਟ ਹੈ।
ਪਿਛਲੇ ਡੇਢ ਸਾਲ ਤੋਂ ਸਾਰਾਗੜ੍ਹੀ ਸਰਾਂ ਨੂੰ ਸਸਤੀ ਕੰਟੀਨ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਮੰਗ ਵੱਲ ਉੱਕਾ ਧਿਆਨ ਨਹੀਂ ਦਿੱਤਾ; ਸਗੋਂ ਦੋ ਕੁ ਹਫ਼ਤਿਆਂ ਤੋਂ ਉੱਥੇ ‘ਹਵੇਲੀ’ ਹੋਟਲ ਪ੍ਰਗਟ ਹੋ ਗਿਆ ਹੈ। ਸਰਾਂ ਦੇ ਮੁੱਖ ਦਾਖ਼ਲੇ ਵਾਲੇ ਗੇਟ ’ਤੇ ਉਸ ਦਾ ਬੋਰਡ ਵੀ ਲੱਗ ਗਿਆ ਹੈ। ਇੱਥੇ ਮੁਫ਼ਤ ਹੋਮ–ਡਿਲੀਵਰੀ ਵੀ ਕੀਤੀ ਜਾ ਰਹੀ ਹੈ।
ਇਸ ‘ਹਵੇਲੀ’ ਰੈਸਟੋਰੈਂਟ ਵਿੱਚ ਖਾਣ–ਪੀਣ ਦਾ ਸਾਮਾਨ ਹੋਟਲਾਂ ਵਾਂਗ ਕਾਫ਼ੀ ਮਹਿੰਗਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਾਵਾਂ ਬਾਰੇ ਵਿਭਾਗ ‘ਚ ਕੰਮ ਕਰਦੇ ਇੱਕ ਮੁਲਾਜ਼ਮ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਹੁਣ ਇਹ ਰੈਸਟੋਰੈਂਟ ਸਿਰਫ਼ ਅਮੀਰਾਂ ਲਈ ਰਹਿ ਗਿਆ ਹੈ ਤੇ ਆਮ ਆਦਮੀ ਇਸ ਹੋਟਲ ਵਿੱਚ ਨਹੀਂ ਜਾਵੇਗਾ।
ਹੋਰ ਤਾਂ ਹੋਰ ‘ਹਵੇਲੀ’ ਰੈਸਟੋਰੈਂਟ ਦੇ ਮੇਨਯੂ ਵਿੱਚ ਸਿਗਾਰ–ਰੋਲ ਨਾਂਅ ਦੀ ਇੱਕ ਆਈਟਮ ਰੱਖੀ ਹੈ; ਜੋ ਭਾਵੇਂ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ ਪਰ ਸ਼ਬਦ ‘ਸਿਗਾਰ’ ਦਾ ਸਿੱਧਾ ਸਬੰਧ ਤਮਾਕੂਨੋਸ਼ੀ ਨਾਲ ਹੈ, ਜਿਸ ‘ਤੇ ਸਿੱਖ ਧਰਮ ਵਿੱਚ ਮੁਕੰਮਲ ਪਾਬੰਦੀ ਹੈ। ਧਾਰਮਿਕ ਹਲਕਿਆਂ ‘ਚ ਇਸ ਗੱਲ ‘ਤੇ ਵੀ ਇਤਰਾਜ਼ ਹੋ ਸਕਦਾ ਹੈ।
ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਇਹ ਸਰਾਂ ਦਰਅਸਲ 1897 ਦੀ ‘ਸਾਰਾਗੜ੍ਹੀ ਦੀ ਜੰਗ’ ਨੂੰ ਸਮਰਪਿਤ ਹੈ; ਜਿਸ ਵਿੱਚ 21 ਸਿੱਖ ਜਵਾਨਾਂ ਨੇ 10 ਹਜ਼ਾਰ ਅਫ਼ਗ਼ਾਨ ਧਾੜਵੀਆਂ ਦਾ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ।

 

Share Button

Leave a Reply

Your email address will not be published. Required fields are marked *

%d bloggers like this: