ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਵੱਲੋਂ ਧਰਨੇ ਸ਼ੁਰੂ

ss1

ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਵੱਲੋਂ ਧਰਨੇ ਸ਼ੁਰੂ

ਸ਼੍ਰੋਮਣੀ ਕਮੇਟੀ ਵੱਲੋਂ 523 ਦੇ ਕਰੀਬ ਮੁਲਾਜ਼ਮਾਂ ਨੂੰ ਓਹਨਾਂ ਦੀ ਸੇਵਾਵਾਂ ਤੋਂ ਫਾਰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਮਗਰੋਂ ਅੱਜ ਉਸ ਸਮੇਂ ਹੰਗਾਮਾ ਖੜਾ ਹੋ ਗਿਆ, ਜਦੋਂ ਡਾਇਰੈਕਟਰ ਐਜੂਕੇਸ਼ਨ ਵੱਲੋਂ ਜਾਰੀ ਹੁਕਮਾਂ ਤਹਿਤ ਖਾਲਸਾ ਕਾਲਜ ਪਟਿਆਲਾ ਵਿਖੇ ਤਾਇਨਾਤ 25 ਦੇ ਕਰੀਬ ਮੁਲਾਜ਼ਮਾਂ ਨੂੰ ਫਾਰਗ ਕਰ ਦਿੱਤਾ ਗਿਆ। ਫਾਰਗ ਕੀਤੇ ਜਾਣ ਵਾਲੇ ਮੁਲਾਜ਼ਮਾਂ ‘ਚ 7 ਕਲਰਕ, 7 ਸਫਾਈ ਸੇਵਕ, 5 ਲੈਬ ਅਟੈਡੰਟ, 5 ਸੇਵਦਾਰ ਤੋਂ ਇਲਾਵਾ 1 ਮਾਲੀ ਵੀ ਸ਼ਾਮਲ ਹੈ। ਕਾਲਜ ਵਿਚ ਜਿਵੇਂ ਹੀ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਬਾਰੇ ਪਤਾ ਲੱਗਿਆ ਤਾਂ ਸਾਰੇ ਮੁਲਾਜ਼ਮ ਫੁੱਟ-ਫੁੱਟ ਕੇ ਰੋ ਰਹਿ ਸਨ, ਇਸ ਦੌਰਾਨ ਕਾਲਜ ਦਾ ਮਾਹੌਲ ਏਨਾ ਗਮਗੀਨ ਅਤੇ ਭਾਵਕੁ ਹੋ ਗਿਆ ਕਿ ਕਾਲਜ ‘ਚ ਮੌਜੂਦ ਸਟਾਫ ਦੀਆਂ ਅੱਖਾਂ ਭਰ ਆਈਆਂ।
ਫਾਰਗ ਕੀਤੇ ਮੁਲਾਜ਼ਮਾਂ ਨੂੰ ਕੱਢੇ ਜਾਣ ਦੇ ਪੱਤਰ ਹਾਸਲ ਕਰਨ ਤੋਂ ਬਾਅਦ ਰੋਸ ਦੀ ਲਹਿਰ ਉਠ ਖੜ ਹੋਈ ਅਤੇ ਫਾਰਗ ਕੀਤੇ ਮੁਲਾਜ਼ਮਾਂ ਨੇ ਰੋਸ ਪ੍ਰਗਟ ਕਰਦਿਆਂ ਜਿਥੇ ਨਾਅਰੇਬਾਜ਼ੀ ਕੀਤੀ, ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਕਾਲਜ ਵਿਚ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਸਾਡੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਦਾ ਹੁਕਮ ਸੁਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਸਾਨੂੰ ਯੋਗਤਾ ਅਤੇ ਤਜਰਬੇ ਆਧਾਰ ‘ਤੇ ਭਰਤੀ ਕੀਤਾ ਗਿਆ ਸੀ, ਪਰ ਹੁਣ ਬਿਨਾਂ ਕੋਈ ਕਾਰਨ ਦੱਸੇ ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ ਨੌਕਰੀ ਤੋਂ ਕੱਢਕੇ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਫਾਰਗ ਮੁਲਾਜ਼ਮਾਂ ‘ਚ ਗੁਰਿੰਦਰਪਾਲ ਸਿੰਘ, ਨਿਤੀਸ਼ ਕੁਮਾਰ, ਜਸਵੀਨ, ਚਰਨਜੀਤ ਸਿੰਘ, ਸਤਨਾਮ ਸਿੰਘ, ਕੁਲਵੀਰ ਸਿੰਘ, ਜਸਨੈਨ ਪਾਲ, ਕੁਲਦੀਪ ਕੌਰ, ਬਲਰਾਮ, ਜਗਸੀਰ, ਵੰਦਨਾ, ਜਸਬੀਰ ਕੌਰ, ਕਵਿਤਾ, ਸਰਬਜੀਤ, ਰਾਮ ਲਾਲ, ਪਿੰਕੀ, ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ, ਦਵਿੰਦਰ, ਕੁਲਦੀਪ ਕੌਰ, ਜਸਵਿੰਦਰ ਕੌਰ, ਖੁਸਵੰਤ ਕੌਰ, ਪਿੰਕੀ ਪਾਰਸ ਆਦਿ ਨੇ ਕਿਹਾ ਕਿ ਇਕ ਪਾਸੇ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੈਪਟਨ ਸਰਕਾਰ ਨੂੰ ਰੁਜ਼ਗਾਰ ਨਾ ਦਿੱਤੇ ਜਾਣ ‘ਤੇ ਰੌਲਾ ਰੱਪਾ ਪਾ ਰਹੇ ਹਨ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਦੇ ਆਦੇਸ਼ ਦਵਾ ਕੇ ਮੁਲਾਜ਼ਮਾਂ ਤੋਂ ਰੁਜ਼ਗਾਰ ਖੋਹ ਰਹੇ ਹਨ।
ਮੁਲਾਜ਼ਮਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਬੀਬੀ ਹਰਸਿਮਰਤ ਕੌਰ ਬਾਦਲ ਨੰਨੀ ਛਾਂ ਦੀ ਰਾਖੀ ਕੀਤੇ ਜਾਣ ਦੀ ਆਵਾਜ਼ ਬੁਲੰਦ ਕਰਦੇ ਹਨ, ਪਰ ਅੱਜ ਸਾਡੇ ਬੱਚੇ ਬੱਚੀਆਂ ਤੋ ਰੁਜ਼ਗਾਰ ਖੋਹ ਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਹਨ। ਮੁਲਾਜ਼ਮਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕੋਸਦਿਆਂ ਕਿਹਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਿੱਖ ਪੰਥ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਹਨ, ਜਿਨਾਂ ਨੂੰ ਕੌਮ ਅਤੇ ਮੁਲਾਜ਼ਮਾਂ ਦੇ ਹਿੱਤ ‘ਚ ਫੈਸਲੇ ਲੈਣੇ ਚਾਹੀਦੇ ਹਨ ਨਾ ਕਿ ਮੁਲਾਜ਼ਮਾਂ ਦਾ ਰੁਜ਼ਗਾਰ ਖੋਹ ਕੇ ਉਨ੍ਹਾਂ ਨੂੰ ਬੇਰੁਜ਼ਗਾਰ ਕਰਨਾ ਚਾਹੀਦਾ ਹੈ।

ਕੀ ਕਹਿਣਾ ਪ੍ਰਿੰਸੀਪਲ ਧਰਮਿੰਦਰ ਸਿੰਘ ਉਭਾ ਦਾ:
ਫਾਰਗ ਕੀਤੇ ਜਾਣ ਵਾਲੇ ਮੁਲਾਜ਼ਮਾਂ ਸਬੰਧੀ ਜਦੋਂ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਹੁਕਮਾਂ ਅਤੇ ਆਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਾਲਜ ਵਿਚ ਸਟਾਫ ਸਰਪਲੱਸ ਨਹੀਂ ਹੈ ਅਤੇ ਜ਼ਰੂਰਤ ਅਨੁਸਾਰ ਹੀ ਸਾਰੇ ਮੁਲਾਜ਼ਮ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰੁਜ਼ਗਾਰ ਦੇਣਾ ਵੱਡੀ ਗੱਲ ਹੈ, ਮੁਲਾਜ਼ਮਾਂ ਦਾ ਰੁਜ਼ਗਾਰ ਖੁਸ ਜਾਣ ਦੇ ਹੱਕ ਵਿਚ ਨਹੀਂ ਹਾਂ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ 523 ਮੁਲਾਜ਼ਮ ਬਰਖਾਸਤ ਕਰਨ ਮਗਰੋਂ ਵਿਵਾਦ ਹਰ ਪਾਸੇ ਛਿੜਦਾ ਜਾ ਰਿਹਾ ਹੈ।

ਬਡੂੰਗਰ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਮੌਜੂਦਾ ਪ੍ਰਬੰਧਕਾਂ ਉੱਪਰ ਸਵਾਲ ਉਠਾਏ ਹਨ। ਜੇਕਰ ਭਰਤੀ ਸਹੀ ਹੋਈ ਸੀ ਤਾਂ ਫਿਰ ਬੰਡੂਗਰ ਵੱਲੋਂ ਭਰਤੀ 523 ਮੁਲਾਜ਼ਮ ਲੌਂਗੋਵਾਲ ਨੇ ਕਿਉਂ ਕੱਢੇ? ਬਡੂੰਗਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈਆਂ ਨਿਯੁਕਤੀਆਂ ਤੇ ਤਰੱਕੀਆਂ ਬਿੱਲਕੁਲ ਜਾਇਜ਼ ਸਨ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗ ਕੀਤੀ ਹੈ ਕਿ ਸਚਾਈ ਸਾਹਮਣੇ ਲਿਆਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੋ ਸਾਬਕਾ ਜੱਜਾਂ ਜਾਂ ਮੌਜੂਦਾ ਸਿੱਖ ਜੱਜ ਦੀ ਕਮੇਟੀ ਤੋਂ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਉਨ੍ਹਾਂ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਦੋਸ਼ੀ ਮਿਲਦੇ ਹਨ ਤਾਂ ਪੰਥ ਵੱਲੋਂ ਦਿੱਤੀ ਕਿਸੇ ਵੀ ਵੱਡੀ ਤੋਂ ਵੱਡੀ ਸਜ਼ਾ ਨੂੰ ਉਹ ਸਹਿਣ ਕਰਨ ਲਈ ਤਿਆਰ ਹਨ।

Share Button

Leave a Reply

Your email address will not be published. Required fields are marked *