ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੰਡੇਮਾਨ ਦੇ ਜੇਲ੍ਹ ਸਮਾਰਕ ਦਾ ਕੀਤਾ ਦੌਰਾ -ਪੰਜਾਬੀਆਂ ਦੇ ਯੋਗਦਾਨ ਨੂੰ ਢੁੱਕਵੀਂ ਜਗਾ ਨਾ ਦੇਣ ਦੀ ਹੋਈ ਪੁਸ਼ਟੀ

ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੰਡੇਮਾਨ ਦੇ ਜੇਲ੍ਹ ਸਮਾਰਕ ਦਾ ਕੀਤਾ ਦੌਰਾ -ਪੰਜਾਬੀਆਂ ਦੇ ਯੋਗਦਾਨ ਨੂੰ ਢੁੱਕਵੀਂ ਜਗਾ ਨਾ ਦੇਣ ਦੀ ਹੋਈ ਪੁਸ਼ਟੀ

ਪੋਰਟ ਬਲੇਅਰ ,01 ਮਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਡੇਮਾਨ ਭੇਜੇ ਗਏ ਉੱਚ-ਪੱਧਰੀ ਵਫ਼ਦ ਨੇ ਅੱਜ ਕਾਲੇ ਪਾਣੀਆਂ ਵਜੋਂ ਜਾਣੀ ਜਾਂਦੀ ਸੈਲੂਲਰ ਜੇਲ੍ਹ ਦੇ ਕੌਮੀ ਸਮਾਰਕ ਦਾ ਦੌਰਾ ਕੀਤਾ . ਵਫ਼ਦ ਨੇ ਉੱਥੇ ਸਥਾਪਤ ਕੀਤੀਆਂ ਗਈਆਂ ਯਾਦਗਾਰੀ ਗੈਲਰੀਆਂ ਅਤੇ ਹਰ ਰੋਜ਼ ਵਿਖਾਏ ਜਾਂਦੇ ‘ਰੌਸ਼ਨੀ ਤੇ ਆਵਾਜ਼’ਪ੍ਰੋਗਰਾਮ ਵਿਚ ਪੰਜਾਬੀਆਂ ਖ਼ਾਸ ਕਰ ਸਿੱਖਾਂ ਵੱਲੋਂ ਆਜ਼ਾਦੀ ਸੰਗਰਾਮ ਵਿਚ ਪਾਏ ਗਏ ਲਾ ਮਿਸਾਲ ਯੋਗਦਾਨ ਨੂੰ ਦਿੱਤੀ ਗਈ ਥਾਂ ਸਬੰਧੀ ਪੁਖ਼ਤਾ ਜਾਣਕਾਰੀ ਹਾਸਲ ਕੀਤੀ।
ਸ਼੍ਰੋਮਣੀ ਕਮੇਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਵਫ਼ਦ ਆਪਣੀ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਨੂੰ ਸੌਂਪੇਗਾ,ਪਰ ਵਫ਼ਦ ਦਾ ਪਹਿਲਾ ਪ੍ਰਭਾਵ ਇਹ ਹੈ ਕਿ ਜੇਲ੍ਹ ਦੀਆਂ ਯਾਦਗਾਰੀ ਗੈਲਰੀਆਂ ਅਤੇ ‘ਰੌਸ਼ਨੀ ਤੇ ਆਵਾਜ਼’ ਪ੍ਰੋਗਰਾਮ ਵਿਚ ਸਿੱਖਾਂ ਦੇ ਲਾਮਿਸਾਲ ਯੋਗਦਾਨ ਦਾ ਨਾਮਾਤਰ  ਜ਼ਿਕਰ ਹੀ ਹੈ। ਇਸ ਪ੍ਰੋਗਰਾਮ ਵਿਚ ਆਜ਼ਾਦੀ ਸੰਗਰਾਮੀਆਂ ਉੱਤੇ ਕੀਤੇ ਜਾਂਦੇ ਉਨ੍ਹਾਂ ਅੱਤਿਆਚਾਰਾਂ ਅਤੇ ਜ਼ੁਲਮਾਂ ਦੀ ਗਾਥਾ ਵਿਖਾਈ ਜਾਂਦੀ ਹੈ ਜਿਨ੍ਹਾਂ ਲਈ ਇਹ  ਜੇਲ੍ਹ ਬਣਾਈ ਗਈ ਸੀ।
ਇੱਥੇ ਇਹ ਵੀ ਵਰਣਨ ਯੋਗ ਹੈ ਕਿ ਗ਼ਦਰ ਪਾਰਟੀ, ਕਾਮਾਗਾਟਾਮਾਰੂ ਅਤੇ ਬੱਬਰ ਅਕਾਲੀ ਦਲ ਦੇ ਆਗੂਆਂ ਨੂੰ ਵੀ ਇੱਥੇ ਕੈਦ ਕੀਤਾ ਗਿਆ ਸੀ। ਗੁਰਦੁਆਰਾ ਸੁਧਾਰ ਲਹਿਰ ਦੇ ਮੂਹਰਲੀ ਕਤਾਰ ਦੇ ਆਗੂ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਵੀ ਇੱਥੇ ਕੈਦ ਕੱਟੀ ਸੀ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਵਿਚ ਭੇਜੇ ਹੋਏ ਇਸ ਵਫ਼ਦ ਵਿਚ ਅੰਤਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇ ਵੱਢ, ਵਧੀਕ ਸਕੱਤਰ ਹਰਭਜਨ ਸਿੰਘ ਮਨਾਵਾਂ, ਡਾਇਰੈਕਟਰ ਐਜੂਕੇਸ਼ਨ ਡਾ. ਧਰਮਿੰਦਰ ਸਿੰਘ ਉੱਭਾ, ਪੰਜਾਬੀ ਯੂਨੀਵਰਸਿਟੀ ਦੇ ਡਾ. ਪਰਮਵੀਰ ਸਿੰਘ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਤੇ ਗੁਰਦਰਸ਼ਨ ਸਿੰਘ ਬਾਹੀਆ ਸ਼ਾਮਲ ਹਨ।
ਕਮੇਟੀ ਦੇ ਬੁਲਾਰੇ ਅਨੁਸਾਰ ਇਹ ਵਫ਼ਦ ਕਾਲੇ ਪਾਣੀ ਦੀ ਨਰਕ ਕੁੰਭੀ ਜੇਲ੍ਹ ਵਿਚ ਕੈਦਾਂ ਕੱਟਣ ਵਾਲੇ ਸਿੱਖ ਯੋਧਿਆਂ ਸਬੰਧੀ ਪੋਰਟ ਬਲੇਅਰ  ਵਿਚ ਮੌਜੂਦ  ਹਰ ਕਿਸਮ ਦਾ ਰਿਕਾਰਡ ਇਕੱਠਾ ਕਰ ਰਿਹਾ ਹੈ। ਵਫ਼ਦ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਮਿਲਿਆ ਜਾਵੇ ਜਿਨ੍ਹਾਂ ਦਾ ਸਬੰਧ ਕਿਸੇ ਨਾ ਕਿਸੇ ਰੂਪ ਵਿਚ ਸੈਲੂਲਰ ਜੇਲ੍ਹ ਨਾਲ ਰਿਹਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੋਰਟ ਬਲੇਅਰ ਨੇ ਅਣਮਨੁੱਖੀ ਅੱਤਿਆਚਾਰਾਂ ਅਤੇ ਜ਼ੁਲਮਾਂ ਦੇ ਦੋ ਦੌਰ ਵੇਖੇ ਹਨ, ਪਹਿਲਾ ਅੰਗਰੇਜ਼ਾਂ ਦਾ ਜਿਨ੍ਹਾਂ ਨੇ ਇਸ ਮਕਸਦ ਲਈ ਹੀ ਇਹ ਜੇਲ੍ਹ ਬਣਾਈ ਸੀ ਅਤੇ ਦੂਜਾ ਜਪਾਨੀਆਂ ਦਾ ਜਦੋਂ ਉਨ੍ਹਾਂ ਇਸ ਟਾਪੂ ਉੱਤੇ ਕਬਜ਼ਾ ਕਰ ਲਿਆ ਸੀ। ਡਾ.ਦੀਵਾਨ ਸਿੰਘ ਕਾਲ਼ੇ ਪਾਣੀ ਦੀ ਸ਼ਹਾਦਤ ਜਪਾਨੀਆਂ ਦੇ ਦੌਰ ਦੌਰਾਨ ਹੋਈ ਸੀ।

Share Button

Leave a Reply

Your email address will not be published. Required fields are marked *

%d bloggers like this: