ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਪਹੁੰਚ ਕੇ ਲਿਆ ਅਸ਼ੀਰਵਾਦ

ss1

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਪਹੁੰਚ ਕੇ ਲਿਆ ਅਸ਼ੀਰਵਾਦ
ਸ਼੍ਰੋਮਣੀ ਕਮੇਟੀ ਪੰਥਕ ਮੁੱਦਿਆਂ ਪ੍ਰਤੀ ਸੰਜੀਦਾ ਪਹੁੰਚ ਅਪਣਾਏਗੀ: ਭਾਈ ਲੌਂਗੋਵਾਲ
ਸਿੱਖ ਨਸਲਕੁਸ਼ੀ ਅਤੇ ਪੰਥਕ ਮਸਲਿਆਂ ਨੂੰ ਸ਼੍ਰੋਮਣੀ ਕਮੇਟੀ ਕੌਮਾਂਤਰੀ ਪੱਧਰ ਤੇ ਉਠਾਵੇ: ਬਾਬਾ ਹਰਨਾਮ ਸਿੰਘ ਖ਼ਾਲਸਾ

ਚੌਕ ਮਹਿਤਾ/ਅੰਮ੍ਰਿਤਸਰ 4 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਦਮਦਮੀ ਟਕਸਾਲ ਦੇ ਹੈੱਡਕੁਆਟਰ ਚੌਕ ਮਹਿਤਾ ਵਿਖੇ ਪਹੁੰਚ ਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਅਸ਼ੀਰਵਾਦ ਲੈਂਦਿਆਂ, ਗੁਰਮਤਿ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਨ ਲਈ ਸਹਿਯੋਗ ਮੰਗਿਆ।
ਇਸ ਮੌਕੇ ਉਨ੍ਹਾਂ ਦਮਦਮੀ ਟਕਸਾਲ ਮੁਖੀ ਨਾਲ ਬੰਦ ਕਮਰਾ ਮੀਟਿੰਗ ਕਰਦਿਆਂ ਪੰਥਕ ਮੁੱਦਿਆਂ ਪ੍ਰਤੀ ਡੂੰਘੀਆਂ ਵਿਚਾਰਾਂ ਕੀਤੀਆਂ।ਇਸ ਸਮੇਂ ਦਮਦਮੀ ਟਕਸਾਲ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੇ ਸਵਾਗਤ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਦੇ ਚਾਰ ਐਗਜ਼ੈਕਟਿਵ ਕਮੇਟੀ ਮੈਂਬਰ ਸੰਤ ਗੁਰਮੀਤ ਸਿੰਘ ਤਿਰਲੋਕੇ ਵਾਲੇ, ਬਾਬਾ ਸੱਜਣ ਸਿੰਘ ਬੱਜੂਮਾਨ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ ਦੀ ਲੋੜ ਨੂੰ ਦੇਖਦਿਆਂ ਹੋਇਆਂ ਦਮਦਮੀ ਟਕਸਾਲ ਸੰਤ ਸਮਾਜ, ਸੰਤ ਮਹਾਪੁਰਸ਼ਾਂ ਅਤੇ ਸਿੱਖ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕਰਨ ਉਪਰੰਤ ਪੰਥ ਦੀ ਹਰ ਚੁਣੌਤੀ ਦਾ ਹੱਲ ਕੱਢਿਆ ਜਾਵੇਗਾ ਅਤੇ ਸਿੱਖੀ ਪ੍ਰਸਾਰ ਪ੍ਰਚਾਰ ਲਈ ਹਰ ਲੋੜੀਂਦਾ ਉਪਰਾਲਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਾਰਦਰਸ਼ੀ ਤਰੀਕੇ ਨਾਲ ਕੰਮ ਕਰੇਗੀ ਪੰਥਕ ਮੁੱਦਿਆਂ ਪ੍ਰਤੀ ਸੰਜੀਦਗੀ ਅਪਣਾਈ ਜਾਵੇਗੀ।ਇੱਕ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਕਾਂਡ ਉਪਰੰਤ ਕੁੱਝ ਕਾਰਨਾਂ ਵੱਸ ਸਿੱਖੀ ਦੀ ਮੁੱਖ ਧਾਰਾ ਤੋਂ ਦੂਰ ਜਾ ਚੁੱਕੇ ਲੋਕਾਂ ਨੂੰ ਸਿੱਖੀ ਅਤੇ ਗੁਰੂ ਘਰ ਨਾਲ ਜੋੜਨ ਲਈ ਪੂਰਾ ਤਾਣ ਲਾ ਦਿੱਤਾ ਜਾਵੇਗਾ।ਭਾਈ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਦਾ ਟਕਸਾਲ ਨਾਲ ਬਹੁਤ ਪੁਰਾਣਾ ਨਾਤਾ ਹੈ, ਉਨ੍ਹਾਂ ਦੱਸਿਆ ਕਿ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਤੋਂ ਉਨ੍ਹਾਂ ਅੰਮ੍ਰਿਤ ਪਾਣ ਕੀਤਾ।
ਇਸ ਮੌਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੰਥਕ ਹਿਤਾਂ ਖ਼ਾਤਰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।ਉਨ੍ਹਾਂ ਕਿਹਾ ਕਿ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਨਜ਼ਰਬੰਦ ਸਿੰਘਾਂ ਦੀ ਰਿਹਾਈ, 1980 ਤੋਂ ਬਾਦ ਸਿੱਖ ਨੌਜਵਾਨਾਂ ਨੂੰ ਜਬਰ ਜ਼ੁਲਮ ਦਾ ਸ਼ਿਕਾਰ ਬਣਾਉਂਦਿਆਂ ਸ਼ਹੀਦ ਕਰਨ ਉਪਰੰਤ ਉਨ੍ਹਾਂ ਦੀ ਲਾਸ਼ਾਂ ਨੂੰ ਲਿਵਾਰਿਸ ਕਹਿ ਕੇ ਖੁਰਦ ਬੁਰਦ ਕਰਨ ਜਿਸ ਬਾਰੇ ਕਈ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਵੀ ਅੰਕੜੇ ਪੇਸ਼ ਕੀਤੇ ਗਏ ਦੇ ਸਬੰਧਿਤ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਧਰਮੀ ਫੌਜੀਆਂ ਦੇ ਮਸਲੇ ਹੱਲ ਕਰਨ ਅਤੇ ਨਵੰਬਰ 84 ਵਿੱਚ ਕੀਤੇ ਗਏ ਸਿੱਖ ਨਸਲਕੁਸ਼ੀ ਵਰਗੇ ਮੁੱਦਿਆਂ ਨੂੰ ਕੌਮਾਂਤਰੀ ਪੱਧਰ ਤੇ ਉਠਾਏ ਜਾਣ ਪ੍ਰਤੀ ਵੱਡੇ ਯਤਨ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਨੌਜਵਾਨਾਂ ਵਿੱਚ ਆਈ ਧਾਰਮਿਕ ਖੜੋਤ ਨੂੰ ਤੋੜਦਿਆਂ ਉਨ੍ਹਾਂ ਨੂੰ ਗੁਰਮਤਿ ਨਾਲ ਜੋੜਨ ਤੋਂ ਇਲਾਵਾ ਕੌਮ ਵਿੱਚ ਆਏ ਨਿਘਾਰ ਡੇਰਾਵਾਦ ਪਾਖੰਡੀ ਦੇਹਧਾਰੀ ਗੁਰੁਡੰਮ ਖ਼ਿਲਾਫ਼ ਅੱਗੇ ਹੋ ਕੇ ਅਗਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਹੋਰ ਸੰਜੀਦਗੀ ਦਿਖਾਉਣ ਦੀ ਲੋੜ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਅਜੈਬ ਸਿੰਘ ਅਭਿਆਸੀ, ਜਥੇਦਾਰ ਬਾਬਾ ਅਜੀਤ ਸਿੰਘ ਤਰਨਾ ਦਲ, ਸੰਤ ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਗੁਰਮੀਤ ਸਿੰਘ ਚੰਨਣਕੇ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ, ਡਾ. ਅਵਤਾਰ ਸਿੰਘ ਬੁੱਟਰ, ਭਾਈ ਹਰਸ਼ਦੀਪ ਸਿੰਘ ਰੰਧਾਵਾ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਭਾਈ ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਰਨੈਲ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਪ੍ਰਭਜੀਤ ਸਿੰਘ, ਭਾਈ ਪ੍ਰਣਾਮ ਸਿੰਘ ਅਤੇ ਪ੍ਰੋ. ਸਰਚਾਂਦ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *