ਸ਼੍ਰੋਮਣੀ ਅਕਾਲੀ ਦਲ 20 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰੇਗਾ

ss1

ਸ਼੍ਰੋਮਣੀ ਅਕਾਲੀ ਦਲ 20 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰੇਗਾ

ਸ਼੍ਰੋਮਣੀ ਅਕਾਲੀ ਦਲ ਆ ਰਹੇ ਬਜਟ ਸੈਸ਼ਨ ਦੇ ਪਹਿਲੇ ਦਿਨ 20 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਮੁੱਦੇ ਉੱਤੇ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਧੋਖੇ ਵੱਲ ਧਿਆਨ ਦਿਵਾਉਣ ਲਈ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰੇਗਾ। ਸਰਕਾਰ ਦੀ ਇਸ ਵਾਅਦਾਖਿਲਾਫੀ ਕਰਕੇ ਸੂਬੇ ਦੇ ਕਿਸਾਨਾਂ ਅੰਦਰ ਨਿਰਾਸ਼ਾ ਦੀ ਭਾਵਨਾ ਵਧ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਗਰੀਬ ਅਤੇ ਮਾਸੂਮ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇ। ਇਹ ਫੈਸਲਾ ਅੱਜ ਦੁਪਹਿਰੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਕੋਰ ਕਮੇਟੀ ਇਸ ਮੱਤ ਦੀ ਧਾਰਨੀ ਹੈ ਕਿ ਸੂਬਾ ਸਰਕਾਰ ਨੇ ਬੇਕਿਰਕ ਹੋ ਕੇ ਕਿਸਾਨਾਂ ਦੀ ਬੇਕਦਰੀ ਕੀਤੀ ਹੈ। ਕੋਰ ਕਮੇਟੀ ਵੱਲੋਂ ਪੇਸ਼ ਕੀਤੇ ਮਤੇ ਵਿਚ ਕਿਹਾ ਗਿਆ ਹੈ ਕਿ ਇਹ ਸਰਕਾਰ ਝੂਠੇ ਬਹਾਨੇ ਬਣਾ ਕੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ। ਪਹਿਲਾਂ ਉਹਨਾਂ ਕਿਹਾ ਕਿ ਜਦੋਂ ਉਹਨਾਂ ਵਾਅਦੇ ਕੀਤੇ ਸਨ, ਉਹਨਾਂ ਨੂੰ ਸੂਬੇ ਦੀ ਵਿੱਤੀ ਹਾਲਤ ਬਾਰੇ ਪਤਾ ਨਹੀਂ ਸੀ। ਜਦਕਿ ਚੋਣਾਂ ਤੋਂ ਪਹਿਲਾਂ ਉਹ ਸੂਬੇ ਦੀ ਵਿੱਤੀ ਹਾਲਤ ਉੱਤੇ ਵਾਈਟ ਪੇਪਰ ਜਾਰੀ ਕਰ ਰਹੇ ਸਨ। ਜੇਕਰ ਉਹਨਾਂ ਨੂੰ ਵਿੱਤੀ ਹਾਲਤ ਦਾ ਪਤਾ ਨਹੀਂ ਸੀ ਤਾਂ ਫਿਰ ਪਿਛਲੇ ਸਾਲ ਬਜਟ ਵਿਚ ਉਹ 1500 ਕਰੋੜ ਰੁਪਏ ਕਿਵੇਂ ਰਾਂਖਵੇ ਰੱਖ ਸਕਦੇ ਸਨ? ਹੁਣ ਉਹ ਸਿਰਫ 370 ਕਰੋੜ ਰੁਪਏ ਵੰਡਣ ਦਾ ਦਾਅਵੇ ਕਰ ਰਹੇ ਹਨ, ਜਿਹੜੇ ਕਿ ਉਹਨਾਂ ਦੀ ਨਾਲਾਇਕੀ ਕਰਕੇ ਕਾਗਜ਼ੀ ਕਾਰਵਾਈਆਂ ਵਿਚ ਫਸ ਗਏ ਹਨ। ਇਹ ਤਾਂ ਮਗਰਮੱਛ ਦੇ ਹੰਝੂ ਵਹਾਉਣ ਨਾਲੋਂ ਭੈੜੀ ਗੱਲ ਹੈ। ਇਸ ਦੌਰਾਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਬਕਾ ਮੰਤਰੀ ਸਰਦਾਰ ਅਜੀਤ ਸਿੰਘ ਕੋਹਾੜ ਨੂੰ ਸ਼ਰਧਾਂਜ਼ਲੀ ਦੇਣ ਲਈ ਕੋਰ ਕਮੇਟੀ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਜਥੇਦਾਰ ਕੋਹਾੜ ਵੱਲੋਂ ਅਕਾਲੀ ਦਲ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਵਾਸਤੇ ਨਿਭਾਈ ਗਈ ਸ਼ਾਨਦਾਰ ਭੂਮਿਕਾ ਨੂੰ ਵੀ ਰਿਕਾਰਡ ਵਿਚ ਰੱਖਿਆ ਗਿਆ। ਕੋਰ ਕਮੇਟੀ ਦੀ ਮੀਟਿੰਗ ਵਿਚ ਇੱਕ ਹੋਰ ਮਤੇ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਹਨਾਂ ਵੱਲੋਂ ਪਿਛਲੇ ਮਹੀਨੇ ਸੂਬੇ ਦਾ ਜਜ਼ਬਾਤੀ ਦੌਰਾ ਕਰਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖਾਂ ਵਾਸਤੇ ਬੇਹੱਦ ਪਿਆਰ ਅਤੇ ਸਤਿਕਾਰ ਇਜ਼ਹਾਰ ਕੀਤਾ ਗਿਆ ਸੀ। ਇਸ ਬਾਰੇ ਪੇਸ਼ ਕੀਤੇ ਮਤੇ ਵਿਚ ਕਿਹਾ ਗਿਆ ਕਿ ਪੰਜਾਬੀ ਅਤੇ ਖਾਸ ਕਰਕੇ ਸਿੱਖ  ਕੈਨੇਡਾ ਦੀ ਸਰਕਾਰ, ਉੱੋਥੋਂ ਦੇ ਲੋਕਾਂ ਅਤੇ ਪ੍ਰਧਾਨ ਮੰਤਰੀ ਟਰੂਡੋ ਦੇ ਸ਼ੁਕਰਗੁਜ਼ਾਰ ਹਨ, ਜਿਹਨਾਂ ਨੇ ਕੈਨੇਡਾ ਨੂੰ ਆਪਣੇ ਦੂਜੇ ਘਰ ਵਜੋਂ ਅਪਣਾ ਚੁੱਕੇ ਸਾਡੇ ਭਰਾਵਾਂ ਨੂੰ ਬਹੁਤ ਜ਼ਿਆਦਾ ਮਾਣ-ਸਨਮਾਨ ਦਿੱਤਾ ਹੈ। ਕੈਨੇਡਾ ਸਰਕਾਰ ਵੱਲੋਂ ਸਾਡੇ ਭਰਾਵਾਂ ਅਤੇ ਭੈਣਾਂ ਨੂੰ ਫੈਡਰਲ ਸਰਕਾਰ ਦੀ ਕੈਬਨਿਟ ਵਿਚ ਉੱਚੇ ਸਨਮਾਨਜਨਕ ਅਹੁਦਿਆਂ ਉੱਤੇ ਬਿਠਾ ਕੇ ਸੌਂਪੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਸਾਡਾ ਦਿਲ ਜਿੱਤ ਲਿਆ ਹੈ। ਅਸੀਂ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਸਿੱਖਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸ਼ੁਕਰੀਆ ਦਾ ਅਦਾ ਕਰਦੇ ਹਾਂ, ਜਿਹਨਾਂ ਨੇ ਸਾਡੇ ਪੰਜਾਬੀ ਭਰਾਵਾਂ ਅਤੇ ਭੈਣਾਂ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਵਿਸਵਾਸ਼ ਦੇ ਪਾਤਰ ਸਮਝਿਆ ਹੈ।
ਇਸ ਕੋਰ ਕਮੇਟੀ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਰਦਾਰ ਸੁਖਦੇਵ ਸਿੰਘ ਢੀਂਡਸਾ, ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਚਰਨਜੀਤ ਸਿੰਘ ਅਟਵਾਲ, ਸਰਦਾਰ ਨਿਰਮਲ ਸਿੰਘ ਕਾਹਲੋਂ, ਸਰਦਾਰ ਸੇਵਾ ਸਿੰਘ ਸੇਖਵਾਂ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਭਾਗ ਲਿਆ। ਮੀਟਿੰਗ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਤਰਜਮਾਨ ਹਰਚਰਨ ਬੈਂਸ ਨੇ ਦੱਸਿਆ ਕਿ ਕੋਰ ਕਮੇਟੀ ਨੇ ਇਸ ਗੱਲ ਉੱਤੇ ਅਫਸੋਸ ਪ੍ਰਗਟ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਫੇਰੀ ਦੇ ਸ਼ੁੱਭ ਮੌਕੇ ਉੱਤੇ ਕੁੱਝ ਅਜਿਹੇ ਬੇਸੁਆਦੇ ਮੁੱਦੇ ਉਠਾਏ, ਜਿਹੜੇ ਉਹਨਾਂ ਦੇ ਅਧਿਕਾਰ ਖੇਤਰ ਵਿਚ ਵੀ ਨਹੀਂ ਸਨ ਆਉਂਦੇ।
ਅਜਿਹਾ ਕਰਦਿਆਂ ਉਹਨਾਂ ਨੇ ਕੈਨੇਡਾ ਵਿਚ ਵਸੇ ਪੰਜਾਬੀਆਂ ਦੀ ਭਲਾਈ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਅਤੇ ਆਪਸੀ ਪਿਆਰ ਵਧਾਉਣ ਦਾ ਇੱਕ ਵੱਡਾ ਮੌਕਾ ਗੁਆ ਦਿੱਤਾ।
ਇਸ ਦੇ ਨਾਲ ਹੀ ਕੋਰ ਕਮੇਟੀ ਨੇ ਸੂਬੇ ਅੰਦਰ ਕਿਸਾਨਾਂ ਦੀ ਮੰਦੀ ਹਾਲਤ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਕਿਸਾਨੀ ਸੰਕਟ ਉੱਤੇ ਫਿਕਰ ਜਤਾਇਆ। ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇੱਕ ਉੱਚ ਪੱਧਰੀ ਕਮੇਟੀ ਬਣਾਈ, ਜਿਹੜੀ ਇਸ ਗੰਭੀਰ ਕਿਸਾਨੀ ਸੰਕਟ ਸਦਕਾ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਪੜਚੋਲ ਕਰੇਗੀ। ਇਸ ਕਮੇਟੀ ਵਿਚ ਸਰਦਾਰ ਬਾਦਲ ਤੋਂ ਇਲਾਵਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਰਦਾਰ ਸੁਖਦੇਵ ਸਿੰਘ ਢੀਂਡਸਾ, ਸਰਦਾਰ ਬਲਵਿੰਦਰ ਸਿੰਘ ਭੂੰਦੜ , ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਵੀ ਹੋਣਗੇ।
ਇਹ ਕਮੇਟੀ ਕਿਸਾਨਾਂ ਦੀ ਬਿਹਤਰੀ ਲਈ ਸੁਝਾਅ ਦੇਵੇਗੀ ਅਤੇ ਖੇਤੀ ਨੂੰ ਇੱਕ ਲਾਹੇਵੰਦ ਧੰਦਾ ਬਣਾਉਣ ਵਾਸਤੇ ਆਪਣੀਆਂ ਸਿਫਾਰਿਸ਼ਾਂ ਪੇਸ਼ ਕਰੇਗੀ। ਮੌਜੂਦਾ ਸਮੇਂ ਕਿਸਾਨਾਂ ਦੇ ਖੇਤੀ ਉੱਤੇ ਆਉਣ ਵਾਲੇ ਮੁੱਢਲੇ ਖਰਚੇ ਵੀ ਪੂਰੇ ਨਹੀਂ ਹੁੰਦੇ, ਸਿੱਟੇ ਵਜੋਂ ਉਹ ਲਗਾਤਾਰ ਵਧ ਰਹੀ ਕਰਜ਼ੇ ਦੀ ਪੰਡ ਥੱਲੇ ਦਰੜੇ ਜਾ ਰਹੇ ਹਨ।
ਇਕ ਹੋਰ ਅਹਿਮ ਫੈਸਲੇ ਵਿਚ ਅਕਾਲੀ ਦਲ ਨੇ ਜੰਮੂ ਅਤੇ ਕਸ਼ਮੀਰ ਵਿਚ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਮੁੱਖ ਮੰਤਰੀ ਬੀਬੀ ਮਹਿਬੂਬਾ ਮੁਫਤੀ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇੱਕ ਵਫਦ ਜੰਮੂ ਅਤੇ ਕਸ਼ਮੀਰ ਦੀ ਮੁੱਖ ਮੰਤਰੀ ਨੂੰ ਮਿਲੇਗਾ ਅਤੇ ਸਿੱਖ ਭਾਈਚਾਰੇ ਨੂੰ ਸੂਬੇ ਅੰਦਰ ਆ ਰਹੀਆਂ ਸਮੱਸਿਆਵਾਂ ਜਿਵੇਂ ਸਿੱਖਿਆ, ਘੱਟ ਗਿਣਤੀ ਸਟੇਟਸ ਨੂੰ ਮਾਨਤਾ ਅਤੇ ਉਹਨਾਂ ਦੀ ਯੋਗਤਾ ਅਤੇ ਮੈਰਿਟ ਦੇ ਮੁਤਾਬਿਕ ਰੁਜ਼ਗਾਰ ਦੇ ਮੌਕਿਆਂ ਦੀ ਲੋੜ ਆਦਿ ਮੱਦਿਆਂ ਨੂੰ ਉਠਾਏਗਾ।
ਇਹ ਵਫ਼ਦ ਆਨੰਦ ਮੈਰਿਜ ਐਕਟ ਨੂੰ ਲਾਗੂ ਕੀਤੇ ਜਾਣ ਦੇ ਮੁੱਦੇ ਨੂੰ ਵੀ ਉਠਾਏਗਾ। ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਵਿਚ ਜਾਣ ਵਾਲੇ ਇਸ ਵਫਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਰਦਾਰ ਸੁਖਦੇਵ ਸਿੰਘ ਢੀਂਡਸਾ, ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਿਲ ਹੋਣਗੇ।
ਇਹ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਵੀ ਮਿਲੇਗਾ ਅਤੇ ਉਹਨਾਂ ਨੂੰ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਜੰਮੂ ਅਤੇ ਕਸ਼ਮੀਰ ਤੋਂ ਇਲਾਵਾ ਦੇਸ਼ ਦੇ ਦੂਜੇ ਹਿੱਸਿਆਂ ਵਿਚ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਏਗਾ ਅਤੇ ਉਹਨਾਂ ਨੂੰ ਅਪੀਲ ਕਰੇਗਾ ਕਿ ਉਹ ਆਨੰਦ ਮੈਰਿਜ ਐਕਟ ਨੂੰ ਪੂਰੇ ਦੇਸ਼ ਵਿਚ ਲਾਗੂ ਕਰਵਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿਚ ਸਹਾਇਤਾ ਕਰਨ।

Share Button

Leave a Reply

Your email address will not be published. Required fields are marked *