ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਲੜੇਗਾ

ss1

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਲੜੇਗਾ

ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਲੜਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਸੂਬੇ ਦੇ ਹਰ ਜ਼ਿਲ੍ਹੇ ਅੰਦਰ ਆਪਣੇ ਪਾਰਟੀ ਦਫ਼ਤਰ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਹੈ।

ਅੱਜ ਇੱਥੇ ਪਾਰਟੀ ਦੇ ਜਨਰਲ ਸਕੱਤਰਾਂ,  ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਪ੍ਰਧਾਨਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਪਾਰਟੀ ਦੇ ਚੋਣ ਦੇ ਨਿਸ਼ਾਨ ਉੱਤੇ ਲੜਣ ਤੋਂ ਇਲਾਵਾ ਪਾਰਟੀ ਲੁਧਿਆਣਾ ਨਗਰ ਨਿਗਮ ਦੀ ਚੋਣ ਦੀ ਵੀ ਪੂਰੇ ਜੋਸ਼ ਨਾਲ ਲੜੇਗੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਗੜਬੜੀਆਂ ਕਰਨ ਤੋਂ ਰੋਕਣ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਲੁਧਿਆਣਾ ਵਿਖੇ ਡੇਰੇ ਜਮਾ ਲਵੇਗੀ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਲੋਕਤੰਤਰ ਦਾ ਗਲਾ ਨਹੀਂ ਘੁਟਣ ਦਿਆਂਗੇ। ਵਰਕਰਾਂ ਨਾਲ ਕੀਤੀ ਜਾਣ ਵਾਲੀ ਕਿਸੇ ਵੀ ਧੱਕੇਸ਼ਾਹੀ ਦੀ ਕੋਸ਼ਿਸ਼ ਦਾ ਪਾਰਟੀ ਉਹਨਾਂ ਨਾਲ ਮਿਲ ਕੇ ਸਾਹਮਣਾ ਕਰੇਗੀ।

ਸਰਦਾਰ ਬਾਦਲ ਨੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਨੂੰ ਇੱਕ ਮਹੀਨੇ ਦੇ ਅੰਦਰ ਪਾਰਟੀ ਦਫ਼ਤਰ ਸਥਾਪਤ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਪਾਰਟੀ ਆਪਣੇ ਪੱਧਰ ਉੱਤੇ ਅੰਮ੍ਰਿਤਸਰ ਵਿਖੇ ਇੱਕ ਢੁੱਕਵਾਂ ਦਫ਼ਤਰ ਸਥਾਪਤ ਕਰੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਅੱਗੇ ਤੋਂ ਸ਼ਹਿਰੀ ਇਲਾਕਿਆਂ ਅੰਦਰ ਵਾਰਡਾਂ ਦੇ ਮੁਤਾਬਿਕ ਆਪਣਾ ਸੰਗਠਨ ਖੜ੍ਹਾ ਕਰੇਗੀ।
ਸਰਦਾਰ ਬਾਦਲ ਨੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਨੂੰ ਆਪਣੀਆਂ ਟੀਮਾਂ ਖੜ੍ਹੀਆਂ ਕਰਨ ਦੇ ਨਾਲ ਨਾਲ ਇੱਕ ਕੋਰ ਗਰੁੱਪ ਬਣਾਉਣ ਲਈ ਆਖਿਆ, ਜਿਹੜਾ ਜ਼ਿਲ੍ਹੇ ਵਿਚ ਜਾ ਕੇ ਲੋਕਾਂ ਨਾਲ ਰਾਬਤਾ ਬਣਾਏਗਾ। ਉਹਨਾਂ ਕਿਹਾ ਕਿ ਸਾਡਾ ਉਦੇਸ਼ ਸਾਰੇ ਲੋਕਾਂ ਤਕ ਪਹੁੰਚ ਬਣਾ ਕੇ ਉਹਨਾਂ ਨੂੰ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਬਾਰੇ ਦੱਸਣਾ ਹੈ। ਇਹ ਚਾਹੇ ਕਿਸਾਨ ਨਾਲ ਕੀਤੇ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਲਾਗੂ ਕਰਨਾ ਹੋਵੇ ਜਾਂ ਨੌਜਵਾਨਾਂ ਨੂੰ  ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣਾ ਜਾਂ ਫਿਰ ਸਮਾਜ ਭਲਾਈ ਸਕੀਮਾਂ ਦਾ ਘੇਰਾ ਵੱਡਾ ਕਰਨਾ ਹੋਵੇ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਉਹ ਸਾਰੇ ਹਲਕਿਆਂ ਦਾ ਦੌਰਾ ਕਰਨਗੇ ਅਤੇ ਲੋਕਾਂ ਦੀ ਰਾਇ ਇਕੱਠੀ ਕਰਨਗੇ। ਉਹਨਾਂ ਕਿਹਾ ਕਿ ਇਹਨਾਂ ਦੌਰਿਆਂ ਦੌਰਾਨ ਮੈਂ ਪਾਰਟੀ ਵਰਕਰਾਂ ਨਾਲ ਵੀ ਗੱਲਬਾਤ ਕਰਾਂਗਾ ਅਤੇ ਉਹਨਾਂ ਤੋਂ ਸਿੱਧੀ ਫੀਡਬੈਕ ਲਵਾਂਗਾ।

Share Button