ਸ਼੍ਰੋਮਣੀ ਅਕਾਲੀ ਦਲ ਵਲੋਂ 97ਵੇਂ ਸਥਾਪਨਾ ਦਿਵਸ ਉੱਤੇ ਜਬਰ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਣ

ss1

ਸ਼੍ਰੋਮਣੀ ਅਕਾਲੀ ਦਲ ਵਲੋਂ 97ਵੇਂ ਸਥਾਪਨਾ ਦਿਵਸ ਉੱਤੇ ਜਬਰ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਣ

ਅੰਮ੍ਰਿਤਸਰ/14 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਅਕਾਲੀ ਵਰਕਰਾਂ ਦੀ ਇੱਕ ਵੱਡੀ ਇਕੱਤਰਤਾ ਦੌਰਾਨ ਆਪਣਾ 97ਵਾਂ ਸਥਾਪਨਾ ਦਿਵਸ ਮਨਾਉਂਦਿਆਂ ਜਬਰ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਣ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਕਾਂਗਰਸੀ ਜ਼ਿਆਦਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਵਾਲੰਟੀਅਰ ਟਾਸਕ ਫੋਰਸ ਬਣਾਉਣ ਦੀ ਤਾਕੀਦ ਕੀਤੀ।
ਇਸ ਇਕੱਤਰਤਾ, ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਇੱਕ ਪਾਰਟੀ ਦਫਤਰ ਬਣਾਉਣ ਦਾ ਵੀ ਐਲਾਨ ਕੀਤਾ, ਨੂੰ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਅਤੇ ਪਾਰਟੀ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗਰੁਬਚਨ ਸਿੰਘ ਨੇ ਸੰਬੋਧਨ ਕੀਤਾ।
ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਬੇਇਨਸਾਫੀ ਵਿਰੁੱਧ ਲੜਾਈ ਵਾਸਤੇ ਕੀਤਾ ਗਿਆ ਸੀ ਅਤੇ ਇਹ ਆਪਣਾ ਕੰਮ ਅੱਗੇ ਵੀ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਇੰਨਾ ਵੱਡਾ ਯੋਗਦਾਨ ਪਾਇਆ ਹੈ ਕਿ ‘ਛਾਬਿਆਂ ਵਾਲੇ ਮੋਰਚੇ’ ਜਿਸ ਵਿਚ ਪਾਰਟੀ ਨੇ ਆਪਣੇ ਗੁਰੂਘਰਾਂ ਨੂੰ ਅੰਗਰੇਜ਼ਾਂ ਵੱਲੋਂ ਥਾਪੇ ਮਹੰਤਾਂ ਤੋਂ ਆਜ਼ਾਦ ਕਰਵਾਇਆ ਸੀ, ਤੋਂ ਬਾਅਦ ਮਹਾਤਮਾ ਗਾਂਧੀ ਨੇ ਇਹ ਟਿੱਪਣੀ ਕੀਤੀ ਸੀ ਕਿ ਆਜ਼ਾਦੀ ਦੀ ਲੜਾਈ ਅੱਧੀ ਜਿੱਤੀ ਜਾ ਚੁੱਕੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਰੰਤੂ ਆਜ਼ਾਦੀ ਤੋਂ ਬਾਅਦ ਪਾਰਟੀ ਨੂੰ ਪੰਜਾਬੀ ਸੂਬੇ ਦੀ ਮੰਗ ਸਮੇਤ ਆਪਣੇ ਅਧਿਕਾਰਾਂ ਲਈ ਦੁਬਾਰਾ ਲੜਾਈ ਕਰਨੀ ਪਈ ਸੀ। ਉਹਨਾਂ ਕਿਹਾ ਕਿ ਪਾਰਟੀ ਨੇ ਪੰਜਾਬੀ ਸੂਬੇ ਦਾ ਟੀਚਾ ਤਾਂ ਹਾਸਿਲ ਕਰ ਲਿਆ ਸੀ, ਪਰ ਸੂਬੇ ਦੀ ਰਾਜਧਾਨੀ ਚੰਡੀਗੜ ਇਸ ਨੂੰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਐਮਰਜੰਸੀ ਦੌਰਾਨ ਇੰਦਰਾਗਾਂਧੀ ਵੱਲੋਂ ਸੱਤਾ ਦੀ ਪੇਸ਼ਕਸ਼ ਦਾ ਸੁਨੇਹਾ ਮਿਲਣ ਦੇ ਬਾਵਜੂਦ ਅਕਾਲੀ ਦਲ ਐਮਰਜੰਸੀ ਦੀਆਂ ਜ਼ਿਆਦਤੀਆਂ ਖ਼ਿਲਾਫ ਮੈਦਾਨ ਵਿਚ ਕੁੱਦਿਆ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾਂ ਨਿੱਜੀ ਆਜ਼ਾਦੀ ਅਤੇ ਸੁਤੰਤਰਤਾ ਦੀ ਰਾਖੀ ਕਰਦੇ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ।
ਇਸ ਮੌਕੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਸੂਬੇ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਅਤੇ ਦਰਿਆਈ ਪਾਣੀਆਂ ਲਈ ਲੜਾਈ ਲੜੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ। ਉਹਨਾਂ ਕਿਹਾ ਕਿ ਮੈਂ ਕਿਸੇ ਵੀ ਅੰਦੋਲਨ ਦੀ ਸਭ ਤੋਂ ਅੱਗੇ ਹੋ ਕੇ ਅਗਵਾਈ ਕਰਨ ਲਈ ਵਚਨਬੱਧ ਹਾਂ ਅਤੇ ਕਿਸੇ ਇੱਕ ਵੀ ਅਕਾਲੀ ਵਰਕਰ ਖ਼ਿਲਾਫ ਧੱਕੇਸ਼ਾਹੀ ਨਹੀਂ ਹੋਣ ਦਿਆਂਗਾ।
ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਭਾਰਤੀਆਂ ਦੁਆਰਾ ਸਥਾਪਤ ਕੀਤੀ ਗਈ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਉਹਨਾਂ ਕਿਹਾ ਕਿ ਕਾਂਗਰਸ ਪੁਰਾਣੀ ਪਾਰਟੀ ਸੀ, ਜਿਸ ਦੀ ਨੀਂਹ ਇੱਕ ਅੰਗਰੇਜ਼ ਐਲਨ ਓਕਟੇਵੀਅਨ ਹਿਊਮ ਨੇ ਰੱਖੀ ਸੀ। ਇਹ ਆਖਦਿਆਂ ਕਿ ਅਕਾਲੀ ਸਿੱਖ ਪੰਥ ਦੀ ਨੁੰਮਾਇਦਾ ਜਥੇਬੰਦੀ ਵਜੋਂ ਉੱਭਰੀ ਸੀ, ਉਹਨਾਂ ਕਿਹਾ ਕਿ ਇਹ ਸਭ ਪਾਰਟੀ ਵਰਕਰਾਂ ਵੱਲੋਂ ਕੀਤੀਆਂ ਕੁਰਬਾਨੀਆਂ ਸਦਕਾ ਹੀ ਸੰਭਵ ਹੋਇਆ ਸੀ। ਉਹਨਾਂ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਹਨਾਂ ਨੇ 16 ਸਾਲ ਜੇਲ ਵਿਚ ਗੁਜ਼ਾਰੇ ਸਨ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ 19 ਸਾਲ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਦਾ ਵੀ ਮਾਣ ਹਾਸਿਲ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਜਿਹੜਾ ਤੁਸੀਂ ਵਿਕਾਸ ਵੇਖਦੇ ਹੋ, ਹਵਾਈ ਅੱਡੇ, ਥੀਨ ਡੈਮ, ਥਰਮਲ ਪਲਾਂਟ, ਜਾਂ ਚਹੁੰ-ਮਾਰਗੀ ਸੜਕਾਂ ਇਹ ਸਾਰੇ ਕੰਮ ਬਾਦਲ ਸਾਹਿਬ ਦੇ ਕਾਰਜਕਾਲ ਦੌਰਾਨ ਹੋਏ ਹਨ। ਬਾਦਲ ਸਾਹਿਬ ਨੇ ਹੀ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਅਤੇ ਆਟਾ-ਦਾਲ ਸਕੀਮ ਸ਼ੁਰੂ ਕੀਤੀਆਂ ਸਨ। ਇਸ ਦੇ ਉਲਟ ਕਾਂਗਰਸ ਕਿਸੇ ਇੱਕ ਵੀ ਪ੍ਰਾਪਤੀ ਦਾ ਜਾਂ ਕੋਈ ਸਮਾਜ ਭਲਾਈ ਸਕੀਮ ਸ਼ੁਰੂ ਕਰਨ ਦਾ ਦਾਅਵਾ ਨਹੀਂ ਕਰ ਸਕਦੀ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ 2020 ਵਿਚ ਆਪਣਾ 100ਵਾਂ ਸਥਾਪਨਾ ਦਿਵਸ ਸ਼ਾਨਦਾਰ ਤਰੀਕੇ ਨਾਲ ਮਨਾਏਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਆਪਣੇ ਚੰਡੀਗੜ• ਵਾਲੇ ਮੁੱਖ ਦਫਤਰ ਅੰਦਰ ਇੱਕ ਫੋਟੋ ਅਜਾਇਬਘਰ ਸਥਾਪਤ ਕਰੇਗੀ ਅਤੇ ਪਾਰਟੀ ਵਰਕਰਾਂ ਨੂੰ ਪੁਰਾਣੀਆਂ ਅਤੇ ਦੁਰਲੱਭ ਫੋਟੋਆਂ ਦਾ ਯੋਗਦਾਨ ਪਾਉਣ ਲਈ ਆਖੇਗੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 25 (ਬੀ) ਵਿਚ ਸੋਧ ਕੀਤੇ ਜਾਣ ਦੀ ਲੋੜ ਹੈ, ਜੋ ਕਿ ਸਿੱਖਾਂ ਨੂੰ ਹਿੰਦੂ ਭਾਈਚਾਰੇ ਦੇ ਅੰਗ ਵਜੋਂ ਮਾਨਤਾ ਦਿੰਦਾ ਹੈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਅਕਾਲੀ ਦਲ ਦੀ ਦਿੱਲੀ ਇਕਾਈ ਨੂੰ ਪਾਰਟੀ ਦੇ 98ਵਾਂ ਸਥਾਪਨਾ ਦਿਵਸ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਪਹਿਲਾਂ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਬਲਵਿੰਦਰ ਸਿੰਘ ਭੂੰਦੜ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਉਹਨਾਂ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਪੰਜਾਬੀਅਤ ਲਈ ਕੀਤੀਆਂ ਸੇਵਾਵਾਂ ਦੀ ਸਰਾਹਨਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦ੍ਰਿਸ਼ਟੀ ਦੀ ਪ੍ਰਸੰਸਾ ਕੀਤੀ, ਜਿਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੁਆਲੇ ਗਲਿਆਰੇ ਦਾ ਸੁੰਦਰੀਕਰਨ ਕਰਵਾ ਕੇ ਇਸ ਪਵਿੱਤਰ ਥਾਂ ਨੂੰ ਹੋਰ ਰਮਣੀਕ ਬਣਾ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਇਸ ਮੌਕੇ ਸੰਗਤਾਂ ਦੇ ਰੁਬਰੂ ਹੋਏ।
ਇਸ ਤੋਂ ਇਲਾਵਾ ਇਕੱਤਰਤਾ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਡਾਕਟਰ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਤੋਤਾ ਸਿੰਘ, ਸੇਵਾ ਸਿੰਘ ਸੇਖਵਾਂ, ਸੁਰਜੀਤ ਸਿਘ ਰੱਖੜਾ,ਸੇਵਾਮੁਕਤ ਜਨਰਲ ਜੇ ਜੇ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ ਅਤੇ ਅਵਤਾਰ ਸਿੰਘ ਹਿੱਤ ਸ਼ਾਮਿਲ ਸਨ।

Share Button