Mon. Sep 23rd, 2019

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਅੰਤਰ ਧਰਮ ਸੰਵਾਦ ਅਤੇ ਸੁੂਝ“ ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਅੰਤਰ ਧਰਮ ਸੰਵਾਦ ਅਤੇ ਸੁੂਝ“ ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ

”ਜਬ ਲਗੁ ਦੁਨੀਐ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ“ ਸਿਧਾਂਤ ਵਿਸ਼ਵ ਦੀ ਹਰ ਸਮੱਸਿਆ ਦੇ ਸਮਾਧਾਨ ਲਈ ਇਕ ਕਾਰਗਰ ਯੁਕਤ

ਅਮ੍ਰਿਤਸਰ, 11 ਸਤੰਬਰ, 2019 (ਨਿਰਪੱਖ ਕਲਮ ਬਿਊਰੋ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਿਚ ਵੱਖ ਵੱਖ ਵਿਦਵਾਨਾਂ ਵਲੋਂ ਇਕ ਸੁਰ ਵਿਚ ਕਿਹਾ ਗਿਆ ਕਿ ਅੱਜ ਸਮੂੱਚੀ ਮਾਨਵਤਾ ਨੂੰ ਜੋ ਸਮੱਸਿਆਵਾਂ ਦਰਪੇਸ਼ ਹਨ, ਉਨ੍ਹਾਂ ਦੇ ਹੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਰਾਹ ‘ਸੰਵਾਦ’ ਵਿਚ ਹੀ ਹਨ।ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿਚ ਕਰਵਾਏ ਇਸ ਸੈਮੀਨਾਰ ਦੇ ਵਿਚ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਦੇ ਉਘੇ ਵਿਦਵਾਨਾਂ ਤੋਂ ਇਲਾਵਾ ਵੱਖ-ਵੱਖ ਧਰਮਾਂ ਦੇ ਬੁੱਧੀਜੀਵੀਆਂ ਨੇ ਵੀ ਹਿੱਸਾ ਲਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਸਮੇਂ ਸੰਸਾਰ ਪੱਧਰ ਤੇ ਬਹੁਤ ਸਾਰੀਆਂ ਮੁਸ਼ਕਾਲਾ ਵਿਸਫੋਟਿਕ ਸਥਿਤੀ ‘ਤੇ ਪਹੁੰਚ ਗਈਆਂ ਹਨ ਪਰ ਉਨ੍ਹਾਂ ਦੇ ਹੱਲ ਲਈ ਸਾਂਝੀ ਗੱਲਬਾਤ ਲਈ ਕੋਈ ਮੰਚ ਨਹੀਂ ਤਿਆਰ ਕੀਤਾ ਜਾ ਰਿਹਾ।ਵਿਦਵਾਨਾਂ ਦਾ ਵਿਚਾਰ ਸੀ ਕਿ ਇਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਈ ਮੱਤ ਤੇ ਹੀ ਚੱਲਕੇ ਸੰਸਾਰ ਨੂੰ ਬਰਬਾਦੀ ਤੋਂ ਬਚਾਇਆ ਜਾ ਸਕਦਾ ਹੈ।ਅੰਤਰ ਧਰਮ ਸੰਵਾਦ ਅਤੇ ਸੁੂਝ“ ਵਿਸ਼ੇ ‘ਤੇ ਕਰਵਾਏ,ਇਸ ਸੈਮੀਨਾਰ ਦੇ ਵਿਚ ਤਿੰਨ ਵੱਖ- ਵੱਖ ਅਕਾਦਮਿਕ ਸ਼ੈਸਨ ਚੱਲੇ ਜਿੰਨ੍ਹਾਂ ਦੇ ਵਿਚ ਵੱਖ- ਵੱਖ ਵਿਦਵਾਨਾਂ ਨੇ ਆਪੋ ਆਪਣੇ ਖੋਜ ਪਰਚੈ ਪੜ੍ਹੇ ਜਿੰਨ੍ਹਾਂ ‘ਤੇ ਵਿਦਵਾਨਾਂ ਵਲੋਂ ਗਹਿਰ ਗੰਭੀਰ ਸੰਵਾਦ ਛੇੜਿਆ ਗਿਆ। ਅੰਤਰ ਧਰਮ ਸੰਵਾਦ ਅਤੇ ਸੁੂਝ“ ਵਿਸ਼ੇ ‘ਤੇ ਕੁੰਜੀਵਤ ਭਾਸ਼ਣ ਉੱਘੇ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਦਿੱਤਾ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਕ ਮਾਮਲਿਆ ਪੋ੍: ਐਸ ਐਸ ਬਹਿਲ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਵੱਖ ਵੱਖ ਪੋ੍ਰਗਰਾਮ ਕਰਵਾ ਕੇ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਵਿਦਿਆਰਥੀਆਂ ਤੱਕ ਪਹੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿਚ ਦੁਨੀਆ ਨੂੰ ਅਨੈਤਿਕਤਾ, ਜੰਗ, ਅੱਤਵਾਦ, ਧਾਰਮਿਕ ਸ਼ਹਿਣਸ਼ੀਲਤਾ ਦੀ ਘਾਟ, ਦੂਸਰਿਆਂ ਪ੍ਰਤੀ ਘ੍ਰਿਣਾ ਦੇ ਭਾਵ ਅਤੇ ਨਸਲੀ ਵਿਤਕਰਿਆਂ ਜਿਹੇ ਔਗੁਣਾਂ ਤੋਂ ਬਚਣ ਲਈ ਅਜੋਕੇ ਸਮੇਂ ਵਿਚ ਸ਼ਾਂਤੀ, ਅੰਤਰ-ਸੰਵਾਦ ਦੇ ਮੁੱਦਿਆਂ ਉਪਰ ਕੇਂਦਰਿਤ ਹੋਣਾ ਚਾਹੀਦਾ ਹੈ। ਅੱਜ ਅਸੀਂ ਜਿਹੜੀ ਸਮਾਜਿਕ ਤੇ ਧਾਰਮਿਕ ਸਦਭਾਵਨਾ ਦੀ ਲੋੜ ਹੁਣ ਮਹਿਸੂਸ ਕਰ ਰਹੇ ਹਾਂ, ਉਸ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਪੰਦਰਵੀਂ ਸਦੀ ਵਿਚ ਹੀ ਆਪਣੇ ਸਮੇਂ ਦੇ ਰਾਜਸੀ ਤੇ ਧਾਰਮਿਕ ਆਗੂਆਂ ਨਾਲ ਸੰਵਾਦ ਰਚਾ ਕੇ ਸ਼ੁਰੂ ਕਰ ਦਿੱਤੀ ਸੀ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ‘ਹਉਮੈ’ ਭਾਵ ਸੁਆਰਥੀ ਜੀਵਨ ਨੂੰ ‘ਕੂੜ’ ਦੱਸਦਿਆਂ ‘ਸਰਬੱਤ ਦੇ ਭਲੇ’ ਵਾਲੇ ਆਦਰਸ ਜੀਵਨ ਨੂੰ ਸਚਿਆਰ ਦੱਸਿਆ ਹੈ। ਅੱਜ ਅਸੀਂ ਨਿੱਜੀ ਸੁਆਰਥ ਕਰਕੇ ਨੈਤਿਕਤਾ ਤੇ ਕਦਰਾਂ-ਕੀਮਤਾਂ ਦੀ ਅਣਦੇਖੀ ਕਰ ਰਹੇ। ਇਸੇ ਕਾਰਣ ਸਮਾਜ ਵਿਚ ਬੇਇਨਸਾਫੀ, ਜੁਲਮ, ਆਪਾ-ਧਾਪੀ ਵੱਧ ਰਹੀ ਹੈ।ਉਨ੍ਹਾਂ ਕਿਹਾ ਜਿੰਨ੍ਹਾਂ ਚਿਰ ਤੱਕ ਅਸੀਂ ਗੁਰੂ ਸਹਿਬ ਵਲੋਂ ਦਿੱਤੀ ਜੀਵਨ ਯੁਕਤ ਨਹੀਂ ਅਪਣਾਉਂਦੇ, ਉਨ੍ਹਾਂ ਚਿਰ ਤੱਕ ਇਕ ਸਹਿਤਮੰਦ ਸਮਾਜ ਦੀ ਸਿਰਜਣਾ ਵੱੱਲ ਨਹੀਂ ਜਾ ਸਕਦੇ।ਗਲੋਬਲਾਈਜੇਸਨ ਦੀ ਵਰਤਮਾਨ ਯੁਗ ਵਿਚ ਜਿੰਦਗੀ ਦੇ ਬਹੁਤ ਸਾਰੇ ਪੱਖ ਹਨ, ਜਿੱਥੇ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਅਪਣਾਉਣ ਦੀ ਲੋੜ ਹੈ।ਇਸ ਸਮੇਂ ਉਨ੍ਹਾਂ ਆਪਣੀ ਗੁਰੂ ਨਾਨਕ ਦੇਵ ਜੀ ਤੇ ਲਿਖੀ ਕਵਿਤਾ ‘ਜਲ ਸਮਾਧੀ’ ਵੀ ਪੜ੍ਹਕੇ ਸੁਣਾਈ।

ਸ਼੍ਰੀ ਗੁਰੂ ਗ੍ਰੰਥ ਸਹਿਬ ਅਧਿਐਨ ਕੇਂਦਰ ਦੇ ਸਾਬਕਾ ਮੁਖੀ ਅਤੇ ਉਘੇ ਪੋ੍ਫੈਸਰ ਜਸਬੀਰ ਸਿੰਘ ਸਾਬਰ ਨੇ ਉਦਘਟਨੀ ਭਾਸ਼ਨ ਦਿੰਦਿਆ ਕਿਹਾ ਕਿ ਅਜੋਕੇ ਸਮੇਂ ਵਿਸ਼ਵ ਪੱਧਰ ਤੇ ਵਿਰਾਟ ਰੂਪ ਵਿਚ ਪਸਰੀਆਂ ਸਮੱਸਿਅਵਾਂ ਨੂੰ ਸਮਝਣ ,ਸਮਝਾਉਣ ਅਤੇ ਸੁਲਝਉਣ ਲਈ ਅਜਿਹੇ ਸੈਮੀਨਾਰਾਂ ਦੀ ਲੋੜ ਜਰੂਰੀ ਬਣ ਗਈ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਸਮੱਸਿਅਵਾਂ ਦੇ ਹੱਲ ਅੰਤਰ ਧਰਮ-ਸੰਵਾਦ ਯੁਕਤ ਵਿਚ ਹੀ ਹਨ।”ਜਬ ਲਗੁ ਦੁਨੀਐ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ“ ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਇਹ ਸਿਧਾਂਤ ਵਿਸ਼ਵ ਦੀ ਹਰ ਸਮੱਸਿਆ ਦੇ ਸਮਾਧਾਨ ਲਈ ਇਕ ਕਾਰਗਰ ਯੁਕਤ ਹੈ ।ਉਨ੍ਹਾਂ ਕਿਹਾ ਕਿ ਗੁਰੂ ਸਹਿਬ , ਅੰਤਰ ਧਰਮ-ਸੰਵਾਦ ਦੇ ਤਹਿਤ ਆਪਣੇ ਸਮਕਾਲ ਦੇ ਹਰ ਧਰਮ ਦੇ ਆਗੂ ਕੋਲ ਨਿੱਜੀ ਰੂਪ ਵਿਚ ਚੱਲ ਕੇ ਗਏ।

ਉਘੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਆਪਣੇ ਕੁੰਜੀਵਤ ਭਾਸ਼ਨ ਵਿਚ ਗੁਰੂ ਸਹਿਬਾਨ ਦੇ ਜੀਵਨ ਦੀਆਂ ਵੱਖ ਵੱਖ ਇਤਿਹਾਸਕ ਘਟਨਾਵਾਂ ਅਤੇ ਸਿਧਾਂਤਾਂ ਦੇ ਹਵਾਲਿਆ ਨੂੰ ਆਧੁਨਿਕਤਾ ਦੇ ਸੰਦਰਭ ਵਿਚ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਬਾਣੀ ਰਾਹੀਂ ਸਰਬਸਾਂਝੀ ਵਾਲਤਾ,ਸਮਜਿਕ ਸਦਭਾਵਨਾ,ਸਹਿਣਸ਼ੀਲਤਾ,ਵਿਸ਼ਵ ਸ਼ਾਂਤੀ ਅਤੇ ਪੇ੍ਰਮ ਪਿਆਰ ਦੀਆਂ ਮੂਲਤਾਵਾਂ ਦਾ ਪ੍ਰਚਾਰ ਕੀਤਾ।ਉਨ੍ਹਾਂ ਨੇ ਕਿਹਾ ਕਿ ਅੰਤਰ ਧਰਮਿਕ ਸੰਵਾਦ ਵਿਚ ਗੁਰੂ ਨਾਨਕ ਸਹਿਬ ਦੇ ਸਰਵਪੱਖੀ ਕਲਿਆਣਕਾਰੀ ਉਪਦੇਸ਼ ਨੂੰ ਉਜਾਗਰ ਕਰਨ ਦੀ ਵਿਸ਼ਵ ਦੇ ਸਬੰਧ ਵਿਚ ਸਮਝਵਦੀ ਜਰੂਰਤ ਹੈ। ਅੱਜ ਵੱਖ-ਵੱਖ ਧਰਮਾਂ ਵਿਚਲੇ ਵਖਰੇਵੇਂ ਅਤੇ ਮਨੁੱਖ ਦੀ ਸੰਕੀਰਨ ਸੋਚ ਕਾਰਨ ਸਮਾਜ ਬਹੁਤ ਸਾਰੀਆਂ ਮੁਸ਼ਕਿਲਾਂ ਵਿਚ ਧੱਸਦਾ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਅਤੇ ਨੁਮਾਇੰਦਿਆਂ ਨਾਲ ਅੰਤਰ ਧਰਮ ਸੰਵਾਦ ਰਚਾਉਦਿਆਂ, ਉਸ ਸਮੇਂ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਮਾਨਵੀ ਸਤਿਕਾਰ, ਮਾਨਵੀ ਅਧਿਕਾਰਾਂ ਵਾਲਾ ਸਦੀਵੀ ਸੰਦੇਸ ਦਿੱਤਾ।ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਵਿਚਲੇ ਪਾਖੰਡ, ਅੰਧ-ਵਿਸਵਾਸ ਤੇ ਦਿਖਾਵੇ ਨੂੰ ਦੂਰ ਕਰਨ ਦੀ ਜਿਹੜੀ ਗੱਲ ਸਮਝਾਈ ਸੀ, ਉਹ ਅੱਜ ਵੀ ਸਾਡੇ ਰਾਹ ਨੂੰ ਰੌਸਨ ਕਰਦੀ ਹੈ।

ਉਨ੍ਹਾਂ ਕਿਹਾ ਸਮਾਜਿਕ ਬੁਰਾਈਆਂ, ਰਾਜਨੀਤਿਕ ਬਰਬਾਦੀ, ਮਨੁੱਖ ਹੱਥੋਂ ਮਨੁੱਖ ਦੀ ਲੁਟ, ਅਸਾਂਤੀ, ਲੋਭ, ਲਾਲਚ ਅਤੇ ਕ੍ਰੋਧ ਦੀ ਥਾਂ, ਉਹ ਅਜਿਹੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਵਕਾਲਤ ਕਰਦੇ ਸਨ ਕਿ ਜਿਸ ਨਾਲ ਮਨੁੱਖ ‘ਨਿਰਭਉ-ਨਿਰਵੈਰ’ ਸਮਾਜ ਦੀ ਸਿਰਜਨਾ ਕਰ ਸਕੇ।ਉਨ੍ਹਾਂ ਵਰਤਮਾਨ ਸਮੇਂ ਵਿਚ ਵਧਦੀ ਜਨਸੰਖਿਆ, ਵਾਤਾਵਰਣ ਦੀ ਬਰਬਾਦੀ, ਕੁਦਰਤੀ ਸਾਧਨਾਂ ਦੀ ਭਾਰੀ ਦੁਰਵਰਤੋਂ, ਗਲੋਬਲ ਵਾਰਮਿੰਗ, ਗਰੀਬੀ, ਲਾ-ਇਲਾਜ ਬਿਮਾਰੀਆਂ, ਨਸੇ, ਅਨਪੜ੍ਹਤਾ ਆਦਿ ਕਾਰਨ ਭਵਿੱਖ ਦੀ ਮਨੁੱਖੀ ਨਸਲ ਦੀ ਹੋਂਦ ਉਪਰ ਲੱਗ ਰਹੇ ਪ੍ਰਸਨ-ਚਿੰਨਾਂ ਵੱਲ ਧਿਆਨ ਦਵਾਉਂਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਗੁਰੂ ਸਹਿਬ ਨੇ ਗੁਰਬਾਣੀ ਵਿਚ ਸੁਲਝਾਏ ਹਨ ਜਿੰਨ੍ਹਾਂ ਉਤੇ ਅੱਜ ਦੇ ਮਾਨਵ ਨੂੰ ਸਿਰਫ ਪਹਿਰਾ ਦੇਣ ਦੀ ਲੋੜ ਹੈ।

ਇਸ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ ਅਮਰਜੀਤ ਸਿੰਘ ਨੇ ਪਹੁੰਚੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਉਪ- ਕੁਲਪਤੀ ਪ੍ਰੋ ਡਾ.ਜਸਪਾਲ ਸਿੰਘ ਸੰਧੂ ਅਤੇ ਰਜਿਸਟਰਰ ਡਾ. ਕਰਨਜੀਤ ਸਿੰਘ ਕਾਹਲੋ ਵਲੋਂ ਸੈਮੀਨਾਰ ਨੂੰ ਸਫਲ ਕਰਵਾਉਣ ਵਿਚ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।ਅੱਜ ਦੇ ਸੈਮੀਨਾਰ ਵਿਚ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਡਾ. ਗੁਰਮੀਤ ਸਿੰਘ ,ਕੇਂਦਰੀ ਯੁੂਨੀਵਰਸਿਟੀ ਕਸ਼ਮੀਰ ਤੋਂ ਪ੍ਰੋ ਡਾ ਹਮੀਦੁੱਲਾ ਮੀਰਜ਼ੀ,ਡਾ ਰਜਿੰਦਰ ਕੋਰ ਰੋਹੀ,ਜਵਾਹਰ ਲਾਲ ਨਹਿਰੂ ਯੂੁਨੀਵਰਸਿਟੀ ਦਿੱਲੀ ਤੋਂ ਪ੍ਰੋ ਅਮਰਜੀਤ ਨਾਰੰਗ ਤੋਂ ਇਲਾਵਾ ਬਲਵਿੰਦਰਜੀਤ ਕੌਰ ਭੱਟੀ,ਡਾ ਗੁਰਮੇਲ ਸਿੰਘ, ਡਾ ਰਾਏ ਜਸਬੀਰ ਸਿੰਘ,ਡਾ ਸੋਨੀਆ,ਡਾ ਅਮਨਦੀਪ ਕੌਰ ਬੱਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁੱਖੀ,ਫੈਕਲਟੀ ਮੈਂਬਰ ਅਤੇ ਵੱਡੀ ਸੰਖਿਆ ਵਿਚ ਵਿਦਿਆਰਥੀ ਹਾਜ਼ਰ ਸਨ।ਪਹੁੰਚੇ ਵਿਦਵਾਨਾਂ ਦਾ ਧੰਨਵਾਦ ਡਾ ਮਾਨਵਿੰਦਰ ਸਿੰਘ ਨੇ ਕੀਤਾ।

Leave a Reply

Your email address will not be published. Required fields are marked *

%d bloggers like this: