ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੋਕ ਸੰਪਰਕ ਦਫਤਰ ਬੰਦ ਕਰਨ ਦੀਆਂ ਤਿਆਰੀਆਂ

ss1

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੋਕ ਸੰਪਰਕ ਦਫਤਰ ਬੰਦ ਕਰਨ ਦੀਆਂ ਤਿਆਰੀਆਂ
ਰਾਣਾ ਕੇ ਪੀ ਸਿੰਘ ਨੇ ਦਿਤੀ ਸਖਤ ਚਿਤਾਵਨੀ, ਪੱਤਰਕਾਰ ਭਾਈਚਾਰੇ ਵਲੋਂ ਸਖਤ ਵਿਰੌਧ

ਸ਼੍ਰੀ ਅਨੰਦਪੁਰ ਸਾਹਿਬ, 26 ਦਸੰਬਰ(ਦਵਿੰਦਰਪਾਲ ਸਿੰਘ/ ਅੰਕੁਸ਼): ਖਾਲਸੇ ਦੇ ਪਾਵਨ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ ਲੰਮੇ ਸਮੇ ਤੋ ਚਲ ਰਹੇੇ ਲੋਕ ਸੰਪਰਕ ਦਫਤਰ ਨੂੰ ਪੱਕੇ ਤੋਰ ਤੇ ਬੰਦ ਕਰਨ ਦੀ ਸੁੂਚਨਾ ਪ੍ਰਾਪਤ ਹੋਈ ਹੈ। ਅੱਤ ਭਰੋਸੇਯੌਗ ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵਲੋਂ ਇਸ ਦਫਤਰ ਨੂੰ ਪੱਕੇ ਤੋਰ ਤੇ ਬੰਦ ਕਰਨ ਦੀ ਕਿਵਾਇਤ ਅੰਦਰੋ ਅੰਦਰੀ ਸ਼ੁਰੂ ਕਰ ਦਿਤੀ ਗਈ ਹੈ।
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋ ਸੰਨ 1999 ਵਿਚ ਖਾਲਸੇ ਦੇ 300 ਸਾਲਾ ਸ਼ਤਾਬਦੀ ਸਮਾਰੋਹ ਮੋਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਧੀਕ ਜਿਲਾ ਲੋਕ ਸੰਪਰਕ ਅਫਸਰ ਦੀ ਨਿਯੁਕਤੀ ਕੀਤੀ ਗਈ ਸੀ ਤੇ ਉਸ ਸਮੇ ਤੋ ਲੈ ਕੇ ਇਸ ਦਫਤਰ ਵਲੋਂ ਬਹੁਤ ਵਧੀਆ ਕਾਰਗੁਜਾਰੀ ਦਿਤੀ ਗਈ। ਪਰ ਪਿਛਲੇ ਕੁਝ ਮਹੀਨਿਆਂ ਤੋ ਇਥੋ ਲੋਕ ਸੰਪਰਕ ਅਫਸਰ ਦੀ ਬਦਲੀ ਕਰ ਦਿਤੀ ਗਈ ਸੀ ਤੇ ਉਸ ਸਮੇ ਤੋ ਹੀ ਇਹ ਦਫਤਰ ਬੰਦ ਪਿਆ ਹੈ। ਸਰਕਾਰ ਵਲੋਂ ਇਥੇ ਕਿਸੇ ਅਫਸਰ ਦੀ ਡਿਊਟੀ ਲਗਾਏ ਜਾਣ ਦੀ ਜਗਾ ਇਸ ਦਫਤਰ ਨੂੰ ਬੰਦ ਕਰਨ ਦਾ ਮਨ ਬਣਾ ਲਿਆ ਗਿਆ ਹੈ। ਸੂਤਰ ਇਹ ਵੀ ਦਸਦੇ ਹਨ ਕਿ ਅੰਦਰੋ ਅੰਦਰੀ ਇਸ ਦਫਤਰ ਨੂੰ ਬੰਦ ਕਰਨ ਦੀ ਕਵਾਇਤ ਸ਼ੁਰੂ ਕਰ ਦਿਤੀ ਗਈ ਹੈ ਤੇ ਬਹੁਤ ਜਲਦ ਹੀ ਇਸ ਦਫਤਰ ਨੂੰ ਪੱਕੇ ਤੋਰ ਤੇ ਤਾਲੇ ਲਗਾ ਦਿਤੇ ਜਾਣਗੇ।
ਇਥੇ ਇਹ ਵੀ ਜਿਕਰਏਖਾਸ ਹੋਵੇਗਾ ਕਿ ਸੰਸਾਰ ਭਰ ਵਿਚ ਮਸ਼ਹੂਰ ਇਸ ਪਾਵਨ ਧਰਤੀ ਤੇ ਜਿੱਥੇ ਕਈ ਵਾਰ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਕੈਨੇਡਾ ਦੇ ਪ੍ਰਧਾਨ ਮੰਤਰੀ ਸਮੇਤ ਅਹਿਮ ਸ਼ਖਸ਼ੀਅਤਾਂ ਨੇ ਹਾਜਰੀ ਭਰੀ ਤੇ ਇਸਦੀ ਸਮੁੱਚੀ ਕਵਰੇਜ ਲੋਕ ਸੰਪਰਕ ਦਫਤਰ ਵਲੋਂ ਕੀਤੀ ਜਾਂਦੀ ਰਹੀ ਹੈ।

ਰਾਣਾ ਕੇ ਪੀ ਸਿੰਘ ਨੇ ਦਿਤੀ ਸਖਤ ਚਿਤਾਵਨੀ
ਇਸ ਬਾਰੇ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਉਮੀਦਵਾਰ ਰਾਣਾ ਕੇ ਪੀ ਸਿੰਘ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਦਫਤਰ ਨੂੰ ਕਿਸੇ ਵੀ ਹਾਲਤ ਵਿਚ ਬੰਦ ਨਹੀ ਹੋਣ ਦਿਤਾ ਜਾਵੇਗਾ। ਜੇਕਰ ਇਸ ਦਫਤਰ ਨੂੰ ਬੰਦ ਕਰਨ ਦੀ ਕੋਸਿਸ਼ ਕੀਤੀ ਗਈ ਤਾਂ ਇਸਦਾ ਸਖਤ ਵਿਰੋਧ ਕੀਤਾ ਜਾਵੇਗਾ। ਉਨਾਂ ਮੰਗ ਕੀਤੀ ਕਿ ਇਥੇ ਪੱਕੇ ਤੋਰ ਤੇ ਲੋਕ ਸੰਪਰਕ ਅਫਸਰ ਦੀ ਨਿਯੁਕਤੀ ਕੀਤੀ ਜਾਵੇ।

ਪੱਤਰਕਾਰ ਭਾਈਚਾਰੇ ਨੇ ਕੀਤਾ ਸਖਤ ਵਿਰੋਧ
ਪ੍ਰੈਸ ਕਲੱਬ ਅਨੰਦਪੁਰ ਸਾਹਿਬ ਨੇ ਲੋਕ ਸੰਪਰਕ ਦਫਤਰ ਬੰਦ ਕਰਨ ਦੀਆਂ ਕੋਸ਼ਿਸ਼ਾਂ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਹ ਦਫਤਰ ਬੰਦ ਹੋਣਾ ਜਿੱਥੇ ਪੱਤਰਕਾਰਾਂ ਲਈ ਨਮੋਸ਼ੀ ਵਾਲੀ ਗੱਲ ਹੈ ਉਥੇ ਇਲਾਕੇ ਨਾਲ ਧੱਕਾ ਹੈ ਜੋ ਬ੍ਰਦਾਸ਼ਿਤ ਨਹੀ ਕੀਤਾ ਜਾਵੇਗਾ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਅਤੇ ਸਮੂੰਹ ਕਲੱਬ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਦਫਤਰ ਨੂੰ ਤੁਰੰਤ ਖੁਲਵਾਇਆ ਜਾਵੇ ਅਤੇ ਪੱਕੇ ਤੋਰ ਤੇ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ।

Share Button

Leave a Reply

Your email address will not be published. Required fields are marked *