Tue. Apr 23rd, 2019

ਸ਼ਿਮਲਾ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਜ਼ਰੂਰੀ ਹਦਾਇਤਾਂ ਜਾਰੀ

ਸ਼ਿਮਲਾ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਜ਼ਰੂਰੀ ਹਦਾਇਤਾਂ ਜਾਰੀ

ਬਠਿੰਡਾ 8 ਦਸੰਬਰ ( ਪਰਿਵੰਦਰ ਜੀਤ ) ਹਰ ਸਾਲ ਸਰਦੀ ਦੇ ਮੌਸਮ ਦੌਰਾਨ ਸ਼ਿਮਲਾ ਵਿਚ ਭਾਰੀ ਮਾਤਰਾ ਵਿਚ ਬਰਫ਼ ਪੈਂਦੀ ਹੈ। ਇਸ ਮੌਸਮ ਦੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਸ਼ਿਮਲਾ ਘੁੰਮਣ ਅਤੇ ਉੱਥੇ ਪੈਂਦੀ ਬਰਫ਼ਬਾਰੀ ਦਾ ਅਨੰਦ ਲੈਣ ਲਈ ਜਾਂਦੇ ਹਨ। ਉੱਚ ਪਹਾੜੀ ‘ਤੇ ਸਥਿਤ ਇਸ ਕੇਂਦਰ ‘ਤੇ ਜਦ ਭਾਰੀ ਬਰਫ਼ਬਾਰੀ ਹੁੰਦੀ ਹੈ ਤਾਂ ਵੱਡੀ ਤਾਦਾਦ ਵਿਚ ਸੈਲਾਨੀ ਪਹੁੰਚ ਜਾਂਦੇ ਹਨ, ਜਿਸ ਨਾਲ ਆਮ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਣ ਲੱਗਦਾ ਹੈ। ਇਸ ਦੇ ਕਾਰਨ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਕਾਫ਼ੀ ਚੁਣੌਤੀਆਂ ਜਿਵੇਂ ਕਿ ਆਵਾਜਾਈ ਦੀ ਸਮੱਸਿਆ, ਸੜਕ ਹਾਦਸੇ, ਸਿਹਤ ਸਹੂਲਤਾਂ, ਹੋਟਲਾਂ ਵਿਚ ਕਮਰਿਆਂ ਦੀ ਅਣਹੋਂਦ, ਬਿਜਲੀ ਅਤੇ ਪਾਣੀ ਦੀ ਕਮੀ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਘਟਾਉਣ ਲਈ ਜ਼ਿਲ੍ਹਾਂ ਪ੍ਰਸ਼ਾਸਨ ਸ਼ਿਮਲਾ ਵੱਲੋਂ ਪੰਜਾਬ, ਚੰਡੀਗੜ ਅਤੇ ਹਰਿਆਣਾ ਦੇ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਸਬੰਧੀ ਕੁੱਝ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਘੁੰਮਣ ਆਉਣ ਤੋਂ ਪਹਿਲਾਂ ਸੈਲਾਨੀ ਬਕਾਇਦਾ ਹੋਟਲਾਂ ਜਾਂ ਗੈਸਟ ਹਾਊਸਾਂ ਵਿਚ ਬੁਕਿੰਗ ਕਰਵਾ ਕੇ ਹੀ ਆਉਣ ਕਿਉਂਕਿ ਮੌਕੇ ਤੇ ਕਮਰੇ ਨਾ ਮਿਲਣ ਕਾਰਨ ਸੈਲਾਨੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸ਼ਿਮਲਾ ਵਿਚ ਬਰਫ਼ ਪੈਂਦੀ ਹੈ ਤਾਂ ਇਹ ਆਮ ਤੌਰ ਤੇ 3-4 ਦਿਨਾਂ ਤਕ ਰਹਿੰਦੀ ਹੈ। ਇਸ ਤੋਂ ਇਲਾਵਾ ਸ਼ਿਮਲਾ ਨਾਲ ਲਗਦੇ ਇਲਾਕਿਆਂ ਕੁਫ਼ਰੀ, ਨਾਰਕੰਡਾ ਆਦਿ ਥਾਵਾਂ ਤੇ ਵੀ ਬਰਫ਼ ਪੈਂਦੀ ਹੈ। ਸੈਲਾਨੀ ਇਕੋ ਦਮ ਸ਼ਿਮਲਾ ਪਹੁੰਚਣ ਦੀ ਬਜਾਏ ਇਨ੍ਹਾਂ ਨਾਲ ਲਗਦੇ ਇਲਾਕਿਆਂ ਵਿਚ ਵੀ ਆਨੰਦ ਲੈ ਸਕਦੇ ਹਨ। ਬਰਫ਼ ਘਟਣ ਉਪਰੰਤ ਉਹ ਸ਼ਿਮਲਾ ਦਾ ਵੀ ਆਨੰਦ ਲੈ ਸਕਦੇ ਹਨ।
ਭਾਰੀ ਬਰਫ਼ਬਾਰੀ ਵਿਚ ਗੱਡੀ ਚਲਾਣਾ ਖ਼ਤਰਨਾਕ ਹੈ ਅਤੇ ਕਈ ਵਾਰ ਘਾਤਕ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਇਸ ਲਈ ਸੈਲਾਨੀਆਂ ਨੂੰ ਸਫ਼ਰ ਹਮੇਸ਼ਾ ਦਿਨ ਵੇਲੇ ਹੀ ਕਰਨਾ ਚਾਹੀਦਾ ਹੈ ਅਤੇ ਇਕੱਲੇ ਡਰਾਈਵਿੰਗ ਕਰਨ ਤੋਂ ਵੀ ਸੰਕੋਚ ਕਰਨਾ ਚਾਹੀਦਾ ਹੈ ਅਤੇ ਸ਼ਿਮਲਾ ਘੁੰਮਣ ਜਾਣ ਵੇਲੇ ਹਮੇਸ਼ਾ ਤਜਰਬੇਕਾਰ ਅਤੇ ਸਮਝਦਾਰ ਡਰਾਈਵਰ ਹੀ ਨਾਲ ਲੈ ਕੇ ਜਾਣਾ ਚਾਹੀਦਾ ਹੈ। ਠੰਢ ਤੋਂ ਬਚਣ ਲਈ ਸੈਲਾਨੀਆਂ ਨੂੰ ਗਰਮ ਕੱਪੜੇ, ਕੰਬਲ, ਗਰਮ ਪਾਣੀ, ਦੁੱਧ ਅਤੇ ਹੋਰ ਪਦਾਰਥ ਆਪਣੇ ਨਾਲ ਲਿਆਉਣੇ ਚਾਹੀਦੇ ਹਨ ਅਤੇ ਸੈਲਾਨੀ ਹੋ ਸਕੇ ਤਾਂ ਛੋਟੇ ਬੱਚੇ ਅਤੇ ਬਜ਼ੁਰਗਾਂ ਨੂੰ ਆਪਣੇ ਨਾਲ ਲਿਆਉਣ ਤੋਂ ਵੀ ਸੰਕੋਚ ਕਰਨ।
ਭਾਰੀ ਬਰਫ਼ਬਾਰੀ ਦੌਰਾਨ ਸੈਲਾਨੀਆਂ ਨੂੰ ਆਪਣੇ ਵਾਹਨਾਂ ਨੂੰ ਇੱਕ ਪਾਸੇ ਰੋਕ ਕੇ ਪਾਰਕਿੰਗ ਲਾਈਟਾਂ ਨੂੰ ਚਾਲੂ ਕਰ ਦੇਣਾ ਚਾਹੀਦਾ ਹੈ। ਗ਼ਲਤ ਹਾਲਤਾਂ ਦੌਰਾਨ ਜੇਕਰ ਲੰਮਾ ਸਮਾਂ ਰੁਕਣਾ ਵੀ ਪਵੇ ਤਾਂ ਹਰੇਕ ਦਸ ਮਿੰਟ ਦੇ ਵਕਫ਼ੇ ਬਾਅਦ ਵਾਹਨ ਦਾ ਇੰਜਣ ਨੂੰ ਚਾਲੂ ਕਰ ਲੈਣਾ ਚਾਹੀਦਾ ਹੈ। ਇੰਜਣ ਚਾਲੂ ਕਰਨ ਵੇਲੇ ਵਾਹਨ ਦੇ ਸ਼ੀਸ਼ੇ ਥੋੜੇ-ਥੋੜੇ ਖ਼ੋਲ ਲੈਣੇ ਚਾਹੀਦੇ ਹਨ ਤਾਂ ਜੋ ਵਾਹਨ ਦੇ ਅੰਦਰ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਨਾ ਹੋ ਸਕੇ।
ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਿਮਲਾ ਘੁੰਮਣ ਜਾਣ ਤੋਂ ਪਹਿਲਾਂ ਹਦਾਇਤਾਂ ਦੀ ਪੂਰਨ ਤੌਰ ‘ਤੇ ਪਾਲਣਾ ਕਰਨੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੈਲਾਨੀ ਕਿਸੇ ਵੀ ਹੰਗਾਮੀ ਸਥਿਤੀ ਵਿਚ ਜ਼ਿਲ੍ਹਾਂ ਪ੍ਰਸ਼ਾਸਨ ਸ਼ਿਮਲਾ ਵੱਲੋਂ ਸਥਾਪਤ ਜ਼ਿਲ੍ਹਾਂ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਦਿਨ ਰਾਤ ਚਾਲੂ ਨੰਬਰਾਂ 0177-2800880-83 ‘ਤੇ ਵੀ ਸੰਪਰਕ ਕਰ ਸਕਦੇ ਹਨ।

Share Button

Leave a Reply

Your email address will not be published. Required fields are marked *

%d bloggers like this: