ਸ਼ਾਹਕੋਟ ਚੋਣ ਦੇ ਐਲਾਨ ਤੋਂ ਬਾਅਦ ਜ਼ਾਬਤੇ ਦੀ ਉਲੰਘਣਾ, ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ

ss1

ਸ਼ਾਹਕੋਟ ਚੋਣ ਦੇ ਐਲਾਨ ਤੋਂ ਬਾਅਦ ਜ਼ਾਬਤੇ ਦੀ ਉਲੰਘਣਾ, ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ

ਚੰਡੀਗੜ੍ਹ, 27 ਅਪ੍ਰੈਲ 2018:ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਦੁਆਰਾ ਸ਼ਾਹਕੋਟ ਜ਼ਿਮਨੀ ਚੋਣ ਦਾ ਐਲਾਨ ਕੀਤੇ ਜਾਣ ਮਗਰੋਂ ਸ਼ਾਹਕੋਟ ਦੇ ਐਸਡੀਐਮ-ਕਮ-ਰਿਟਰਨਿੰਗ ਅਧਿਕਾਰੀ ਅਤੇ ਸ਼ਾਹਕੋਟ ਅਤੇ ਮਹਿਤਪੁਰ ਦੇ ਐਸਐਚਓਜ਼ ਦੇ ਕੀਤੇ ਤਬਾਦਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੂੰ ਤੁਰੰਤ ਇਹ ਤਬਾਦਲੇ ਰੱਦ ਕਰਨ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਵਾਸਤੇ ਸੂਬਾ ਸਰਕਾਰ ਖ਼ਿਲਾਫ ਕਾਰਵਾਈ ਕਰਨ ਲਈ ਆਖਿਆ ਹੈ।
ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਸੰਬੰਧੀ ਭਾਰਤੀ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲ ਲਿਖ਼ਤੀ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਡਾਕਟਰ ਚੀਮਾ ਨੇ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਇਹਨਾਂ ਕਪਟੀ ਚਾਲਾਂ ਉੱਤੇ ਹੈਰਾਨੀ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ 26 ਅਪ੍ਰੈਲ 2018 ਨੂੰ ਦੁਪਹਿਰ ਸਮੇਂ ਸ਼ਾਹਕੋਟ ਅਸੰਬਲੀ ਹਲਕੇ ਦੀ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ ਅਤੇ ਤੁਰੰਤ ਹੀ ਪੂਰੇ ਜਲੰਧਰ ਜ਼ਿਲ੍ਹੇ ਵਿਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਸੀ।
ਉਹਨਾਂ ਕਿਹਾ ਕਿ ਪਰ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸੂਬਾ ਸਰਕਾਰ ਨੇ ਸ਼ਾਹਕੋਟ ਦੇ ਐਸਡੀਐਮ ਸਰਦਾਰ ਵਰਿੰਦਰਪਾਲ ਸਿੰਘ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਉਹਨਾਂ ਦੀ ਥਾਂ ਸਰਦਾਰ ਦਰਬਾਰਾ ਸਿੰਘ ਪੀਸੀਐਸ ਨੂੰ ਲਗਾ ਦਿੱਤਾ ਗਿਆ। ਉਹਨਾਂ ਕਿਹਾ ਕਿ ਸ਼ਾਹਕੋਟ ਦੇ ਐਸਡੀਐਮ ਨੇ ਸ਼ਾਹਕੋਟ ਅਸੰਬਲੀ ਹਲਕੇ ਦਾ ਰਿਟਰਨਿੰਗ ਅਧਿਕਾਰੀ ਵੀ ਹੋਣਾ ਹੈ।
ਡਾਕਟਰ ਚੀਮਾ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸ਼ਾਹਕੋਟ ਅਸੰਬਲੀ ਹਲਕੇ ਵਿਚ ਪੈਂਦੇ ਸ਼ਾਹਕੋਟ ਅਤੇੇ ਮਹਿਤਪੁਰ ਪੁਲਿਸ ਸਟੇਸ਼ਨਾਂ ਦੇ ਐਸਐਚਓਜ਼ ਨੂੰ ਵੀ ਸ਼ਾਮ ਨੂੰ ਤਬਦੀਲ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਥਾਂ ਰਾਤ ਨੂੰ ਹੀ ਨਵੇਂ ਐਸਐਚਓਜ਼ ਨੂੰ ਲਗਾ ਦਿੱਤਾ ਗਿਆ।
ਡਾਕਟਰ ਚੀਮਾ ਨੇ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ ਇਹ ਕਾਰਵਾਈਆਂ ਅਜਿਹੀਆਂ ਕਪਟੀ ਚਾਲਾਂ ਹਨ, ਜਿਹਨਾਂ ਦਾ ਮੰਤਵ ਚੋਣਾਂ ਦੌਰਾਨ ਇਹਨਾਂ ਅਧਿਕਾਰੀਆਂ ਦੀ ਦੁਰਵਰਤੋਂ ਕਰਨਾ ਹੈ। ਇਸ ਨਾਲ ਵੋਟਰਾਂ ਵਿਚ ਵੀ ਇੱਕ ਗਲਤ ਸੁਨੇਹਾ ਗਿਆ ਹੈ। ਜੇਕਰ ਇਸ ਸੰਬੰਧੀ ਸਮੇਂ ਸਿਰ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਇੱਥੇ ਨਿਰਪੱਖ ਅਤੇ ਆਜ਼ਾਦ ਚੋਣ ਕਰਵਾਉਣਾ ਸੰਭਵ ਨਹੀਂ ਹੈ।
ਅਕਾਲੀ ਦਲ ਦੇ ਬੁਲਾਰੇ ਨੇ ਇਹਨਾਂ ਸਾਰੇ ਤਬਾਦਲਿਆਂ ਨੂੰ ਤੁਰੰਤ ਰੱਦ ਕਰਨ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

Share Button

Leave a Reply

Your email address will not be published. Required fields are marked *