Mon. Oct 14th, 2019

ਸ਼ਹੀਦੇ ਆਜ਼ਮ

ਸ਼ਹੀਦੇ ਆਜ਼ਮ

ਨੌਵੇਂ ਮਾਹ ਦੀ ਮਿਤੀ ਅਠਾਈ, ਸੰਨ ਉੱਨੀ ਸੌ ਸੱਤ ਸੀ
ਦੇਸ਼ ਆਜ਼ਾਦ ਕਰਾਵਣ ਦੇ ਲਈ, ਜੰਮਿਆ ਸਿੰਘ ਭਗਤ ਸੀ।

ਵਿੱਦਿਆਵਤੀ ਤੇ ਕਿਸ਼ਨ ਸਿੰਘ ਦਾ, ਪੁੱਤ ਸੀ ਭਾਗਾਂ ਵਾਲਾ
ਦੇਸ਼- ਪ੍ਰੇਮ ਦੇ ਜਜ਼ਬੇ ਵਿੱਚ ਉਹ, ਬਣ ਬੈਠਾ ਮਤਵਾਲਾ।

ਗਾਂਧੀ ਜੀ ਨਾਮਿਲਵਰਤਣ ਦੀ, ਐਸੀ ਲਹਿਰ ਚਲਾਈ
ਭਗਤ ਸਿੰਘ ਪ੍ਰਭਾਵ ਹੋ, ਅੱਧ- ਵਿੱਚੋਂ ਛੱਡੀ ਪੜ੍ਹਾਈ।

ਇਨਕਲਾਬ ਤੇ ਜ਼ਿੰਦਾਬਾਦ ਦੇ, ਨਾਅਰੇ ਅਰਸ਼ੀਂ ਗੂੰਜੇ
ਗੋਰਾ ਸਾਂਡਰਸ ਮਾਰ ਮੁਕਾਇਆ, ਲਾ ਦਿੱਤਾ ਸੀ ਖੂੰਜੇ।

ਭਗਤ ਸਿੰਘ- ਬਟੁਕੇਸ਼ਵਰ ਰਲ ਕੇ, ਬੰਬ ਅਸੈਂਬਲੀ ਸੁੱਟਿਆ
ਪਰ ਭੱਜਣ ਲਈ ਦੋਹਾਂ ਓਥੋਂ, ਇੱਕ ਵੀ ਕਦਮ ਨਾ ਪੁੱਟਿਆ।

ਕ੍ਰਾਂਤੀਕਾਰੀ ਫੜ ਕੇ ਗੋਰਿਆਂ, ਹੱਥਕੜੀਆਂ ਸੀ ਲਾਈਆਂ
ਵਤਨ- ਪ੍ਰੇਮੀ ਸੁੱਟੇ ਜੇਲ੍ਹੀਂ, ਪੈ ਗਏ ਵੱਸ ਕਸਾਈਆਂ।

ਰਾਜਗੁਰੂ, ਸੁਖਦੇਵ, ਭਗਤ ਸਿੰਘ, ਚੜ੍ਹ ਗਏ ਫਾਂਸੀ ਹੱਸਦੇ
“ਫੇਰ ਮਿਲਾਂਗੇ, ਦੇਸ਼ ਵਾਸੀਓ!, ਰਹਿਣਾ ਵੱਸਦੇ- ਰੱਸਦੇ।”

ਸੰਨ ਉੱਨੀ ਸੌ ‘ਕੱਤੀ ਦਾ ਸੀ, ਦਿਨ ਮਾਰਚ ਦਾ ਤੇਈ
ਨਮ ਅੱਖਾਂ ਨਾਲ ‘ਰੂਹੀ’ ਆਖੇ, ‘ਮਿੱਤਰ ਅਸਾਡੇ ਸੇਈ।’

ਜੀਵਨ ਅਤੇ ਵਿਚਾਰਧਾਰਾ ਸੀ, ਭਗਤ ਸਿੰਘ ਦੀ ਐਸੀ
‘ਸ਼ਹੀਦੇ- ਆਜ਼ਮ’ ਰੁਤਬਾ ਪਾਇਆ, ਕਰਨੀ ਕੀਤੀ ਕੈਸੀ।

ਐਸੇ ਸੂਰਿਆਂ ਯੋਧਿਆਂ ਨੂੰ ਸਭ, ਰਲ ਕੇ ਸੀਸ ਝੁਕਾਈਏ
ਭੀੜ ਬਣੇ ਜੇ ਦੇਸ਼ ਦੇ ਉੱਤੇ, ਕਦੇ ਨਾ ਪਿੱਠ ਵਿਖਾਈਏ।

ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ
ਤਲਵੰਡੀ ਸਾਬੋ-151302
ਬਠਿੰਡਾ
9417692015

Leave a Reply

Your email address will not be published. Required fields are marked *

%d bloggers like this: