Thu. Aug 22nd, 2019

ਸ਼ਹੀਦੀ ਸਮਾਰਕ ਤੇ ਇਤਿਹਾਸਿਕ ਗੁਰਦੁਆਰਾ ਸਾਰਾਗੜ੍ਹੀ ਦੇ ਵਿਕਾਸ ਤੇ ਖ਼ਰਚੇ ਜਾਣਗੇ 10 ਕਰੋੜ ਰੁਪਏ – ਸਿੱਧੂ

ਸ਼ਹੀਦੀ ਸਮਾਰਕ ਤੇ ਇਤਿਹਾਸਿਕ ਗੁਰਦੁਆਰਾ ਸਾਰਾਗੜ੍ਹੀ ਦੇ ਵਿਕਾਸ ਤੇ ਖ਼ਰਚੇ ਜਾਣਗੇ 10 ਕਰੋੜ ਰੁਪਏ – ਸਿੱਧੂ

ਸ਼ਹੀਦੀ ਸਮਾਰਕ ਹੁਸੈਨੀਵਾਲਾ, ਗੁਰਦੁਆਰਾ ਸਾਰਾਗੜ੍ਹੀ ਅਤੇ ਹਰੀਕੇ ਪੱਤਣ ਝੀਲ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ

ਸੈਲਾਨੀਆਂ ਦੀ ਸਹੂਲਤ ਲਈ ਰੈਸਟੋਰੈਂਟ, ਟੈਂਟ ਹਾਊਸ, ਕੈਫ਼ੇ ਸਮੇਤ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ

ਸੈਰ ਸਪਾਟਾ ਵਿਭਾਗ ਵੱਲੋਂ ਸੂਬੇ ਵਿੱਚ ਸੈਰ ਸਪਾਟਾ ਉਦਯੋਗ ਨੂੰ ਵਿਕਸਿਤ ਕਰਨ, ਲੋਕਾਂ ਲਈ ਰੁਜ਼ਗਾਰ ਦੇ ਵੱਡੇ ਅਵਸਰ ਪੈਦਾ ਕਰਨ ਅਤੇ ਸੈਲਾਨੀਆਂ ਨੂੰ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਉਣ ਲਈ ਸ਼ਹੀਦੀ ਸਮਾਰਕ ਹੁਸੈਨੀਵਾਲਾ, ਇਤਿਹਾਸਿਕ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਅਤੇ ਹਰੀਕੇ ਵੈੱਟਲੈਂਡ ਸਮੇਤ ਰਾਜ ਦੀਆਂ 30 ਦੇ ਕਰੀਬ ਇਤਿਹਾਸਿਕ ਮਹੱਤਤਾ ਵਾਲੀਆਂ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਸਰਕਾਰ ਵੱਲੋਂ ਇਸ ਪ੍ਰਾਜੈਕਟ ਤੇ 600 ਕਰੋੜ ਰੁਪਏ ਖ਼ਰਚ ਕਰਨ ਦੀ ਯੋਜਨਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਹੀਦ ਸਮਾਰਕ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ੍ਹ ਭੇਟ ਕਰਨ ਉਪਰੰਤ ਕੀਤਾ।

ਕੈਬਨਿਟ ਮੰਤਰੀ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹੀਦੀ ਸਮਾਰਕ ਹੁਸੈਨੀਵਾਲਾ ਦੀ ਮਹੱਤਤਾ ਨੂੰ ਸਮਝਦਿਆਂ ਅਤੇ ਇਸ ਇਤਿਹਾਸਿਕ ਸਥਾਨ ਤੇ ਦੇਸ਼ ਤੇ ਵਿਦੇਸ਼ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਵੱਡੀ ਯੋਜਨਾ ਉਲੀਕੀ ਗਈ ਹੈ ਜਿਸ ਤਹਿਤ ਸ਼ਹੀਦੀ ਸਮਾਰਕ ਅਤੇ ਇਤਿਹਾਸਿਕ ਗੁਰਦੁਆਰਾ ਸਾਰਾਗੜ੍ਹੀ ਦੇ ਵਿਕਾਸ ਤੇ ਅਤੇ ਇਸ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਤੇ 10 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ। ਇਸ ਤਹਿਤ ਸ਼ਹੀਦੀ ਸਮਾਰਕ ਦਾ ਜਿੱਥੇ ਕਾਇਆ ਕਲਕ ਕੀਤਾ ਜਾਵੇਗਾ ਉੱਥੇ ਹੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਲੇਜ਼ਰ ਸ਼ੋਅ ਰੈਸਟੋਰੈਂਟ, ਲੈਂਡ ਸਕੀਪਿੰਗ ਪਖਾਨੇ ਸਮੇਤ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਉਨ੍ਹਾਂ ਦੇ ਵਿਭਾਗ ਨੂੰ ਇਨ੍ਹਾਂ ਥਾਵਾਂ ਦੇ ਵਿਕਾਸ ਲਈ ਜੋ-ਜੋ ਤਜਵੀਜ਼ ਭੇਜੀ ਗਈ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੇ ਇਤਿਹਾਸਿਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਸਾਡੀ ਆਸਥਾ ਦਾ ਕੇਂਦਰ ਹਨ ਤੇ ਇਸ ਦੇ ਵਿਕਾਸ ਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇ ਕੇ ਵਿਕਸਿਤ ਕੀਤਾ ਜਾਵੇਗਾ।

ਇਸ ਤੋਂ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਰੀਕੇ ਵੈੱਟਲੈਂਡ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਹਰੀਕੇ ਵੈੱਟਲੈਂਡ ਨੂੰ ਵਿਸ਼ਵ ਪੱਧਰ ਸੈਲਾਨੀ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ ਅਤੇ ਜੰਗਲਾਤ ਤੇ ਸਿੰਚਾਈ ਵਿਭਾਗ ਨਾਲ ਸਲਾਹ ਮਸ਼ਵਰਾ ਕਰਕੇ ਇੱਥੇ ਸੈਲਾਨੀਆਂ ਲਈ ਮੋਟਰ ਬੋਟ, ਕਿਸ਼ਤੀਆਂ, ਰੈਸਟੋਰੈਂਟ, ਟੈਂਟਸ ਵਾਲੇ ਹੋਟਲ ਅਤੇ ਪੂਰੇ ਏਰੀਏ ਨੂੰ ਵਾਤਾਵਰਨ ਪੱਖੀ ਬਣਾਇਆ ਜਾਵੇਗਾ ਤਾਂ ਜੋ ਦੇਸ਼ ਵਿਦੇਸ਼ ਤੋਂ ਸੈਲਾਨੀ ਇੱਥੇ ਪਹੁੰਚ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਨਹਿਰਾਂ ਸਰਹਿੰਦ ਫੀਡਰ ਤੇ ਫ਼ਿਰੋਜ਼ਪੁਰ ਤੇ ਤੈਰਨ ਵਾਲੇ ਰੈਸਟੋਰੈਂਟ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਇਨ੍ਹਾਂ ਇਤਿਹਾਸਿਕ ਅਤੇ ਸੈਲਾਨੀ ਮਹੱਤਤਾ ਵਾਲੀਆਂ ਥਾਵਾਂ ਦੀ ਕਾਇਆ ਕਲਪ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗਾਂ ਦਾ ਇੱਕੋ ਇੱਕ ਮਕਸਦ ਪੰਜਾਬ ਨੂੰ ਅੰਤਰਰਾਸ਼ਟਰੀ ਪੱਧਰ ਤੇ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨਾ ਹੈ ਜਿਸ ਨਾਲ ਜਿੱਥੇ ਰਾਜ ਵਿੱਚ ਰੁਜ਼ਗਾਰ ਦੇ ਅਵਸਰ ਪੈਦਾ ਹੋਣਗੇ ਉੱਥੇ ਹੀ ਰਾਜ ਦੀ ਤਰੱਕੀ ਤੇ ਵਿਕਾਸ ਵੀ ਸਿਖਰਾ ਤੇ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਕੋਲ ਲੋੜੀਂਦਾ ਫੰਡ ਮੌਜੂਦ ਹੈ ਤੇ ਅਗਲੇ 3-4 ਮਹੀਨੇ ਦੇ ਅੰਦਰ ਹੀ ਉਪਰੋਕਤ ਥਾਵਾਂ ਦਾ ਮਾਸਟਰ ਪਲਾਨ ਤਿਆਰ ਕਰਕੇ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੌਦੇ ਵੀ ਲਗਾਏ।

ਫ਼ਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸ਼ਹੀਦੀ ਸਮਾਰਕ, ਗੁਰਦੁਆਰਾ ਸਾਰਾਗੜ੍ਹੀ ਅਤੇ ਹਰੀਕੇ ਵੈੱਟਲੈਂਡ ਦੇ ਵਿਕਾਸ ਲਈ ਪਾਏ ਜਾ ਰਹੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰ. ਸਿੱਧੂ ਤੇ ਪੰਜਾਬ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨਾਲ ਸੂਬੇ ਵਿੱਚ ਸੈਲਾਨੀ ਵੱਡੀ ਪੱਧਰ ਤੇ ਆਉਣਗੇ ਤੇ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਵਧਣਗੇ ਤੇ ਦੇਸ਼ ਵਿਦੇਸ਼ ਦੇ ਲੋਕ ਆਪਣੇ ਇਤਿਹਾਸਿਕ ਵਿਰਸੇ ਤੋਂ ਜਾਣੂ ਹੋਣਗੇ।

ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ,  ਸੁਮੇਰ ਸਿੰਘ ਗੁਰਜਰ ਕਮਿਸ਼ਨਰ ਫ਼ਿਰੋਜ਼ਪੁਰ/ਫ਼ਰੀਦਕੋਟ ਡਵੀਜ਼ਨ, ਡਿਪਟੀ ਕਮਿਸ਼ਨਰ ਰਾਮਵੀਰ,. ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ,. ਅਮਿੱਤ ਗੁਪਤਾ ਐੱਸ.ਡੀ.ਐੱਮ. ਜ਼ੀਰਾ, ਚਰਨਦੀਪ ਸਿੰਘ ਐੱਸ.ਡੀ.ਐੱਮ. ਗੁਰੂਹਰਸਹਾਏ,. ਬਿੱਟੂ ਸਾਂਘਾ, ਬਲਵੀਰ ਸਿੰਘ ਬਾਠ, ਦਲਜੀਤ ਸਿੰਘ ਦੁਲਚੀ ਕੇ, ਐਡਵੋਕੇਟ ਗੁਲਸ਼ਨ ਮੌਂਗਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: