ਸ਼ਹਿਰ ਪਟਿਆਲੇ ਦੇ ਵਾਲਾ ਗੀਤਕਾਰ-ਗਿੱਲ ਸੁਰਜੀਤ
ਸ਼ਹਿਰ ਪਟਿਆਲੇ ਦੇ ਵਾਲਾ ਗੀਤਕਾਰ-ਗਿੱਲ ਸੁਰਜੀਤ
“ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਤੇ ਸੋਹਣੇ,
ਪੱਗਾਂ ਪੋਚਵੀਆਂ ਯਾਰੋ ਦਿਲ ਵੱਟੇ ਦਿਲ ਨੇ ਵਟਾਉਣੇ..”
ਇੱਕ ਇਹ ਗੀਤ ਐਫ ਐਮ ਤੇ ਚੱਲ ਪਿਆ, ਇਤਫਾਕਨ ਮੈਂ ਪਟਿਆਲਾ ਦੇ 22 ਨੰਬਰ ਫਾਟਕ ਵਾਲੇ ਫਲਾਈਓਵਰ ਤੋਂ ਲੰਘ ਰਿਹਾ ਸੀ ਤਾਂ ਅੱਖਾਂ ਮੂਹਰੇ ਗਿੱਲ ਹਰਦੀਪ ਦੇ ਗਾਏ ਇਸ ਗੀਤ ਦੇ ਸੀਨ ਘੁੰਮਣ ਲੱਗੇ।ਇਸ ਗੀਤ ਨੇ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਦੁਨੀਆਂ ਭਰ ਚ ਵਿਲੱਖਣ ਸ਼ੋਹਰਤ ਦਿਵਾਈ ਹੈ।ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਇਸ ਪਿੜ ਚ ਇਹ ਗੀਤ ਮੀਲ ਪੱਥਰ ਸਾਬਿਤ ਹੋਇਆ ਹੈ।ਇਸ ਗੀਤ ਨੂੰ ਸੁਣ ਕੇ ਹਰ ਪਟਿਆਲਵੀ ਮਨੋਂ ਤਰੋਤਾਜ਼ਾ ਅਤੇ ਮਾਣ ਮਹਿਸੂਸ ਕਰਦਾ ਹੈ।ਮੇਰੀ ਇਸ ਗੀਤ ਦੇ ਗੀਤਕਾਰ ਨੂੰ ਮਿਲਣ ਦਿਲੀ ਸਿੱਕ ਉੱਮਡ ਪਈ।ਸ਼ਬਦਾਂ ਦੇ ਮਣਕਿਆਂ ਨੂੰ ਇਸ ਗੀਤ ਰੂਪੀ ਮਾਲਾ ਚ ਪ੍ਰੋਣ ਵਾਲੇ ਸ਼ਬਦਾਂ ਦੇ ਜਾਦੂਗਰ ਹਨ- ਗਿੱਲ ਸੁਰਜੀਤ।ਗਾਇਕ ਗਿੱਲ ਹਰਦੀਪ ਨੇ ਇਸ ਗੀਤ ਜਿੰਨੀ ਸੁਰੀਲੀ, ਮਿੱਠੀ ਅਤੇ ਸੋਹਜਮਈ ਆਵਾਜ਼ ਗਾਇਆ ਹੈ, ਗੀਤਕਾਰ ਗਿੱਲ ਸੁਰਜੀਤ ਨੇ ਓਨਾ ਹੀ ਸਿੱਦਤ ਨਾਲ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਮੱਦੇਨਜ਼ਰ ਰੱਖ ਕੇ ਰੂਹ ਨਾਲ ਲਿਖਿਆ ਹੈ।
ਪੰਜਾਬੀ ਗੀਤਕਾਰੀ ਦੇ ਥੰਮ ,ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸੱਭਿਆਚਾਰ ਦੇ ਮੁਦੱਈ ਅਤੇ ਪੰਜਾਬੀਆਂ ਦੇ ਹਰਮਨ ਪਿਆਰੇ ਇਸ ਬਾਬਾ ਬੋਹੜ੍ਹ ਗੀਤਕਾਰ ਗਿੱਲ ਸੁਰਜੀਤ ਨੇ ਪਿੰਡ ਚੜਿੱਕ ਨੇੜੇ ਬੱਧਨੀ ਕਲਾਂ ਜਿਲ੍ਹਾ ਮੋਗਾ ਵਿਖੇ ਬਾਪੂ ਜਗਤ ਸਿੰਘ ਗਿੱਲ ਦੇ ਵਿਹੜੇ ਅਤੇ ਬੇਬੇ ਕਰਤਾਰ ਕੌਰ ਦੀ ਬੁੱਕਲ ਚ ਇਸ ਵਾਤਾਵਰਣ ਦੀ ਖ਼ੁਸ਼ਬੋਈ ਚ ਪਹਿਲੀ ਹਿਚਕੀ ਭਰੀ।ਮੁਢਲੀ ਪੜਾਈ ਦੌਰਾਨ ਹੀ ਉਹ ਸਕੂਲ,ਕਾਲਜ ਚ ਭੰਗੜੇ ਦੀਆਂ ਤਾਲਾਂ ਦਾ ਵਣਜਾਰਾ ਬਣ ਗਿਆ।ਮਾਤ ਭਾਸ਼ਾ ਪੰਜਾਬੀ ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਡਿਗਰੀ ਕਰਦਿਆਂ ਭੰਗੜੇ ਦੇ ਕਈ ਇਨਾਮ ਜਿੱਤੇ।
ਮੱਢਲੀ ਪੜ੍ਹਾਈ ਦੌਰਾਨ ਗਿੱਲ ਸੁਰਜੀਤ ਨੇ ਸਾਹਿਤ ਦੀ ਹਰ ਵੰਨਗੀ ‘ਤੇ ਜ਼ੋਰ ਅਜ਼ਮਾਈਸ਼ ਕੀਤੀ, ਪ੍ਰੰਤੂ ਪੈਰਾਂ ਚ ਰਿਦਮ ਅਤੇ ਗਾਇਕ ਗੁਰਦਾਸ ਮਾਨ ਜੀ ਮਿਲਣੀ ਤੋਂ ਬਾਅਦ ਉਹਨਾਂ ਅੰਦਰ ਵਿਚਾਰਾਂ ਅਤੇ ਸ਼ਬਦਾਂ ਦਾ ਗੀਤਕਾਰ ਰੂਪੀ ਤੂਫਾਨ ਆ ਗਿਆ।ਉਹ ਮਨ ਅੰਦਰ ਉੱਠ ਰਹੇ ਵਿਚਾਰਾਂ ਦੇ ਵਲਵਲਿਆਂ ਨੂੰ ਕੋਰੇ ਕਾਗਜ ਦੀ ਹਿੱਕ ਤੇ ਝਰੀਟਣ ਲੱਗ ਪਿਆ ਅਤੇ ਪੰਜਾਬੀ ਗੀਤਕਾਰੀ ਦੇ ਇਸ ਤਿਲਕਣੇ ਪਿੜ ਵਿਚ ਗਿੱਲ ਸੁਰਜੀਤ ਇਕ ਅਜਿਹੇ ਸਫਲ ਦੌੜਾਕ ਵਾਂਗ ਦੌੜਿਆ ਅਤੇ ਪੱਕੇ ਪੈਰੀਂ ਜਮ ਗਿਆ। ਸਫਲਤਾ ਦਾ ਪਹਿਲਾ ਸਥਾਨ ਹਮੇਸ਼ਾ ਉਸ ਦੀ ਉਡੀਕ ਕਰਦਾ ਜਾਪਿਆ।ਉਸਨੇ ਪਹਿਲਾ ਗੀਤ ” ਕੁੜੀ ਦੇਖੀ ਪਤਲੀ ਪਤੰਗ ਵਰਗੀ, ਰੂਪ ਦੀ ਪਟਾਰੀ ਨਿਰੀ ਚੰਦ ਵਰਗੀ” ਲਿਖਿਆ ਜੋ ਗਿੱਲ ਹਰਦੀਪ ਦੀ ਆਵਾਜ਼ ਚ ਰਿਕਾਰਡ ਹੋਇਆ ਅਤੇ ਕਾਫੀ ਮਕਬੂਲ ਹੋਇਆ ਸੀ।
“ਸ਼ਹਿਰ ਪਟਿਆਲੇ ਦੇ” ਗੀਤ ਨੇ ਤਾਂ ਗਿੱਲ ਸੁਰਜੀਤ ਗਿੱਲ ਸੁਰਜੀਤ” ਕਰਵਾ ਦਿੱਤੀ।ਬੱਸ ਫਿਰ ਉਸਨੇ ਪਿੱਛੇ ਮੁੜਕੇ ਨਹੀਂ ਦੇਖਿਆ।ਗੀਤਕਾਰ ਗਿੱਲ ਸੁਰਜੀਤ ਦੇ ਗੀਤਾਂ ਨੂੰ ਜਿੱਥੇ ਪੰਜਾਬ ਦੇ ਅਨੇਕਾਂ ਕਲਾਕਾਰਾਂ ਨੇ ਆਵਾਜ਼ ਦਿੱਤੀ, ਉੱਥੇ ਬਾਲੀਵੁੱਡ ਦੇ ਕਈ ਨਾਮਵਰ ਗਾਇਕਾਂ ਨੇ ਵੀ ਗਾਇਆ | ਗਿੱਲ ਸੁਰਜੀਤ ਦੇ ਗੀਤਾਂ ਨੂੰ ਸੁਰਿੰਦਰ ਕੌਰ, ਸੁਰਿੰਦਰ ਛਿੰਦਾ, ਸੁਰੇਸ਼ ਵਾਡੇਕਰ, ਮਹਿੰਦਰ ਕਪੂਰ, ਹਰਭਜਨ ਮਾਨ, ਸਵਿਤਾ ਸਾਥੀ, ਹਰਦੀਪ ਚੰਡੀਗੜ੍ਹ, ਜਸਪਿੰਦਰ ਨਰੂਲਾ, ਗੁਰਸੇਵਕ ਮਾਨ, ਪੰਮੀ ਬਾਈ, ਗੋਲਡਨ ਸਟਾਰ ਮਲਕੀਤ ਸਿੰਘ, ਗੁਰਮੀਤ ਬਾਵਾ, ਸਰਬਜੀਤ ਚੀਮਾ, ਮਨਜੀਤ ਰੂਪੋਵਾਲੀਆ, ਸੁਖਵਿੰਦਰ ਸੁੱਖੀ, ਜੀਤ ਜਗਜੀਤ, ਰਾਜ ਬਰਾੜ, ਮਨਪ੍ਰੀਤ ਅਖਤਰ, ਅਮਰ ਨੂਰੀ, ਕੁਲਦੀਪ ਪਾਰਸ, ਮਕਬੂਲ, ਸਰਬਜੀਤ ਕੌਰ, ਭੁਪਿੰਦਰ ਕੌਰ ਮੁਹਾਲੀ, ਪਲਵਿੰਦਰ ਧਾਮੀ, ਸਰਦਾਰਾ ਗਿੱਲ, ਗੁਰਬਖਸ਼ ਚੰਨੀ ਸਿੰਘ, ਰੰਜਨਾ, ਜੱਸੀ ਜਸਪਾਲ, ਸੁਰਿੰਦਰ ਕੋਹਲੀ, ਮੰਗਲ ਸਿੰਘ, ਜਸਪਾਲ ਸਿੰਘ, ਡੌਲੀ ਗੁਲੇਰੀਆ ਆਦਿ ਗਾਇਕ ਅਤੇ ਗਾਇਕਾਵਾਂ ਨੇ ਸੁਰੀਲੀ ਅਤੇ ਮਧੁਰ ਅਵਾਜ਼ ਦਿੱਤੀ ਹੈ| ਇਸ ਤੋਂ ਇਲਾਵਾ ਗਿੱਲ ਸੁਰਜੀਤ ਪੰਜਾਬੀ ਫ਼ਿਲਮਾਂ
‘ਜੀ ਆਇਆਂ ਨੂੰ ‘,
‘ਕੌਣ ਦਿਲਾਂ ਦੀਆਂ ਜਾਣੇ’,
‘ਜ਼ੋਰ ਜੱਟ ਦਾ’,
‘ਜੱਟ ਪੰਜਾਬੀ’,
‘ਜੱਟ ਵਲੈਤੀ’ ਅਤੇ ‘ਅਸਾਂ ਨੂੰ ਮਾਣ ਵਤਨਾਂ ਦਾ’ ਵਿਚ ਗੀਤ ਲਿਖ ਚੱਕੇ ਹਨ।ਗੀਤਕਾਰੀ ਦੇ ਨਾਲ ਗਿੱਲ ਸੁਰਜੀਤ ਅਮਰੀਕਾ, ਕੈਨੇਡਾ, ਇੰਗਲੈਂਡ, ਅਸਟ੍ਰੇਲੀਆ, ਸਿੰਗਾਪੁਰ, ਦੁਬਈ, ਥਾਈਲੈਂਡ, ਅਲਜ਼ੀਰੀਆ, ਟੁਨੇਸ਼ੀਆ, ਇਟਲੀ, ਲਿਬਨਾਨ, ਕੁਵੈਤ, ਇਰਾਕ, ਜਾਰਡਨ ਵਰਗੇ ਦੇਸ਼ਾਂ ਵਿਚ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਗਿੱਧਾ, ਭੰਗੜਾ, ਕੋਰਿਓਗ੍ਰਾਫੀਆਂ ਨੂੰ ਪੇਸ਼ ਕਰਨ ਹਿੱਤ ਦੌਰੇ ਵੀ ਕਰ ਚੁੱਕੇ ਹਨ। ਜਿੱਥੇ ਗੀਤਕਾਰ ਗਿੱਲ ਸੁਰਜੀਤ ਦੇ ਲਿਖੇ ਗੀਤਾਂ ਨੂੰ ਅਨੇਕਾਂ ਗਾਇਕ ਅਵਾਜ਼ ਦੇ ਚੱਕੇ ਹਨ, ਉੱਥੇ ਉਨ੍ਹਾਂ ਦੀ ਕਲਮ ਵਿਚੋਂ ਨਿਕਲੇ ਲਫਜ਼ ਕਿਤਾਬਾਂ ਦੇ ਰੂਪ ਵਿਚ ਪਾਠਕਾਂ ਦੇ ਸਨਮੱਖ ਹੋ ਚੁੱਕੇ ਹਨ।ਉਸਦੇ ਗੀਤਾਂ ਦੇ ਮੁੱਖੜਿਆਂ ਚੋਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦਾ ਝਲਕਾਰਾ ਪੈਂਦਾ ਹੈ।ਖੁੱਭ ਕੇ ਲਿਖੀਆਂ ਗੀਤਾਂ ਦੀਆਂ ਲਾਈਨਾਂ ਨਾਲ ਰੂਹ ਨੂੰ ਨਸ਼ਾ ਚੜਦਾ ਹੈ,ਸੋਹਜ ਅਤੇ ਕਲਾ ਦਾ ਜਲੌਆ ਪੈਦਾ ਹੁੰਦਾ ਹੈ।ਉਸਨੇ ਆਪਣੇ ਪਿਤਰੀ ਪਿੰਡ ਅਤੇ ਨਾਨਕੇ ਪਿੰਡ ਨੂੰ ਗੀਤ ਚ ਬਾਕਮਾਲ ਲਿਖਿਆ ਹੈ:-
“ਗਿੱਲ ਸੁਰਜੀਤ ਕਦੇ ਭੁੱਲੇ ਨਾ ਭੁਲਾਇਆ ਮੈਨੂੰ,
ਦਿਲ ਵਿਚੋਂ ਹੂਕ ਉੱਠੇ ਜਦੋਂ ਯਾਦ ਆਇਆ ਮੈਂਨੂੰ,
ਚੜਿੱਕ ਪਿੰਡ ਨਾਨਕਾ ਲੁਹਾਰਾ ਯਾਦ ਆਉਂਦਾ ਏ,
ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ”
ਉਸਦੇ ਗੀਤਾਂ ਚੋਂ ਕਦੇ ਲੱਚਰਤਾ ਦੀ ਬੋਅ ਨਹੀਂ ਆਈ।ਵਲਗਣਾਂ ਵਾੜਿਆ ਚ ਕੈਦ ਰਹਿਣਾ ਉਸਨੂੰ ਗਵਾਰਾ ਨਹੀਂ ਸੀ,ਇਸੇ ਕਾਰਨ ਉਸਨੂੰ ਨੌਰਥ ਜੋਨ ਕਲਚਰਲ ਸੈਂਟਰ ਦੀ ਸੀਨੀਅਰ ਪ੍ਰੋਗਰਾਮ ਦੀ ਆਸਾਮੀ ਰਾਸ ਨਹੀਂ ਆਈ।
ਉਸਦਾ ਕਲਮ ਦਾ ਉਕਰਿਆ ,ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦਾ ਪੰਜਾਬੀ ਫਿਲਮ “ਅਸਾਂ ਮਾਣ ਵਤਨਾਂ ਦਾ” ਵਿੱਚ ਗਾਇਆ ਦੋਗਾਣਾ “ਮਾਹੀਆ ਮੈਂ ਲੌਂਗ ਗਵਾ ਆਈ ਆਂ’ ਕਿਸੇ ਲੋਕ ਦਾ ਭੁਲੇਖਾ ਪਾਉਂਦਾ ਹੈ।ਸੁਰਿੰਦਰ ਛਿੰਦਾ ਦਾ ਗਾਇਆ ਗੀਤ “ਯੈਂਕੀ ਲਵ ਯੂ ਲਵ ਯੂ ਕਰਦੇ” ਨੇ ਨੌਜਵਾਨ ਪੀੜ੍ਹੀ ਦੇ ਦਿਲਾਂ ਚ ਨਿਵੇਕਲੀ ਥਾਂ ਬਣਾਈ। ਗੀਤਕਾਰ ਗਿੱਲ ਸੁਰਜੀਤ ‘ਮੇਲਾ ਮੁੰਡੇ ਕੁੜੀਆਂ ਦਾ’, ‘ਵੰਗਾਂ ਦੀ ਛਣਕਾਰ’, ਝਾਂਜਰ ਦਾ ਛਣਕਾਟਾ’, ‘ਚੇਤੇ ਕਰ ਬਚਪਨ ਨੂੰ ‘ ਚੀਰੇ ਵਾਲਿਆਂ ਗਭਰੂਆਂ ,’ਏਕਮ’ ਨਾਮੀ ਆਪਣੇ ਸੱਭਿਆਚਾਰਕ, ਸਮਾਜਿਕ, ਪਰਿਵਾਰਕ ਗੀਤਾਂ ਦੀਆਂ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।ਚੰਨੀ ਨਕਲੀਆ,ਭਜਨ ਸਿੰਘ, ਬਿੰਦੀ ਬਰਾੜ ਉਹਨਾਂ ਦੇ ਭੰਗੜਾ ਟੀਮ ਚ ਸਮਕਾਲੀ ਰਹੇ ਹਨ।ਉਹਨਾਂ ਦੀਆਂ ਗੀਤਕਾਰੀ, ਭੰਗੜਾ ਅਤੇ ਸਾਹਿਤਕ ਖੇਤਰ ਪ੍ਰਾਪਤੀਆਂ ਸਦਕਾ ਅਨੇਕਾਂ ਐਵਾਰਡ ਗਿੱਲ ਸੁਰਜੀਤ ਦੇ ਨਾਮ ਹਨ, ਜਿਨ੍ਹਾਂ ਵਿਚੋਂ ‘ਪਟਿਆਲਾ ਰਤਨ ਐਵਾਰਡ’, ‘ਨੰਦ ਲਾਲ ਨੂਰਪੁਰੀ ਐਵਾਰਡ’ ‘ਸੁਰ ਪੰਜਾਬ ਦੇ ਐਵਾਰਡ’, ‘ਫੋਕ ਡਾਂਸ ਐਵਾਰਡ’, ‘ਹਰਭਜਨ ਸਿੰਘ ਅਣਖੀ ਐਵਾਰਡ’ ਪ੍ਰਮੁੱਖ ਹਨ।ਗਿੱਲ ਸੁਰਜੀਤ ਪਾਠਕਾਂ ਅਤੇ ਸਰੋਤਿਆਂ ਵੱਲ੍ਹੋਂ ਮਿਲੇ ਪਿਆਰ ਸਤਿਕਾਰ ਨੂੰ ਸਭ ਤੋਂ ਵੱਡਾ ਸਨਮਾਨ ਮੰਨਦੇ ਹਨ।
“ਰੱਬ ਕਰੇ ਦਿਲ ਦਾ ਤੂੰ ਮੀਤ ਬਣਜੇ,
ਫੇਰ ਗਿੱਲ ਸੁਰਜੀਤ ਵਾਲਾ ਗੀਤ ਬਣਜੇ”
ਸਤਨਾਮ ਸਿੰਘ ਮੱਟੂ,
ਬੀਂਬੜ, ਸੰਗਰੂਰ।
9779708257