ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਸ਼ਹਾਦਤ ਸ਼੍ਰੀ ਗੁਰੂ ਅਰਜਨ ਦੇਵ ਜੀ

ਸ਼ਹਾਦਤ ਸ਼੍ਰੀ ਗੁਰੂ ਅਰਜਨ ਦੇਵ ਜੀ

ਜਉ ਤਉ ਪ੍ਰੇਮ ਖੇਲਣ ਕਾ ਚਾਉ।।ਸਿਰੁ ਧਰਿ ਤਲੀ ਗਲੀ ਮੇਰੀ ਆਉ।।

ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।।

ਉਪਰੋਕਤ ਬਾਣੀ ਅਨੁਸਾਰ ਸਿੱਖ ਧਰਮ ਵਿੱਚ ਸੱਚ ਤੇ ਚੱਲਣ ਦਾ ਮਾਰਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਸੀ ਅਤੇ ਨਾਲ ਇਹ ਵੀ ਸੱਦਾ ਦਿੱਤਾ ਸੀ। ਇਸ ਰਸਤੇ ਤੇ ਚਲਦਿਆਂ ਹੀ ਸਿੱਖ ਕੌਮ ਨੇ ਹਮੇਸ਼ਾ ਜ਼ੁਲਮ ਅੱਗੇ ਛਾਤੀਆਂ ਡਾਹ ਕੇ ਜ਼ਾਲਮਾਂ ਨਾਲ ਡੱਟ ਕੇ ਮੁਕਾਬਲਾ ਕੀਤਾ। ਭਾਵੇਂ ਉਹ ਬੱਚੇ ਜਾਂ ਜਵਾਨ, ਬਜ਼ੁਰਗ ਜਾਂ ਬੀਬੀਆਂ ਸਨ, ਇਸ ਸਰਦਾਰੀ ਨੂੰ ਕਾਇਮ ਰੱਖਦਿਆਂ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਤੇ ਦੇਸ਼ ਦੀ ਸੁਰੱਖਿਆ ਹਿੱਤ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ। ਸੱਚ ਦੇ ਰਾਹ ਤੇ ਚੱਲ ਕੇ,ਸੁਖ ਐਸ਼ੋ ਅਰਾਮ  ਲਾਲਚਾਂ ਨੂੰ ਠੋਕਰ ਮਾਰਕੇ ਸ਼ਹਾਦਤਾਂ ਨੂੰ ਗਲ ਨਾਲ ਲਾਇਆ। ਅਨੇਕਾਂ ਤਰ੍ਹਾਂ ਦੇ ਕਸ਼ਟ ਸਹਾਰੇ ਚਰਖੜੀਆਂ ਤੇ ਚਾੜ ਸ਼ਹੀਦ ਕੀਤੇ, ਬੰਧ ਬੰਦ ਕਟਵਾਏ ਖੋਪਰੀਆਂ ਲੋਹਾਈਆਂ,ਜੰਗਾਂ ਯੁੱਧਾਂ ਵਿੱਚ ਸ਼ਹੀਦੀਆਂ ਪਾਈਆਂ। ਮੀਰ ਮੰਨੂੰ ਦੀ ਜੇਲ੍ਹ ਵਿੱਚ ਨਿੱਕੇ-ਨਿੱਕੇ ਬੱਚਿਆਂ ਦੇ ਟੋਟੇ ਕਰਕੇ ਬੀਬੀਆਂ ਦੇ ਗਲਾਂ ਵਿੱਚ ਹਾਰ ਪਾਏ ਪਰ ਮੁੱਖ ਵਿੱਚੋਂ ਸੀ ਨਹੀਂ ਕੀਤੀ, ਹਮੇਸ਼ਾ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ । ਹੱਕ-ਸੱਚ ਤੋਂ ਕੁਰਬਾਨ ਹੋਣ ਲਈ ਸਦਾ ਤਿਆਰ ਰਹਿੰਦੇ ਸਨ। ਬੜੇ ਵੱਡੇ ਜਿਗਰੇ ਸੀ ਉਨ੍ਹਾਂ ਸਿੱਖਾਂ ਦੇ ਤੇ ਉਨ੍ਹਾਂ ਨੂੰ ਇਹ ਸਭ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਸਾਡੇ ਗੁਰੂ ਸਾਹਿਬਾਨਾਂ ਕੋਲੋਂ ਮਿਲਿਆ। ਇਹ ਹੱਸ ਹੱਸ ਕੇ ਕੁਰਬਾਨ ਹੋਣਾ ਤੇ ਹੱਕ ਸੱਚ ਲਈ ਸ਼ਹੀਦੀਆਂ ਦੇਣੀਆਂ ਮਜ਼ਲੂਮਾਂ ਦੀ ਰੱਖਿਆ ਕਰਦੇ ਹੋਏ ਧਰਮ ਤੋਂ ਕੁਰਬਾਨ ਹੋ ਜਾਣ ਦਾ ਦੌਰ ਗੁਰੂ ਅਰਜੁਨ ਦੇਵ ਜੀ ਜਿੰਨਾ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ ਉਨਾਂ ਦੀ ਸ਼ਹੀਦੀ ਤੋਂ ਸ਼ੁਰੂ ਹੋਇਆ।
ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ, ਆਪ ਜੀ ਦਾ ਪ੍ਰਕਾਸ਼ ੧੫ ਅਪ੍ਰੈਲ, ੧੫੬੩ ਈਸਵੀ, ਵਿਚ ਮਾਤਾ ਭਾਨੀ ਜੀ ਦੀ ਕੁੱਖੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਗੋਇੰਦਵਾਲ ਵਿਖੇ ਹੋਇਆ। ਗੁਰੂ ਅਰਜਨ ਦੇਵ ਜੀ ਨਿੱਕੇ ਹੁੰਦਿਆਂ ਤੋਂ ਗੁਰੂ ਜੀ ਅਤੇ ਸੰਗਤਾਂ ਵਿੱਚ ਰਹੇ,ਜਿਸ ਕਰਕੇ ਸੇਵਾ ਸਿਮਰਨ ਤੇ ਸਭ ਧਰਮਾਂ ਦਾ ਸਤਿਕਾਰ ਕਰਨਾ ਵਿਰਸੇ ਵਿੱਚ ਹੀ ਮਿਲਿਆ। ਗੁਰੂ ਅਰਜੁਨ ਦੇਵ ਜੀ ਵਿੱਚ ਇਹ ਸਾਰੇ ਗੁਣ ਵੇਖ ਕੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ,ਦੋਹਿਤਾ ਬਾਣੀ ਕਾ ਬੋਹਿਥਾ,ਗੁਰੂ ਅਰਜੁਨ ਦੇਵ ਜੀ ਨੇ ਆਪਣੇ ਜੀਵਨ ਵਿੱਚ ਅਨੇਕਾਂ ਹੀ ਤਰਾਂ ਦੇ ਲੋਕ ਭਲਾਈ ਦੇ ਕਾਰਜ ਕੀਤੇ, ਖੂਹਾਂ ਤੇ ਬਉਲੀਆਂ ਦਾ ਨਿਰਮਾਣ ਕਰਵਾਇਆ ਗਰੀਬ ਲਾਚਾਰ ਲੋਕਾਂ ਦੀ ਬਾਂਹ ਫੜੀ। ਸਿੱਖੀ ਦਾ ਪ੍ਰਚਾਰ ਕੀਤਾ ਸਿੱਖ ਧਰਮ ਵਿਚ ਗੁਰੂ ਜੀ ਨੇ ਸਿੱਖਾਂ ਨੂੰ ਨਿਰਡਰਤਾ,ਹੱਕ-ਸੱਚ ਲਈ ਮਰ-ਮਿਟਣ ਅਤੇ ਸਖੀ ਸਰਵਰ ਤੇ ਬੁੱਤ ਪੂਜਾ ਤੋਂ ਪੂਰਨ ਰੂਪ ਵਿਚ ਰੋਕਿਆ ਉਸ ਇੱਕ ਨਿਰੰਕਾਰ ਦੇ ਨਾਲ ਜੋੜਿਆ ਤੇ ਸੱਚ ਦਾ ਰਾਹ ਦਿਖਾਇਆ । ਧਰਮ ਦੇ ਪ੍ਰਚਾਰ ਲਈ ਦੂਰ ਦਰਾਡੇ ਪ੍ਰਚਾਰ ਸੈਂਟਰ ਖੋਲੇ ਗਏ ਇਸ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ।
ਸਿੱਖੀ ਦਾ ਵਧਦਾ ਪ੍ਰਚਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਸਲ ਵਿੱਚ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦੇ ਦੋ ਮੁੱਖ ਕਾਰਨ ਹਨ। ਜਹਾਂਗੀਰ ਪਹਿਲਾਂ ਹੀ ਕਿਸੇ ਮੌਕੇ ਦੀ ਤਲਾਸ਼ ਵਿੱਚ ਸੀ,ਉਹ ਸਿੱਖੀ ਦੇ ਪ੍ਰਚਾਰ ਨੂੰ ਰੋਕਣਾ ਚਾਹੁੰਦਾ ਸੀ। ਉਸ ਨੂੰ ਉਹ ਮੌਕਾ ਹੁਣ ਮਿਲਿਆ ਸੀ ਜਦੋਂ ਉਸ ਦੇ ਪੁੱਤਰ ਖੁਸਰੋ ਨੇ ਉਸ ਨਾਲ ਬਗਾਵਤ ਕੀਤੀ। ਬਗਾਵਤ ਦੌਰਾਨ  ਜਹਾਂਗੀਰ ਦਾ ਪੁੱਤਰ ਖੁਸਰੋ ਦਿੱਲੀ ਤੋਂ ਲਹੌਰ ਵੱਲ ਜਾਂਦਿਆ ਜਿਸਨੂੰ ਵੀ ਰਸਤੇ ਵਿੱਚ ਮਿਲਿਆ ਜਹਾਂਗੀਰ ਨੇ ਸੱਭ ਨੂੰ ਗ੍ਰਿਫਤਾਰ ਕਰ ਲਿਆ।ਚੰਦੂ, ਪ੍ਰਿਥੀ, ਤੇ ਮੁਰਤਜਾ ਖਾਨ, ਵਰਗੇ ਚੁਗਲ ਖੋਰਾਂ ਨੇ ਝੂਠੇ ਇਲਜਾਮ ਲਾ ਕੇ, ਝੂਠੀਆਂ ਖਬਰਾਂ ਜਹਾਂਗੀਰ ਤੱਕ ਪਹੁੰਚਾ ਦਿੱਤੀਆਂ ਕੇ ਖੁਸਰੋ ਨੂੰ ਗੁਰੂ ਅਰਜੁਨ ਦੇਵ ਜੀ ਨੇ ਪਨਾਹ ਦਿੱਤੀ ਤੇ ਤਿਲਕ ਵੀ ਦਿੱਤਾ, ਤੇ ਗੁਰੂ ਜੀ ਤੇ ਮੁਕਦਮਾ ਚਲਵਾ ਦਿੱਤਾ।
ਗੁਰੂ ਜੀ ਨੂੰ ਗ੍ਰਿਫਤਾਰ ਕਰ ਲਾਹੌਰ ਲਿਆਂਦਾ ਗਿਆ। ਜਹਾਂਗੀਰ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਬਹੁਤ ਗਲਤ ਕੀਤਾ ਹੈ, ਜੋ ਮੇਰੇ ਪੁੱਤਰ ਖੁਸਰੋ ਨੂੰ ਜਿੰਨੇ ਮੇਰੇ ਖਿਲਾਫ ਬਗ਼ਾਵਤ ਕੀਤੀ ਤੁਸੀਂ ਉਸ ਨੂੰ ਤਿਲਕ ਲਗਾਇਆ ਹੈ,ਏਸ ਦੀ ਤੁਹਾਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਵੇਗੀ।,ਜੇ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀਆਂ ਗੱਲਾਂ ਮੰਨ ਲਵੋ ਆਪਣੇ ਗ੍ਰੰਥ ਸਾਹਿਬ ਵਿੱਚ ਮੁਹੰਮਦ ਸਾਹਿਬ ਦੀ ਉਸਤਤ ਦੇ ਸ਼ਬਦ ਦਰਜ ਕਰ ਦਿਓ , ਜਾਂ ਮੁਸਲਮਾਨ ਹੋ ਜਾਉ, ਜਾਂ ਫਿਰ ਸਜ਼ਾ ਲਈ ਤਿਆਰ ਹੋ ਜਾਉ। ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਹਾਡੀ ਕੋਈ ਵੀ ਗੱਲ ਪਰਵਾਨ ਨਹੀਂ,ਤੁਸੀ ਜੋ ਸਜਾ ਦੇਣੀ ਹੈ ਦੇ ਦਿਓ,ਉਸ ਵੇਲੇ ਜਹਾਂਗੀਰ ਗੁਰੂ ਜੀ ਨੂੰ  ਤਸੀਹੇ ਦੇ ਕੇ ਖਤਮ ਕਰਨ ਦੀ ਸਜਾ ਸੁਣਾ ਕੇ ਆਪ ਕਸ਼ਮੀਰ ਵੱਲ ਚਲਾ ਗਿਆ ਤੇ ਮੁਰਤਜਾ ਖਾਨ ਕੋਲੋਂ ਚੰਦੂ ਨੇ ਗੁਰੂ ਜੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ  ਪਿਛੋਂ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦੀ ਜਿੰਮੇਵਾਰੀ ਚੰਦੂ ਨੇ ਆਪ ਲੈ ਲਈ।
ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ,ਇਸ ਲਈ ਚੰਦੂ ਨੇ ਆਪਣੀ ਭੜਾਸ ਕੱਢਦਿਆਂ ਅਨੇਕਾਂ ਤਰ੍ਹਾਂ ਦੇ ਤਸੀਹੇ ਦੇ ਕੇ ਗੁਰੂ ਜੀ ਨੂੰ ਖਤਮ ਕਰਨ ਦੀ ਵਿਉਂਤ ਬਣਾਈ ਤੇ ਚੰਦੂ ਨੇ ਗੁਰੂ ਜੀ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ,ਇੱਕ ਦੇਗ ਵਿੱਚ ਪਾਣੀ ਪਾ ਕੇ ਉਬਾਲਿਆ ਗਿਆ ਤੇ ਫਿਰ ਦੁਨੀਆਂ ਦੀ ਤਪਸ਼ ਦੂਰ ਕਰਨ ਵਾਲੇ ਗੁਰੂ ਜੀ ਨੂੰ ਤਪਦੇ ਉਬਾਲੇ ਖਾਂਦੇ ਪਾਣੀ ਦੀ ਦੇਗ ਵਿੱਚ ਬਿਠਾਇਆ ਗਿਆ। ਗੁਰੂ ਸਾਹਿਬ ਜੀ ਅਡੋਲ ਅਵਸਥਾ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਉਬਲਦੇ ਪਾਣੀ ਦੀ ਦੇਗ ਵਿੱਚ ਕਰਤਾਰ ਦੇ ਭਾਣੇ ਨੂੰ ਮੰਨਦੇ ਹੋਏ ਸ਼ਾਂਤ ਚਿੱਤ ਬੈਠੇ ਸਨ। ਸੱਭ ਵੇਖ ਕੇ ਹੈਰਾਨ ਸਨ ਚੰਦੂ ਨੇ ਆਪਣੀਆਂ ਗੱਲਾਂ ਮਨਵਾਉਣੀਆਂ ਚਾਹੀਆਂ ਗੁਰੂ ਜੀ ਨੇ ਨਾਹ ਕਰ ਦਿੱਤੀ ।
ਫਿਰ ਤਵੀ ਥੱਲੇ ਅੱਗ ਬਾਲ ਕੇ ਤਵੀ ਗਰਮ ਕੀਤੀ ਗਈ ਤੇ ਗੁਰੂ ਜੀ ਨੂੰ ਤਵੀ ਤੇ ਬੈਠਾਣ ਲਈ ਲਿਆਂਦਾ ਗਿਆ, ਗੁਰੂ ਜੀ ਜਦੋਂ ਤਵੀ ਦੇ ਕੋਲ ਆਏ ਤਾਂ ਵੇਖ ਕੇ ਰੁਕ ਗਏ, ਤਾਂ ਚੰਦੂ ਗੁਰੂ ਜੀ ਨੂੰ ਵੇਖ ਕੇ ਬੋਲਿਆ ਲਗਦੈ ਗਰਮ ਤਵੀ ਤੋਂ ਡਰ ਗਏ ਹੋ, ਗੁਰੂ ਜੀ ਬੋਲੇ ਚੰਦੂ ਅਸੀਂ ਡਰਦੇ ਨਹੀਂ, ਤੇ ਨਾਹੀ ਕੋਈ ਸਾਨੂੰ ਡਰਾ ਸਕਦੈ, ਹਮ ਡਰਤੇ ਨਹੀਂ ਕਿਸੀ ਮੁਸ਼ਕਿਲੋਂ ਸੇ,ਔਰ ਨਾਹੀ ਕਿਸੀ ਤਲਵਾਰ ਸੇ।ਹਮ ਡਰਤੇ ਹੈਂ ਤੋ ਸਿਰਫ, ਉਸ ਪਰਵਦਗਾਰ ਸੇ। ਅਸੀਂ ਕਿਸੇ ਵੀ ਮੁਸ਼ਕਲ ਤੋਂ ਨਹੀਂ ਡਰਦੇ ਅਸੀਂ ਤਾਂ ਰੁਕੇ ਹਾਂ ਤੇਰੀ ਤਵੀ ਤੇ ਹਲੇ ਉਹ ਰੰਗ ਨਹੀ ਆਇਆ ਜੋ ਸਾਨੂੰ ਤਪਾ ਸਕੇ, ਇਸ ਨੂੰ ਚੰਗੀ ਤਰਾਂ ਲਾਲ ਹੋ ਲੈਣ ਦੇ ਤਾਂ ਕੇ ਸਾਡੇ ਬੈਠਣ ਯੋਗ ਹੋ ਸੱਕੇ। ਚੰਦੂ ਇਹ ਸੱਭ ਕੁੱਝ ਸੁੱਣ ਕੇ ਹੈਰਾਨ ਸੀ, ਆਖਿਰ ਗੁਰੂ ਅਰਜੁਨ ਦੇਵ ਜੀ ਉਸ ਗਰਮ ਤਵੀ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਚੌਕੜਾ ਮਾਰ ਕੇ ਇਸ ਤਰਾਂ ਬੈਠ ਗਏ ਜਿਵੇਂ ਕਿਸੇ ਮਖਮਲੀ ਸਿੰਘਾਸਨ ਤੇ ਬੈਠੇ ਹੋਣ। ਥੱਲੇ ਤੱਤੀ ਤਵੀ ਤੇ ਨਾਲ ਅੱਗ ਦੇ ਭਾਂਬੜ ਮੱਚਦੇ ਹਨ ਤੇ ਉਪਰ ਸੀਸ ਦੇ ਵਿੱਚ ਤੱਤੀ ਗਰਮ ਰੇਤ ਪਾਈ ਜਾ ਰਹੀ ਹੈ। ਫਿਰ ਵੀ ਗੁਰੂ ਅਰਜੁਨ ਦੇਵ ਜੀ ਉਸ ਨਿਰੰਕਾਰ ਦੀ ਯਾਦ ਵਿੱਚ ਜੁੜ ਕੇ ਤੱਤੀ ਤਵੀ ਤੇ ਬੈਠੇ ਮੁੱਖ ਵਿਚੋਂ ਬੋਲ ਰਹੇ ਸਨ:

ਬਿਸਰਿ ਗਈ ਸਭ ਤਾਤਿ ਪਰਾਈ।। ਜਬ ਤੇ ਸਾਧਸੰਗਤਿ ਮੋਹਿ ਪਾਈ।।

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।

  ਤੇਰਾ ਕੀਆ ਮੀਠਾ ਲਾਗੈ।।ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।

 ਸਾਂਈ ਮੀਆਂ ਮੀਰ ਜੀ ਆਏ ਗੁਰੂ ਜੀ ਵੱਲ ਦੇਖ ਕੇ ਕਹਿਣ ਲੱਗੇ ਮੈਨੂੰ ਆਗਿਆ ਦਿਓ ਜਿਨਾ ਨੇ ਤੁਹਾਡੇ ਉਤੇ ਏਨਾ ਜ਼ੁਲਮ ਕੀਤਾ ਮੈਂ ਉਸ ਦਿੱਲੀ ਅਤੇ ਲਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ,ਗੁਰੂ ਜੀ ਨੇ ਸਾਂਈ ਮੀਆਂ ਮੀਰ ਜੀ ਨੂੰ ਸਮਝਾਇਆ, ਕਿ ਦੁਖ ਤੇ ਸੁਖ, ਜੀਵਨ ਦੇ ਵਿੱਚ ਕੱਪੜਿਆਂ ਦੀ ਤਰ੍ਹਾਂ ਹਨ ,ਜਿਸ ਨੂੰ, ਮਨੁੱਖ ਨੂੰ ਪਾਉਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ, ਸਦਾ ਸੁੱਖ ਦੀ ਹੀ ਤਾਂਘ ਨਹੀਂ ਰੱਖਣੀ ਚਾਹੀਦੀ  ਉਹ ਨਿਰੰਕਾਰ ਜੋ ਕਰਦਾ ਹੈ ਚੰਗਾ ਕਰਦਾ ਹੈ ਅਤੇ ਉਸ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਗੁਰੂ ਜੀ ਨੇ ਜੋ ਸਾਂਈ ਮੀਆਂ ਮੀਰ ਜੀ ਨੂੰ ਸਮਝਾਇਆ, ਕਿਸੇ ਕਵੀ ਨੇ ਲਿਖਿਆ।।

ਮੀਆਂ ਛੋਡੋ ਯਾਰੀ ਚਾਮ ਸੇ,

ਕਿਆ ਹੂਆ ਤਨ ਤਪ ਰਹਾ ਹੈ,

ਹਮ ਸਾਂਤ ਹੈ ਹਰੀ ਨਾਮ ਸੇ।

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਇਹਨਾਂ ਦੀ ਮੌਤ ਵੀ ਕੌਮ ਦੀ ਜ਼ਿੰਦਗੀ ਬਣਦੀ ਹੈ,ਇੱਕ ਕਵੀ ਹੋਰ ਲਿਖਦਾ ਹੈ:

ਸ਼ਹੀਦ ਕੀ ਜੋ ਮੌਤ ਹੈ,ਵੋ ਕੌਮ ਕੀ ਹਯਾਤ(ਜ਼ਿੰਦਗੀ) ਹੈ ,

ਵੋ ਹਯਾਤ ਤੋ ਹਯਾਤ ਹੈ, ਵੋ ਮੌਤ ਵੀ ਹਯਾਤ ਹੈ।

ਗੁਰੂ ਜੀ ਨੇ ਸਾਂਈ ਮੀਆਂ ਮੀਰ ਜੀ ਨੂੰ ਆਖਿਆ, ਇੱਕ ਨੀਂਹ ਹਰਮੰਦਿਰ ਸਾਹਿਬ ਦੀ ਤੁਸੀਂ ਰੱਖੀ,ਤੇ ਇੱਕ ਸਿੱਖੀ ਦੀ ਨੀਂਹ ਅੱਜ ਅਸੀਂ ਰੱਖਣ ਲੱਗੇ ਹਾਂ, ਤੁਸੀਂ ਸ਼ਾਂਤ ਰਹੋ ਤੇ ਉਸ ਖ਼ੁਦਾ ਦੀ ਰਜ਼ਾ ਵਿੱਚ ਰਹੋ। ਗੁਰੂ ਸਾਹਿਬ ਜੀ ਨਿਰੰਕਾਰ ਦੀ ਰਜ਼ਾ ਵਿੱਚ ਸਰੀਰ ਤੇ ਕਸ਼ਟ ਸਹਾਰਦੇ ਰਹੇ। ਆਖਿਰ ਕਾਰ ਗੁਰੂ ਜੀ ਨੂੰ ਪੰਜਵੇਂ ਦਿਨ ਰਾਵੀ ਦੇ ਠੰਡੇ ਪਾਣੀ ਵਿੱਚ ਲਿਜਾਇਆ ਗਿਆ, ਰਾਵੀ ਦਰਿਆ ਦੇ ਵਿੱਚ ਗੁਰੂ ਅਰਜੁਨ ਦੇਵ ਜੀ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਦੇ ਹੋਏ ,੩੦ ਮਈ,੧੬੦੬ ਈਸਵੀ ਨੂੰ ਜੋਤੀ ਜੋਤਿ ਸਮਾ ਗਏ ।

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ।।

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ।।

 ਜਸਵੰਤ ਸਿੰਘ ਸੂਹਰੋਂ
ਸੰ.ਨੰ:-98147-74146

Leave a Reply

Your email address will not be published. Required fields are marked *

%d bloggers like this: