ਸ਼ਹਾਦਤਾਂ ਪਾਉਣ ਵਾਲੇ ਸੂਰਬੀਰ, ਯੋਧਿਆਂ ਨੂੰ ਇੱਕ ਸ਼ਰਧਾਜ਼ਲੀ ਫ਼ਿਲਮ- ‘ਸੱਜਣ ਸਿੰਘ ਰੰਗਰੂਟ’

ss1

ਸ਼ਹਾਦਤਾਂ ਪਾਉਣ ਵਾਲੇ ਸੂਰਬੀਰ, ਯੋਧਿਆਂ ਨੂੰ ਇੱਕ ਸ਼ਰਧਾਜ਼ਲੀ ਫ਼ਿਲਮ- ‘ਸੱਜਣ ਸਿੰਘ ਰੰਗਰੂਟ’

ਕਾਮੇਡੀ ਤੋਂ ਬਾਅਦ ਵਿਰਾਸਤੀ ਸਿਨਮੇ ਨੂੰ ਮਿਲੀ ਸਫਲਤਾ ਨੇ ਹੁਣ ਦੇਸ਼ ਦੀਆਂ ਸਰਹੱਦਾਂ ‘ਤੇ ਲੜ੍ਹਨ ਵਾਲੇ ਸੂਰਬੀਰ, ਯੋਧਿਆਂ ਅਧਾਰਤ ਫਿਲ਼ਮਾਂ ਦਾ ਨਿਰਮਾਣ ਆਰੰਭਿਆਂ ਹੈ। ਕਈ ਸਾਲ ਪਹਿਲਾਂ ਇੱਕ ਫ਼ਿਲਮ ‘ਉਡੀਕਾਂ’ ਆਈ ਸੀ ਜਿਸ ਵਿੱਚ ਫ਼ੌਜੀ ਜੀਵਨ ਨੂੰ ਬਹੁਤ ਨੇੜਿਓ ਹੋ ਕੇ ਪਰਦੇ ‘ਤੇ ਉਤਾਰਿਆ ਗਿਆ ਸੀ। ਇਸ ਵੇਲੇ ਫ਼ੌਜੀ ਜੀਵਨ ਨਾਲ ਸਬੰਧਤ ਵੱਡੇ ਬਜਟ ਦੀਆਂ ਦੋ ਪੰਜਾਬੀ ਫ਼ਿਲਮਾਂ ‘ਸੱਜਣ ਸਿੰਘ ਰੰਗਰੂਟ’ ਅਤੇ ‘ਸੂਬੇਦਾਰ ਜੁਗਿੰਦਰ ਸਿੰਘ’ ਬਣ ਕੇ ਤਿਆਰ ਹਨ। ਭਗਤ ਸਿੰਘ ਦੀ ਸਹਾਦਤ ਵਾਲੇ ਦਿਨ 23 ਮਾਰਚ ਨੂੰ ਰਿਲੀਜ ਹੋ ਰਹੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਵਿੱਚ ਨਿਰਦੇਸ਼ਕ ਪੰਕਜ ਬੱਤਰਾ ਨੇ ਪਹਿਲੀ ਸੰਸਾਰ ਜੰਗ ਵਿੱਚ ਅੰਗਰੇਜ਼ਾਂ ਲਈ ਲੜ੍ਹਨ ਵਾਲੇ ਸਿੱਖ ਫ਼ੌਜੀਆਂ ਦੀ ਹੱਡ-ਬੀਤੀਆਂ ਨੂੰ ਪਰਦੇ ‘ਤੇ ਉਤਾਰਣ ਦਾ ਯਤਨ ਕੀਤਾ ਹੈ। ਅੱਜ ਦੀ ਪੀੜ੍ਹੀ ਦੇ ਬਹੁਤੇ ਲੋਕ ਇਸ ਇਤਿਹਾਸਕ ਜੰਗ ਦੀਆਂ ਘਟਨਾਵਾਂ ਤੋ ਬੇਖ਼ਬਰ ਹੋਣਗੇ । ਇਸ ਫ਼ਿਲਮ ਵਿਚ ਭਾਰਤੀ ਫ਼ੌਜਾਂ ਬ੍ਰਿਟਿਸ਼ ਸਰਕਾਰ ਲਈ ਜਰਮਨੀ ਤੇ ਹੋਰ ਦੇਸ਼ਾਂ ਨਾਲ ਲੜਦੇ ਹਨ। ਜਿਹੜੇ ਦਰਸ਼ਕ ਦਿਲਜੀਤ ਦੁਸ਼ਾਝ ਦੀਆਂ ਫ਼ਿਲਮਾਂ ਨੂੰ ਉਸਦੀ ਓਵਰ-ਐਕਟਿੰਗ ਵਾਲੀ ਅਦਾਕਾਰੀ ਕਹਿ ਕੇ ਬਕਵਾਸ ਗਿਣਦੇ ਰਹੇ, ਉਨ੍ਹਾਂ ਦਾ ਭਰਮ ਭੁਲੇਖਾ ਇਹ ਫ਼ਿਲਮ ਵੇਖਦਿਆਂ ਯਕੀਨਣ ਦੂਰ ਹੋਵੇਗਾ। ‘ਪੰਜਾਬ 1947’ ਵਾਂਗ ਇਸ ਫ਼ਿਲਮ ਵਿੱਚ ਦਿਲਜੀਤ ਦਾ ਕਿਰਦਾਰ ਬਹੁਤ ਹੀ ਸੰਜੀਦਾ ਅਤੇ ਭਾਵੁਕ ਭਰਿਆ ਨਜ਼ਰ ਆਵੇਗਾ। ਦਰਸ਼ਕ ਇਸ ਫ਼ਿਲਮ ਵਿੱਚ ਗਾਇਕ ਦਿਲਜੀਤ ਨਾਲ ਇੱਕ ਹੋਰ ਚਰਚਿਤ ਗਾਇਕਾ ਸੁਨੰਦਾ ਸ਼ਰਮਾਂ ਨੂੰ ਪਹਿਲੀ ਵਾਰ ਪਰਦੇ ‘ਤੇ ਵੇਖਣਗੇ। ਸੁਨੰਦਾ ਸ਼ਰਮਾ ਕਮਾਲ ਦੀ ਅਦਾਕਾਰੀ ਦਰਸ਼ਕਾਂ ਦੇ ਦਿਲਾਂ ‘ਤੇ ਆਪਣੀ ਅਮਿੱਟ ਛਾਪ ਛੱਡੇਗੀ।ਫਿਲ਼ਮ ਵਿੱਚਲੇ ਜੰਗ ਦੇ ਸ਼ੀਨ ਕਿਸੇ ਹਾਲੀਵੱਡ ਫ਼ਿਲਮ ਦੀ ਜੰਗ ਦਾ ਭੁਲੇਖਾ ਪਾਉਂਦੇ ਨਜ਼ਰ ਆਉਣਗੇ।

ਫ਼ਿਲਮ ਦੀ ਬਹੁਤੀ ਸੂਟਿੰਗ ਇੰਗਲੈਂਡ ਹੋਈ ਹੈ ਜਿਸ ਕਰਕੇ ਕੁਝ ਵਿਦੇਸ਼ੀ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ। ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ ਕਿ ਪਹਿਲੇ ਵਿਸ਼ਵ ਯੁੱਧ ‘ਤੇ ਅਧਾਰਿਤ ਇਹ ਫ਼ਿਲਮ ਸੁਮੱਚੀ ਦੁਨੀਆਂ ਵਿੱਚ ਪੰਜਾਬੀ ਕੌਮ ਦਾ ਮਾਣ ਹੋਰ ਵਧਾਵੇਗੀ। ਦੁਨੀਆਂ ਦੇ ਨਾਲ ਨਾਲ ਹੁਣ ਸਿਨੇਮਾ ਵੀ ਗਲੋਬਲ ਹੋ ਗਿਆ ਹੈ। ਭਾਸ਼ਾ ਕਿਸੇ ਵੀ ਫ਼ਿਲਮ ਲਈ ਸਮੱਸਿਆ ਨਹੀਂ ਰਹੀ। ਉਹ ਇਸ ਫ਼ਿਲਮ ਨੂੰ ਹਿੰਦੀ ਭਾਸ਼ਾ ਵਿੱਚ ਵੀ ਬਣਾ ਸਕਦੇ ਸਨ, ਪਰ ਉਹਨਾਂ ਪੰਜਾਬੀ ਬੋਲੀ ਨੂੰ ਹੀ ਪਹਿਲ ਦਿੱਤੀ ਹੈ ਕਿਉਂਕਿ ਇਹ ਫ਼ਿਲਮ ਜਰਮਨ ਖਿਲਾਫ਼ ਲੜੇ ਭਾਰਤੀ ਸੈਨਿਕਾਂ ਖਾਸ ਕਰਕੇ ਪੰਜਾਬੀ ਸੈਨਿਕਾਂ ਦੇ ਬਲੀਦਾਨ ਦੀ ਕਹਾਣੀ ਹੈ। ਉਹਨਾਂ ਮੁਤਾਬਕ ਜੇ ਬਾਹੂਬਲੀ ਵਰਗੇ ਖ਼ੇਤਰੀ ਭਾਸ਼ਾ ਦੀ ਫ਼ਿਲਮ ਦੁਨੀਆਂ ਭਰ ਵਿੱਚ ਨਾਮਣਾ ਖੱਟ ਸਕਦੀ ਹੈ ਤਾਂ ਫਿਰ ਪੰਜਾਬੀ ਫ਼ਿਲਮ ਕਿਉਂ ਨਹੀਂ। ਪੀਰੀਅਡ ਫ਼ਿਲਮ ਹੋਣ ਕਾਰਨ ਹਰ ਨਿੱਕੀ ਤੋਂ ਨਿੱਕੀ ਗੱਲ ਦਾ ਖ਼ਿਆਲ ਰੱਖਿਆ ਗਿਆ ਹੈ।
ਫ਼ਿਲਮ ਵਿੱਚ ਯੋਗਰਾਜ ਸਿੰਘ ਨੇ ਸੂਬੇਦਾਰ ਦਾ ਕਿਰਦਾਰ ਨਿਭਾਇਆ ਹੈ ਜੋ ਲੀਕ ਤੋਂ ਹਟਕੇ ਹੈ। ਫ਼ਿਲਮ ਦੀ ਕਹਾਣੀ ਗੁਰਪ੍ਰੀਤ ਸਿੰਘ ਭਲੇਰੀ ਨੇ ਲਿਖੀ ਹੈ, ਸਕਰੀਨ ਪਲੇਅ ਪੰਕਜ ਬੱਤਰਾ ਨੇ ਤਿਆਰ ਕੀਤਾ ਹੈ ਤੇ ਸੰਵਾਦ ਜਤਿੰਦਰ ਲੱਲ ਨੇ ਲਿਖੇ ਹਨ। ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਇਸ ਫ਼ਿਲਮ ਵਿੱਚ ਦਿਲਜੀਤ ਦੁਸਾਂਝ, ਸੁਨੰਦਾ ਸ਼ਰਮਾਂ,ਯੋਗਰਾਜ ਸਿੰਘ,ਜਰਨੈਲ ਸਿੰਘ,ਜਗਜੀਤ ਸੰਧੂ ਤੇ ਧੀਰਜ ਕੁਮਾਰ ਅਤੇ ਕੁਝ ਵਿਦੇਸ਼ੀ ਕਲਾਕਾਰ ਡੈਰਨ ਟੈਸ਼ਲ, ਐਲਕਿਸ਼, ਪੀਟਰ ਇਰਵਨ, ਰੀਨੋ ਕੌਸ਼ਟਾ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਨਿਰਮਾਤਾ ਜੈ ਸੈਣੀ,ਸੋਨਾ ਸੈਣੀ ਤੇ ਬੌਬੀ ਬਜਾਜ ਹਨ।
ਸੱਜਣ ਸਿੰਘ ਰੰਗਰੂਟ ਨਾਲ ਪੰਜਾਬੀ ਸਿਨਮੇ ਵਿੱਚ ਆ ਰਹੇ ਇਸ ਬਦਲਾਓ ਨਾਲ ਪੰਜਾਬੀ ਦਰਸ਼ਕਾਂ ਦਾ ਟੇਸਟ ਹੀ ਨਹੀਂ ਬਦਲੇਗਾ ਬਲਕਿ ਦੇਸ਼ ਕੌਮ ਲਈ ਸ਼ਹਾਦਤਾਂ ਪਾਉਣ ਵਾਲਿਆਂ ਸੁਰਮਿਆਂ ਨੂੰ ਇੱਕ ਸ਼ਰਧਾਜ਼ਲੀ ਵੀ ਹੋਵੇਗੀ।

ਲੇਖਕ- ਹਰਜਿੰਦਰ ਸਿੰਘ ਜਵੰਦਾ

Share Button

Leave a Reply

Your email address will not be published. Required fields are marked *