Mon. Jul 15th, 2019

ਸ਼ਰਾਬ ਦੀ ਸਮੱਗਲਿੰਗ ਕਰਦੇ ਹੈੱਡ ਕਾਂਸਟੇਬਲ ਨੂੰ ਪੁਲਸ ਨੇ ਕੀਤਾ ਕਾਬੂ

ਸ਼ਰਾਬ ਦੀ ਸਮੱਗਲਿੰਗ ਕਰਦੇ ਹੈੱਡ ਕਾਂਸਟੇਬਲ ਨੂੰ ਪੁਲਸ ਨੇ ਕੀਤਾ ਕਾਬੂ

ਜਲੰਧਰ— ਸਮੱਗਲਰਾਂ ਨਾਲ ਮਿਲ ਕੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਪੁਲਸ ਲਾਈਨ ‘ਚ ਤਾਇਨਾਤ ਹੈੱਡ ਕਾਂਸਟੇਬਲ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸ ਦੇ ਨਾਲ 2 ਸ਼ਰਾਬ ਸਮੱਗਲਰ ਵੀ ਪੁਲਸ ਹੱਥੇ ਚੜ੍ਹੇ ਹਨ। ਸਪੈਸ਼ਲ ਆਪਰੇਸ਼ਨ ਯੂਨਿਟ ਦੇ ਇੰਚਾਰਜ ਨਵਦੀਪ ਸਿੰਘ ਨੇ ਗੁਪਤ ਸੂਚਨਾ ‘ਤੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ 44 ਪੇਟੀਆਂ ਸ਼ਰਾਬ ਬਰਾਮਦ ਹੋਈ। ਮੁਲਜ਼ਮ ਢਿੱਲਵਾਂ ਤੋਂ ਮਾਰੂਤੀ ਕਾਰ ਵਿਚ ਸ਼ਰਾਬ ਲੈ ਕੇ ਆ ਰਿਹਾ ਸੀ।
ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਰੂਤੀ ਕਾਰ ‘ਚ ਕੁਝ ਸਮੱਗਲਰ ਢਿੱਲਵਾਂ ਤੋਂ ਸ਼ਰਾਬ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੀ ਟੀਮ ਨਾਲ ਲੰਮਾ ਪਿੰਡ ਚੌਕ ‘ਚ ਨਾਕਾਬੰਦੀ ਕੀਤੀ। ਪੁਲਸ ਟੀਮ ਨੇ ਦੇਖਿਆ ਕਿ ਕਾਰ ਦੇ ਅੱਗੇ ਆ ਰਹੀਆਂ ਦੋ ਐਕਟਿਵਾ ਅਚਾਨਕ ਰੁਕ ਗਈਆਂ। ਮਾਰੂਤੀ ਕਾਰ ਚਾਲਕ ਨੇ ਵੀ ਗੱਡੀ ਰੋਕ ਲਈ ਅਤੇ ਮੋੜਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਕਾਰ ਅਤੇ ਦੋਵੇਂ ਐਕਟਿਵਾ ਘੇਰ ਲਈਆਂ।
ਕਾਰ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 44 ਪੇਟੀਆਂ ਸ਼ਰਾਬ ਦੀਆਂ ਮਿਲੀਆਂ। ਪੁੱਛਗਿਛ ‘ਚ ਕਾਰ ਅਤੇ ਐਕਟਿਵਾ ਸਵਾਰਾਂ ਨੇ ਆਪਣੀ ਪਛਾਣ ਰਾਕੇਸ਼ ਕੁਮਾਰ ਪੁੱਤਰ ਪ੍ਰਕਾਸ਼ ਵਾਸੀ ਬਚਿੰਤ ਨਗਰ, ਗੁਰਜੀਤ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਸਰਾਭਾ ਨਗਰ ਅਤੇ ਅਵਤਾਰ ਸਿੰਘ ਤਾਰੀ ਪੁੱਤਰ ਹਰਵਿਲਾਸ ਵਾਸੀ ਨੀਵੀਂ ਆਬਾਦੀ ਦੇ ਤੌਰ ‘ਤੇ ਦੱਸੀ। ਪੁਲਸ ਜਾਂਚ ਵਿਚ ਪਤਾ ਲੱਗਾ ਕਿ ਰਾਕੇਸ਼ ਕੁਮਾਰ ਪੁਲਸ ਲਾਈਨ ‘ਚ ਹੈੱਡ ਕਾਂਸਟੇਬਲ ਹੈ। ਗੁਰਜੀਤ ਸਿੰਘ ਅਤੇ ਅਵਤਾਰ ਤਾਰੀ ਦੋਵੇਂ ਸ਼ਰਾਬ ਸਮੱਗਲਰ ਹਨ, ਜਿਨ੍ਹਾਂ ਖਿਲਾਫ ਪਹਿਲਾਂ ਵੀ ਸਮੱਗਲਿੰਗ ਦੇ ਕਈ ਕੇਸ ਦਰਜ ਹਨ। ਇੰਸਪੈਕਟਰ ਨਵਦੀਪ ਸਿੰਘ ਨੇ ਕਿਹਾ ਕਿ ਗੁਰਜੀਤ ਪਹਿਲਾਂ ਸੋਨੂੰ ਨਾਂ ਦੇ ਸਮੱਗਲਰ ਲਈ ਕੰਮ ਕਰਦਾ ਸੀ ਪਰ ਉਸ ਦੇ ਜੇਲ ਜਾਣ ਤੋਂ ਬਾਅਦ ਉਹ ਆਪ ਸਮੱਗਲਿੰਗ ਕਰਨ ਲੱਗਾ। ਸੋਨੂੰ ਹੁਣ ਜ਼ਮਾਨਤ ‘ਤੇ ਹੈ। ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਹ ਢਿੱਲਵਾਂ ਤੋਂ ਸ਼ਰਾਬ ਲਿਆ ਕੇ ਜਲੰਧਰ ਵਿਚ ਵੱਖ-ਵੱਖ ਥਾਵਾਂ ‘ਤੇ ਵੇਚਦੇ ਸਨ। ਪੁਲਸ ਨੇ ਹੈੱਡ ਕਾਂਸਟੇਬਲ ਸਣੇ ਦੋਵਾਂ ਸਮੱਗਲਰਾਂ ਨੂੰ ਕੋਰਟ ਵਿਚ ਪੇਸ਼ ਕਰਕੇ ਇਕ ਦਿਨ ਦੇ ਪੁਲਸ ਰਿਮਾਂਡ ‘ਤੇ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਢਿਲਵਾਂ ਦੇ ਸ਼ਰਾਬ ਸਮੱਗਲਰ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ, ਜਦ ਕਿ ਲੋਕਲ ਲਿੰਕ ਵੀ ਖੰਗਾਲੇ ਜਾਣਗੇ।
ਰਾਕੇਸ਼ ਨੇ ਖੁਦ ਬਣਾਏ ਸਨ ਸ਼ਰਾਬ ਸਮੱਗਲਰਾਂ ਨਾਲ ਲਿੰਕ
ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਹੈੱਡ ਕਾਂਸਟੇਬਲ ਰਾਕੇਸ਼ ਨੇ ਖੁਦ ਗੁਰਜੀਤ ਸਿੰਘ ਅਤੇ ਅਵਤਾਰ ਸਿੰਘ ਤਾਰੀ ਨਾਲ ਸੰਪਰਕ ਕੀਤਾ ਸੀ। ਰਾਕੇਸ਼ ਨੇ ਉਨ੍ਹਾਂ ਨਾਲ ਸ਼ਰਾਬ ਸਮੱਗਲਿੰਗ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਝਾਂਸਾ ਦਿੱਤਾ ਸੀ ਕਿ ਉਹ ਪੁਲਸ ਰੇਡ ਦੇ ਬਾਰੇ ਹਰ ਜਾਣਕਾਰੀ ਉਨ੍ਹਾਂ ਤੱਕ ਪਹੁੰਚਾ ਦੇਵੇਗਾ। ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਕੁਝ ਸਮਾਂ ਪਹਿਲਾਂ ਹੀ ਲਾਈਨ ਹਾਜ਼ਰ ਵੀ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਥਾਣੇ ਤੋਂ ਪੁਲਸ ਲਾਈਨ ਭੇਜ ਦਿੱਤਾ ਗਿਆ ਸੀ।
ਹੈੱਡ ਕਾਂਸਟੇਬਲ ਦੀ ਪ੍ਰਾਪਰਟੀ ਦੀ ਜਾਂਚ ਕਰੇਗੀ ਪੁਲਸ
ਪੁਲਸ ਦੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਕਾਫੀ ਸਮੇਂ ਤੋਂ ਗੁਰਜੀਤ ਅਤੇ ਅਵਤਾਰ ਤਾਰੀ ਨਾਲ ਮਿਲ ਕੇ ਨਾਜਾਇਜ਼ ਸ਼ਰਾਬ ਬੇਚਣ ਦਾ ਧੰਦਾ ਕਰ ਰਿਹਾ ਸੀ। ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਰਾਕੇਸ਼ ਕੁਮਾਰ ਨੇ ਸ਼ਰਾਬ ਸਮਲਿੰਗ ਦੇ ਪੈਸਿਆਂ ਨਾਲ ਪ੍ਰਾਪਰਟੀ ਵੀ ਖਰੀਦੀ ਹੋ ਸਕਦੀ ਹੈ। ਪੁਲਸ ਦਾ ਕਹਿਣਾ ਹੈ ਕਿ ਗੁਰਜੀਤ ਅਤੇ ਅਵਤਾਰ ਤਾਰੀ ਕਾਫੀ ਪੁਰਾਣੇ ਸਮੱਗਲਰ ਹਨ ਅਤੇ ਵੱਡੇ ਲੈਵਲ ‘ਤੇ ਸ਼ਰਾਬ ਸਮੱਗਲਿੰਗ ਕਰਦੇ ਹਨ। ਜਦੋਂ ਵੀ ਸ਼ਰਾਬ ਦੀ ਖੇਪ ਢਿੱਲਵਾਂ ਤੋਂ ਲਿਆਉਣੀ ਹੁੰਦੀ ਸੀ ਤਾਂ ਹੈੱਡ ਕਾਂਸਟੇਬਲ ਰਾਕੇਸ਼ ਤੇ ਇਕ ਹੋਰ ਐਕਟਿਵਾ ਕਾਰ ਦੇ ਅੱਗੇ ਜਾਂਦੇ ਸਨ ਤਾਂ ਜੋ ਪੁਲਸ ਨਾਕੇ ਦਾ ਪਹਿਲਾਂ ਹੀ ਪਤਾ ਲੱਗ ਸਕੇ ਤੇ ਕਾਰ ਨੂੰ ਉਥੋਂ ਭਜਾ ਦਿੱਤਾ ਜਾਵੇ।

Leave a Reply

Your email address will not be published. Required fields are marked *

%d bloggers like this: