ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਵੋਟ ਦੀ ਕੀਮਤ ਨੂੰ ਸਮਝਣ ਦੀ ਲੋੜ

ਵੋਟ ਦੀ ਕੀਮਤ ਨੂੰ ਸਮਝਣ ਦੀ ਲੋੜ

ਸਾਡੇ ਦੇਸ਼ ਨੂੰ ਗੁਲਾਮੀ ਦੇ ਜੂਲੇ ਹੇਠ ਲੰਮਾ ਸਮਾਂ ਰਹਿਣਾ ਪਿਆ। ਪੰਦਰਾਂ ਅਗਸਤ 1947 ਨੂੰ ਲੰਬੇ ਸੰਘਰਸ਼ ਬਾਅਦ ਅਨੇਕਾਂ ਕੁਰਬਾਨੀਆਂ ਦੇਕੇ ਦੇਸ਼ ਨੂੰ ਆਜ਼ਾਦੀ ਮਿਲ ਗਈ। ਦੇਸ਼ ਦਾ ਸਾਸ਼ਨ ਚਲਾਉਣ ਲਈ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ ਸੰਵਿਧਾਨ ਤਿਆਰ ਕਰਕੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ।ਸਾਡੇ ਦੇਸ਼ ਨੂੰ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਣ ਦਾ ਮਾਣ ਹੈ।ਲੋਕਾਂ ਵਲੋਂ ਲੋਕਤੰਤਰ ਸਰਕਾਰ ਚੁਣਨ ਲਈ ਵੋਟ ਦੀ ਵਰਤੋਂ ਕੀਤੀ ਜਾਂਦੀ ਹੈ,18 ਸਾਲ ਦੀ ਉਮਰ ਦੇ ਹਰੇਕ ਭਾਰਤੀ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਸਦਾ ਵੋਟਰ ਸੂਚੀ ਵਿੱਚ ਨਾਂ ਦਰਜ਼ ਹੋਵੇ।ਇੱਕ ਇੱਕ ਵੋਟ ਨੇ ਮਿਲ ਕੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣਾ ਹੈ। ਵੋਟ ਆਪਣੀ ਹੈ,ਇਸ ਦੀ ਵਰਤੋਂ ਗੁਪਤ ਤੌਰ ਤੇ ਕੀਤੀ ਜਾਂਦੀ ਹੈ।ਸੋ ਸਾਨੂੰ ਵੋਟ ਪਾਉਣ ਤੋਂ ਪਹਿਲਾਂ ਚੋਣ ਲੜ ਰਹੇ ਉਮੀਦਵਾਰਾਂ ਬਾਰੇ ਪੂਰੀ ਡੂੰਘਾਈ ਨਾਲ ਉਨ੍ਹਾਂ ਦੇ ਗੁਣਾਂ,ਔਗੁਣਾਂ ਬਾਰੇ ਵਿਚਾਰ ਲੈਣਾ ਚਾਹੀਦਾ ਹੈ।ਵੋਟ ਦੀ ਤਾਕਤ ਉਦੋਂ ਜ਼ਿਆਦਾ ਪਤਾ ਲੱਗਦੀ ਜਦੋਂ ਜੇਤੂ ਉਮੀਦਵਾਰ ਦਾ ਫਰਕ ਬਹੁਤ ਘੱਟ ਵੋਟਾਂ ਨਾਲ ਹੁੰਦਾ ਹੈ।ਪਿਛਲੇ ਸਾਲ ਮਿਜ਼ੋਰਾਮ ਵਿਧਾਨ ਸਭਾ ਚੋਣਾਂ ‘ਚ ਇੱਕ ਵਿਧਾਨ ਸਭਾ ਮੈਂਬਰ ਸਿਰਫ ੩ ਵੋਟਾਂ ਦੇ ਫਰਕ ਨਾਲ ਹੀ ਜਿੱਤ ਸਕਿਆ।ਇੱਕ ਪਰਿਵਾਰ ਵੀ ਉਸ ਲਈ ਅਹਿਮ ਸੀ।
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੱਡੇ ਵੱਡੇ ਵਾਅਦੇ ਚੋਣ ਮਨੋਰਥਾਂ ਵਿੱਚ ਕਰਕੇ ਵੋਟਰਾਂ ਨੰ ਭਰਮਾਇਆ ਗਿਆ ਜੋ ਕਿ ਸ਼ੋਸ਼ਲ ਮੀਡੀਆ ਰਾਹੀਂ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸ ਨੇ ਕੀ ਕੀ ਵਾਅਦਾ ਕੀਤਾ ਸੀ।ਦਲ ਬਦਲੂਆਂ ਦੇ ਆਪਾ ਵਿਰੋਧੀ ਭਾਸ਼ਨ ਸੁਣ ਕੇ ਵਿਸ਼ਵਾਸ਼ ਨਾ ਦੀ ਕੋਈ ਗੱਲ ਹੀ ਨਹੀਂ ਰਹੀ ਜਿਵੇਂ ਸਿਆਸਤ ਵਿੱਚ ਸਭ ਕੁਝ ਮਾਫ ਹੀ ਹੁੰਦਾ ਹੈ।ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਹੀ ਹਾਲ ਹੁੰਦਾ ਆ ਰਿਹਾ ਹੈ।ਸੱਤਾ ‘ਚ ਆਉਣ ਤੇ ਉਹੀ ਪਾਰਟੀਆਂ ਨੇ ਵਾਅਦੇ ਪੂਰ ਕਰਨ ਵਾਲੀ ਗੱਲ ਤੋਂ ਦੂਰੀ ਬਣਾ ਕੇ ਹੀ ਰੱਖਣ ਦੀ ਪ੍ਰੰਪਰਾ ਨੂੰ ਅੱਗੇ ਹੀ ਤੋਰਿਆ ਹੈ।ਇਸ ਲਈ ਚੋਣ ਕਮਿਸ਼ਨ ਨੂੰ ਝੂਠੇ ਵਾਅਦੇ ਕਰਕੇ ਵੋਟਾਂ ਬਟੋਰਨ ਦੇ ਚਲ ਰਹੇ ਰੁਝਾਣ ਨੂੰ ਰੋਕਣ ਲਈ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।ਪਿਛਲੀਆਂ ਕਈ ਚੋਣਾਂ ਦੇ ਤਜ਼ਰਬਿਆਂ ਤੋਂ ਬਹੁਤੇ ਵੋਟਰ ਬਹੁਤ ਕੁਝ ਸਿੱਖ ਭਾਵੇਂ ਗਏ ਪਰ ਤਰਾਸ਼ਦੀ ਇਹ ਹੈ ਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਸਾਹਮਣੇ ਨਹੀਂ ਦਿੱਸਦਾ,ਇਸ ਕਰਕੇ ਮਜਬੂਰੀ ਵਸ਼ ਉਨ੍ਹਾਂ ‘ਚੋਂ ਹੀ ਇੱਕ ਨੂੰ ਵੋਟ ਪਾ ਦਿਂਦੇ ਹਨ ।ਬਹੁਤੇ ਵੋਟਰ ਪਾਰਟੀਆਂ ਨਾਲ ਜੁੜੇ ਹੁੰਦੇ ਹਨ ,ਉਹ ਉਮੀਦਵਾਰ ਦੀ ਕਾਬਲੀਅਤ ਨਹੀਂ ਦੇਖਦੇ ਸਗੋਂ ਪਾਰਟੀ ਦੇਖ ਕੇ ਵੋਟ ਪਾ ਦਿੰਦੇ ਹਨ। ਉਮੀਦਵਾਰਾਂ ਵਲੋਂ ਵੋਟਰਾਂ ਨੂੰ ਖਾਸ ਕਰਕੇ ਅਨਪੜ੍ਹ ਅਤੇ ਗਰੀਬ ਵੋਟਰਾਂ ਨੂੰ ਲਾਲਚ ਦੇ ਕੇ ਭਰਮਾਇਆ ਜਾਂਦਾ ਹੈ।ਇਹ ਤਰਾਸ਼ਦੀ ਸਾਡੇ ਸਿੱਖਿਆ ਤੰਤਰ ਦੀ ਹੈ ਕਿਉਂ ਕਿ ਆਜ਼ਾਦੀ ਤੋਂ ਬਾਅਦ ਹਰ ਇੱਕ ਨਾਗਰਿਕ ਨੂੰ ਲਾਜ਼ਮੀ ਸਿੱਖਿਆ ਪਹਿਲੇ ਦਹਾਕੇ ਦੇਣ ਦਾ ਵਾਅਦਾ ਅੱਜ ਸੱਤ ਦਹਾਕੇ ਬਾਅਦ ਵੀ ਪੂਰਾ ਨਹੀਂ ਹੋ ਸਕਿਆ।ਵੋਟ ਦੀ ਮਹੱਤਤਾ ਪੜ੍ਹਿਆ ਲਿਖਿਆ ਹੀ ਸਮਝ ਸਕਦਾ ਹੈ।ਚੋਣ ਲੜਣ ਵਾਲੇ ਉਮੀਦਵਾਰ ਇੱਕ ਦੂਜੇ ਤੇ ਹੇਠਲੇ ਪੱਧਰ ਦੇ ਘਟੀਆ ਕਿਸਮ ਦੇ ਦੋਸ਼ ਲਾ ਕੇ ਭੰਡਦੇ ਹਨ। ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਕੀ ਇਹੋ ਜਿਹੀ ਆਜ਼ਾਦੀ ਹੀ ਚਾਹੁੰਦੇ ਹੋਣਗੇ ਜਿਸ ਅੰਦਰ ਇਥੋਂ ਦੇ ਨੇਤਾ ਇੱਕ ਦੂਜੇ ਤੇ ਦੇਸ਼ ਨੂੰ ਲੁਟਣ ਦਾ ਇਲਜ਼ਾਮ ਵੀ ਲਾਉਣਗੇ।ਫਿਰ ਗੁਲਾਮ ਅਤੇ ਆਜਾਦ ਦੇਸ਼ ‘ਚ ਕੀ ਅੰਤਰ ਰਹਿ ਗਿਆ।ਕੋਈ ਵੀ ਮਾਮੂਲੀ ਨੇਤਾ ਸੱਤਾ ਦਾ ਆਨੰਦ ਮਾਣਨ ਤੋਂ ਬਾਅਦ ਕਰੌੜਾਂਪਤੀ ਹੋ ਜਾਂਦਾ ਹੈ ।ਲੋਕ ਇਲਜ਼ਾਮ ਘੱਟ ਲਾਉਂਦੇ ਨੇ ਪਰ ਲੀਡਰ ਇੱਕ ਦੂਜੇ ਤੇ ਵੱਧ ਇਲਜ਼ਾਮ ਲਾਉਂਦੇ ਨੇ।
ਕਈ ਲੋਕ ਸੋਚਦੇ ਹਨ ਕਿ ਵੱਡੀਆਂ ਪਾਰਟੀਆਂ ਤੋਂ ਬਿਨ੍ਹਾਂ ਛੋਟੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ਨੂੰ ਵੋਟ ਪਾਉਣੀ ਵਿਅਰਥ ਹੈ ਕਿਉਂਕਿ ਉਹ ਸਰਕਾਰ ਨਹੀਂ ਬਣਾ ਸਕਦੇ।ਪਰ ਹੁਣ ਵੋਟਰਾਂ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਗੰਭੀਰਤਾ ਨਾਲ ਸੋਚਣ ਦੀ ਲੋੜ ਪਵੇਗੀ ਤਾਂ ਜੋ ਵਧੀਆ ਕਿਰਦਾਰ ਵਾਲੇ ਉਮੀਦਵਾਰ ਜਿੱਤ ਕੇ ਆਉਣ ਤਾਂ ਜੋ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਲੋਕ ਭਲਾਈ ਦੇ ਹੀ ਕੰੰਮ ਕਰਨ।ਛੋਟੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਪਰੈਸ਼ਰ ਗਰੁੱਪ ਦੇ ਤੌਰ ਤੇ ਘੱਟ ਗਿਣਤੀ ‘ਚ ਪ੍ਰਮੁੱਖ ਪਾਰਟੀਆਂ ਦੇ ਰਹਿਣ ਤੇ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਸਰਕਾਰ ਆਪਣੀ ਮਰਜ਼ੀ ਨਾਲ ਬਣਾਉਣ ਲਈ ਬਹੁਤ ਵਧੀਆ ਰੋਲ ਅਦਾ ਕਰ ਸਕਦੇ ਹਨ।ਜੇਕਰ ਚੰਗੇ ਕਿਰਦਾਰ ਵਾਲੇ ਥੋੜੇ ਮੈਂਬਰਾਂ ਦੀ ਵੀ ਪਹਿਚਾਣ ਕਰ ਲਈਏ,ਜੋ ਕਿ ਸਰਕਾਰ ਤੇ ਦਬਾਅ ਬਣਾ ਕੇ ਰੱਖਣ ਦੇ ਸਮਰੱਥ ਹੋਣ ਇਸ ਨਾਲ ਚੰਗੇ ਫੈਸ਼ਲਿਆਂ ਦੀ ਆਸ ਬੱਝੇਗੀ। ਸੋ ਸਾਨੂੰ ਵੋਟ ਕਿਸੇ ਲਾਲਚ ,ਡਰ,ਨਸ਼ੇ,ਪੈਸੇ ,ਦਬਾਅ ਆਦਿ ਤੋਂ ਮੁਕਤ ਹੋ ਕੇ ਪਾਉਣੀ ਚਾਹੀਦੀ ਹੈ।ਹਾਂ ਜੇਕਰ ਕਿਸੇ ਹਲਕੇ ਵਿੱਚ ਕਿਸੇ ਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਤਾਂ ਉਹ ‘ਨੋਟਾ’ ਨੂੰ ਵੋਟ ਪਾਕੇ ਸਾਰੇ ਉਮੀਦਵਾਰਾਂ ਪ੍ਰਤੀ ਆਪਣੀ ਨਾਪਸ਼ੰਦਗੀ ਜ਼ਾਹਿਰ ਵੀ ਕਰ ਸਕਦਾ ਹੈ।ਸੋ ਲੋਕਤੰਤਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਾਰਿਆਂ ਨੂੰ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ,ਜੋ ਕਿ ਆਪਣੇ ਪਸ਼ੰਦੀਦਾ ਮੈਂਬਰ ਨੂੰ ਚੁਣਨ ਦੀ ਸ਼ਕਤੀ ਰੱਖਦੀ ਹੈ।ਕਈ ਵੋਟਰ ਸੋਚਦੇ ਹੋਣਗੇ ਕਿ ਮੇਰੀ ਵੋਟ ਨਾਲ ਕੀ ਫਰਕ ਪੈਣਾ,ਨਹੀਂ ਇੱਕ ਇੱਕ ਬੂੰਦ ਨਾਲ ਜਿਵੇਂ ਘੜਾ ਭਰ ਜਾਂਦਾ ਇਸੇ ਤਰ੍ਹਾਂ ਇੱਕ ਇੱਕ ਵੋਟ ਵੀ ਜਿੱਤਾਉਣ ਦੀ ਸ਼ਕਤੀ ਰੱਖਦੀ ਹੈ।

ਮੇਜਰ ਸਿੰਘ ਨਾਭਾ
ਪਟਿਆਲਾ

Leave a Reply

Your email address will not be published. Required fields are marked *

%d bloggers like this: