ਵੈਨਕੂਵਰ ਵਿਚਾਰ ਮੰਚ ਵੱਲੋਂ ਚਰਨਪਾਲ ਗਿੱਲ ਨੂੰ ਸ਼ਰਧਾਂਜ਼ਲੀ ਅਤੇ ਭਾਰਤੀ ਕਿਸਾਨ ਅੰਦੋਲਨ ਉਪਰ ਵਿਚਾਰ ਚਰਚਾ

ਵੈਨਕੂਵਰ ਵਿਚਾਰ ਮੰਚ ਵੱਲੋਂ ਚਰਨਪਾਲ ਗਿੱਲ ਨੂੰ ਸ਼ਰਧਾਂਜ਼ਲੀ ਅਤੇ ਭਾਰਤੀ ਕਿਸਾਨ ਅੰਦੋਲਨ ਉਪਰ ਵਿਚਾਰ ਚਰਚਾ
ਸਰੀ, 7 ਫਰਵਰੀ 2021-ਵੈਨਕੂਵਰ ਵਿਚਾਰ ਮੰਚ ਵੱਲੋਂ ਆਪਣੀ ਮਾਸਿਕ ਵਰਚੂਅਲ ਮੀਟਿੰਗ ਵਿਚ ਪਿਕਸ (ਪ੍ਰੋਗਰੈਸਿਵ ਇੰਟਰ ਕਲਚਰਲ ਸਰਵਿਸ ਸੁਸਾਇਟੀ) ਦੇ ਬਾਨੀ ਚਰਨਪਾਲ ਸਿੰਘ ਗਿੱਲ ਦੇ ਸਦੀਵੀ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੁਆਰਾ ਭਾਈਚਾਰੇ ਲਈ ਕੀਤੇ ਕਾਰਜਾਂ ਨੂੰ ਯਾਦ ਕੀਤਾ ਅਤੇ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਮੌਜੂਦਾ ਪਹਿਲੂਆਂ ਉਪਰ ਵਿਚਾਰ ਚਰਚਾ ਕੀਤਾ।
ਮੀਟਿੰਗ ਦਾ ਆਗਾਜ਼ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਨੇ ਕੀਤਾ। ਉਨ੍ਹਾਂ ਚਰਨਪਾਲ ਸਿੰਘ ਗਿੱਲ ਦੀ ਸਾਦਾ, ਸਾਫਗੋ ਅਤੇ ਸਪੱਸ਼ਟ ਸ਼ਖ਼ਸੀਅਤ ਬਾਰੇ ਦੱਸਿਆ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਚਰਨਪਾਲ ਸਿੰਘ ਗਿੱਲ ਬਾਰੇ ਵਿਸਥਾਰ ਵਿਚ ਦਸਦਿਆਂ ਕਿਹਾ ਕਿ ਹਾਂਗਕਾਂਗ ਵਿਚ 1936 ਵਿਚ ਜਨਮੇ ਚਰਨਪਾਲ ਗਿੱਲ ਨੇ 1950 ਦੇ ਦਹਾਕੇ ਵਿਚ ਕੈਨੇਡਾ ਆ ਕੇ ਵਿਦੇਸ਼ੀ ਧਰਤੀ ਤੇ ਭਾਰਤੀਆਂ ਨਾਲ ਹੁੰਦੇ ਧੱਕੇ, ਨਸਲੀ ਵਿਤਕਰੇ ਅਤੇ ਮਨੁੱਖੀ ਹੱਕਾਂ ਲਈ ਲੰਮਾਂ ਸਮਾਂ ਸੰਘਰਸ਼ ਕੀਤਾ। ਉਨ੍ਹਾਂ ਅਨੇਕਾਂ ਸਮਾਜ ਭਲਾਈ ਕਾਰਜਾਂ ਵਿਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਪਿਕਸ ਦੀ ਸਥਾਪਨਾ ਕੀਤੀ ਜਿੱਥੇ ਕੈਨੇਡਾ ਵਿਚ ਨਵੇਂ ਆਏ ਇਮੀਗਰਾਂਟਸ ਲਈ ਕੈਨੇਡੀਅਨ ਜੀਵਨ, ਕੰਮਕਾਜ ਦੀ ਭਰਪੂਰ ਜਾਣਕਾਰੀ, ਮਦਦ, ਰੁਜ਼ਗਾਰ ਹਾਸਲ ਕਰਵਾਉਣ ਵਿਚ ਸਹਾਇਤਾ ਆਦਿ ਮੁਫਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਸੰਸਥਾ ਵੱਲੋਂ ਬਜ਼ੁਰਗਾਂ ਦੀ ਸੰਭਾਲ ਲਈ ਤਿੰਨ ਰੈਣ ਬਸੇਰੇ ਬਣਾਏ ਗਏ ਹਨ।
ਸ਼ਾਇਰ ਮੋਹਨ ਗਿੱਲ ਨੇ ਦੱਸਿਆ ਕਿ ਚਰਨਪਾਲ ਸਿੰਘ ਗਿੱਲ, ਗ਼ਦਰੀ ਸੂਰਬੀਰ ਅਤੇ ਉੱਘੇ ਇਨਕਲਾਬੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਦੋਹਤੇ ਸਨ। ਉਨ੍ਹਾਂ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ ਅਤੇ ਕਿਹਾ ਕਿ ਚਰਨਪਾਲ ਗਿੱਲ ਬਾਬਾ ਦੁੱਲਾ ਸਿੰਘ ਦੀ ਸੋਚ ਅਤੇ ਸ਼ਖ਼ਸੀਅਤ ਤੋਂ ਬੇਹੱਦ ਪ੍ਰਭਾਵਿਤ ਸਨ। ਇਸ ਮੌਕੇ ਮਰਹੂਮ ਚਰਨਪਾਲ ਸਿੰਘ ਗਿੱਲ ਨੂੰ ਮੰਚ ਦੇ ਸਮੂਹ ਮੈਂਬਰਾਂ ਵੱਲੋਂ ਸਿਜਦਾ ਕੀਤਾ ਗਿਆ।
ਮੀਟਿੰਗ ਦੇ ਦੂਜੇ ਸੈਸ਼ਨ ਵਿਚ ਭਾਰਤੀ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਉਪਰ ਵਿਚਾਰ ਪੇਸ਼ ਕਰਦਿਆਂ ਸ਼ਾਇਰ ਕਵਿੰਦਰ ਚਾਂਦ ਨੇ ਕਿਹਾ ਕਿ ਜਿਸ ਤਰ੍ਹਾਂ 26 ਜਨਵਰੀ ਤੱਕ ਸਾਰੀਆਂ ਜਥੇਬੰਦੀਆਂ ਇਕਮੁੱਠ ਹੋ ਕੇ ਸੰਘਰਸ਼ ਦੇ ਮੈਦਾਨ ਵਿਚ ਸਨ ਤਾਂ ਬਹੁਤ ਵੱਡੀ ਆਸ ਸੀ ਕਿ ਕਿਸਾਨਾਂ ਦੀ ਜਿੱਤ ਯਕੀਨੀ ਹੈ ਪਰ 26 ਜਨਵਰੀ ਤੋਂ ਬਾਅਦ ਇਹ ਸੰਘਰਸ਼ ਕਮਜ਼ੋਰ ਹੁੰਦਾ ਲੱਗ ਰਿਹਾ ਹੈ ਅਤੇ ਸਰਕਾਰੀ ਏਜੰਸੀਆਂ ਆਪਣੇ ਮਨਸੂਬਿਆਂ ਵਿਚ ਸਫਲ ਹੁੰਦੀਆਂ ਲੱਗ ਰਹੀਆਂ ਹਨ। ਮੋਹਨ ਗਿੱਲ ਨੇ ਕਿਹਾ ਕਿ ਯੂ ਪੀ ਦੇ ਕਿਸਾਨ ਆਗੂ ਟਿਕੈਤ ਨੇ ਅੰਦੋਲਨ ਵਿਚ ਮੁੜ ਤੋਂ ਸ਼ਕਤੀ ਭਰ ਦਿੱਤੀ ਹੈ ਪਰ ਜਰਨੈਲ ਸਿੰਘ ਸੇਖਾ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਕਿਤੇ ਇਹ ਅੰਦੋਲਨ ਆਪਣੇ ਮਕਸਦ ਤੋਂ ਭਟਕ ਨਾ ਜਾਵੇ। ਅੰਗਰੇਜ਼ ਬਰਾੜ ਨੇ ਕਿਹਾ ਕਿ ਸਾਡੀ ਤ੍ਰਾਸਦੀ ਹੈ ਕਿ ਰਾਜਨੀਤਨਕ ਲੋਕ ਧਰਮ ਨੂੰ ਚਲਾ ਰਹੇ ਹਨ ਜਿਸ ਕਾਰਨ ਸਾਨੂੰ ਬਹੁਤ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ। ਉਨ੍ਹਾਂ ਭਾਈਚਾਰੇ ਵਿਚ ਇਕਮੁੱਠਤਾ ਨਾ ਹੋਣ ਤੇ ਵੀ ਚਿੰਤਾ ਜ਼ਾਹਰ ਕੀਤੀ। ਪਰਮਜੀਤ ਸੇਖੋਂ ਅਤੇ ਹਰਦਮ ਸਿੰਘ ਮਾਨ ਨੇ ਇਸ ਚਰਚਾ ਵਿਚ ਸ਼ਾਮਲ ਹੁੰਦਿਆਂ ਕਿਸਾਨੀ ਸੰਘਰਸ਼ ਦੀ ਸਫਲਤਾ ਦੀ ਆਸ ਪ੍ਰਗਟਾਈ।