Sat. Dec 14th, 2019

ਵੀ.ਆਈ.ਪੀ. ਨਹੀਂ ਹਾਂ ਮੈਂ………….

ਵੀ.ਆਈ.ਪੀ. ਨਹੀਂ ਹਾਂ ਮੈਂ………….

ਦੋਸਤੋ ਮੈਂ ਕੋਈ ਵੀ.ਆਈ.ਪੀ. ਨਹੀਂ ਹਾਂ, ਜਿਸਨੂੰ ਸਰਕਾਰੇ-ਦਰਬਾਰੇ ਸਲਾਮਾਂ ਵੱਜਦੀਆਂ ਹੋਣ ਜਾਂ ਜਿਸਦੀ ਉਸਦੇ ਕਿਸੇ ਖਾਸ ਅਹੁਦੇ ਕਰਕੇ ਪਛਾਣ ਹੋਵੇ ਅਤੇ ਜਿਸਦਾ ਸਾਰੇ ਪਾਸੇ ਸਿੱਕਾ ਚੱਲਦਾ ਹੋਵੇ। ਜਿਸਦੀ ਇੱਕ ਫੋਨ ਕਾਲ ’ਤੇ ਹੀ ਕੰਮ ਹੋ ਜਾਂਦੇ ਹੋਣ ਅਤੇ ਜਿਸਨੂੰ ਕਦੀ ਕੋਈ ਕੰਮ ਕਰਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਨਾ ਲੱਗਣਾ ਪਿਆ ਹੋਵੇ। ਵੀ.ਆਈ.ਪੀ. ਕੀ ਜਾਣ ਸਕਦੇ ਹਨ ਕਿ ਕਿਵੇਂ ਤੱਪਦੀ ਧੁੱਪ ਪਿੰਡੇ ’ਤੇ ਹੰਢਾਈ ਦੀ ਹੈ ਅਤੇ ਬਿਨ੍ਹਾਂ ਪੱਖੇ ਦੀ ਹਵਾ ਦੇ ਮੁੜਕੋ-ਮੁੜਕੀ ਹੋ ਕੇ ਕਿਵੇਂ ਕੰਮ ਕਰੀ ਦਾ ਹੈ। ਵੀ.ਆਈ.ਪੀ. ਨੂੰ ਸੰਘਣੀ ਧੁੰਦ ਵਿੱਚ ਸਾਈਕਲ ਜਾਂ ਸਕੂਟਰ ਚਲਾ ਕੇ ਕੰਮ ਜਾਣ ਦਾ ਅਨੁਭਵ ਕਿਵੇਂ ਹੋ ਸਕਦਾ ਹੈ, ਕਿਉਂਕਿ ਉਹ ਵੀ.ਆਈ.ਪੀ. ਜਿਉਂ ਹੋਇਆ।
ਮੈਂ ਵੀ.ਆਈ.ਪੀ. ਨਹੀਂ ਹਾਂ, ਮੈਂ ਤਾਂ ਇੱਕ ਅਧਿਆਪਕਾ ਹਾਂ, ਜਿਸਦਾ ਭਾਂਵੇ ਪਹਿਲਾਂ ਰੁਤਬਾ ਗੁਰੂ ਦਾ ਹੁੰਦਾ ਸੀ ਪਰ ਸਮੇਂ ਦੀਆਂ ਹਕੂਮਤਾਂ ਨੇ ਗੁਰੂ ਨੂੰ ਲਾਚਾਰ ਬਣਾ ਦਿੱਤਾ। ਇੱਕ ਅਧਿਆਪਕ ਨੂੰ ਸਮਾਜ ਸਿਰਜਕ ਵੀ ਕਿਹਾ ਜਾਂਦਾ ਹੈ ਅਤੇ ਸਮਾਜ ਦਾ ਹਰ ਵਰਗ ਅਧਿਆਪਕ ਕੋਲੋਂ ਗਿਆਨ ਹਾਸਲ ਕਰਕੇ ਹੀ ਵੱਖ-ਵੱਖ ਅਹੁਦੇ ਹਾਸਲ ਕਰਦਾ ਹੈ। ਦੁਨੀਆਂ ਦੇ ਕਿਸੇ ਵੀ ਵੱਡੇ ਤੋਂ ਵੱਡਾ ਨੇਤਾ, ਅਧਿਕਾਰੀ ਜਾਂ ਕੋਈ ਵੀ ਹੋਰ ਮਾਰਕਾ ਮਾਰਨ ਵਾਲੇ ਦੀ ਕਾਮਯਾਬੀ ਪਿਛੇ ਉਸਦੇ ਗੁਰੂ ਜਾਨੀ ਅਧਿਆਪਕ ਦੀ ਮਿਹਨਤ ਸਭ ਤੋਂ ਅਹਿਮ ਹੁੰਦੀ ਹੈ, ਪਰ ਅਫਸੋਸ ਅਕਸਰ ਸਮਾਜ ਵਿੱਚ ਅਧਿਆਪਕ ਨੂੰ ਉਹ ਮਾਣ ਨਹੀਂ ਦਿੱਤਾ ਜਾਂਦਾ ਜਿਸਦਾ ਉਹ ਹੱਕਦਾਰ ਹੈ। ਕਈ ਵਾਰ ਤਾਂ ਅਧਿਆਪਕਾਂ ਨੂੰ ਆਪਣੇ ਆਪ ਉੱਪਰ ਆਮ ਵਿਅਕਤੀ ਨਾਲੋਂ ਵੱਧ ਲਾਚਾਰੀ ਮਹਿਸੂਸ ਹੁੰਦੀ ਹੈ ਅਤੇ ਆਪਣੇ ਆਪ ਉਪਰ ਝੂਰਦੇ ਹਨ ਕਿ ਕੀ ਉਨ੍ਹਾਂ ਨੇ ਅਧਿਆਪਕ ਬਣ ਕੇ ਕੋਈ ਗੁਨਾਹ ਕਰ ਲਿਆ ਹੈ।
ਮੈਂ ਗੱਲ ਕਰਨ ਜਾ ਰਹੀ ਹਾਂ ਆਪਣੇ ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਦੀ। ਕੁਝ ਸਮਾਂ ਪਹਿਲਾਂ ਸਾਡੇ ਸਕੂਲ ਦੇ ਵਿਹੜੇ ਵਿੱਚ ਹਾਈ-ਵੋਲਟੇਜ਼ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਪਈ। ਜਦੋਂ ਮੇਰਾ ਧਿਆਨ ਏਧਰ ਪਿਆ ਤਾਂ ਮੈਂ ਉਸੇ ਵੇਲੇ ਬੱਚਿਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਓਧਰ ਨਾ ਜਾਇਓ, ਤਾਰ ਤੋਂ ਦੂਰ ਹੀ ਰਹਿਓ, ਕਿਉਂਕਿ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਫਿਰ ਮੈਂ ਪਾਵਰਕਾਮ ਦੇ ਹੈਲਪ ਲਾਈਨ ਨੰਬਰ 1912 ਉੱਪਰ ਸੰਪਰਕ ਕੀਤਾ। ਉਨ੍ਹਾਂ ਨੇ ਉਸੇ ਵੇਲੇ ਸਾਡੀ ਸ਼ਿਕਾਇਤ ਨੋਟ ਕਰ ਲਈ ਅਤੇ ਜਲਦੀ ਹੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਮੈਂ ਬੜੀ ਖੁਸ਼ ਕਿ ਸਰਕਾਰ ਨੇ ਕਿਨੀ ਵਧੀਆ ਸਹੂਲਤ ਉਪਲੱਬਧ ਕਰਾਈ ਹੈ, ਇੱਕ ਕਾਲ ’ਤੇ ਹੀ ਸਮੱਸਿਆ ਦਾ ਹੱਲ ਹੋਇਆ ਸਮਝੋ। ਮੈਨੂੰ ਆਸ ਸੀ ਕਿ ਛੇਤੀ ਹੀ ਇਸ ਕਾਲ ਰੂਪੀ ਬਿਜਲੀ ਦੀ ਤਾਰ ਤੋਂ ਛੁਟਕਾਰਾ ਮਿਲ ਜਾਵੇ। ਪਰ ਇਹ ਭੁਲੇਖਾ ਵੀ ਛੇਤੀ ਹੀ ਦੂਰ ਹੋ ਗਿਆ, ਜਦੋਂ 2 ਦਿਨ ਤੱਕ ਇਸ ਉੱਪਰ ਕੋਈ ਕਾਰਵਾਈ ਨਾ ਹੋਈ। ਫਿਰ 1912 ਨੰਬਰ ਉਪਰ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੇ ਸਥਾਨਕ ਬਿਜਲੀ ਘਰ ਦੇ ਇੱਕ ਕਰਮਚਾਰੀ ਦਾ ਨੰਬਰ ਮੈਸਜ ਰਾਹੀਂ ਭੇਜ ਦਿੱਤਾ। ਜਦੋਂ ਉਸ ਨੰਬਰ ਉੱਪਰ ਸੰਪਰਕ ਕੀਤਾ ਗਿਆ ਤਾਂ ਉਸ ਸ੍ਰੀਮਾਨ ਜੀ ਨੇ ਅੱਗੋਂ ਕਿਸੇ ਹੋਰ ਦਾ ਨੰਬਰ ਦੇ ਦਿੱਤਾ। ਜਦੋਂ ਅੱਗੋਂ ਉਸ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਲਾਈਨਮੈਨ ਆ ਕੇ ਤਾਰ ਠੀਕ ਕਰ ਦੇਵੇਗਾ। ਫਿਰ ਤਾਂ ਸਾਰੇ ਸਟਾਫ਼ ਦੀਆਂ ਅੱਖਾਂ ਗੇਟ ਵੱਲ ਲੱਗ ਗਈਆਂ ਕਿ ਬਿਜਲੀ ਵਾਲਾ ਹੁਣ ਆਇਆ ਕਿ ਹੁਣ ਆਇਆ। ਆਖਰਕਾਰ ਉਹ ਦਿਨ ਵੀ ਲੰਘ ਗਿਆ ਅਤੇ ਅਸੀਂ ਨਿਰਾਸ ਆਪਣੇ ਘਰਾਂ ਨੂੰ ਚਲੇ ਗਏ।
ਚਾਰ ਦਿਨ ਹੋ ਗਏ ਸਨ ਸਕੂਲ ਵਿੱਚ ਹਾਈ ਵੋਲਟੇਜ਼ ਬਿਜਲੀ ਦੀ ਤਾਰ ਡਿੱਗੀ ਨੂੰ। ਮੈਂ ਅੰਦਰੋਂ ਅੰਦਰੀ ਬਹੁਤ ਡਰ ਰਹੀ ਸੀ ਕਿ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ। ਕੁਝ ਦਿਨ ਪਹਿਲਾਂ ਹੀ ਤਾਂ ਮੇਰੇ ਮਾਮਾ ਜੀ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਚੁੱਕੇ ਸਨ। ਕਿਸੇ ਆਪਣੇ ਦੇ ਵਿਛੜਨ ਦਾ ਦਰਦ ਅਤੇ ਸਾਹਮਣੇ ਪਈ ਉਹ ਕਾਲ ਰੂਪੀ ਤਾਰ ਨੇ ਮੈਨੂੰ ਬਹੁਤ ਬੇਚੈਨ ਕਰ ਦਿੱਤਾ। ਖੈਰ ਚੌਥੇ ਦਿਨ ਫਿਰ ਅਸੀਂ ਫੋਨ ਕਰਨ ਦਾ ਸਿਲਸਲਾ ਸ਼ੁਰੂ ਕੀਤਾ ਤਾਂ ਅੱਗੋਂ ਬਿਜਲੀ ਘਰ ਵਾਲੇ ਕਹਿੰਦੇ ਕਿ ਬੰਦਾ ਭੇਜ ਰਹੇ ਹਾਂ, ਪਰ ਆਵੇ ਕੋਈ ਨਾ।
ਉਸ ਦਿਨ ਮੈਨੂੰ ਦੋ ਕਾਰਨਾ ਕਰਕੇ ਆਪਣੇ ਆਪ ਉੱਪਰ ਬੜੀ ਲਾਚਾਰੀ ਮਹਿਸੂਸ ਹੋਈ। ਪਹਿਲੀ ਇਹ ਕਿ ਕਾਸ਼ ਕਿਤੇ ਇਹ ਕੰਮ ਵੀ ਮੈਂ ਸਿੱਖਿਆ ਹੁੰਦਾ ਤਾਂ ਆਪ ਹੀ ਕਰ ਲੈਂਦੀ, ਕਿਉਂ ਕਿਸੇ ਦੇ ਤਰਲੇ ਮਿਨਤਾਂ ਕਰਦੀ। ਹਾਲਾਂਕਿ ਇਹ ਕੰਮ ਕਰਨਾ ਬਿਜਲੀ ਵਾਲਿਆਂ ਦਾ ਫਰਜ ਸੀ। ਦੂਸਰਾ ਝੋਰਾ ਇਹ ਕਿ ਕਾਸ਼ ਮੈਂ ਵੀ ਕੋਈ ਵੀ.ਆਈ.ਪੀ. ਹੁੰਦੀ ਤਾਂ ਮਿੰਟਾਂ ਸਕਿੰਟਾਂ ਵਿੱਚ ਇੱਕ ਫੋਨ ਕਾਲ ’ਤੇ ਹੀ ਇਹ ਕੰਮ ਹੋ ਜਾਣਾ ਸੀ।
ਫਿਰ ਹਾਰ-ਖੱਪ ਕੇ ਮੈਂ ਇੱਕ ਸਰਕਾਰੇ-ਦਰਬਾਰੇ ਪਹੁੰਚ ਵਾਲੇ ਵਿਅਕਤੀ ਨੂੰ ਆਪਣੇ ਸਕੂਲ ਦੀ ਸਾਰੀ ਵਿਥਿਆ ਦੱਸੀ ਤਾਂ ਉਸ ਭਲੇਮਾਨਸ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਅਤੇ ਇਸਨੂੰ ਹੱਲ ਕਰਨ ਲਈ ਕਿਹਾ। ਫਿਰ ਕੀ ਸੀ ਪੰਜ ਮਿੰਟਾਂ ਵਿੱਚ ਹੀ ਬਿਜਲੀ ਵਾਲੇ ਸਾਡੇ ਸਕੂਲ ਪਹੁੰਚ ਗਏ ਅਤੇ ਤਾਰ ਨੂੰ ਠੀਕ ਕਰ ਦਿੱਤਾ।
ਉਸ ਦਿਨ ਮੈਨੂੰ ਬੜਾ ਦੁੱਖ ਹੋਇਆ ਕਿ ਕੀ ਇੱਕ ਅਧਿਆਪਕ ਦੀ ਕੋਈ ਪਹੁੰਚ ਨਹੀਂ ਹੈ। ਇੱਕ ਆਮ ਵਿਅਕਤੀ ਚਾਹੇ ਮਰ ਜਾਵੇ ਪਰ ਉਸਦੀ ਕਿਤੇ ਸੁਣਵਾਈ ਨਹੀਂ। ਜੇ ਉਸ ਸਮੇਂ ਉਹ ਵੀ.ਆਈ.ਪੀ. ਦਾ ਫੋਨ ਨਾ ਗਿਆ ਹੁੰਦਾ ਤਾਂ ਸ਼ਾਇਦ ਕਿਸੇ ਗਰੀਬ ਦਾ ਬੱਚਾ ਬਿਜਲੀ ਦੀ ਤਾਰ ਨਾਲ ਚਿੰਬੜ ਕੇ ਮਰ ਜਾਂਦਾ।
ਉਸ ਦਿਨ ਅਹਿਸਾਸ ਹੋੋਇਆ ਕਿ ਅਧਿਆਪਕ ਭਲੇ ਹੀ ਹਾਂ ਮੈ, ਵੀ.ਆਈ.ਪੀ. ਵੀ ਅਧਿਆਪਕ ਤੋਂ ਪੜ੍ਹਿਆ ਸੀ, ਪਰ ਵੀ.ਆਈ.ਪੀ. ਤਾਂ ਨਹੀਂ ਨਾ ਮੈਂ…….।

– ਨੈਨਸੀ,
ਸਾਇੰਸ ਅਧਿਆਪਕਾ,
ਸਰਕਾਰੀ ਮਿਡਲ ਸਕੂਲ,
ਬੁਰਜ ਅਰਾਈਆਂ (ਜ਼ਿਲ੍ਹਾ ਗੁਰਦਾਸਪੁਰ)

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: