ਵਿੱਤ ਮੰਤਰੀ ਢੀਂਡਸਾ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ਸਾਈਕਲ ਕਾਰਖਾਨੇ ਦਾ ਉਦਘਾਟਨ

ss1

ਵਿੱਤ ਮੰਤਰੀ ਢੀਂਡਸਾ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ਸਾਈਕਲ ਕਾਰਖਾਨੇ ਦਾ ਉਦਘਾਟਨ
ਸਨਅਤਕਾਰਾਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ ਸਾਰੀਆਂ ਮਨਜੂਰੀਆਂ ਇੱਕੋ ਛੱਤ ਹੇਠ ਮਿਲਣਗੀਆਂ: ਢੀਂਡਸਾ

Photo-1
ਰਾਜਪੁਰਾ 9 ਜੂਨ (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਪੰਜਾਬ ਨਿਵੇਸ ਦਾ ਸੁਪਨਾ ਉਸ ਵੇਲੇ ਸਾਕਾਰ ਹੋਇਆ ਜਦੋਂ ਦੇਸ਼ ਦੀ ਸਾਈਕਲ ਇੰਡਸਟਰੀ ਦੇ ਸਭ ਤੋਂ ਵੱਡੇ ਸਨਅਤੀ ਗਰੁੱਪ ਮੂਰੁਗੱਪਾ ਗਰੁੱਪ ਨੇ ਰਾਜਪੁਰਾ ਨੇੜੇ ਸੰਭੂ ਘਨੌਰ ਸੜਕ ’ਤੇ ਪੈਂਦੇ ਪਿੰਡ ਸਧਾਰਸੀ ਵਿਖੇ ਕਰੀਬ 105 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਰਕਬੇ ਵਿੱਚ ਸਾਲਾਨਾ 30 ਲੱਖ ਸਾਈਕਲ ਤਿਆਰ ਕਰਨ ਵਾਲੇ ਦੇਸ਼ ਦੇ ਸਭ ਤੋਂ ਵੱਡੇ ਟੀ.ਆਈ. ਸਾਈਕਲ ਕਾਰਖਾਨੇ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਰਮਨ ਦੀ ਤਕਨਾਲੋਜੀ ਨਾਲ ਬਣੇ ਇਸ ਅਤੀ ਆਧੁਨਿਕ ਕਾਰਖਾਨੇ ਦਾ ਉਦਘਾਟਨ ਅੱਜ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ।
ਇਸ ਮੌਕੇ ਕਰਵਾਏ ਇੱਕ ਵਿਸ਼ਾਲ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਇਸ ਕਾਰਖਾਨੇ ਦੀ ਸਥਾਪਨਾ ਨਾਲ ਪੰਜਾਬ ਸਾਈਕਲ ਸਨਅਤ ਦੇ ਖੇਤਰ ਵਿੱਚ ਦੇਸ਼ ਦੀ ਰਾਜਧਾਨੀ ਵਜੋਂ ਉਭਰਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਸਨਅਤੀ ਨਿਵੇਸ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਪਿਛਲੇ ਵਰ੍ਹੇ ਨਿਵੇਸ ਸੰਮੇਲਨ ਦੌਰਾਨ ਲਿਆ ਸੁਪਨਾ ਅੱਜ ਪੂਰਾ ਹੋ ਗਿਆ ਹੈ। ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਸਨਅਤੀ ਵਿਕਾਸ ਲਈ ਬਣਾਈ ਗਈ ਪੰਜਾਬ ਇਨਵੈਸਟਮੈਂਟ ਬਿਊਰੋ ਦੇਸ਼ ਦੀ ਮੋਹਰੀ ਸੰਸਥਾ ਵਜੋਂ ਉਭਰੀ ਹੈ। ਜਿਸਨੇ ਸਿੰਗਲ ਵਿੰਡੋਂ ਰਾਹੀਂ ਸੇਵਾਵਾਂ ਪ੍ਰਦਾਨ ਕਰਕੇ ਇਤਿਹਾਸਕ ਕਦਮ ਉਠਾਏ ਹਨ। ਉਹਨਾਂ ਕਿਹਾ ਕਿ ਇਸ ਵਿਸ਼ਾਲ ਫੈਕਟਰੀ ਦੀ ਸਥਾਪਨਾ ਅਤੇ ਲੁਧਿਆਣਾ ਨੇੜੇ ਸਾਈਕਲ ਵੈਲੀ ਬਣਾਉਣ ਨਾਲ ਪੰਜਾਬ ਸਾਈਕਲ ਸਨਅਤ ਵਿੱਚ ਇੱਕ ਸਨਅਤੀ ਹੱਬ ਵੱਲੋਂ ਉਭਰੇਗਾ। ਉਹਨਾਂ ਸਮਾਗਮ ਵਿੱਚ ਦੇਸ਼ ਤੇ ਵਿਦੇਸ਼ ਵਿਚੋਂ ਪੁੱਜੇ ਵੱਡੇ ਸਨਅਤਕਾਰਾ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਵੱਧ ਤੋਂ ਵੱਧ ਨਿਵੇਸ ਕਰਨ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਸਨਅਤੀ ਨਿਵੇਸ ਲਈ ਹਰ ਤਰ੍ਹਾਂ ਦੀ ਮੱਦਦ ਪ੍ਰਦਾਨ ਕਰੇਗੀ। ਉਹਨਾਂ ਕਿਹਾ ਕਿ ਇਸ ਕਾਰਖਾਨੇ ਦੀ ਉਸਾਰੀ ਨਾਲ 2000 ਵਿਅਕਤੀਆਂ ਨੂੰ ਸਿੱਧੇ ਤੇ ਹਜਾਰ ਵਿਅਕਤੀਆਂ ਨੂੰ ਅਸਿਧੇ ਤੌਰ ’ਤੇ ਰੁਜਗਾਰ ਦੇ ਮੌਕੇ ਪ੍ਰਦਾਨ ਹੋਣਗੇ ਤੇ 15 ਦੇ ਕਰੀਬ ਸਹਾਇਕ ਸਨਅਤਾਂ ਵੀ ਹੋਂਦ ਵਿੱਚ ਆਉਣਗੀਆਂ ਜੋ ਕਿ ਪੰਜਾਬ ਲਈ ਬਹੁਤ ਮਾਣ ਦੀ ਗੱਲ ਹੈ। ਸ: ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੇ ਵੱਡੇ ਸਨਅਤੀ ਘਰਾਣਿਆਂ ਦੀ ਆਮਦ ਨੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਵਿੱਚ ਸਨਅਤੀ ਵਿਕਾਸ ਨਾ ਹੋਣ ਦੀ ਕੀਤੀ ਜਾ ਰਹੀ ਝੂਠੀ ਬਿਆਨਬਾਜੀ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਇਸ ਮੌਕੇ ਸ. ਢੀਂਡਸਾ ਨੇ ਸਾਈਕਲ ਕਾਰਖਾਨੇ ਦਾ ਉਦਘਾਟਨ ਕਰਨ ਉਪਰੰਤ ਕਾਰਖਾਨੇ ਦਾ ਦੌਰਾ ਵੀ ਕੀਤਾ ਅਤੇ ਇਸ ਕਾਰਖਾਨੇ ਵੱਲੋਂ ਬਣਾਏ ਸਾਈਕਲਾਂ ਦੇ ਪਹਿਲੇ ਟਰੱਕ ਨੂੰ ਰਵਾਨਾ ਕੀਤਾ।
ਸਮਾਗਮ ਦੌਰਾਨ ਸੀ.ਆਈ ਸਾਈਕਲ ਬਣਾਉਣ ਵਾਲੀ ਕੰਪਨੀ ਮੂਰੁਗੱਪਾ ਗਰੁੱਪ ਦੇ ਚੇਅਰਮੈਨ ਸ੍ਰੀ. ਏ. ਵੈਲੇਆਨ ਨੇ 11 ਮਹੀਨੇ ਦੇ ਰਿਕਾਰਡ ਟਾਈਮ ਵਿੱਚ ਇਹ ਕਾਰਖਾਨਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਸਹਿਯੋਗ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਕੰਪਨੀ ਵੱਲੋਂ ਅੱਜ ਦੇਸ਼ ਵਿੱਚ ਇਹ ਚੌਥਾ ਕਾਰਖਾਨਾ ਉਸਾਰਿਆ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਸਭ ਤੋਂ ਮਾਡਰਨ ਪਲਾਂਟ ਉਸਾਰਨ ਦਾ ਅੱਜ ਉਹਨਾਂ ਦਾ ਸੁਪਨਾ ਸਾਕਾਰ ਹੋਇਆ ਹੈ। ਕੰਪਨੀ ਦੇ ਚੇਅਰਮੈਨ ਨੇ ਕਿਹਾ ਕਿ ਇਹ ਕਾਰਖਾਨਾ ਦੇਸ਼ ਦੇ 14 ਰਾਜਾਂ ਦੇ ਨਾਲ-ਨਾਲ 7 ਵਿਦੇਸ਼ੀ ਮੁਲਕਾ ਨੂੰ ਵੀ ਸਾਈਕਲ ਸਪਲਾਈ ਕਰੇਗਾ। ਉਹਨਾਂ ਕਿਹਾ ਕਿ ਵਿਦੇਸ਼ ਦੀ ਤਰਜ ’ਤੇ ਪੰਜਾਬ ਵਿੱਚ ਵੀ ਵੱਖਰੇ ਸਾਈਕਲ ਟਰੈਕ ਬਣਾਏ ਜਾਣੇ ਚਾਹੀਦੇ ਹਨ। ਟਿਊਬ ਇਨਵੈਸ਼ਟਮੈਂਟ ਇੰਡੀਆ ਦੇ ਚੇਅਰਮੈਨ ਸ੍ਰੀ. ਐਮ.ਐਮ. ਮੁਰੂਗੱਪਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਬਹੁਤ ਮਿਹਨਤੀ ਕੌਮ ਹੈ ਅਤੇ ਸਾਈਕਲ ਇੰਡਸਟਰੀ ਕਾਰਣ ਉਹਨਾਂ ਦਾ ਪੰਜਾਬ ਨਾਲ 50 ਸਾਲ ਪੁਰਾਣਾ ਰਿਸ਼ਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੰਪਨੀ ਭਵਿੱਖ ਵਿੱਚ ਵੀ ਇਹ ਰਿਸ਼ਤਾ ਕਾਇਮ ਰੱਖੇਗੀ। ਉਹਨਾਂ ਕਿਹਾ ਕਿ ਟੀ.ਆਈ ਕੰਪਨੀ ਵੱਲੋਂ ਗੁਣਵੱਤਾ ਨਾਲ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ। ਕੰਪਨੀ ਦੇ ਐਮ.ਡੀ. ਸ੍ਰੀ ਰਾਮ ਕੁਮਾਰ ਨੇ ਸਮਾਗਮ ਵਿੱਚ ਦੇਸ਼ ਤੇ ਵਿਦੇਸ਼ ਤੋਂ ਪੁੱਜੀਆਂ ਸ਼ਖਸ਼ੀਅਤਾਂ ਤੇ ਸਨਅਤਕਾਰਾਂ ਨੂੰ ਜੀ ਆਇਆ ਕਿਹਾ ਤੇ ਕੰਪਨੀ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ।
ਇਸ ਮੌਕੇ ਹਲਕਾ ਘਨੌਰ ਦੀ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਉਹਨਾਂ ਦੇ ਇਲਾਕੇ ਵਿੱਚ ਇਹ ਕਾਰਖਾਨਾ ਖੋਲਣ ’ਤੇ ਮੂਰੁਗੱਪਾ ਗਰੁੱਪ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਮੰਗ ਕੀਤੀ ਕਿ ਇਲਾਕੇ ਦੇ ਨੌਜਵਾਨਾਂ ਨੂੰ ਫੈਕਟਰੀ ਵਿੱਚ ਰੋਜਗਾਰ ਨੂੰ ਤਰਜੀਹ ਦਿੱਤੀ ਜਾਵੇ। ਵਧੀਕ ਮੁੁੱਖ ਸਕੱਤਰ ਇੰਡਸਟਰੀ ਸ੍ਰੀ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਨਿਵੇਸ ਕਰਨ ਵਾਲੇ ਹਰੇਕ ਸਨਅਤਕਾਰ ਦਾ ਸਵਾਗਤ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਨਅਤ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਸਾਰੀਆਂ ਮਨਜੂਰੀਆਂ ਇੱਕ ਛੱਤ ਹੇਠ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਛੇਤੀ ਹੀ ਲੁਧਿਆਣਾ ਨੇੜੇ ਸਾਈਕਲ ਵੈਲੀ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਸਮਾਗਮ ਦੌਰਾਨ ਪ੍ਰਮੁੱਖ ਸਕੱਤਰ ਸਨਅਤ ਤੇ ਸੀ.ਈ.ਓ ਇਨਵੈਸਟ ਪੰਜਾਬ ਸ਼੍ਰੀ ਅਨੁਰਿਧ ਤਿਵਾੜੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਸਾਲ ਆਪਣੇ ਚੇਨਈ ਦੌਰੇ ਮੌਕੇ ਮੁਰੂਗੱਪਾ ਗਰੁੱਪ ਨੂੰ ਪੰਜਾਬ ਵਿੱਚ ਸਨਅਤ ਲਗਾਉਣ ਲਈ ਦੇ ਦਿੱਤੇ ਸੱਦੇ ਕਾਰਨ ਅੱਜ ਪੰਜਾਬ ਨੂੰ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਸਨਅਤ ਨਸੀਬ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਨਅਤ ਲਗਾਉਣ ਦੀਆਂ ਚਾਹਵਾਨ ਕੰਪਨੀਆਂ ਨੂੰ ਇੱਕੋ ਛੱਤ ਹੇਠ ਸਾਰੀਆਂ ਮਨਜੂਰੀਆਂ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ ਉਹਨਾਂ 11-12 ਮਹੀਨਿਆਂ ਦੇ ਰਿਕਾਰਡ ਟਾਈਮ ਵਿੱਚ ਇਹ ਫੈਕਟਰੀ ਬਣਨ ’ਤੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ।
ਸਨਮਾਨ ਦੌਰਾਨ ਪੁੱਜੇ ਉਹਨਾਂ ਪ੍ਰਮੁੱਖ ਸਨਅਤਕਾਰਾਂ ਵਿੱਚੋਂ ਐਟਲਸ ਗਰੁੱਪ ਦੇ ਚੇਅਰਮੈਨ ਸ਼੍ਰੀ ਹਰੀਸ਼ ਕਪੂਰ, ਹੀਰੋ ਗਰੁੱਪ ਦੇ ਚੇਅਰਮੈਨ ਸ਼੍ਰੀ ਪੰਕਜ ਮੁੰਜਾਲ, ਏਵਨ ਗਰੁੱਪ ਦੇ ਸ਼੍ਰੀ ਓਕਾਰ ਸਿੰਘ ਪਾਹਵਾ, ਸਾਬਕਾ ਮੰਤਰੀ ਸ਼੍ਰੀ ਅਜਾਇਬ ਸਿੰਘ ਮੁਖਮੈਲਪੁਰ, ਸਾਬਕਾ ਮੁੱਖ ਸੰਸਦੀ ਸਕੱਤਰ ਸ਼੍ਰੀ ਰਾਜ ਖੁਰਾਣਾ, ਐਸ.ਜੀ.ਪੀ.ਸੀ. ਮੈਂਬਰ ਸ਼੍ਰੀ ਜਸਮੇਰ ਸਿੰਘ ਲਾਛੜੂ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਦੇਸ਼ ਵਿਦੇਸ਼ ਤੋਂ ਪੁੱਜੇ ਸਾਈਕਲ ਸਨਅਤ ਦੇ ਕਈ ਪ੍ਰਮੁੱਖ ਸਨਅਤਕਾਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *